Home » ਗੁਰਸਿੱਖਾਂ ਸੰਬੰਧੀ ਕਵਿਤਾਵਾਂ » ਭਾਈ ਸਾਧਾ ਤੇ ਭਾਈ ਰੂਪਾ ਜੀ ਸੰਬੰਧੀ ਕਵਿਤਾਵਾਂ

ਭਾਈ ਸਾਧਾ ਤੇ ਭਾਈ ਰੂਪਾ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems Bhai Sadha and Bhai Roopa Ji

ਭਾਈ ਸਾਧਾ ਤੇ ਭਾਈ ਰੂਪਾ ਜੀ ਸੰਬੰਧੀ ਕਵਿਤਾਵਾਂ

ਭਾਈ ਸਾਧਾ ਤੇ ਭਾਈ ਰੂਪਾ

ਜੇਠ ਹਾੜ ਦੀ ਤੱਤੀ ਦੁਪਹਿਰ ਕਾਰਣ, ਤਾਂਬੇ ਵਾਂਗ ਧਰਤੀ ਰਹੀ ਭੱਖ ਹੈਸੀ।

ਚੜ੍ਹੀ ਹੋਈ ਜੁਆਨੀ ਸੀ ਧੁੱਪ ਤਾਂਈਂ, ਪਈ ਨਿਕਲਦੀ ਕਾਂ ਦੀ ਅੱਖ ਹੈਸੀ।

ਪਿਓ ਪੁੱਤ ਨੇ ਪਾਣੀ ਦੀ ਟਿੰਡ ਭਰਕੇ, ਟਾਹਣੀ ਨਾਲ ਬੰਨ ਕੇ, ਦਿੱਤੀ ਰੱਖ ਹੈਸੀ।

ਕੁਝ ਚਿਰ ਬਾਅਦ ਫਿਰ ਗੁਰੂ ਪਿਆਰਿਆਂ ਨੇ, ਖੇਡੀ ਪਿਆਰ ਦੀ ਖੇਡ ਪ੍ਰਤੱਖ ਹੈਸੀ।

 

ਮੁੜਕੋ ਮੁੜਕੀ ਜਦ ਹੋ ਗਏ ਕਿਰਤ ਕਰਕੇ, ਲੱਗੀ ਹੋਈ ਸੀ ਡਾਹਢੀ ਪਿਆਸ ਓਦੋਂ।

ਹੱਥ ਮਸ਼ਕ ਨੂੰ ਲਾਇਆ ਜਾ ਕੋਲ ਜਾ ਕੇ, ਠੰਡਾਠਾਰ ਸੀ ਪਾਣੀ ਕੋਈ ਖਾਸ ਓਦੋਂ।

ਜਾਗੀ ਸ਼ਰਧਾ ਤੇ ਜਾਗ ਪਏ ਭਾਗ ਸੁੱਤੇ, ਸਿਰਜ ਦਿਤਾ ਸੀ ਨਵਾਂ ਇਤਿਹਾਸ ਓਦੋਂ।

ਬੜੇ ਪਿਆਰ, ਸਤਿਕਾਰ ਦੇ ਨਾਲ ਕੀਤੀ, ਗੁਰੂ ਚਰਨਾਂ ’ਚ ਉਹਨਾਂ ਅਰਦਾਸ ਓਦੋਂ।

 

ਛੇਵੇਂ ਪਾਤਸ਼ਾਹ ਹਰਗੋਬਿੰਦ ਜੀਉ, ਪਿਐ ਟਿੰਡ ਅੰਦਰ ਠੰਡਾ ਠਾਰ ਪਾਣੀ।

ਪਹਿਲਾਂ ਤੁਸਾਂ ਛਕਣੈ, ਫੇਰ ਅਸਾਂ ਪੀਣੈ, ਤੱਤੀ ਧੁੱਪ ਅੰਦਰ, ਅੰਮ੍ਰਿਤਧਾਰ ਪਾਣੀ।

ਜੇ ਨਾ ਤੁਸੀਂ ਆਏ, ਅਸੀਂ ਨਹੀਂ ਪੀਣਾ, ਭਾਵੇਂ ਪਿਆ ਸਾਹਵੇਂ ਬੇਸ਼ੁਮਾਰ ਪਾਣੀ।

ਜਾਨ ਨਿਕਲਦੀ ਏ ਬੇਸ਼ਕ ਨਿਕਲ ਜਾਵੇ, ਤੁਸਾਂ ਬਿਨਾਂ ਨਹੀਂ ਪੀਣਾ ਦਾਤਾਰ ਪਾਣੀ।

 

ਬੈਠੇ ਸਨ ਡਰੋਲੀ ਵਿੱਚ ਗੁਰੂ ਛੇਵੇਂ, ਜਦੋਂ ਦਿਲਾਂ ਦੀ ਦਿਲ ਵਿੱਚ ਤਾਰ ਹਿੱਲੀ।

ਸਜੇ ਹੋਏ ਦਿਵਾਨ ’ਚੋਂ ਉਸ ਵੇਲੇ, ਕਾਹਲੀ ਨਾਲ ਸੀ ਸੱਚੀ ਸਰਕਾਰ ਹਿੱਲੀ।

ਅਜਬ ਕੌਤਕ ਨੂੰ ਤੱਕਣ ਲਈ ਖਾਲਸਾ ਜੀ, ਸਾਰੀ ਸੰਗਤ ਵੀ ਵਾਰੋ ਵਾਰ ਹਿੱਲੀ।

ਅੱਡੀ ਲਾਈ ਜਦ ਘੋੜੇ ਨੂੰ ਪਾਤਸ਼ਾਹ ਨੇ, ਓਦੋਂ ਧਰਤੀ ਵੀ ਪੱਬਾਂ ਦੇ ਭਾਰ ਹਿੱਲੀ।

 

ਧੂਹ ਪਈ ਸੀ ਗੁਰਾਂ ਦੇ ਕਾਲਜੇ ਨੂੰ, ਤਿੱਖੀ ਧੁੱਪ ਵਿੱਚ ਵਾਟਾਂ ਨੂੰ ਚੀਰ ਪਹੁੰਚੇ।

ਪਿਆਸੇ ਪਾਣੀ ਤੋਂ ਬਿਨਾਂ ਜੋ ਤੜਪ ਰਹੇ ਸੀ, ਉਨ੍ਹਾਂ ਸਿੱਖਾਂ ਨੂੰ ਦੇਣ ਲਈ ਧੀਰ ਪਹੁੰਚੇ।

ਸਿਦਕੀ ਸਿੱਖਾਂ ਨੂੰ ਹੁੰਦਾ ਬੇਹੋਸ਼ ਤੱਕ ਕੇ, (ਭਾਈ) ਰੂਪੇ ਸਾਧੇ ਦੇ ਕੋਲ ਅਖੀਰ ਪਹੁੰਚੇ।

ਛੱਕਣ ਵਾਸਤੇ ਉਨ੍ਹਾਂ ਤੋਂ ਜਲ ਠੰਡਾ, ਮੀਰ ਮੀਰਾਂ ਦੇ, ਪੀਰਾਂ ਦੇ ਪੀਰ ਪਹੁੰਚੇ।

 

ਦਰਸ਼ਨ ਕਰਕੇ ਸੇਵਕ ਨਿਹਾਲ ਹੋ ਗਏ, ਹੋਸ਼ ਵਿੱਚ ਲਿਆਇਆ, ਜਦ ਪਾਤਸ਼ਾਹ ਨੇ।

ਰੋਮ ਰੋਮ ਸੀ ਠੰਡੜਾ ਸ਼ਾਂਤ ਹੋਇਆ, ਸੀਨੇ ਨਾਲ ਲਗਾਇਆ ਜਦ ਪਾਤਸ਼ਾਹ ਨੇ।

ਹੋ ਗਈ ਦਿਲ ਦੀ ਓਦੋਂ ਸੀ ਰੀਝ ਪੂਰੀ, ਕਿਹਾ ਮੈਂ ਤਿਹਾਇਆ, ਜਦ ਪਾਤਸ਼ਾਹ ਨੇ।

ਠੰਡੀ ਮਸ਼ਕ ਦਾ ਪੀਣ ਲਈ ਜਲ ਠੰਡਾ, ਅੱਗੇ ਬੁੱਕ ਵਧਾਇਆ ਜਦ ਪਾਤਸ਼ਾਹ ਨੇ।

 

ਨੂਰੀ ਚਿਹਰੇ ਵੱਲ ਤੱਕਦੇ ਰਹਿ ਗਏ ਉਹ, ਗਟ ਗਟ ਪਾਣੀ ਲੰਘਾਇਆ ਜਦ ਪਾਤਸ਼ਾਹ ਨੇ।

ਜਨਮਾਂ ਜਨਮਾਂ ਦੀ ਬੁਝੀ ਪਿਆਸ ‘ਜਾਚਕ’, ਹੱਥੀਂ ਪਾਣੀ ਪਿਲਾਇਆ ਜਦ ਪਾਤਸ਼ਾਹ ਨੇ।

ਖਿੜੇ ਕਮਲ ਦੇ ਫੁੱਲ ਦੇ ਵਾਂਗ ਹਿਰਦੇ, ਪਿਆਰ ਨਾਲ ਬੁਲਾਇਆ ਜਦ ਪਾਤਸ਼ਾਹ ਨੇ।

ਦੂਰ ਦੂਰ ਤੱਕ ਸਿੱਖੀ ਫੈਲਾਈ ਉਨ੍ਹਾਂ, ਸੀ ਪ੍ਰਚਾਰਕ ਬਣਾਇਆ, ਜਦ ਪਾਤਸ਼ਾਹ ਨੇ।