Home » ਗੁਰਸਿੱਖਾਂ ਸੰਬੰਧੀ ਕਵਿਤਾਵਾਂ » ਭਾਈ ਜੈਤਾ ਜੀ ਸੰਬੰਧੀ ਕਵਿਤਾਵਾਂ

ਭਾਈ ਜੈਤਾ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems Bhai Jaitaji

ਭਾਈ ਜੈਤਾ ਜੀ ਸੰਬੰਧੀ ਕਵਿਤਾਵਾਂ

ਭਾਈ ਜੈਤਾ ਜੀ

ਦਿੱਲੀ ਵਾਲਿਆਂ ਦਿਲਾਂ ਤੇ ਹੱਥ ਰੱਖ ਲਏ, ਨੌਵਾਂ ਗੁਰੂ ਜਦ ਹੋਇਆ ਕੁਰਬਾਨ ਹੈਸੀ।

ਭਾਈ ਜੈਤੇ ਉਠਾਇਆ ਤਦ ਸੀਸ ਪਾਵਨ, ਰੱਖਕੇ ਤਲੀ ’ਤੇ ਆਪਣੀ ਜਾਨ ਹੈਸੀ।

ਚਾਦਰ ਵਿੱਚ ਲਪੇਟ ਕੇ ਨਾਲ ਸ਼ਰਧਾ, ਸਿਰ ’ਤੇ ਭਗਤ ਨੇ ਰੱਖਿਆ ਭਗਵਾਨ ਹੈਸੀ।

ਬਾਣੀ ਪੜ੍ਹਦਿਆਂ ਪੁਰੀ ਅਨੰਦ ਵੱਲੇ, ਕਾਹਲੀ ਕਾਹਲੀ ਫਿਰ ਹੋਇਆ ਰਵਾਨ ਹੈਸੀ।

 

ਫੁਰਤੀ ਨਾਲ ਫਿਰ ਦਿੱਲੀਉਂ ਬਾਹਰ ਹੋ ਕੇ, ਤੁਰਦਾ ਜਾ ਰਿਹੈ ਵਾਟਾਂ ਨੂੰ ਚੀਰ ਜੈਤਾ।

ਕਰ ਕਰ ਯਾਦ ਸ਼ਹਾਦਤ ਦਾ ਸੀਨ ਸਾਰਾ, ਨੈਣਾਂ ਵਿੱਚੋਂ ਵਹਾ ਰਿਹੈ ਨੀਰ ਜੈਤਾ।

ਨਹੀਂ ਰੱਖਿਆ ਸੀਸ ਨੂੰ ਧਰਤ ਉੱਤੇ, ਚਲਦਾ ਰਿਹਾ ਹੋ ਗਹਿਰ ਗੰਭੀਰ ਜੈਤਾ।

ਬਚ ਬਚਾ ਕੇ ਸਾਰਿਆਂ ਖਤਰਿਆਂ ਤੋਂ, ਆਪਣੀ ਮੰਜ਼ਲ ’ਤੇ ਪਹੁੰਚਾ ਅਖੀਰ ਜੈਤਾ।

 

ਕੀਰਤਪੁਰੋਂ ਫਿਰ ਗੁਰਾਂ ਵੱਲ ਭਾਈ ਜੈਤੇ, ਦਰਦ ਭਿੱਜਾ ਸੁਨੇਹੜਾ ਘੱਲਿਆ ਸੀ।

ਸੁਣ ਕੇ ਖ਼ਬਰ ਇਹ ਸੰਗਤ ਸਮੇਤ ਓਦੋਂ, ਗੋਬਿੰਦ, ਪੁਰੀ ਅਨੰਦ ਤੋਂ ਚੱਲਿਆ ਸੀ।

ਧੁਰ ਅੰਦਰੋਂ ਆਇਆ ਹਰ ਇਕ ਹੰਝੂ, ਪਲਕਾਂ ਵਿੱਚ ਦਸਮੇਸ਼ ਨੇ ਠੱਲਿਆ ਸੀ।

ਪਾਵਨ ਸੀਸ ਨੂੰ ਚੁੱਕ ਕੇ ਮਲਕੜੇ ਜਿਹੇ, ਉਨ੍ਹਾਂ ਸੱਲ੍ਹ ਵਿਛੋੜੇ ਦਾ ਝੱਲਿਆ ਸੀ।

 

ਆਪਣੇ ਸਿਰ ਦੇ ਸਾਂਈਂ ਦਾ ਸੀਸ ਤੱਕ ਕੇ, ਮਾਤਾ ਗੁਜਰੀ ਜੀ ਆਏ ਵੈਰਾਗ ਅੰਦਰ।

ਇਨ੍ਹਾਂ ਧਰਮ ਤੋਂ ਇੰਝ ਕੁਰਬਾਨ ਹੋਣੈ, ਧੁਰੋਂ ਲਿਖਿਆ ਸੀ ਏਦਾਂ ਈ ਭਾਗ ਅੰਦਰ।

ਉਹ ਤਾਂ ਕਰੁਣਾ ਦੇ ਕਲਪ ਬ੍ਰਿਛ ਹੈਸਨ, ਧਰਤੀ ਵਾਂਗ ਸੀ ਧੀਰਜ ਸੁਹਾਗ ਅੰਦਰ।

ਆਖਰ ਤਨ ਵੀ ਦਿੱਤਾ ਤਿਆਗ ਆਪਣਾ, ਸਾਰੀ ਉਮਰ ਜੋ ਰਹੇ ਤਿਆਗ ਅੰਦਰ।

 

ਮਾਤਾ ਨਾਨਕੀ ਲਾਲ ਦਾ ਚੁੰਮ ਮੁੱਖੜਾ, ਬੋਲੇ ਅੰਮੀ ਦੀ ਤੈਨੂੰ ਅਸੀਸ ਪੁੱਤਰ।

ਲਾ ਕੇ ਘੁੱਟ ਕਲੇਜੇ ਦੇ ਨਾਲ ਕਹਿੰਦੇ, ਬਿਨਾਂ ਧੜ ਆਇਆ ਤੇਰਾ ਸੀਸ ਪੁੱਤਰ।

ਤਿਲਕ ਜੰਝੂ ਦੀ ਰੱਖਿਆ ਕਰਨ ਖਾਤਰ, ਪਾਵਨ ਸੀਸ ਦੀ ਦਿੱਤੀ ਤੂੰ ਫੀਸ ਪੁੱਤਰ।

ਜਿੱਦਾਂ ਦਿੱਤੀ ਕੁਰਬਾਨੀ ਤੂੰ ਲਾਲ ਮੇਰੇ, ਨਹੀਂ ਜੱਗ’ਤੇ ਇਹਦੀ ਕੋਈ ਰੀਸ ਪੁੱਤਰ।

ਪਾਵਨ ਸੀਸ ਨੂੰ ਸੀਸ ’ਤੇ ਚੁੱਕ ਕੇ ਤੇ, ਮਾਖੋਵਾਲ ਨੂੰ ਹੋਏ ਰਵਾਨ ਸਤਿਗੁਰ।

ਨਹੀਂ ਰੋਣਾ ਕੁਰਲਾਉਣਾ ਵਿਰਲਾਪ ਕਰਨਾ, ਸੰਗਤ ਤਾਂਈਂ ਕੀਤਾ ਸਾਵਧਾਨ ਸਤਿਗੁਰ।

ਸਾਰੇ ਰਾਹ ਗੁਰਬਾਣੀ ਦਾ ਪਾਠ ਕਰਦੇ, ਚਲਦੇ ਰਹੇ ਹੋ ਅੰਤਰ ਧਿਆਨ ਸਤਿਗੁਰ।

ਆਖਿਰ ਪੁਰੀ ਅਨੰਦ ਵਿੱਚ ਪਹੁੰਚ ਕੇ ਤੇ, ਬੜਾ ਭਾਰੀ ਸੀ ਲਾਇਆ ਦੀਵਾਨ ਸਤਿਗੁਰ।

 

ਭਾਈ ਜੈਤੇ ਨੇ ਵਿਥਿਆ ਸੁਣਾਈ ਸਾਰੀ, ਛਮ ਛਮ ਨੈਣਾਂ ’ਚੋਂ ਨੀਰ ਵਹਾ ਕੇ ਤੇ।

ਗੁਰਾਂ ਓਸ ਨੂੰ ਮਾਣ ਸਨਮਾਨ ਦਿਤਾ, ਵਿੱਚ ਪੁਰੀ ਅਨੰਦ ਦੇ ਆ ਕੇ ਤੇ।

ਜਿਹੜੇ ਸੀਸ ’ਤੇ ਚੁੱਕਿਆ ਸੀਸ ਪਾਵਨ, ਓਸ ਸੀਸ ਨੂੰ ਸੀਸ ਝੁਕਾ ਕੇ ਤੇ।

ਸੀਨੇ ਨਾਲ ‘ਰੰਘਰੇਟੇ’ ਨੂੰ ਲਾ ਲੀਤਾ, ‘ਜਾਚਕ’ ‘ਗੁਰੂ ਕਾ ਬੇਟਾ’ ਬਣਾ ਕੇ ਤੇ।