Home » ਗੁਰਸਿੱਖਾਂ ਸੰਬੰਧੀ ਕਵਿਤਾਵਾਂ » ਬਾਬਾ ਬੁੱਢਾ ਜੀ ਸੰਬੰਧੀ ਕਵਿਤਾਵਾਂ

ਬਾਬਾ ਬੁੱਢਾ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems Baba Buddha

ਬਾਬਾ ਬੁੱਢਾ ਜੀ ਸੰਬੰਧੀ ਕਵਿਤਾਵਾਂ

ਬਾਬਾ ਬੁੱਢਾ ਜੀ

ਧੁਰ ਦਰਗਾਹ ਤੋਂ ਸਨ ਵਰੋਸਾਏ ਹੋਏ, ਹੈਸਨ ਸ਼ੁਰੂ ਤੋਂ ਹੀ ਹੋਣਹਾਰ ਉਹ ਤਾਂ।

ਛੇ ਗੁਰੂਆਂ ਦੀ ਸੰਗਤ ਦੇ ਵਿੱਚ ਰਹਿ ਕੇ, ਨਾਮ ਬਾਣੀ ਨਾਲ ਹੋਏ ਸਰਸ਼ਾਰ ਉਹ ਤਾਂ।

ਗੁਰੂ ਘਰ ਦੀ ਸੇਵਾ ਸਨ ਰਹੇ ਕਰਦੇ, ਅੰਤਮ ਦਮ ਤੀਕਰ ਲਗਾਤਾਰ ਉਹ ਤਾਂ।

ਯਾਦ ਰਹਿਣੇ ਨੇ ਸਦਾ ਇਤਿਹਾਸ ਅੰਦਰ, ਸਿੱਖ ਜਗਤ ਦੇ ਰੋਸ਼ਨ ਮੀਨਾਰ ਉਹ ਤਾਂ।

 

ਗੁਰੂ ਨਾਨਕ ਦੇ ਚਰਨਾਂ ’ਚ ਜਦੋਂ ਆਏ, ਓਨ੍ਹਾਂ ਦੁਖਾਂ ਤੋਂ ਖਹਿੜਾ ਛੁੜਾ ਦਿੱਤਾ।

ਸੇਵਾ ਕਰਨੀ ਏ ਬੱਚਿਆ, ਉਮਰ ਸਾਰੀ, ਗੁਰਾਂ ਨਾਲ ਇਸ਼ਾਰੇ ਸਮਝਾ ਦਿੱਤਾ।

ਕਿਰਤ ਕਰਨੀ ਤੇ ਨਾਲ ਹੈ ਨਾਮ ਜਪਣਾ, ਸੇਵਾ ਸਿਮਰਨ ਦਾ ਪੱਲਾ ਫੜਾ ਦਿੱਤਾ।

‘ਬਾਲ ਬੁਧ’ ਨੂੰ ਬਖਸ਼ ‘ਬਿਬੇਕ ਬੁਧੀ’, ਗੁਰਾਂ ‘ਬਾਲਕ’ ਨੂੰ ਬੁੱਢਾ ਬਣਾ ਦਿੱਤਾ।

 

ਗੁਰੂ ਨਾਨਕ ਤੋਂ ਵਿਛੜ ਕੇ ਗੁਰੂ ਅੰਗਦ, ਬ੍ਰਿਹੋਂ ਵਿੱਚ ਹੋਏ ਵੈਰਾਗਵਾਨ ਸਤਿਗੁਰ।

ਆ ਕੇ ਵਿੱਚ ਖਡੂਰ ਦੇ ਛਿੱਪ ਬੈਠੇ, ਘਟ ਘਟ ਦੀਆਂ ਜਾਣਨਹਾਰ ਸਤਿਗੁਰ।

ਕਮਰੇ ਵਿੱਚ ਸਮਾਧੀ ਲਗਾ ਕੇ ਤੇ, ਹੋ ਗਏ ਸਨ ਅੰਤਰ ਧਿਆਨ ਸਤਿਗੁਰ।

ਬਾਬੇ ਬੁੱਢੇ ਨੇ ਢਾਹ ਕੇ ਕੰਧ ਤਾਈਂ, ਪਰਗਟ ਕੀਤੇ ਸਨ ਵਿੱਚ ਜਹਾਨ ਸਤਿਗੁਰ।

 

ਏਸੇ ਤਰ੍ਹਾਂ ਹੀ ਤੀਸਰੇ ਪਾਤਸ਼ਾਹ ਜਦ, ਛਿਪ ਕੇ ਬੈਠ ਗਏ ਸੀ ਗੋਇੰਦਵਾਲ ਅੰਦਰ।

ਬਾਹਰ ਲਿਖ ਕੇ ਉਨ੍ਹਾਂ ਲਗਾ ਦਿੱਤਾ, ਬੂਹਾ ਖੋਲੋ ਨਾ ਕਿਸੇ ਵੀ ਹਾਲ ਅੰਦਰ।

ਇਹਦਾ ਕਿਸ ਤਰ੍ਹਾਂ ਕੋਈ ਹੁਣ ਹੱਲ ਨਿਕਲੂ, ਹਰ ਸਿੱਖ ਦੇ ਉਠੇ ਸੁਆਲ ਅੰਦਰ।

ਬਾਬਾ ਬੁੱਢਾ ਜੀ ਕੰਧ ਨੂੰ ਸੰਨ੍ਹ ਲਾ ਕੇ, ਦਾਖਲ ਹੋ ਗਏ ਸੰਗਤਾਂ ਨਾਲ ਅੰਦਰ।

 

ਛੇਆਂ ਗੁਰੂਆਂ ਦੇ ਸਨਮੁੱਖ ਰਹਿ ਕੇ ਤੇ, ਬਾਬੇ ਬੁੱਢੇ ਨੇ ਕੀਤੀ ਮਹਾਨ ਸੇਵਾ।

ਬਹਿ ਕੇ ਵਿੱਚ ਪ੍ਰਕਰਮਾ ਦੇ ਬੇਰ ਹੇਠਾਂ, ਕੀਤੀ ਸਮਝ ਕੇ ਜਿੰਦ ਤੇ ਜਾਨ ਸੇਵਾ।

ਖਿੜੇ ਮੱਥੇ ਸੀ ਟੋਕਰੀ ਢੋਈ ਸਿਰ ਤੇ, ਉਨ੍ਹਾਂ ਸਮਝੀ ਨਾ ਕਦੇ ਅਪਮਾਨ ਸੇਵਾ।

ਅੱਜ ਸਾਰਾ ਸੰਸਾਰ ਹੀ ਤੱਕ ਰਿਹੈ, ਗੁਰੂ ਦਰ ਤੇ ਹੋਈ ਪਰਵਾਨ ਸੇਵਾ।

 

ਬਾਬਾ ਬੁੱਢਾ ਜੀ ਸੀਸ ਤੇ ਬੀੜ ਰੱਖ ਕੇ, ਨੰਗੇ ਪੈਰੀਂ ਹਰੀਮੰਦਰ ਵੱਲ ਚਲ ਰਹੇ ਸੀ।

ਅੱਗੇ ਅੱਗੇਗੁਰਦਾਸ ਜੀ ਪਕੜ ਗੜਵਾ, ਛਿੜਕ ਜ਼ਮੀਨ ਉਤੇ ਪਾਵਨ ਜਲ ਰਹੇ ਸੀ।

ਆਪਣੀ ਪੱਗ ਦੇ ਪੱਲੂ ਨਾਲ ਭਾਈ ਬੰਨੋਂ, ਕਰ ਸਾਫ ਰਸਤਾ ਪਲੋ ਪਲ ਰਹੇ ਸੀ।

ਸੰਗਤਾਂ ਸ਼ਬਦ ਗੁਰਬਾਣੀ ਦੇ ਪੜ੍ਹੀ ਜਾਵਣ, ਪੰਚਮ ਪਾਤਸ਼ਾਹ ਜੀ ਚੌਰ ਝੱਲ ਰਹੇ ਸੀ।

 

ਹਰਮੰਦਰ ਸਾਹਿਬ ਲਿਜਾ ਕੇ ਬੀੜ ਸਾਹਿਬ,ਪਾਵਨ ਪ੍ਰਕਾਸ਼ ਕਰਵਾਇਆ ਸੀ ਗੁਰੂ ਅਰਜਨ।

ਪੋਥੀ ਸਾਹਿਬ ਸਜਾ ਕੇ ਤਖਤ ਉਤੇ, ਥੱਲੇ ਆਸਨ ਲਗਾਇਆ ਸੀ ਗੁਰੂ ਅਰਜਨ।

ਮੇਰੇ ਤਨ ਤੋਂ ਵੱਧ ਸਤਿਕਾਰ ਕਰਿਓ, ਸੰਗਤਾਂ ਤਾਈਂ ਸਮਝਾਇਆ ਸੀ ਗੁਰੂ ਅਰਜਨ।

ਬਾਬਾ ਬੁਢਾ ਜੀ ਤਾਈਂ ਸਨਮਾਨ ਦੇ ਕੇ, ਪਹਿਲੇ ਗ੍ਰੰਥੀ ਬਣਾਇਆ ਸੀ ਗੁਰੂ ਅਰਜਨ।

 

ਮਾਤਾ ਗੰਗਾ ਦੀ ਸੇਵਾ ਤੋਂ ਖੁਸ਼ ਹੋ ਕੇ, ਬ੍ਰਹਮ ਗਿਆਨੀ ਸੀ ਬੜਾ ਦਇਆਲ ਹੋਇਆ।

ਆ ਕੇ ਵਜਦ ਵਿੱਚ ਓਸ ਨੇ ਕਿਹਾ ਮਾਤਾ, ਤੇਰੀ ਸੇਵਾ ਤੋਂ ਸੇਵਕ ਨਿਹਾਲ ਹੋਇਆ।

ਜਿੱਦਾਂ ਗੰਢੇ ਦਾ ਸਿਰ ਮੈਂ ਭੰਨਿਆ ਏ, ਸਿਰ ਦੁਸ਼ਟਾਂ ਦੇ ਭੰਨੂ ਜੋ ਬਾਲ ਹੋਇਆ।

ਬਾਬਾ ਬੁੱਢਾ ਜੀ ਦੇ ਪਾਵਨ ਵਰ ਸਦਕਾ, ਪੰਚਮ ਪਿਤਾ ਦੇ ਘਰ ਸੀ ਲਾਲ ਹੋਇਆ।

 

ਹੋ ਜਾਂਦੇ ਸੀ ਜੇਸ ਤੇ ਖੁਸ਼ ਬਾਬੇ, ਓਹਦੇ ਵਿਗੜੇ ਸਭ ਕਾਰਜ ਸੀ ਰਾਸ ਹੁੰਦੇ।

ਕੋਲ ਓਨ੍ਹਾਂ ਦੇ ਆਉਂਦੇ ਸੀ ਆਸ ਲੈ ਕੇ, ਜਿਹੜੇ ਦੁਨੀਆਂ ’ਚ ਬੜੇ ਨਿਰਾਸ ਹੁੰਦੇ।

ਜਿਹੜੇ ਸ਼ਰਨ ਆਉਂਦੇ, ਓਹਦੀ ਲਾਜ ਰੱਖਦੇ, ਓਹਦੇ ਦੁਖ ਕਲੇਸ ਸਭ ਨਾਸ ਹੁੰਦੇ।

ਮਹਾਂਪੁਰਖਾਂ ਦੇ ਬਚਨ ਅਟੱਲ ਰਹਿੰਦੇ, ਇਹ ਕੋਈ ਆਮ ਨਹੀਂ, ਇਹ ਤੇ ਖਾਸ ਹੁੰਦੇ।

 

ਪੰਚਮ ਪਿਤਾ ਸਨ ਜਦੋਂ ਸ਼ਹੀਦ ਹੋਏ, ਹੱਥੀਂ ਤਿਲਕ ਗੁਰ ਛੇਵੇਂ ਨੂੰ ਲਾਉਣ ਲੱਗੇ।

ਸਮਾਂ ਬੜਾ ਹੀ ਬਿਖੜਾ ਹੈ ਆ ਚੁੱਕਾ, ਆਪਣੇ ਮੁੱਖ ’ਚੋਂ ਏਦਾਂ ਫੁਰਮਾਉਣ ਲੱਗੇ।

ਮੀਰੀ ਪੀਰੀ ਤਲਵਾਰਾਂ ਪਹਨਾ ਕੇ ਤੇ, ਜੋਸ਼ ਜਜਬੇ ਨੂੰ ਟੁੰਬ ਜਗਾਉਣ ਲੱਗੇ।

ਸੇਲੀ ਟੋਪੀ ਦੀ ਥਾਂ ਤੇ ਨਾਲ ਕਲਗੀ, ਸੀਸ ਉਤੇ ਦਸਤਾਰ ਸਜਾਉਣ ਲੱਗੇ।

 

ਇਕ ਸੌ ਪੱਚੀਆਂ ਸਾਲਾਂ ਦੀ ਉਮਰ ਜੀ ਜਦ, ਅੰਤਮ ਸਮਾਂ ਗਿਆ ਸੀ ਆ ਆਖਰ।

ਬਾਬਾ ਬੁੱਢਾ ਜੀ ਪਾਤਸ਼ਾਹ ਯਾਦ ਕਰਦੇ, ‘ਭਾਈ ਭਾਨੇ’ ਨੇ ਦੱਸਿਆ ਜਾ ਆਖਰ।

ਛੇਵੇਂ ਸਤਿਗੁਰੂ ਮੰਜ਼ਲਾਂ ਮਾਰ ਕੇ ਤੇ, ਸਿਦਕੀ ਸੇਵਕ ਦੇ ਪਾਸ ਗਏ ਆ ਆਖਰ।

ਦਰਸ਼ਨ ਕਰਕੇ ਸੇਵਕ ਨਿਹਾਲ ਹੋਇਆ, ਗੋਦੀ ਵਿੱਚ ਹੀ ਗਿਆ ਸਮਾ ਆਖਰ।