Home » ਗੁਰਸਿੱਖਾਂ ਸੰਬੰਧੀ ਕਵਿਤਾਵਾਂ » ਭਾਈ ਗੁਰਦਾਸ ਜੀ ਸੰਬੰਧੀ ਕਵਿਤਾਵਾਂ

ਭਾਈ ਗੁਰਦਾਸ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems on Bhai Gurdas Ji

ਭਾਈ ਗੁਰਦਾਸ ਜੀ ਸੰਬੰਧੀ ਕਵਿਤਾਵਾਂ

ਭਾਈ ਗੁਰਦਾਸ ਜੀ

ਗੋਇੰਦਵਾਲ ਦੀ ਪਾਵਨ ਧਰਤ ਉਤੇ, ਮੁੱਢਲਾ ਜੀਵਨ ਬਿਤਾਇਆ ਸੀ ਭਾਈ ਸਾਹਿਬ।

ਸਮਾਂ ਸੰਕਟਾਂ ਅਤੇ ਚੁਣੌਤੀਆਂ ਦਾ, ਆਪਣੇ ਪਿੰਡੇ ਹੰਡਾਇਆ ਸੀ ਭਾਈ ਸਾਹਿਬ।

ਪੰਚਮ ਪਾਤਸ਼ਾਹ ਜਦੋਂ ਸ਼ਹੀਦ ਹੋਏ, ਅਹਿਮ ਰੋਲ ਨਿਭਾਇਆ ਸੀ ਭਾਈ ਸਾਹਿਬ।

ਜਿਹੜਾ ਕਾਰਜ ਵੀ ਛੋਹਿਆ ਸੀ, ਓਸ ਤਾਂਈਂ, ਸਿਖਰਾਂ ਉਤੇ ਪਹੁੰਚਾਇਆ ਸੀ ਭਾਈ ਸਾਹਿਬ।

 

ਜੀਹਨੂੰ ਪੜ੍ਹਿਆਂ ਗੁਰਸਿੱਖੀ ਹੈ ਦ੍ਰਿੜ ਹੁੰਦੀ, ਪਾਵਨ ਗੁਰਮਤਿ ਦਾ ਹਨ ਭੰਡਾਰ ਵਾਰਾਂ।

ਕਿਹਾ ਜਾਂਦਾ ਗੁਰਬਾਣੀ ਦੀ ਹੈ ਕੁੰਜੀ, ਭਵਸਾਗਰ ਤੋਂ ਕਰਦੀਆਂ ਪਾਰ ਵਾਰਾਂ।

ਕਈ ਕਹਿੰਦੇ ਗੁਰਸਿੱਖੀ ਦਾ ਰਹਿਤਨਾਮਾ, ਅਸਲ ਵਿੱਚ ਗੁਰਬਾਣੀ ਦਾ ਸਾਰ ਵਾਰਾਂ।

ਓਨੀ ਵਾਰ ਅਗੰਮੀ ਸੁਆਦ ਆਊਂਦੈ, ਸ਼ਰਧਾ ਨਾਲ ਪੜ੍ਹੀਏ ਜਿੰਨੀ ਵਾਰ ਵਾਰਾਂ।

 

ਪਾਵਨ ਕਲਮ ਨਾਲ ਭਾਈ ਗੁਰਦਾਸ ਜੀ ਨੇ, ਸਿੱਖ ਕੌਮ ਦੀ ਕੀਤੀ ਮਹਾਨ ਸੇਵਾ।

‘ਆਦਿ ਬੀੜ’ ਲਿਖਵਾਈ ਜਦ ਪਾਤਸ਼ਾਹ ਨੇ, ਕੀਤੀ ਹੋ ਕੇ ਅੰਤਰ ਧਿਆਨ ਸੇਵਾ।

ਗੁਰੂ ਘਰ ਦਾ ਵੇਦ ਵਿਆਸ ਕਹਿੰਦੇ, ਏਸ ਸੇਵਕ ਦੀ ਹੋਈ ਪ੍ਰਵਾਨ ਸੇਵਾ।

ਹਰੀਮੰਦਰ ਤੇ ਤਖ਼ਤ ਅਕਾਲ ਵਾਲੀ, ਯਾਦ ਰਹਿਣੀ ਏ ਵਿੱਚ ਜਹਾਨ ਸੇਵਾ।

 

ਭਾਈ ਸਾਹਿਬ ਨੂੰ ਗੁਰਾਂ ਨੇ ਕਿਹਾ ਇਕ ਦਿਨ, ਥੋਡੀ ਲਿਖਤ ਦਾ ਮੁੱਲ ਨਹੀਂ ਪੈ ਸਕਦਾ।

‘ਪੋਥੀ ਸਾਹਿਬ’ ’ਚ ਸ਼ਾਮਲ ਹੈ ਇਹ ਕਰਨੀ, ਇਹ ਵੀ ਕਹਿਣੋਂ ਮੈਂ ਨਹੀਂ ਹੁਣ ਰਹਿ ਸਕਦਾ।

ਭਾਈ ਸਾਹਿਬ ਜੀ ਨਿਮਰਤਾ ਨਾਲ ਬੋਲੇ, ਹੱਥ ਜੋੜ ਕੇ ਦਾਸ ਵੀ ਕਹਿ ਸਕਦਾ।

ਮੈਂ ਹਾਂ ਜੁਗਨੂੰ ਤੇ ਗੁਰੂ ਜੀ ਤੁਸੀਂ ਸੂਰਜ, ਸੇਵਕ, ਸਾਹਿਬ ਬਰਾਬਰ ਨਹੀਂ ਬਹਿ ਸਕਦਾ।

 

ਛੇਵੇਂ ਪਾਤਸ਼ਾਹ ਤਖ਼ਤ ਤੇ ਜਦੋਂ ਬਹਿੰਦੇ, ਸੇਵਕ ਬੈਠਦੇ ਗੁਰਾਂ ਦੇ ਪਾਸ ਹੈਸਨ।

ਮੀਰੀ ਪੀਰੀ ਤਲਵਾਰਾਂ ਨੂੰ ਪਹਿਨ ਕੇ ਤੇ, ਲੱਗਦੇ ਸੰਤ ਸਿਪਾਹੀ ਕੋਈ ਖ਼ਾਸ ਹੈਸਨ।

ਦੁਖ ਦੂਰ ਸਨ ਕਰਦੇ ਫਰਿਆਦੀਆਂ ਦੇ, ਆਉਂਦੇ ਜਿਹੜੇ ਵੀ ਲੈ ਕੇ ਆਸ ਹੈਸਨ।

ਬਾਬਾ ਬੁੱਢਾ ਜੀ ਬੈਠਦੇ ਸਨ ਸੱਜੇ, ਖੱਬੇ ਬੈਠਦੇ ਭਾਈ ਗੁਰਦਾਸ ਹੈਸਨ।

 

ਸਾਰੀ ਉਮਰ ਹੀ ਧਰਮ ਪ੍ਰਚਾਰ ਕਰਕੇ, ਤੁਰ ਗਏ ਸੱਚ ਦਾ ਕਰਦੇ ਵਾਪਾਰ ਆਖ਼ਰ।

ਛੇਵੇਂ ਗੁਰਾਂ ਦੇ ਚਰਨਾਂ ਤੇ ਸੀਸ ਰੱਖ ਕੇ, ਗੁਰਪੁਰੀ ਨੂੰ ਗਏ ਸਿਧਾਰ ਆਖ਼ਰ।

ਬ੍ਰਹਮ ਗਿਆਨੀ ਸੀ ਬ੍ਰਹਮ ਲੀਨ ਹੋ ਗਏ, ਛੱਡ ਗਏ ਇਹ ਫਾਨੀ ਸੰਸਾਰ ਆਖ਼ਰ।

ਛੇਵੇਂ ਪਾਤਸ਼ਾਹ ਸੰਗਤਾਂ ਨਾਲ ‘ਜਾਚਕ’, ਭਾਈ ਸਾਹਿਬ ਦਾ ਕੀਤਾ ਸਸਕਾਰ ਆਖ਼ਰ।