ਭਾਈ ਘਨੱਈਆ ਜੀ ਸੰਬੰਧੀ ਕਵਿਤਾਵਾਂ
ਭਾਈ ਘਨੱਈਆ ਜੀ
ਪਿੰਡ ਸੋਦਰਾ ਦੀ ਪਾਵਨ ਧਰਤ ਉੱਤੇ, ਭਾਈ ਘਨੱਈਆ ਸੀ ਵਿੱਚ ਜਹਾਨ ਹੋਇਆ।
ਬਚਪਨ ਵਿੱਚ ਹੀ ਸੇਵਾ ਦੀ ਲਗਨ ਲੱਗੀ, ਸੇਵਾ ਕਰਦਿਆਂ ਭਰ ਜੁਆਨ ਹੋਇਆ ।
ਸੇਵਾ ਕੀਤੀ ਸੀ ਸਿਦਕ ਦੇ ਨਾਲ ਜਿਸਨੇ, ਦੁਨੀਆਂ ਵਿੱਚ ਉਹ ਪੁਰਖ ਮਹਾਨ ਹੋਇਆ ।
ਪਾਵਨ ਪੁਰੀ ਅਨੰਦ ’ਚ ਪਹੁੰਚ ਕੇ ਤੇ, ਗੁਰੂ ਦਰ ਤੇ ਉਹ ਪ੍ਰਵਾਨ ਹੋਇਆ ।
ਚੜ੍ਹਦੀ ਕਲਾ ’ਚ ਤੱਕ ਕੇ ਖਾਲਸੇ ਨੂੰ, ਜਦੋਂ ਰਾਜੇ ਪਹਾੜੀ ਸੀ ਸੜਨ ਲੱਗੇ।
ਪੱਠੇ ਪਾਉਣ ਲਈ ਹਊਮੈ ਤੇ ਚਉਧਰਾਂ ਨੂੰ, ਬਿਨਾਂ ਗੱਲ ਤੋਂ ਸਿੰਘਾਂ ਨਾਲ ਅੜਨ ਲੱਗੇ।
ਮੁਗਲ ਫੌਜਾਂ ਨਾਲ ਪੁਰੀ ਅਨੰਦ ਤਾਂਈਂ, ਘੇਰਾ ਪਾ ਕੇ, ਸਾਜਸ਼ਾਂ ਘੜਨ ਲੱਗੇ।
ਟਿੱਡੀ ਦਲਾਂ ਨੂੰ ਤੱਕ ਕੇ, ਖਾਲਸੇ ਦੇ, ਲਹੂ ਗਰਮ ਹੋ ਗਏ, ਰੋਹ ਚੜ੍ਹਨ ਲੱਗੇ।
ਛਿੜ ਪਿਆ ਫਿਰ ਯੁੱਧ ਘਸਮਾਨ ਉਥੇ, ਸਿੰਘ ਤੇਗਾਂ ਦੇ ਜੌਹਰ ਵਿਖਾ ਰਹੇ ਸੀ।
ਬਲਦੀ ਸ਼ਮਾਂ ਤੋਂ ਵਾਂਗ ਪਤੰਗਿਆਂ ਦੇ, ਸਿਰ ਧੜ ਦੀਆਂ ਬਾਜੀਆਂ ਲਾ ਰਹੇ ਸੀ।
ਬੀਰ ਬਾਂਕੜੇ ਬਲੀ ਵਰਿਆਮ ਯੋਧੇ, ਦਿਨੇ ਦੁਸ਼ਟਾਂ ਨੂੰ ਤਾਰੇ ਦਿਖਾ ਰਹੇ ਸੀ।
ਗਹਿਗੱਚ ਲੜਾਈ ’ਚ ਕੁੱਦ ਕੁੱਦ ਕੇ, ਦੁਸ਼ਮਣ ਦਲਾਂ ਦੀਆਂ ਸਫਾਂ ਵਿਛਾ ਰਹੇ ਸੀ।
ਭੱਖੇ ਹੋਏ ਇਸ ਰਣ ਮੈਦਾਨ ਅੰਦਰ, ਬ੍ਰਹਮ ਗਿਆਨੀ ਇਕ ਚੋਜ ਵਰਤਾਈ ਜਾਂਦੈ।
ਆਪਣੇ ਮੋਢੇ ਤੇ ਭਰੀ ਹੋਈ ਮਸ਼ਕ ਚੁੱਕ ਕੇ, ਬਿਨਾਂ ਵਿਤਕਰੇ ਪਾਣੀ ਪਿਲਾਈ ਜਾਂਦੈ।
ਕਦੀ ਏਸ ਪਾਸੇ ਤੇ ਕਦੇ ਓਸ ਪਾਸੇ, ਨਿਰਭੈ ਹੋ ਕੇ ਜਲ ਛਕਾਈ ਜਾਂਦੈ।
ਬਿਨਾਂ ਪਾਣੀ ਤੋਂ ਜੇਸ ਦੀ ਜਾਨ ਨਿਕਲੇ, ਜਾਨ ਓਸ ਦੀ ਜਾਨ ਵਿੱਚ ਪਾਈ ਜਾਂਦੈ।
ਸਿੰਘਾਂ ਗੁਰੂ ਜੀ ਪਾਸ ਸ਼ਿਕਾਇਤ ਕੀਤੀ, ਭਾਈ ਘਨੱਈਆ ਕੀ ਚੰਨ ਚੜ੍ਹਾ ਰਿਹਾ ਏ।
ਅਸੀਂ ਜਿਨਾਂ ਨੂੰ ਮਾਰ ਕੇ ਸੁੱਟਦੇ ਹਾਂ, ਪਾਣੀ ਪਾ ਕੇ ਫੇਰ ਜਿਵਾ ਰਿਹਾ ਏ।
ਦਿਨ ਦੀਵੀਂ ਉਹ ਤੁਰਕਾਂ ਦਾ ਮਿਤ ਬਣ ਕੇ, ਤੇਲ ਸਾਡੀਆਂ ਜੜ੍ਹਾਂ ’ਚ ਪਾ ਰਿਹਾ ਏ।
ਜਾਣੀ ਜਾਣ ਕਹਿੰਦੇ, ਜਾ ਕੇ ਕਹੋ ਉਸਨੂੰ, ਕਲਗੀਵਾਲੜਾ ਤੈਨੂੰ ਬੁਲਾ ਰਿਹਾ ਏ।
ਪੇਸ਼ ਹੋਏ ਘਨੱਈਆ ਤਾਂ ਕਿਹਾ ਸਤਿਗੁਰ, ਸੁਣਿਐ ਉਲਟੀ ਕੋਈ ਕਾਰ ਕਮਾ ਰਿਹਾ ਏ।
ਮੇਰੇ ਪਾਸ ਹੈ ਤੇਰੀ ਸ਼ਿਕਾਇਤ ਪਹੁੰਚੀ,(ਤੂੰ) ਪਾਣੀ ਦੁਸ਼ਮਣਾਂ ਤਾਈਂ ਪਿਲਾ ਰਿਹਾ ਏਂ।
ਇਹ ਵੀ ਸੁਣਿਆ ਏ ਰਣ ਮੈਦਾਨ ਅੰਦਰ, ਸਿੰਘਾਂ ਨਾਲ ਹੀ ਦਗਾ ਕਮਾ ਰਿਹਾ ਏਂ।
ਕੀ ਇਹ ਸੱਚ ਏ ਵੈਰੀ ਜੋ ਹੋਣ ਜਖਮੀ , ਉਨ੍ਹਾਂ ਮਰਦਿਆਂ ਤਾਈਂ ਜਿਵਾ ਰਿਹਾ ਏਂ।
ਹੱਥ ਜੋੜ ਘਨੱਈਆ ਜੀ ਕਹਿਣ ਲੱਗੇ, ਸਹੀ ਸਿੰਘਾਂ ਦਾ ਬਿਲਕੁਲ ਰੁੱਖ ਦਿੱਸਦੈ ।
ਦੌੜ ਪੈਂਦਾ ਹਾਂ ਉਧਰ ਨੂੰ ਮਸ਼ਕ ਚੁੱਕ ਕੇ, ਪਾਣੀ ਮੰਗਦਾ ਜਿਧਰ ਮਨੁੱਖ ਦਿਸਦੈ।
ਹਿੰਦੂ, ਮੁਸਲਮ ਜਾਂ ਸਿੱਖ ਨਹੀਂ ਨਜ਼ਰ ਆਉਂਦੈ, ਮੈਨੂੰ ਸਿਰਫ਼ ਦੁਖਿਆਰੇ ਦਾ ਦੁਖ ਦਿਸਦੈ।
ਸੱਚ ਪੁੱਛੋ ਤਾਂ ਮੈਨੂੰ ਬਸ ਤੁਸੀਂ ਦਿਸਦੇ, ਹਰ ਇਕ ਮੁੱਖ ’ਚੋਂ ਤੁਸਾਂ ਦਾ ਮੁੱਖ ਦਿਸਦੈ।
ਸੀਨੇ ਲਾ ਕੇ ਪਾਤਸ਼ਾਹ ਕਹਿਣ ਲੱਗੇ, ਸਭ ਨੂੰ ਏਦਾਂ ਹੀ ਸੁਖ ਪਹੁੰਚਾਈਂ ਸਿੱਖਾ।
ਹੋਈ ਤੈਨੂੰ ਹੈ ਸੇਵਾ ਦੀ ਦਾਤ ਬਖ਼ਸ਼ਿਸ਼, ਸਾਰੀ ਉਮਰ ਇਹ ਟਹਿਲ ਕਮਾਈਂ ਸਿੱਖਾ।
ਤੈਨੂੰ ਕੋਈ ਵੀ ਰੋਕ ਨਾ ਟੋਕ ਸਕੂ, ਪਾਣੀ ਫੱਟੜਾਂ ਤਾਂਈ ਪਿਲਾਈਂ ਸਿੱਖਾ।
ਆਹ ਲੈ ਮਲਮ ਦੀ ਡੱਬੀ ਵੀ ਕੋਲ ਰੱਖ ਲੈ, ਅੱਲੇ ਜ਼ਖਮਾਂ ਤੇ ਮੱਲ੍ਹਮ ਵੀ ਲਾਈਂ ਸਿੱਖਾ।
ਸਿੰਘਾਂ ਤਾਂਈ ਫਿਰ ਪਾਤਸ਼ਾਹ ਕਹਿਣ ਲੱਗੇ,ਇਹਦੇ ਲਈ ਕੋਈ ਵੈਰੀ,ਬਿਗਾਨਾ ਹੀ ਨਹੀਂ।
ਜਿਦਾਂ ਮਸਤ ਇਹ ਆਪਣੀ ਮੌਜ ਅੰਦਰ, ਇਹਦੇ ਜਿਹਾ ਕੋਈ ਹੋਰ ਦੀਵਾਨਾਂ ਹੀ ਨਹੀਂ।
ਅਸਲ ਵਿੱਚ ਹੈ ਮਾਨਸ ਦੀ ਜਾਤ ਇਕੋ, ਇਹਦੇ ਜਿਹਾ ਕੋਈ ਦਿਸਦਾ ਦਾਨਾਂ ਹੀ ਨਹੀਂ।
ਕਰਨਾ ਵਿਤਕਰਾ ਕਿਸੇ ਵੀ ਧਰਮ ਦੇ ਨਾਲ, ਸਾਡਾ ਮੰਤਵ ਜਾਂ ਕੋਈ ਨਿਸ਼ਾਨਾ ਹੀ ਨਹੀਂ।
ਸਾਰੀ ਉਮਰ ਹੀ ਜਲ ਛਕਾਉਣ ਵਾਲੀ, ਜਾਰੀ ਰੱਖੀ ਸੀ ਉਨ੍ਹਾਂ ਮਹਾਨ ਸੇਵਾ।
ਪੂਰਨ ਪੁਰਖ ਸਮਦ੍ਰਿਸ਼ਟੀ ਦੇ ਸਨ ਮਾਲਕ, ਮਿਲਿਆ ਉਨ੍ਹਾਂ ਨੂੰ ਰੱਬੀ ਵਰਦਾਨ ਸੇਵਾ।
ਸਾਰੀ ਉਮਰ ਹੀ ਸੇਵਾ ਵਿਚ ਲਾ ਦਿੱਤੀ, ਗੁਰੂ ਦਰ ਤੇ ਹੋਈ ਪਰਵਾਨ ਸੇਵਾ।
ਬਿਨਾ ਵਿਤਕਰੇ ‘ਜਾਚਕ’ ਸੀ ਜੋ ਕੀਤੀ, ਯਾਦ ਕਰਦਾ ਓਹ ਅੱਜ ਜਹਾਨ ਸੇਵਾ।