ਭਗਤ ਕਬੀਰ ਜੀ ਸੰਬੰਧੀ ਕਵਿਤਾਵਾਂ
ਭਗਤ ਕਬੀਰ ਜੀ
ਜਾਤਾਂ ਪਾਤਾਂ ਦੇ ਵੰਡ ਤੇ ਵਿਤਕਰੇ ਜੋ, ਮੰਨੂ ਸਿਮਰਤੀ ਦੀ ਪੈਦਾਵਾਰ ਸੀ ਇਹ।
ਮਾਨਵ ਮੱਥੇ ਜੋ ਸਦੀਆਂ ਤੋਂ ਹੈ ਲੱਗਾ, ਉਸ ਕਲੰਕ ਦੇ ਲਈ ਜਿੰਮੇਵਾਰ ਸੀ ਇਹ।
ਟੋਟੇ ਟੋਟੇ ਜਿਸ ਕੀਤਾ ਸਮਾਜ ਤਾਈਂ, ਤਿੱਖਾ ਤੇਜ ਤੇ ਮਾਰੂ ਹਥਿਆਰ ਸੀ ਇਹ ।
ਫੈਲੀ ਘਿਰਣਾ ਤੇ ਨਫ਼ਰਤ ਸੀ ਹਰ ਪਾਸੇ, ਮਾਨਵ ਜਾਤ ਲਈ ਵੱਡੀ ਵੰਗਾਰ ਸੀ ਇਹ।
ਇਕੋ ਪ੍ਰਭੂ ਦੇ ਜਾਏ ਹੋਏ ਬੰਦਿਆਂ ਨੂੰ, ਸ਼ੂਦਰ ਕਹਿ ਸਮਾਜ ’ਚੋਂ ਕੱਟ ਦਿੰਦੇ।
ਜੇ ਕੋਈ ਭੁੱਲ ਕੇ ਰੱਬ ਦਾ ਨਾਂ ਸੁਣ ਲਏ, ਸਿੱਕਾ ਢਾਲ ਕੇ ਕੰਨਾਂ ’ਚ ਝੱਟ ਦਿੰਦੇ।
ਪੈ ਜਾਏ ਪ੍ਰਛਾਵਾਂ ਜਾਂ ਨਾਲ ਲੱਗ ਜਾਏ, ਕੱਢ ਓਸਦੇ ਸਦਾ ਲਈ ਵੱਟ ਦਿੱਦੇ।
ਮੁੱਖੋਂ ਜਪੇ ਜੇ ਕੋਈ ਪ੍ਰਮਾਤਮਾਂ ਨੂੰ, ਜੀਭ ਓਸਦੀ ਸਦਾ ਲਈ ਕੱਟ ਦਿੰਦੇ।
ਏਹੋ ਜਹੇ ਹਾਲਾਤਾਂ ਦੇ ਵਿੱਚ ਏਥੇ, ਭਗਤੀ ਲਹਿਰ ਦਾ ਸੀ ਵਿਕਾਸ ਹੋਇਆ।
ਭਗਤ ਕਬੀਰ ਜਹੇ ਰੱਬ ਦੇ ਬੰਦਿਆਂ ਨੂੰ, ਏਸ ਨਫਰਤ ਦਾ ਸੀ ਅਹਿਸਾਸ ਹੋਇਆ।
ਏਸ ਲਾਹਨਤ ਨੂੰ ਦੂਰ ਕਰਨ ਦੇ ਲਈ, ਜਜ਼ਬਾ ਓਨ੍ਹਾਂ ਅੰਦਰ ਪ੍ਰਗਟ ਖਾਸ ਹੋਇਆ।
ਭਾਵੇਂ ਲੱਖਾਂ ਹੀ ਆਏ ਇਮਤਿਹਾਨ ਸਾਹਵੇਂ, ਭਗਤ ਕਬੀਰ ਸੀ ਸਭ ’ਚੋਂ ਪਾਸ ਹੋਇਆ।
ਭਗਤ ਕਬੀਰ ਜੀ ਨੇ ਹਰ ਥਾਂ ਦੱਸਿਆ ਸੀ, ਇਕੋ ਜਹੇ ਹਾਂ ਅਸੀ ਇਨਸਾਨ ਸਾਰੇ।
ਕੋਈ ਸ਼ੂਦਰ ਜਾਂ ਬਰ੍ਹਾਮਣ ਨਹੀਂ ਜੱਗ ਅੰਦਰ, ਇਕੋ ਪ੍ਰਭੂ ਦੀ ਹਾਂ ਸੰਤਾਨ ਸਾਰੇ।
ਜਾਤ ਪਾਤ ਕੋਈ ਨਹੀਂ, ਊਚ ਨੀਚ ਕੋਈ ਨਹੀਂ, ਇਕ ਦੂਜੇ ਦੀ ਜਿੰਦ ਤੇ ਜਾਨ ਸਾਰੇ।
ਸਭ ਦੇ ਅੰਦਰ ਹੈ ਜੋਤ ਪ੍ਰਮਾਤਮਾਂ ਦੀ, ਮੰਨਦੇ ਇਕੋ ਹੀ ਅੱਲਾ, ਭਗਵਾਨ ਸਾਰੇ।
ਭਗਤ ਕਬੀਰ ਜੀ ਮੁਖੋਂ ਜੋ ਉਚਰੀ ਸੀ, ਧੁਰੋਂ ਭੇਜੀ ਸੀ ਆਪ ਨਿਰੰਕਾਰ ਬਾਣੀ ।
ਸੜਦੇ ਤਪਦੇ ਦੇ ਦੁਖਦੇ ਹਿਰਦਿਆਂ ਨੂੰ, ਪਲਾਂ ਵਿੱਚ ਕਰਦੀ ਠੰਢਾ ਠਾਰ ਬਾਣੀ।
ਪੰਚਮ ਪਾਤਸ਼ਾਹ ਗੁਰੂ ਗਰੰਥ ਅੰਦਰ, ਦਰਜ ਕੀਤੀ ਸੀ, ਅੰਮ੍ਰਿਤਧਾਰ ਬਾਣੀ।
ਸ਼ਬਦਾਂ ਅਤੇ ਸਲੋਕਾਂ ਦੇ ਰੂਪ ਅੰਦਰ, ਮਹਿਕਾਂ ਵੰਡ ਰਹੀ ਵਿੱਚ ਸੰਸਾਰ ਬਾਣੀ।
ਭਗਤਾਂ ਵਿੱਚੋਂ ਸ਼ਰੋਮਣੀ ਭਗਤ ਸੀ ਉਹ, ਸੁਰਤੀ ਸਦਾ ਹੀ ਰਹੀ ਨਿਰੰਕਾਰ ਅੰਦਰ।
ਭਗਤ ਜੀ ਨੇ ਸਾਨੂੰ ਜੋ ਸੇਧ ਦਿੱਤੀ, ਚਲਦੀ ਓਸ ਦੀ ਰਹੇ ਵਿਚਾਰ ਅੰਦਰ।
ਸਮੇਂ ਸਮੇਂ ਤੇ ਓਨ੍ਹਾਂ ਨੂੰ ਯਾਦ ਕਰੀਏ ਪੂਰੀ ਸ਼ਰਧਾ ਨਾਲ ਸਾਰੇ ਸੰਸਾਰ ਅੰਦਰ।
ਸਭ ਨਾਲ ਇਕੋ ਜਿਹਾ ਹੋਏ ਵਰਤਾਵ ‘ਜਾਚਕ’, ਇਕੋ ਪ੍ਰਭੂ ਹੈ ਹਰ ਨਰ-ਨਾਰ ਅੰਦਰ।