Home » ਖ਼ਾਲਸਾ ਪੰਥ ਸੰਬੰਧੀ ਕਵਿਤਾਵਾਂ

ਖ਼ਾਲਸਾ ਪੰਥ ਸੰਬੰਧੀ ਕਵਿਤਾਵਾਂ

by Dr. Hari Singh Jachak
Poems Khalsa Panth

ਖ਼ਾਲਸਾ ਪੰਥ ਸੰਬੰਧੀ ਕਵਿਤਾਵਾਂ

ਖਾਲਸੇ ਦਾ ਜਨਮ ਦਿਹਾੜਾ

ਪੂਰਾ ਕਰਨ ਲਈ ਸਿੱਖੀ ਸਰੂਪ ਤਾਂਈਂ, ਦਸਵੇਂ ਪਾਤਸ਼ਾਹ ਚੋਜ ਰਚਾਉਣ ਲੱਗੇ।

ਸਬਕ ਦੇਣ ਲਈ ਜ਼ਾਲਮ ਜਰਵਾਣਿਆਂ ਨੂੰ, ਜੋਸ਼ ਜਜ਼ਬੇ ਨੂੰ ਟੁੰਬ ਜਗਾਉਣ ਲੱਗੇ।

ਭਗਤੀ ਸ਼ਕਤੀ ਦਾ ਮੇਲ ਮਿਲਾਪ ਕਰ ਕੇ, ਨਵੀਂ ਖਾਲਸਾ ਕੌਮ ਸਜਾਉਣ ਲੱਗੇ।

ਜੀਹਦੀ ਮਹਿਕ ਸੰਸਾਰ ਦੇ ਵਿੱਚ ਫੈਲੇ, ਐਸਾ ਬੂਟਾ ਨੇ ਅੱਜ ਉਹ ਲਾਉਣ ਲੱਗੇ।

ਕੇਸਗੜ੍ਹ ਦਾ ਖੁੱਲ੍ਹਾ ਮੈਦਾਨ ਚੁਣਿਆ, ਸੂਰੇ ਚੁਨਣ ਲਈ ਭਰੇ ਦਰਬਾਰ ਵਿੱਚੋਂ।

ਉਨ੍ਹਾਂ ਤੇਗ ਮਿਆਨ ’ਚੋਂ ਜਦੋਂ ਕੱਢੀ, ਲਿਸ਼ਕੀ ਬਿਜਲੀ ਸੀ ਉਸ ਦੀ ਧਾਰ ਵਿੱਚੋਂ।

 

ਗਰਜੇ ਹੱਥ ਵਿਚ ਜਦੋਂ ਸ਼ਮਸ਼ੀਰ ਲੈ ਕੇ, ਚੁੱਪ ਛਾ ਗਈ ਸਾਰੇ ਦੀਵਾਨ ਅੰਦਰ।

ਅੱਖਾਂ ਵਿੱਚ ਸ਼ੋਅਲੇ, ਤਿਊੜੀ ਮੁੱਖੜੇ ’ਤੇ, ਆਇਆ ਜਿਵੇਂ ਸੀ ਕੋਈ ਤੂਫਾਨ ਅੰਦਰ।

ਕੀਤੀ ਸਿਰਾਂ ਦੀ ਮੰਗ ਜਾਂ ਪਾਤਸ਼ਾਹ ਨੇ, ਮੌਤ ਦਿੱਸੀ ਸੀ ਓਦੋਂ ਕਿਰਪਾਨ ਅੰਦਰ।

ਲਾੜੀ ਮੌਤ ਨੂੰ ਵਰਨ ਲਈ ਦੂਲਿਓ ਓਇ, ਆਉ ਨਿੱਤਰੋ ਅੱਜ ਮੈਦਾਨ ਅੰਦਰ।

ਪਿਆਸੀ ਤੇਗ ਦੀ ਪਿਆਸ ਬੁਝਾਉ ਆ ਕੇ, ਸੀਸ ਤਲੀ ’ਤੇ ਰੱਖ ਦਰਬਾਰ ਵਿੱਚੋਂ।

‘ਵਾਜਾਂ ਮਾਰਦੀ ਸ਼ਮਾਂ ਪਰਵਾਨਿਆਂ ਨੂੰ, ਲਓ ਜਨਮ ਤਲਵਾਰ ਦੀ ਧਾਰ ਵਿੱਚੋਂ।

 

ਕਲਗੀਧਰ ਦੀ ਇਹ ਲਲਕਾਰ ਸੁਣ ਕੇ, ‘ਦਇਆ ਰਾਮ’ ਨੇ ਸੀਸ ਝੁਕਾ ਦਿੱਤਾ।

ਖੂਨ ਤੰਬੂ ਚੋਂ ਬਾਹਰ ਨੂੰ ਵਗਿਆ ਸੀ, ਸੀਸ ਧੜ ਤੋਂ ਗੁਰਾਂ ਜਦ ਲਾਹ ਦਿੱਤਾ।

‘ਧਰਮ ਦਾਸ’ ਤੇ ‘ਹਿੰਮਤ’ ਨੇ ਕਰ ਹਿੰਮਤ, ਸੀਸ ਤੇਗ ਦੀ ਭੇਟ ਚੜ੍ਹਾ ਦਿੱਤਾ।

‘ਮੁਹਕਮ ਚੰਦ’ ਨੇ ਤੇ ‘ਸਾਹਿਬ ਚੰਦ’ ਨੇ ਵੀ, ਲੇਖੇ ਗੁਰਾਂ ਦੇ ਜਿੰਦ ਨੂੰ ਲਾ ਦਿੱਤਾ।

ਜਦੋਂ ਅਣਖੀਆਂ ਤੇਗ ਤੇ ਧੌਣ ਰੱਖੀ, ਢਹਿ ਗਈ ਬੁਜ਼ਦਿਲੀ ਵਾਲੀ ਦੀਵਾਰ ਵਿੱਚੋਂ।

ਜਦੋਂ ਪੰਜਾਂ ਨੇ ਆਪਾ ਕੁਰਬਾਨ ਕੀਤਾ, ਚੋਇਆ ਲਹੂ ਤਲਵਾਰ ਦੀ ਧਾਰ ਵਿੱਚੋਂ।

 

ਨੂਰੀ ਕੌਤਕ ਨੂੰ ਤੱਕਿਆ ਸੰਗਤਾਂ ਨੇ, ਜਦੋਂ ਤੰਬੂ ’ਚੋਂ ਮੇਰੇ ਦਾਤਾਰ ਨਿਕਲੇ।

ਓਨਾ ਮਗਰ ਮਰਜੀਵੜੇ ਸਿੰਘ ਸੂਰੇ, ਪੰਜੇ ਪਹਿਨ ਕੇ ਪੂਰੇ ਕਕਾਰ ਨਿਕਲੇ।

ਜਿੰਨ੍ਹਾਂ ਮੌਤ ’ਚੋਂ ਜ਼ਿੰਦਗੀ ਲੱਭ ਲਈ ਸੀ, ਸਿਰ ’ਤੇ ਬੰਨ੍ਹ ਕੇ ਸੋਹਣੀ ਦਸਤਾਰ ਨਿਕਲੇ।

ਅਮਰ ਜੀਵਨ ਪਾ ਮੌਤ ਦੀ ਗੋਦ ਵਿਚੋਂ, ਅੱਗੇ ਪਿਛੇ ਸਨ ਜਾ-ਨਿਸਾਰ ਨਿਕਲੇ।

ਔਖੀ ਘਾਟੀ ਤੇ ਮੁਸ਼ਕਲ ਸੀ ਬੜਾ ਪੈਂਡਾ, ਪੂਰੇ ਨਿਤਰੇ ਪੰਜ ਲਲਕਾਰ ਵਿੱਚੋਂ।

ਪੰਜੇ ਹੋਏ ਪ੍ਰਵਾਨ ਸੰਸਾਰ ਅੰਦਰ, ਜਨਮੇ ਜੋ ਤਲਵਾਰ ਦੀ ਧਾਰ ਵਿੱਚੋਂ।  

 

ਗੁਰਾਂ ਲੋਹੇ ਦੇ ਬਾਟੇ ’ਚ ਜਲ ਪਾਇਆ, ਮਨ ਸਿੱਖ ਦਾ ਨਿਰਮਲ ਬਣਾਉਣ ਖ਼ਾਤਰ।

‘ਮਾਤਾ ਜੀਤੋ’ ਪਤਾਸੇ ਸੀ ਪਾ ਦਿੱਤੇ, ਅੰਮ੍ਰਿਤ ਵਿੱਚ ਮਿਠਾਸ ਲਿਆਉਣ ਖ਼ਾਤਰ।

ਪੜ੍ਹੀ ਬਾਣੀ ਤੇ ਫੇਰਿਆ ਨਾਲ ਖੰਡਾ, ਭਗਤੀ ਸ਼ਕਤੀ ਨੂੰ ਵਿੱਚ ਮਿਲਾਉਣ ਖ਼ਾਤਰ।

ਐਸੀ ਗੁਰਾਂ ਨੇ ਪਾਹੁਲ ਤਿਆਰ ਕੀਤੀ, ਚਿੜੀਆਂ ਬਾਜਾਂ ਦੇ ਨਾਲ ਲੜਾਉਣ ਖ਼ਾਤਰ।

ਜਦੋਂ ਬਾਣੀ ਤੇ ਖੰਡੇ ਦਾ ਮੇਲ ਹੋਇਆ, ਫੁਟਿਆ ਅੰਮ੍ਰਿਤ ਦਾ ਸੋਮਾ ਸਾਕਾਰ ਵਿੱਚੋਂ।

ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਜਨਮੇਂ ਜੋ ਤਲਵਾਰ ਦੀ ਧਾਰ ਵਿੱਚੋਂ।

 

ਸੀਸ ਭੇਟ ਲੈ ਕੇ ਸੱਚੇ ਸਤਿਗੁਰੂ ਨੇ, ਸਾਜੇ ਪੰਜ ਪਿਆਰੇ ਜਹਾਨ ਖ਼ਾਤਰ।

ਇਕੋ ਬਾਟੇ ’ਚ ਅੰਮ੍ਰਿਤ ਪਿਆਲਿਆ ਸੀ, ਊਚ ਨੀਚ ਦਾ ਫਰਕ ਮਿਟਾਨ ਖ਼ਾਤਰ।

ਸ਼ੇਰ ਗਿੱਦੜੋਂ ਉਨ੍ਹਾਂ ਬਣਾ ਦਿੱਤੇ, ਜੜ੍ਹ ਜ਼ੁਲਮ ਦੀ ਮੁੱਢੋਂ ਹਿਲਾਨ ਖ਼ਾਤਰ।

ਪੰਜਾਂ ਵਿੱਚੋਂ ਪ੍ਰਮੇਸ਼ਰ ਦਾ ਰੂਪ ਤੱਕਿਆ, ਕੀਤੀ ਅਰਜ਼ ਫਿਰ ਅੰਮ੍ਰਿਤ ਛਕਾਣ ਖ਼ਾਤਰ।

ਦੇ ਕੇ ਵਚਨ ਸਰਬੰਸ ਨੂੰ ਵਾਰਨੇ ਦਾ, ਪੀਤੀ ਪਾਹੁਲ ਸੀ ਖੰਡੇ ਦੀ ਧਾਰ ਵਿੱਚੋਂ।

ਹੋ ਗਏ ਓਹ ਸਦਾ ਲਈ ਅਮਰ ‘ਜਾਚਕ’, ਜਨਮੇ ਜੋ ਤਲਵਾਰ ਦੀ ਧਾਰ ਵਿੱਚੋਂ।

ਵਿਸਾਖੀ

ਚੁਣ ਕੇ ਦਿਨ ਵਿਸਾਖੀ ਦਾ ਗੁਰੂ ਦਸਵੇਂ, ਪੱਤਰ ਭੇਜੇ ਵਿੱਚ ਦੇਸ਼ ਵਿਦੇਸ਼ ਹੈਸਨ।

ਚੋਜੀ ਪ੍ਰੀਤਮ ਨੇ ਚੋਜ ਰਚਾਉਣ ਖਾਤਰ, ਸਾਹਵੇਂ ਰੱਖੇ ਕੋਈ ਖਾਸ ਉਦੇਸ਼ ਹੈਸਨ ।

ਮਾਰਚ ਤੀਹ ਸੋਲਾਂ ਸੌ ਨੜਿਨਵੇਂ ਦੀ, ਗਏ ਸਜਾਏ ਦੀਵਾਨ ਵਿਸ਼ੇਸ਼ ਹੈਸਨ।

’ਨੰਦਪੁਰ ਦੀ ਪਾਵਨ ਧਰਤ ਉੱਤੇ, ਲੱਗੇ ਕਰਨ ਕੋਈ ਕੌਤਕ ਦਸਮੇਸ਼ ਹੈਸਨ।

 

ਪੂਰੇ ਜਾਹੋ ਜਲਾਲ ਦੇ ਵਿੱਚ ਆ ਕੇ, ਚੰਡੀ ਧੂਹੀ ਜਦ ਓਨ੍ਹਾਂ ਮਿਆਨ ਵਿੱਚੋਂ ।

ਮਹਾਂਬਲੀ ਦਸਮੇਸ਼ ਦਾ ਤੱਕ ਚਿਹਰਾ, ਨਿਕਲੀ ਕਈਆਂ ਦੀ ਜਿੰਦ ਤੇ ਜਾਨ ਵਿੱਚੋਂ।

ਕੀਤੀ ਸਿਰਾਂ ਦੀ ਮੰਗ ਜਦ ਪਾਤਸ਼ਾਹ ਨੇ, ਪੰਜ ਨਿਤਰੇ ਮਰਦ ਦੀਵਾਨ ਵਿੱਚੋਂ।

ਪੰਜੇ ਹੋਏੇ ਪ੍ਰਵਾਨ ਉਹ ਪੰਥ ਅੰਦਰ, ਪਾਸ ਹੋ ਗਏ ਜੋ ਇਮਤਿਹਾਨ ਵਿੱਚੋਂ।

 

ਮਹਾਂਬਲੀ ਦਸਮੇਸ਼ ਨੇ ਕਿਹਾ ਮੁੱਖੋਂ, ਥੋਨੂੰ ਕੋਈ ਵੀ ਆਂਚ ਨਹੀਂ ਆ ਸਕਦੀ।

ਜਦ ਤੱਕ ਰਹੂ ਨਿਆਰਾ ਸਰੂਪ ਥੋਡਾ, ਥੋਡੀ ਹੋਂਦ ਨੂੰ ਹੋਣੀ ਨਹੀਂ ਖਾ ਸਕਦੀ।

ਇਸ ਦੁਨੀਆਂ ਦੀ ਕਿਤੇ ਵੀ ਕੋਈ ਸ਼ਕਤੀ, ਥੋਡੀ ਪੱਗ ਨੂੰ ਹੱਥ ਨਹੀਂ ਪਾ ਸਕਦੀ।

ਚੱਲ ਪਏ ਜੇ ਬਿਪਰਨ ਕੀ ਰੀਤ ਸਿੰਘੋ, ਕੋਈ ਤਾਕਤ ਨਹੀਂ ਤੁਹਾਨੂੰ ਬਚਾ ਸਕਦੀ।

 

ਏਕਾ ਜਾਬਤਾ ਅਤੇ ਇਖਲਾਕ ਤਿੰਨੇ, ਚੜ੍ਹਦੀ ਕਲਾ ਦੇ ਹੁੰਦੇ ਪ੍ਰਤੀਕ ਸਿੰਘੋ।

ਜਿਹੜੀ ਕੌਮ ਨਾ ਇੰਨਾਂ ’ਤੇ ਦਏ ਪਹਿਰਾ, ਉਠ ਸਕਦੀ ਨਹੀਂ, ਸਦੀਆਂ ਤੀਕ ਸਿੰਘੋ।

ਫੁੱਟ ਵਾਲੀਆਂ ਜੋਕਾਂ ਇਹ ਖੂਨ ਸਾਡਾ, ਪੀ ਜਾਣਗੀਆਂ ਲਾ ਕੇ ਡੀਕ ਸਿੰਘੋ।

ਏਹਨੇ ਕੌਮ ਦੇ ਤਾਂਈ ਖੁਆਰ ਕਰਨੈ, ਸਮਝੋ ਏਸ ਨੂੰ ਪੱਥਰ ’ਤੇ ਲੀਕ ਸਿੰਘੋ।

 

ਪ੍ਰਗਟ ਹੋਇਆ ਇਹ ਓਸ ਦੇ ਹੁਕਮ ਅੰਦਰ, ‘ਕਾਲ ਪੁਰਖ ਦੀ ਫੌਜ ਗੁਰ ਖਾਲਸਾ ਏ।

ਜੀਹਨੇ ਬਦੀ ਦਾ ਦੁਨੀਆਂ ’ਚੋਂ ਨਾਸ ਕਰਨੈ, ਉਹਦੇ ਮਨ ਦੀ ਮੌਜ ਗੁਰ ਖਾਲਸਾ ਏ।

ਜੀਹਦੀ ਦਿੱਖ ਨਿਆਰੀ ਸੰਸਾਰ ਅੰਦਰ, ਗੁਰੂ ਸਾਹਿਬਾਂ ਦੀ ਫੌਜ ਗੁਰ ਖਾਲਸਾ ਏ।

ਚੋਜੀ ਪ੍ਰੀਤਮ ਦੇ ਚੋਜਾਂ ਨਿਆਰਿਆਂ ’ਚੋਂ, ‘ਜਾਚਕ’ ਨਿਰਾਲਾ ਜਿਹਾ ਚੋਜ ਗੁਰ ਖਾਲਸਾ ਏ।

ਖਾਲਸੇ ਦੀ ਚੜ੍ਹਦੀ ਕਲਾ

ਰਣਖੇਤ ’ਚ ਗੁਰਾਂ ਜੋ ਬੀਜ ਬੀਜੇ, ਉਨ੍ਹਾਂ ਬੀਜਾਂ ਨੇ ਬੀਰਾਂ ਨੂੰ ਜਨਮ ਦਿੱਤਾ।

ਅੰਮ੍ਰਿਤ ਬਖਸ਼ ਕੇ ਖੰਡੇ ਦੀ ਧਾਰ ਵਾਲਾ, ਸਿਰਲੱਥ ਸਰੀਰਾਂ ਨੂੰ ਜਨਮ ਦਿੱਤਾ।

ਜਿਹੜੇ ਸਿੱਧੇ ਹੀ ਸੀਨੇ ’ਚ ਵੱਜਦੇ ਨੇ, ਤਿੱਖੇ ਨੇਜੇ ਤੇ ਤੀਰਾਂ ਨੂੰ ਜਨਮ ਦਿੱਤਾ।

ਜਿਹੜੇ ਦੁਖਾਂ ਨੂੰ ਸਹਿੰਦੇ ਨੇ ਖਿੜੇ ਮੱਥੇ, ਇਹੋ ਜਿਹੇ ਵਹੀਰਾਂ ਨੂੰ ਜਨਮ ਦਿੱਤਾ।

 

ਪੰਥ ਖਾਲਸੇ ਨੇ ਆਪਣੇ ਜਨਮ ਤੋਂ ਹੀ, ਮੱਥਾ ਲਾਇਆ ਸੀ ਨਾਲ ਮੁਸੀਬਤਾਂ ਦੇ।

ਇਹ ਤਾਂ ਕਦੇ ਵੀ ਥਿੜ੍ਹਕਿਆ ਡੋਲਿਆ ਨਾ, ਲੱਖਾਂ ਆਏ ਭੂਚਾਲ ਮੁਸੀਬਤਾਂ ਦੇ।

ਸੁਣ ਸੁਣ ਕੇ ਚੜ੍ਹਦਾ ਏ ਰੋਹ ਇਸ ਨੂੰ, ਵੱਜਣ ਜਦੋਂ ਘੜਿਆਲ ਮੁਸੀਬਤਾਂ ਦੇ।

ਚੜ੍ਹਦੀ ਕਲਾ ’ਚ ਖਾਲਸਾ ਤੱਕ ਕੇ ਤੇ, ਬੁਰੇ ਹੁੰਦੇ ਨੇ ਹਾਲ ਮੁਸੀਬਤਾਂ ਦੇ।

 

ਇਸ ਧਰਮ ’ਚ ਦਾਖਲਾ ਮਿਲੇ ਉਸਨੂੰ, ਸੀਸ ਤਲੀ ’ਤੇ ਰੱਖ ਕੇ ਆਏ ਜਿਹੜਾ।

ਝਪਟੇ ਸ਼ੇਰ ਵਾਂਗ਼ੂੰ ਵੈਰੀ ਦਲਾਂ ਉੱਤੇ, ਗਿੱਦੜ ਭਬਕੀਆਂ ਤੋਂ ਨਾ ਘਬਰਾਏ ਜਿਹੜਾ।

ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ, ਏਸ ਗੱਲ ’ਤੇ ਮੋਹਰ ਨਾ ਲਾਏ ਜਿਹੜਾ।

ਇਹ ਉਹ ਫੁੱਲ ਏ ਮੀਂਹ ਤੇ ਝੱਖੜਾਂ ’ਚ, ਨਾ ਕੁਮਲਾਏ ਤੇ ਨਾ ਮੁਰਝਾਏ ਜਿਹੜਾ।

 

ਗੱਲ ਬੰਦੇ ਬਹਾਦਰ ਦੀ ਕਰ ਰਿਹਾ ਹਾਂ, ਉਹ ਤੇ ਚੜ੍ਹਿਆ ਸੀ ਬਣ ਤੂਫਾਨ ਕੋਈ।

ਇੱਟ ਨਾਲ ਸੀ ਇੱਟ ਖੜਕਾਈ ਉਹਨੇ, ਸਾਹਵੇਂ ਠਹਿਰਿਆ ਨਾ ਖ਼ੱਬੀ ਖ਼ਾਨ ਕੋਈ।

ਕਾਬੂ ਆ ਗਏ ਅੰਤ ਨੂੰ ਦੁਸ਼ਮਣਾਂ ਦੇ, ਫੇਲ੍ਹ ਹੋਇਆ ਨਾ ਵਿੱਚ ਇਮਤਿਹਾਨ ਕੋਈ।

ਅਤਿਆਚਾਰ ਜੋ ਹੋਏ ਸਨ ਖਾਲਸੇ ’ਤੇ, ਕਰ ਸਕੇ ਨਾ ਕਲਮ ਬਿਆਨ ਕੋਈ।

 

ਤਦ ਲਾਹੌਰ ਤੋਂ ਸ਼ਾਹੀ ਫ਼ੁਰਮਾਨ ਹੋਇਆ, ਦਾੜ੍ਹਾ ਕੇਸ ਜਿਸਦੇ ਉਹਨੂੰ ਮਾਰ ਦੇਵੋ।

ਸਿੱਖੀ ਬਾਣੇ ’ਚ ਜੋ ਵੀ ਨਜ਼ਰ ਆਵੇ, ਸਿਰ ਧੜ ਤੋਂ ਉਹਦਾ ਉਤਾਰ ਦੇਵੋ।

ਰੁੱਖਾਂ ਨਾਲ ਲਟਕਾ ਦਿਉ ਕੇਸ ਬੰਨ੍ਹ ਕੇ, ਕਰ ਏਸ ਜਹਾਨ ਤੋਂ ਪਾਰ ਦੇਵੋ।

ਖੁਰਾ ਖੋਜ ਮਿਟਾ ਕੇ ਖਾਲਸੇ ਦਾ, ਕਰ ਇਨ੍ਹਾਂ ਦੇ ਖ਼ਤਮ ਘਰ ਬਾਰ ਦੇਵੋ।

 

ਸੰਨ ਸਤਾਰਾਂ ਸੌ ਬਾਹਠ ਦੇ ਸਾਲ ਅੰਦਰ, ਚੜ੍ਹਕੇ ਆਇਆ ਅਬਦਾਲੀ ਪੰਜਾਬ ਦੇ ਵਿੱਚ।

ਜੱਸਾ ਸਿੰਘ ਸਰਦਾਰ ਨੇ ਸੀ ਦਿੱਤਾ, ਮੂੰਹ ਤੋੜ ਜਵਾਬ, ਜਵਾਬ ਦੇ ਵਿੱਚ।

ਸਿੰਘ ਸਿੰਘਣੀਆਂ ਤੇ ਬੱਚੇ ਖਾਲਸੇ ਦੇ, ਜਾਨਾਂ ਵਾਰ ਗਏ ਬੇ-ਹਿਸਾਬ ਦੇ ਵਿੱਚ।

ਚੜ੍ਹਦੀ ਕਲਾ ’ਚ ਖਾਲਸਾ ਰਿਹਾ ਫਿਰ ਵੀ, ਐਹੋ ਜਿਹੇ ਮਾਹੌਲ ਖਰਾਬ ਦੇ ਵਿੱਚ।

 

ਉਹਨੇ ਸਮਝਿਆ ਵਾਂਗ ਮਰਹੱਟਿਆਂ ਦੇ, ਇਨ੍ਹਾਂ ਸਿੰਘਾਂ ਦਾ ਲੱਕ ਮੈਂ ਤੋੜ ਦਿੱਤਾ।

ਸਾਹ ਸੱਤ ਨਹੀਂ ਰਿਹਾ ਹੁਣ ਖਾਲਸੇ ਵਿੱਚ, ਇਹਨੂੰ ਨਿੰਬੂਆਂ ਵਾਂਗ ਨਿਚੋੜ ਦਿੱਤਾ।

ਐਪਰ ਥੋੜ੍ਹੇ ਹੀ ਸਮੇਂ ਦੇ ਬਾਅਦ ਸਿੰਘਾਂ, ਉਹਦਾ ਸਾਰਾ ਹੀ ਭਰਮ ਸੀ ਤੋੜ ਦਿੱਤਾ।

ਫਤਹਿ ਕਰ ਸਰਹੰਦ ਕਸੂਰ ਤਾਂਈਂ, ਮੂਲ ਨਾਲ ਵਿਆਜ ਦੇ ਮੋੜ ਦਿੱਤਾ।

 

ਫ਼ਰਖਸੀਅਰ ਤੇ ਜ਼ਕਰੀਆ ਖਾਂ ਵੱਲੋਂ, ਹੁੰਦੇ ਸਿੰਘਾਂ ’ਤੇ ਅਤਿਆਚਾਰ ਆਏ।

ਮੰਨੂੰ ਲਖਪਤ ਤੇ ਨਾਦਰਸ਼ਾਹ ਵਰਗੇ, ਸਮੇਂ ਸਮੇਂ ’ਤੇ ਬੇਸ਼ੁਮਾਰ ਆਏ।

ਉਧਰ ਸਿੱਖੀ ਸਿਧਾਂਤਾਂ ਦੀ ਰੱਖਿਆ ਲਈ, ਮਨੀ ਸਿੰਘ ਵਰਗੇ ਪਹਿਰੇਦਾਰ ਆਏ।

ਜਿਹੜੇ ਜਾਨਾਂ ’ਤੇ ਹੱਸ ਕੇ ਖੇਡਦੇ ਰਹੇ, ਬਾਰੰਬਾਰ ਆਏ, ਬਾਰੰਬਾਰ ਆਏ।

 

ਚਾਲਾਂ ਸ਼ੁਰੂ ਤੋਂ ਚੱਲੀਆਂ ਜ਼ਾਲਮਾਂ ਨੇ, ਪਰ ਹੋਏ ਖਾਲਸੇ ਹੱਥੋਂ ਤਬਾਹ ਏਥੇ।

ਸੂਰਬੀਰਾਂ ਸ਼ਹਾਦਤ ਦੇ ਜਾਮ ਪੀਤੇ, ਸਾਡਾ ਸਾਰਾ ਇਤਿਹਾਸ ਗਵਾਹ ਏਥੇ।

ਹਰ ਇੱਕ ਦੀ ਅੱਖ ਵਿੱਚ ਰੜਕਦੇ ਰਹੇ, ਕਿਸੇ ਕੀਤਾ ਨਾ ਸਾਡਾ ਵਿਸਾਹ ਏਥੇ।

ਸਿੱਖੀ ਭੇਖ ’ਚ ਕਈ ਬਹੁਰੂਪੀਆਂ ਨੇ, ਕੀਤਾ ਕੌਮ ਨੂੰ ਸਦਾ ਗੁੰਮਰਾਹ ਏਥੇ।

 

ਜਾਣ ਜਾਣ ਕੇ ਸਿੰਘ ਸ਼ਹੀਦ ਹੁੰਦੇ, ਜੇਕਰ ਸੂਲ੍ਹੀ ’ਤੇ ਚੜ੍ਹਦੇ ਤਾਂ ਖਿੜੇ ਮੱਥੇ।

ਭਲਾ ਸਦਾ ਸਰਬੱਤ ਦਾ ਮੰਗਦੇ ਨੇ, ਹੱਕ, ਸੱਚ ਲਈ ਲੜਦੇ ਤਾਂ ਖਿੜੇ ਮੱਥੇ।

ਖੂਨ ਨਾਲ ਗੁਲਾਮੀ ਦੇ ਦਾਗ ਧੋ ਕੇ, ਪੁੱਠੇ ਜੰਡਾਂ ’ਤੇ ਸੜਦੇ ਤਾਂ ਖਿੜੇ ਮੱਥੇ।

ਸੀਸ ਤਲੀ ’ਤੇ ਆਪਣੇ ਰੱਖ ‘ਜਾਚਕ’, ਗਲੀ ਯਾਰ ਦੀ ਵੜਦੇ ਤਾਂ ਖਿੜੇ ਮੱਥੇ।

ਖਾਲਸੇ ਦੀ ਮਹਿਮਾ

ਜਦੋਂ ਅਣਖ ਤੇ ਆਣ ਜਵਾਬ ਦੇ ਗਈ, ਗੈਰਤ ਮੁੱਕ ਗਈ ਸਾਡੇ ਸਮਾਜ ਅੰਦਰ।

ਵਿੱਚ ਹਵਾ ਦੇ ਫੇਰ ਲਹਿਰਾਈ ਚੰਡੀ, ਓਨ੍ਹਾਂ ਹੋਣੀਆਂ ਭਰੇ ਅੰਦਾਜ ਅੰਦਰ।

ਕਲਗੀਧਰ ਨੇ ਕਿਹਾ ਲਲਕਾਰ ਕੇ ਤੇ, ਜੋਸ਼, ਜ਼ਜ਼ਬਾ ਸੀ ਬੜਾ ਆਵਾਜ਼ ਅੰਦਰ।

ਪੰਜ ਸਿਰਾਂ ਦੀ ਜਦੋਂ ਸੀ ਮੰਗ ਕੀਤੀ, ਗੈਬੀ ਸ਼ਕਤੀ ਸੀ ਕੋਈ ਮਹਾਰਾਜ ਅੰਦਰ।

 

ਓਨ੍ਹਾਂ ਕਿਹਾ ਇਖਲਾਕ ਤੇ ਏਕਤਾ ਹੀ, ਚੜ੍ਹਦੀ ਕਲਾ ਦੇ ਹੁੰਦੇ ਪ੍ਰਤੀਕ ਸਿੰਘੋ।

ਜਿਹੜੀ ਕੌਮ ਨਾ ਇੰਨਾਂ ਤੇ ਦਏ ਪਹਿਰਾ, ਉਠ ਸਕਦੀ ਨਹੀਂ, ਸਦੀਆਂ ਤੀਕ ਸਿੰਘੋ।

ਫੁੱਟ ਵਾਲੀਆਂ ਜੋਕਾਂ ਇਹ ਖੂਨ ਸਾਡਾ, ਪੀ ਰਹੀਆਂ ਨੇ ਲਾ ਕੇ ਡੀਕ ਸਿੰਘੋ।

ਇਹਨਾਂ ਕੌਮ ਦੇ ਤਾਈ ਖੁਆਰ ਕਰਨੈ, ਸਮਝੋ ਏਸ ਨੂੰ ਪੱਥਰ ਤੇ ਲੀਕ ਸਿੰਘੋ।

 

ਸਾਹਵੇਂ ਤੱਕ ਕੇ ਦੁੱਖ ਮੁਸੀਬਤਾਂ ਨੂੰ, ਦਿਲ ਕਦੇ ਨਾ ਛੱਡਿਆ ਖਾਲਸੇ ਨੇ।

ਏਹਦੇ ਵੱਲ ਜਿਸ ਵੇਖਿਆ ਅੱਖ ਕੈਰੀ, ਫਸਤਾ ਓਸੇ ਦਾ ਵੱਢਿਆ ਖਾਲਸੇ ਨੇ।

ਏਹਦੇ ਰਾਹ ’ਚ ਕੰਡੇ ਸੀ ਜੇਸ ਬੀਜੇ, ਕੰਡਾ ਓਸੇ ਦਾ ਕੱਢਿਆ ਖਾਲਸੇ ਨੇ।

ਲਾਲ ਕਿਲੇ ਤੋਂ ਕਿਲੇ ਜਮਰੌਦ ਤੀਕਰ, ਝੰਡਾ ਕੇਸਰੀ ਗੱਡਿਆ ਖਾਲਸੇ ਨੇ।

 

ਜਿਉਂਦੀ ਜਾਗਦੀ ਮੌਤ ਦੇ ਨਾਲ ਜੇਕਰ, ਮੱਥਾ ਲਾਇਆ ਤਾਂ ਲਾਇਆ ਏ ਖਾਲਸੇ ਨੇ।

ਜਿਹਦੇ ਨਾਲ ਕੋਈ ਖੇਡ ਨਹੀਂ ਖੇਡ ਸਕਿਆ, ਉਹਨੂੰ ਹੱਥੀ ਖਿਡਾਇਆ ਏ ਖਾਲਸੇ ਨੇ।

ਸਮੇਂ ਸਮੇਂ ਸ਼ਹਾਦਤ ਦੇ ਬੰਨ ਸਿਹਰੇ, ਇਹਦੇ ਤਾਈਂ ਪਰਨਾਇਆ ਏ ਖਾਲਸੇ ਨੇ।

ਜੋ ਕੁਝ ਕੋਈ ਨਹੀਂ ਦੁਨੀਆਂ ’ਚ ਕਰ ਸਕਿਆ, ਉਹ ਕੁਝ ਕਰ ਵਿਖਾਇਆ ਏ ਖਾਲਸੇ ਨੇ।

 

ਭਾਵੇਂ ਲੱਖ ਮੁਸੀਬਤਾਂ ਘੇਰ ਕੇ ਤੇ, ਲਾਵਣ ਆਪਣਾ ਟਿਲ ਗੁਰ ਖਾਲਸਾ ਜੀ।

ਢਹਿੰਦੀ ਕਲਾ ਨੂੰ ਨੇੜੇ ਨਹੀਂ ਆਉਣ ਦੇਣਾ, ਤਕੜਾ ਰੱਖਣੈ ਦਿਲ ਗੁਰ ਖਾਲਸਾ ਜੀ।

ਚੱਲ ਰਹੇ ਹੋ ਖੰਡੇ ਦੀ ਧਾਰ ਉਤੇ, ਜਾਵਣ ਕਦਮ ਨਾ ਹਿੱਲ ਗੁਰ ਖਾਲਸਾ ਜੀ।

ਸਮਾਂ ਬਹੁਤ ਥੋੜਾ, ਪੈਂਡਾ ਬਹੁਤ ਲੰਮਾਂ, ਆਵੇ ਰਤਾ ਨਾ ਢਿੱਲ ਗੁਰ ਖਾਲਸਾ ਜੀ।

ਅੰਮ੍ਰਿਤ ਬਖਸ਼ ਕੇ ਪੰਜਾਂ ਪਿਆਰਿਆਂ ਨੂੰ

ਕਲਗੀ ਵਾਲਿਆ ਸਾਡਿਆਂ ਦਿਲਾਂ ਅੰਦਰ, ਭਰਿਆ ਹੋਇਆ ਏ ਪ੍ਰੇਮ ਪਿਆਰ ਤੇਰਾ।

ਰਹਿੰਦੀ ਦੁਨੀਆਂ ਤੱਕ ਕਦੇ ਨਹੀਂ ਭੁੱਲ ਸਕਣਾ, ਹੋਇਆ ਅਸਾਂ ਤੇ ਜੋ ਉਪਕਾਰ ਤੇਰਾ।

ਪੰਥ ਬਦਲੇ ਪਰਵਾਰ ਨੂੰ ਵਾਰ ਕੇ ਤੇ, ਮੁੱਖੋਂ ਆਖਿਆ, ਸ਼ੁਕਰ ਕਰਤਾਰ ਤੇਰਾ।

ਜੜ੍ਹ ਜਬਰ ਤੇ ਜ਼ੁਲਮ ਦੀ ਪੱਟਣੇ ਲਈ, ਹੋਇਆ ਪਟਨੇ ਦੇ ਵਿੱਚ ਅਵਤਾਰ ਤੇਰਾ।

 

ਪਰਗਟ ਹੋਏ ਸਨ ਪਟਨੇ ਦੇ ਵਿੱਚ ਸਤਿਗੁਰ, ਪੂਰਨ ਪੁਰਖ ਸੁਜਾਨ ਸਨ ਪਾਤਸ਼ਾਹ ਜੀ।

ਦੁਸ਼ਮਣ ਦਲਾਂ ਦੇ ਕਰਦੇ ਰਹੇ ਦੰਦ ਖੱਟੇ, ਆਪ ਮਰਦਿ ਮੈਦਾਨ ਸਨ ਪਾਤਸ਼ਾਹ ਜੀ।

ਗੁਰੂ ਖਾਲਸੇ ਦੇ ਬਣੇ ਆਪ ਚੇਲੇ, ਕਰ ਕੇ ਹੁਕਮ ਪਰਵਾਨ ਸਨ ਪਾਤਸ਼ਾਹ ਜੀ।

ਬਾਦਸ਼ਾਹ ਤੇ ਗੁਰੂ ਦਰਵੇਸ਼ ਵੀ ਸੀ, ਆਪਣੀ ਆਪ ਪਹਿਚਾਨ ਸਨ ਪਾਤਸ਼ਾਹ ਜੀ।

 

ਕੇਸਗੜ੍ਹ ਤੇ ਕਲਗੀਆਂ ਵਾਲੜੇ ਨੇ, ਕੱਢ ਲਈ ਕਿਰਪਾਨ ਮਿਆਨ ਵਿੱਚੋਂ।

ਉਚੀ ਗਰਜ, ਲਲਕਾਰ ਕੇ ਕਹਿਣ ਲੱਗੇ, ਸੀਸ ਦੇਣ ਲਈ ਉਠੋ ਦੀਵਾਨ ਵਿੱਚੋਂ।

ਜੀਹਨੇ ਜੀਹਨੇ ਵੀ ਚੁੱਕੀ ਏ ਅੱਤ ਏਥੇ, ਖਤਮ ਕਰਾਂਗੇ ਓਹ ਜਹਾਨ ਵਿੱਚੋਂ।

ਜਾਨ ਓਨ੍ਹਾਂ ਦੀ ਜਾਨ ਦੇ ਵਿੱਚ ਪਾਉਣੀ, ਨਿਕਲ ਰਹੀ ਹੈ ਜੀਹਨਾਂ ਦੀ ਜਾਨ ਵਿੱਚੋਂ।

 

ਅੰਮ੍ਰਿਤ ਬਖਸ਼ ਕੇ ਪੰਜਾਂ ਪਿਆਰਿਆਂ ਨੂੰ, ਕਰ ਗਏ ਕਮਾਲ ਸਨ ਪਾਤਸ਼ਾਹ ਜੀ।

ਸੰਤ ਸਿਪਾਹੀ ਸਰੂਪ ਸਜਾ ਸੋਹਣੇ, ਹੋ ਰਹੇ ਨਿਹਾਲ ਨਿਹਾਲ ਸਨ ਪਾਤਸ਼ਾਹ ਜੀ।

ਫੇਰ ਓਨ੍ਹਾਂ ਤੋਂ ਛਕ ਕੇ ਆਪ ਅੰਮ੍ਰਿਤ, ਬਣ ਗਏ ਸਾਹਿਬੇ ਕਮਾਲ ਸਨ ਪਾਤਸ਼ਾਹ ਜੀ।

ਦੁਨੀਆਂ ਵਿੱਚ ਨਹੀਂ ਕੋਈ ਮਿਸਾਲ ਮਿਲਦੀ, ਆਪਣੀ ਆਪ ਮਿਸਾਲ ਸਨ ਪਾਤਸ਼ਾਹ ਜੀ।

 

ਪੰਜ ਸਿਰਾਂ ਦੀ ਲੈ ਕੇ ਭੇਟ ਸਤਿਗੁਰ, ਹੱਥੀਂ ਦਿੱਤਾ ਸੀ ਸਾਜ, ਗੁਰ ਖਾਲਸੇ ਨੂੰ।

ਪਾਵਨ ਅੰਮ੍ਰਿਤ ਦੀ ਬਖਸ਼ੀ ਸੀ ਦਾਤ ਰੱਬੀ, ਆਪ ਗੁਰੂ ਮਹਾਰਾਜ, ਗੁਰ ਖਾਲਸੇ ਨੂੰ।

ਬਖਸ਼ ਦਿੱਤੀ ਸੀ ਨਾਲ ਹੀ ਪਾਤਸ਼ਾਹੀ, ਗੁਰੂ ਗਰੀਬ ਨਿਵਾਜ, ਗੁਰ ਖਾਲਸੇ ਨੂੰ।

ਨਿਤਨੇਮ ਦੇ ਕੇ ਹੈਸੀ ਚਾੜ੍ਹ ਦਿੱਤਾ, ਨਾਨਕ ਨਾਮ ਜਹਾਜ, ਗੁਰ ਖਾਲਸੇ ਨੂੰ।

 

ਤੇਰੀ ਕਿਸੇ ਦੇ ਨਾਲ ਨਾ ਦੁਸ਼ਮਣੀ ਸੀ, ਤੇ ਨਾ ਹੀ ਕਿਸੇ ਦਾ ਪੂਰਿਆ ਪੱਖ ਦਾਤਾ।

ਇਕੋ ਨਜ਼ਰ ਨਾਲ, ਇਕੋ ਜਿਹੀ ਵੇਖਿਆ ਸੀ, ਤੇਰੀ ਸੱਜੀ ਤੇ ਖੱਬੀ ਅੱਖ ਦਾਤਾ।

ਤੇਰਾ ਵੈਰ ਸੀ ਜ਼ਾਲਮਾਂ ਨਾਲ ਸਤਿਗੁਰ, ਕੀਤਾ ਜ਼ਾਲਮਾਂ ਨੂੰ ਲੱਖੋਂ ਕੱਖ ਦਾਤਾ।

ਸਹੇ ਦੁਖ ਅਸਹਿ ਸਭ ਖਿੜੇ ਮੱਥੇ, ਹੈਸੀ ਇਕ ਅਕਾਲ ਦੀ ਰੱਖ ਦਾਤਾ।

 

ਢਹਿੰਦੀ ਕਲਾ ਨੂੰ ਮਨਾਂ ’ਚੋਂ ਕੱਢ ਕੇ ਤੇ, ਚੜ੍ਹਦੀ ਕਲਾ ਸਿਖਾਈ, ਦਸ਼ਮੇਸ਼ ਜੀ ਨੇ।

ਜੀਹਦਾ ਕਦੇ ਵੀ ਨਹੀਂ ਸਰੂਰ ਲਹਿਣਾ, ਐਸੀ ਪਾਹੁਲ ਪਿਲਾਈ, ਦਸ਼ਮੇਸ਼ ਜੀ ਨੇ।

‘ਖਾਲਸਾ ਮੇਰੋ ਰੂਪ ਹੈ ਖਾਸ’ ਕਹਿ ਕੇ, ਦਿੱਤੀ ਮਾਣ ਵਡਿਆਈ, ਦਸ਼ਮੇਸ਼ ਜੀ ਨੇ।

ਸ਼ਬਦ ਗੁਰੂ ਨੂੰ ਦੇ ਗੁਰਿਆਈ ‘ਜਾਚਕ’, ਸਾਰੀ ਗੱਲ ਮੁਕਾਈ, ਦਸ਼ਮੇਸ਼ ਜੀ ਨੇ।

ਅੰਮ੍ਰਿਤ

ਝੂਠ ਉੱਤੇ ਹੈ ਸੱਚ ਦੀ ਜਿੱਤ ਅੰਮ੍ਰਿਤ, ਬਿੱਖ ਉੱਤੇ ਹੈ ਫਤਹਿ ਦਾ ਨਾਮ ਅੰਮ੍ਰਿਤ।

ਕਊਆ ਬਿਰਤੀ ਛੁਡਾ ਕੇ ਸਦਾ ਦੇ ਲਈ, ਹੰਸ ਬਿਰਤੀ ਦਾ ਦਿੰਦੈ ਪੈਗਾਮ ਅੰਮ੍ਰਿਤ।

ਚੰਚਲ ਮਨ ਦੇ ਘੋੜੇ ਇਸ ਅੱਥਰੇ ਨੂੰ, ਸਦਾ ਲਈ ਹੈ ਪਾਉਂਦਾ ਲਗਾਮ ਅੰਮ੍ਰਿਤ।

ਖੰਡੇ ਬਾਟੇ ਦੇ ਅੰਮ੍ਰਿਤ ਦੇ ਨਾਲ ਆਪਾਂ, ਛਕਣੈ ਬਾਣੀ ਦਾ ਸੁਭ੍ਹਾ ਤੇ ਸ਼ਾਮ ਅੰਮ੍ਰਿਤ।

ਸਚਮੁੱਚ ਹੋਇਆ ਚਮਤਕਾਰ ਹੈਸੀ

ਦੁਨੀਆਂ ਵਿੱਚ ਹੈ ਸਾਜਣੀ ਕੌਮ ਖਾਲਿਸ, ਦਸਮ ਪਿਤਾ ਨੇ ਕੀਤੀ ਵਿਚਾਰ ਹੈਸੀ।

ਕੇਸਗੜ੍ਹ ਤੇ ਹੱਥ ਵਿੱਚ ਤੇਗ ਫੜ੍ਹ ਕੇ, ਗਰਜੇ ਸ਼ੇਰ ਦੇ ਵਾਂਗ ਬਲਕਾਰ ਹੈਸੀ।

ਪੰਜਾਂ ਸਿਰਾਂ ਦੀ ਗੁਰਾਂ ਜਦ ਮੰਗ ਕੀਤੀ, ਪੰਜ ਸੀਸ ਆਏ, ਪੰਜ ਵਾਰ ਹੈਸੀ।

ਸੋਹਣੇ ਸ਼ਸ਼ਤਰ ਤੇ ਬਸਤਰ ਸਜਾ ਕੇ ਤੇ, ਸਾਜੀ ਸੀਸ ਤੇ ਸੋਹਣੀ ਦਸਤਾਰ ਹੈਸੀ।

 

ਪਾਵਨ ਅੰਮ੍ਰਿਤ ਦੀ ਬਖਸ਼ੀ ਸੀ ਦਾਤ ਦਾਤੇ, ਨਾਲ ਬਖਸ਼ ਤੇ ਪੰਜ ਕਕਾਰ ਹੈਸੀ।

ਹੱਕ ਸੱਚ ਲਈ ਮਰਨ ਤੇ ਮਿਟਣ ਵਾਲਾ, ਕੀਤਾ ਖਾਲਸਾ ਪੰਥ ਤਿਆਰ ਹੈਸੀ।

ਗੋਬਿੰਦ ਰਾਇ ਤੋਂ ਸਿੰਘ ਬਣਨ ਦੇ ਲਈ, ਸਾਹਵੇਂ ਖੜ ਗਏ ਦਸਮ ਦਾਤਾਰ ਹੈਸੀ।

ਆਪੇ ਗੁਰੂ ਜਦ ਬਣੇ ਸਨ ਆਪ ਚੇਲੇ, ਸਚਮੁੱਚ ਹੋਇਆ ਚਮਤਕਾਰ ਹੈਸੀ।