ਭਗਤ ਨਾਮਦੇਵ ਜੀ ਸੰਬੰਧੀ ਕਵਿਤਾਵਾਂ
ਭਗਤ ਨਾਮਦੇਵ ਜੀ
ਜਾਤਾਂ ਪਾਤਾਂ ਦਾ ਜਦੋਂ ਸੀ ਬੋਲਬਾਲਾ, ਭਗਤੀ ਲਹਿਰ ਦਾ ਓਦੋਂ ਵਿਕਾਸ ਹੋਇਆ।
ਨਰਸੀ ਬਾਮਣੀ ਪਿੰਡ ਮਹਾਂਰਾਸ਼ਟਰਾ ’ਚ, ਹੀਰਾ ਲਾਲ ਅਮੋਲਕ ਇਕ ਖਾਸ ਹੋਇਆ।
ਸੂਰਜ ਗਿਆਨ ਦਾ ਚੜਿਆ ਅਕਾਸ਼ ਤੇ ਜਦ, ਨਾਮਦੇਵ ਦਾ ਪਾਵਨ ਪਕਾਸ਼ ਹੋਇਆ।
ਸਾਰੀ ਉਮਰ ਹੀ ਪਏ ਇਮਤਿਹਾਨ ਭਾਵੇਂ, ਹਰ ਇਕ ਦੇ ਅੰਦਰ ਉਹ ਪਾਸ ਹੋਇਆ।
ਡੂੰਘੀ ਸੋਚ ’ਚ ਰਹਿੰਦਾ ਗੁਆਚਿਆ ਸੀ, ਮਸਤੀ ਅਤੇ ਉਦਾਸੀ ਵਿਚਕਾਰ ਬਾਲਕ।
ਆਉਣ ਜਾਣ ਵਾਲੇ ਸੰਤਾਂ ਸਾਧੂਆਂ ਦੇ, ਖੁਲ੍ਹੇ ਕਰਦਾ ਸੀ ਦਰਸ਼ਨ ਦਿਦਾਰ ਬਾਲਕ।
ਛੋਟੀ ਉਮਰ ’ਚ ਸੁਰਤ ਸੀ ਬਹੁਤ ਉੱਚੀ, ਮਿੱਠ ਬੋਲੜਾ ਸੀ ਹੋਣਹਾਰ ਬਾਲਕ।
ਆਪਣੇ ਹਾਣੀਆਂ ਤੋਂ ਬਿਲਕੁਲ ਵੱਖਰਾ ਸੀ, ਸਚਮੁੱਚ ਸੀ ਇਹ ਤਾਂ ਅਲੋਕਾਰ ਬਾਲਕ।
ਜ਼ਾਲਮ ਬਾਦਸ਼ਾਹ ਤੁਗਲਕ ਦੇ ਸਾਹਮਣੇ ਵੀ, ਆਪਣੇ ਪੱਖ ਨੂੰ ਕੀਤਾ ਸੀ ਪੇਸ਼ ਓਨ੍ਹਾਂ।
ਦੁਖ ਸਹੇ ਸਨ ਕੋਮਲ ਸਰੀਰ ਉਤੇ ਪਰ, ਲੱਗਣ ਦਿਤੀ ਨਾ ਭਗਤੀ ਨੂੰ ਠੇਸ ਓਨ੍ਹਾਂ।
ਮਿੱਠਾ ਪ੍ਰਭੂ ਦੇ ਭਾਣੇ ਨੂੰ ਮੰਨ ਕੇ ਤੇ, ਦਿੱਤਾ ਦੁਨੀਆਂ ਨੂੰ ਅਮਰ ਸੰਦੇਸ਼ ਓਨ੍ਹਾਂ।
ਸਾਚਿ ਸੀਲ ਚਾਲਹੁ ਸੁਲਤਾਨ ਵਾਲਾ, ਬਾਦਸ਼ਾਹ ਨੂੰ ਦਿੱਤਾ ਉਪਦੇਸ਼ ਓਨ੍ਹਾਂ।
ਉਨ੍ਹਾਂ ਕਿਹਾ ਕਿ ਰੱਬੀ ਦਰਗਾਹ ਅੰਦਰ, ਨਾ ਹਿੰਦੂ ਤੇ ਨਾ ਮੁਸਲਮਾਨ ਉੱਚਾ।
ਆਪਣੇ ਲੋਕਾਂ ਤੇ ਕਰਦਾ ਏ ਜ਼ੁਲਮ ਜਿਹੜਾ, ਉਹ ਨਹੀਂ ਹੋ ਸਕਦਾ ਹੁਕਮਰਾਨ ਉੱਚਾ।
ਚੰਗੇ ਕੰਮ ਜੋ ਕਰਦਾ ਏ ਵਿੱਚ ਦੁਨੀਆਂ, ਅਸਲ ਵਿੱਚ ਉਹ ਹੁੰਦੈ ਇਨਸਾਨ ਉੱਚਾ।
ਹਰ ਇੱਕ ’ਚ ਰੱਬ ਨੂੰ ਤੱਕਦਾ ਜੋ, ਓਹ ਹੀ ਗਿਆਨੀ ਹੈ ਜਿਹਨੂੰ ਇਹ ਗਿਆਨ ਉੱਚਾ।
ਨਿਕਲੇ ਦੁਨੀਆਂ ਦੇ ਦੁੱਖ ਘਟਾਉਣ ਖਾਤਰ, ਭਾਰਤ ਭਰ ’ਚ ਓਨ੍ਹਾਂ ਪ੍ਰਚਾਰ ਕੀਤਾ।
ਚਾਨਣ ਗਿਆਨ ਦਾ ਵੰਡ ਕੇ ਚੋਂਹ ਕੁੰਟੀਂ, ਦੂਈ ਦਵੈਤ ਦਾ ਦੂਰ ਅੰਧਕਾਰ ਕੀਤਾ।
ਜਿਥੇ ਜਿਥੇ ਵੀ ਭਗਤ ਜੀ ਗਏ ਹੈਸਨ, ਅੱਗੋਂ ਲੋਕਾਂ ਨੇ ਪੂਰਨ ਸਤਿਕਾਰ ਕੀਤਾ।
ਲੜ ਲਾ ਕੇ ਇਕ ਪ੍ਰਮਾਤਮਾ ਦੇ, ‘ਜਾਚਕ’ ਜੱਗ ਤੇ ਪਰਉਪਕਾਰ ਕੀਤਾ।