ਭਾਈ ਮਰਦਾਨਾ ਜੀ ਸੰਬੰਧੀ ਕਵਿਤਾਵਾਂ
ਭਾਈ ਮਰਦਾਨਾ ਜੀ
ਗੁਰੂ ਨਾਨਕ ਜੀ ਸੋਚ ਕੇ ਸੋਚ ਲੰਮੀ, ਬਖਸ਼ਿਸ਼ ਕਰਨ ਲਈ ਦੁਨੀਆਂ ਦੇ ਵਾਸੀਆਂ ਤੇ।
ਖਾਕਾ ਖਿੱਚ ਕੇ ਸਾਰਾ ਦਿਮਾਗ ਅੰਦਰ, ਤੇ ਕਰਕੇ ਮਿਹਰਾਂ ਸੁਲਤਾਨਪੁਰ ਵਾਸੀਆਂ ਤੇ।
ਅੰਮ੍ਰਿਤ ਨਾਮ ਪਿਲਾਉਣ ਲਈ ਪਏ ਕਾਹਲੇ, ਕਰਕੇ ਤਰਸ ਓਹ ਰੂਹਾਂ ਪਿਆਸੀਆਂ ਤੇ।
ਲੈ ਕੇ ਭਾਈ ਮਰਦਾਨਾ ਜੀ ਨਾਲ ਆਪਣੇ,ਚੱਲ ਪਏ ਗੁਰ ਨਾਨਕ ਉਦਾਸੀਆਂ ਤੇ।
ਰਾਗ ਵਿਦਿਆ ਮਰਦਾਨੇ ਨੇ ਸੀ ਸਿੱਖੀ, ਗੁਣੀਆਂ ਗਿਆਨੀਆਂ ਦੇ ਪਰਵਾਰ ਵਿੱਚੋਂ।
ਚਲ ਪਿਆ ਸੀ ਬਾਬੇ ਦੇ ਨਾਲ ‘ਜਾਚਕ’, ਮੋਹ ਮਮਤਾ ਨੂੰ ਛੱਡ ਪਰਵਾਰ ਵਿੱਚੋਂ।
ਅਨਹਦ ਨਾਦ ਦੀ ਧੁਨੀ ਕੋਈ ਨਿਕਲਦੀ ਸੀ, ਉਹਦੀ ਰਬਾਬ ਦੀ ਹਰ ਇਕ ਤਾਰ ਵਿੱਚੋਂ।
ਧੁਰ ਕੀ ਬਾਣੀ ਵੀ ਆਪੇ ਹੀ ਧੁਰ ਅੰਦਰੋਂ, ਫੁੱਟ ਫੁੱਟ ਨਿਕਲਦੀ ਨਾਨਕ ਨਿਰੰਕਾਰ ਵਿੱਚੋਂ।
ਜਿੱਥੇ ਜਿੱਥੇ ਵੀ ਬਾਬਾ ਸੀ ਪੈਰ ਧਰਦਾ, ਸਾਏ ਵਾਂਗ ਮਰਦਾਨਾ ਸੀ ਨਾਲ ਹੁੰਦਾ।
ਲਾ ਕੇ ਹਿੱਕ ਦੇ ਨਾਲ ਰਬਾਬ ਰੱਖਦਾ, ਕੁੱਛੜ ਚੁੱਕਿਆ ਜਿਸ ਤਰ੍ਹਾਂ ਬਾਲ ਹੁੰਦਾ।
‘ਧੁਰ ਦੀ ਬਾਣੀ’ ਜਦ ਬਾਬੇ ਨੂੰ ਆਂਵਦੀ ਸੀ, ਤਾਰਾਂ ਛੇੜ ਮਰਦਾਨਾ ਨਿਹਾਲ ਹੁੰਦਾ।
ਸੁਰਤਿ ਸ਼ਬਦ ਦਾ ਜਦੋਂ ਮਿਲਾਪ ਹੋਵੇ, ਨੂਰੀ ਚਿਹਰੇ ’ਤੇ ਰੱਬੀ ਜਲਾਲ ਹੁੰਦਾ।
ਭਾਈ ਸਾਹਿਬ ਨੇ ਸਦਾ ਹੀ ਸਾਥ ਦਿੱਤਾ, ਗੁਰੂ ਨਾਨਕ ਵੀ ਅੱਗੋਂ ਪਿਆਰ ਕਰਦੇ।
ਓਹ ਰਬਾਬ ਦੇ ਚੰਗੇ ਵਜੰਤਰੀ ਸੀ, ਸੁਰ ਸਦਾ ਰਬਾਬ ਦੀ ਤਾਰ ਕਰਦੇ।
‘ਜਾਚਕ’ ਸਦਾ ਹੀ ਨਿਮਰਤਾ ਵਿਚ ਰਹਿੰਦੇ, ਕਦੇ ਭੁੱਲ ਕੇ ਨਾ ਹੰਕਾਰ ਕਰਦੇ।
ਜਦੋਂ ਬਾਬਾ ਜੀ ਕਿਸੇ ਨੂੰ ਤਾਰਦੇ ਸੀ, ਓਹਦੇ ਰਾਹੀਂ ਹੀ ਬੇੜੇ ਸੀ ਪਾਰ ਕਰਦੇ।