Home » ਗੁਰਸਿੱਖਾਂ ਸੰਬੰਧੀ ਕਵਿਤਾਵਾਂ » ਭਾਈ ਨੰਦ ਲਾਲ ਜੀ ਸੰਬੰਧੀ ਕਵਿਤਾਵਾਂ

ਭਾਈ ਨੰਦ ਲਾਲ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems Bhai Nand Lal Ji

ਭਾਈ ਨੰਦ ਲਾਲ ਜੀ ਸੰਬੰਧੀ ਕਵਿਤਾਵਾਂ

ਭਾਈ ਨੰਦ ਲਾਲ ਜੀ

ਦਸਮ ਪਿਤਾ ਦੇ ਦਰਸ਼ਨ ਦੀਦਾਰ ਕਰਕੇ, ਸ਼ਰਧਾ ਵਿੱਚ ਆ ਕੇ ਸ਼ਰਧਾਵਾਨ ਹੋ ਗਏ।

ਭਾਈ ਸਾਹਿਬ ਦੀ ਕਾਇਆ ਸੀ ਪਲਟ ਚੁੱਕੀ, ਏਸ ਭਗਤ ਲਈ ਗੁਰੂ ਭਗਵਾਨ ਹੋ ਗਏ।

ਕਲਗੀਧਰ ਵੀ ਕੋਮਲ ਇਸ ਕਵੀ ਉਤੇ, ਮਿਹਰਾਂ ਵਿੱਚ ਆ ਕੇ ਮਿਹਰਬਾਨ ਹੋ ਗਏ।

ਥੋੜੇ ਸਮੇਂ ਦੇ ਵਿੱਚ ਹੀ ਭਾਈ ਸਾਹਿਬ, ਗੁਰੂ ਘਰ ਦੇ ਵਿੱਚ ਪਰਵਾਨ ਹੋ ਗਏ।

 

ਨੰਦ ਲਾਲ ਜੀ ਨੇ ਕਲਗੀ ਵਾਲੜੇ ਦੇ, ਪਾਵਨ ਕੇਸਾਂ ਦਾ ਬੜਾ ਸਨਮਾਨ, ਲਿਖਿਐ।

ਦਸਮ ਪਿਤਾ ਦੇ ਇਕ ਇਕ ਕੇਸ ਦਾ ਮੁੱਲ, ਇਕ ਇਕ ਨਹੀਂ, ਦੋ ਦੋ ਜਹਾਨ, ਲਿਖਿਐ।

ਤੇਰੇ ਕੇਸਾਂ ਦੀ ਮਹਿਕ ਤੋਂ ਮਾਹੀ ਮੇਰੇ, ਸਦਕੇ ਜਾਂਦਾ ਏ ਮੇਰਾ ਈਮਾਨ, ਲਿਖਿਐ।

ਰਹਿਤਨਾਮੇ ’ਚ ਵੀ ਭਾਈ ਸਾਹਬ ਜੀ ਨੇ, ਪਾਵਨ ਕੇਸਾਂ ਨੂੰ ਸਿੱਖੀ ਦੀ ਸ਼ਾਨ, ਲਿਖਿਐ।

 

ਪੁਸਤਕ ‘ਬੰਦਗੀਨਾਮਾ’ ’ਚ ਆਪ ਜੀ ਨੇ, ਸੱਚੇ ਰੱਬ ਦਾ ਸੀ ਗੁਣਗਾਨ ਕੀਤਾ।

ਬੜੇ ਅਦਬ ਸਤਿਕਾਰ ਦੇ ਨਾਲ ਆਖਰ, ਗੁਰੂ ਸਾਹਿਬ ਨੂੰ ਭੇਟਾ ਸੀ ਆਨ ਕੀਤਾ।

‘ਜ਼ਿੰਦਗੀਨਾਮਾ’ ਦਾ ਗੁਰਾਂ ਨੇ ਨਾਂ ਦੇ ਕੇ, ਏਨ੍ਹਾਂ ਲਿਖਤਾਂ ਦੇ ਤਾਈਂ ਪਰਵਾਨ ਕੀਤਾ।

ਜੋ ਵੀ ਪੜੂ ਇਹਨੂੰ, ਜੀਵਨ ਸਫਲ ਹੋਊ, ਪਾਵਨ ਮੁੱਖ ’ਚੋਂ ਗੁਰਾਂ ਫੁਰਮਾਨ ਕੀਤਾ।

 

ਦਸਮ ਪਿਤਾ ਦੀ ਉਸਤਤ ਵਿੱਚ ‘ਜੰਗਨਾਮਾਂ’, ਭਾਈ ਸਾਹਿਬ ਨੇ ਨਾਲ ਸਤਿਕਾਰ ਲਿਖਿਐ।

ਵਾਲੀ ਦੋਹਾਂ ਜਹਾਨਾਂ ਦੇ ਪਾਤਸ਼ਾਹ ਜੀ, ਘਟ ਘਟ ਦੀਆਂ ਜਾਨਣਹਾਰ ਲਿਖਿਐ।

ਕਾਮਲ ਮੁਰਸ਼ਦ ਦੀ ਸਿਫਤ ਸਾਲਾਹ ਕੀਤੀ, ਉੱਚਾ ਸੁੱਚਾ ਤੇ ਸ਼ੁਭ ਆਚਾਰ ਲਿਖਿਐ।

ਨੂਰੀ ਬਖਸ਼ਿਸ਼ ਦੇ ਮਾਲਕ ਹਨ ਪਾਤਸ਼ਾਹ ਜੀ, ਦੀਨਾਂ ਦੁਖੀਆਂ ਦੇ ਮਦਦਗਾਰ ਲਿਖਿਐ।

 

ਧਨੀ ਤੇਗ ਦੇ, ਤਾਜਾਂ ਦੇ ਹਨ ਮਾਲਕ, ਮਹਾਂਬਲੀ ਯੋਧਾ ਬਾਰ ਬਾਰ ਲਿਖਿਐ।

ਬਾਦਸ਼ਾਹ ਤੇ ਨਾਲੇ ਦਰਵੇਸ਼ ਲਿਖਿਐ, ਭਵਸਾਗਰੋਂ ਕਰਦੇ ਨੇ ਪਾਰ ਲਿਖਿਐ।

ਕਲਗੀਧਰ ਜੀ ਗੁਣਾਂ ਦੀ ਮੂਰਤੀ ਨੇ, ਹੁੰਦੇ ਰੱਬ ਦੇ ਦਰਸ਼ਨ ਦੀਦਾਰ ਲਿਖਿਐ।

ਨੰਦ ਲਾਲ ਹੈ ਕੂਕਰ ਦਸਮੇਸ਼ ਜੀ ਦਾ, ਗੁਰੂ ਚਰਨਾਂ ਦਾ ਝਾੜੂ ਬਰਦਾਰ ਲਿਖਿਐ।

 

ਭਾਈ ਸਾਹਿਬ ਨੇ ਸਿਮਰਨ ਤੇ ਜੋਰ ਦਿੱਤੈ, ਸਾਡੇ ਜੀਵਨ ਦਾ ਹੈ ਆਧਾਰ ਸਿਮਰਨ।

ਸਬਰ ਸਿਦਕ ਨਾਲ ਸਿਮਰਨ ਨੇ ਜੋ ਕਰਦੇ, ਦਿੰਦੈ ਲੋਕ ਪ੍ਰਲੋਕ ਸਵਾਰ ਸਿਮਰਨ।

ਹਊਮੈ ਅਤੇ ਦਵੈਤ ਦੇ ਭਾਂਬੜਾਂ ਨੂੰ, ਕਰ ਦਿੰਦਾ ਏ ਠੰਡੜਾ-ਠਾਰ ਸਿਮਰਨ।

ਉਹ ਘਰ ਨਹੀਂ ਕਦੇ ਵੀ ਨਰਕ ਬਣਦਾ, ਜਿਥੇ ਕਰਦਾ ਏ ਸਾਰਾ ਪਰਵਾਰ ਸਿਮਰਨ।

 

ਪਾਵਨ ਗਜ਼ਲਾਂ ’ਚ ਲਿਖਦੇ ਨੇ ਭਾਈ ਸਾਹਿਬ, ਸੱਚੇ ਦਿਲੋਂ ਜਦ ਕਰਦੈ ਇਨਸਾਨ ਭਗਤੀ।

ਹਿਰਦਾ ਕਮਲ ਦੇ ਵਾਂਗ ਹੈ ਖਿੜ ਜਾਂਦਾ, ਬਣ ਜਾਂਦੀ ਏ ਜਿੰਦ ਤੇ ਜਾਨ ਭਗਤੀ।

ਹਾਜ਼ਰ ਨਾਜ਼ਰ ਹਜ਼ੂਰ ਹਰ ਥਾਂ ਦਿਸਦੈ, ਹੋ ਜਾਂਦੀ ਏ ਜਦੋਂ ਪਰਵਾਨ ਭਗਤੀ।

ਹੋ ਜਾਂਦਾ ਏ ਬ੍ਰਹਮ ਗਿਆਨ ਜਿਸਨੂੰ, ਓਸ ਭਗਤ ਦੀ ਕਰਦੈ ਭਗਵਾਨ ਭਗਤੀ।

 

ਨਾਮ ਖ਼ਜ਼ਾਨਾ ਪ੍ਰਾਪਤ ਜਦ ਹੋ ਜਾਂਦੈ, ਹਿਰਦੇ ਵਿੱਚ ਫਿਰ ਪਾਵਨ ਪ੍ਰਕਾਸ਼ ਹੁੰਦੈ।

ਅੰਮ੍ਰਿਤ ਵੇਲੇ ਨੂੰ ਜਿਹੜਾ ਸੰਭਾਲ ਲੈਂਦੈ, ਓਹਦੇ ਦੁੱਖ ਦਲਿੱਦਰ ਦਾ ਨਾਸ ਹੁੰਦੈ।

ਸ਼ੁਭ ਗੁਣਾਂ ਵਾਲੇ ਬੂਟੇ ਉਗਦੇ ਨੇ, ਜਿਹੜੇ ਮਨ ’ਚ ਬਾਣੀ ਦਾ ਵਾਸ ਹੁੰਦੈ।

ਬੇੜੇ ਓਸੇ ਦੇ ਹੀ ਪਾਰ ਲੱਗਦੇ ਨੇ, ਜੀਹਦਾ ਗੁਰੂ ਤੇ ਪੂਰਨ ਵਿਸ਼ਵਾਸ਼ ਹੁੰਦੈ।

 

ਸਾਧ ਸੰਗਤ ਦੀ ਮਹਿਮਾ ’ਚ ਲਿਖਦੇ ਨੇ, ਮਨ ਦੀ ਮੈਲ ਮਿਟਾਉਂਦੀ ਏ ਸਾਧ ਸੰਗਤ।

ਜਿਹੜਾ ਆਉਂਦਾ ਏ ਹਊਮੈ ਦਾ ਘੁੰਡ ਲਾਹ ਕੇ, ਉਹਨੂੰ ਗਲੇ ਲਗਾਉਂਦੀ ਏ ਸਾਧ ਸੰਗਤ।

ਅੰਦਰੋਂ ਦੂਈ ਦਵੈਤ ਦੀ ਕੰਧ ਢਾਹ ਕੇ, ਆਪਣਾ ਆਪਾ ਵਿਖਾਉਂਦੀ ਏ ਸਾਧ ਸੰਗਤ।

ਆਖਰ ਆਤਮਾਂ ਅਤੇ ਪਰਮਾਤਮਾ ਦਾ, ਨੂਰੀ ਮੇਲ ਕਰਵਾਉਂਦੀ ਏ ਸਾਧ ਸੰਗਤ।

 

ਲਿਖਿਆ ਹੋਇਐ ਇਤਿਹਾਸ ਦੇ ਪੰਨਿਆਂ ਤੇ, ਭਾਈ ਸਾਹਬ ਨੇ ਕੀਤੀ ਮਹਾਨ ਸੇਵਾ।

ਪਾਵਨ ਪੁਰੀ ਅਨੰਦ ਦੀ ਧਰਤ ਉਤੇ, ਕੀਤੀ ਸਮਝ ਕੇ ਜਿੰਦ ਤੇ ਜਾਨ ਸੇਵਾ।

ਸੇਵਾ ਕੀਤੀ ਜੋ ਗੁਰੂ ਕੇ ਲੰਗਰਾਂ ਦੀ , ਹੋਈ ਗੁਰੂ ਦਰਬਾਰੇ ਪਰਵਾਨ ਸੇਵਾ।

ਸਾਰੀ ਜ਼ਿੰਦਗੀ ਕਲਮ ਨਾਲ ਜੋ ਕੀਤੀ, ਰਹਿਣੀ ਯਾਦ ਉਹ ਵਿੱਚ ਜਹਾਨ ਸੇਵਾ।

               

ਇਕ ਦਿਨ ਗੁਰਾਂ ਨੂੰ ਕਿਹਾ ਨੰਦ ਲਾਲ ਜੀ ਨੇ, ਮੇਰਾ ਤੇਗ ਚਲਾਉਣ ਨੂੰ ਜੀਅ ਕਰਦੈ।

ਦੁਸ਼ਮਣ ਦਲਾਂ ਦੇ ਕਰ ਕੇ ਦੰਦ ਖੱਟੇ, ਦਿਨੇ ਤਾਰੇ ਵਿਖਾਉਣ ਨੂੰ ਜੀਅ ਕਰਦੈ।

ਹੱਥ ਵਿੱਚ ਕਲਮ ਦੀ ਥਾਂ ਹੁਣ ਤੇਗ ਫੜ ਕੇ, ਭੜਥੂ ਜੰਗ ਵਿੱਚ ਪਾਉਣ ਨੂੰ ਜੀਅ ਕਰਦੈ।

ਖਾਤਰ ਧਰਮ ਦੀ ਹੋਵਾਂ ਕੁਰਬਾਨ ਮੈਂ ਵੀ, ਆਪਾ ਘੋਲ ਘੁਮਾਉਣ ਨੂੰ ਜੀਅ ਕਰਦੈ।

 

ਲਾ ਕੇ ਸੀਨੇ ਨਾਲ ਪਾਤਸ਼ਾਹ ਕਹਿਣ ਲੱਗੇ, ਤੇਰੇ ਉਤੋਂ ਮੈਂ ਜਾਵਾਂ ਬਲਿਹਾਰ ਚੰਨਾਂ।

ਮੁਰਦਾ ਰੂਹਾਂ ’ਚ ਪਾਉਂਦੀ ਏ ਜਾਨ ਜਿਹੜੀ, ਤੇਰੀ ਕਲਮ ਚੁੰਮਾਂ ਵਾਰ ਵਾਰ ਚੰਨਾਂ।

‘ਜਾਚਕ’ ਤਿੱਖੀ ਤਲਵਾਰ ਦੀ ਧਾਰ ਨਾਲੋਂ, ਤਿੱਖੀ ਹੁੰਦੀ ਏ ਕਲਮ ਦੀ ਧਾਰ ਚੰਨਾਂ।

ਤਖਤੋ-ਤਾਜ ਪਲਟਾ ਕੇ ਰੱਖ ਦੇਂਦੀ, ਐਸੀ ਹੁੰਦੀ ਏ ਕਲਮ ਦੀ ਮਾਰ ਚੰਨਾਂ।