Home » ਸਿੱਖ ਜਰਨੈਲ ਸੰਬੰਧੀ ਕਵਿਤਾਵਾਂ » ਨਵਾਬ ਕਪੂਰ ਸਿੰਘ ਜੀ ਸੰਬੰਧੀ ਕਵਿਤਾਵਾਂ

ਨਵਾਬ ਕਪੂਰ ਸਿੰਘ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poems on Nawab Kapoor Singh

ਨਵਾਬ ਕਪੂਰ ਸਿੰਘ ਜੀ ਸੰਬੰਧੀ ਕਵਿਤਾਵਾਂ

ਨਵਾਬ ਕਪੂਰ ਸਿੰਘ ਜੀ

ਸੰਤ ਸਿਪਾਹੀ ਨਵਾਬ ਕਪੂਰ ਸਿੰਘ ਜੀ, ਸਿੱਖ ਕੌਮ ਦੇ ਬਾਂਕੇ ਬਲਕਾਰ ਹੈਸਨ।

ਭਾਈ ਮਨੀ ਸਿੰਘ ਜੀ ਤੋਂ ਅੰਮ੍ਰਿਤ ਪਾਨ ਕਰਕੇ, ਹੋ ਗਏ ਓਹ ਤਿਆਰ ਬਰ ਤਿਆਰ ਹੈਸਨ।

ਮਿਲਿਆ ਸੇਵਾ ਦਾ ਜਿਹਨਾਂ ਨੂੰ ਸੀ ਮੇਵਾ, ਗੁਰੂ ਪੰਥ ਦੇ ਓਹ ਸੇਵਾਦਾਰ ਹੈਸਨ।

ਹਰ ਮੈਦਾਨ ਵਿੱਚ ਫਤਹਿ ਹੀ ਪਾਉਣ ਵਾਲੇ, ਸੂਰਬੀਰ ਓਹ ਸਿਪਾਹ ਸਲਾਰ ਹੈਸਨ।

 

ਸਾਧੂ ਸਿੰਘ ਦੇ ਘਰ ਸੀ ਜਨਮ ਹੋਇਆ, ਮਿਲੀ ਵਿਰਸੇ ਦੇ ਵਿੱਚ ਵਰਦਾਨ ਸੇਵਾ।

ਖਿੜੇ ਮੱਥੇ ਹੀ ਸੇਵਾ ਓਹ ਰਹੇ ਕਰਦੇ, ਓਹਨਾਂ ਸਮਝੀ ਨਾ ਕਦੇ ਅਪਮਾਨ ਸੇਵਾ।

ਦੁਸ਼ਮਣ ਦਲਾਂ ਨਾਲ ਜੂਝਦੇ ਹੋਏ ਰਣ ਵਿੱਚ, ਕਰਦੇ ਰਹੇ ਸਨ ਜੰਗ ਦਰਮਿਆਨ ਸੇਵਾ।

ਕੀਤੀ ਜੋ ਸੀ ਓਨ੍ਹਾਂ ਨਵਾਬ ਬਣ ਕੇ, ਹੋਈ ਧੁਰ ਦਰਗਾਹੇ ਪਰਵਾਨ ਸੇਵਾ।

 

ਸਤਾਰਾਂ ਸੌ ਤੇਤੀ ਵਿਸਾਖੀ ਦੇ ਦਿਨ, ਅਕਾਲ ਤਖਤ ਤੇ ਸਜਿਆ ਦੀਵਾਨ ਏਥੇ।

ਦੂਰੋਂ ਨੇੜਿਓ ਵਹੀਰਾਂ ਘੱਤ ਘੱਤ ਕੇ, ਸਿੰਘ ਸੂਰਮੇ ਪਹੁੰਚੇ ਸੀ ਆਨ ਏਥੇ।

ਕਿਹਾ ਮੁੱਖੋਂ ਦਰਬਾਰਾ ਸਿੰਘ ਮੁਖੀ ਜੀ ਨੇ, ਸੁਣੋ ਗੱਲ ਹੁਣ ਨਾਲ ਧਿਆਨ ਏਥੇ।

ਅਸਾਂ ਮੰਗੀ ਨਵਾਬੀ ਨਹੀਂ ਕਿਸੇ ਕੋਲੋਂ, ਆਪ ਭੇਜੀ ਏ ਸ਼ਾਹੀ ਸੁਲਤਾਨ ਏਥੇ।

 

ਸਿੰਘਾਂ ਨਾਲ ਓਹ ਚਾਹੁੰਦਾ ਏ ਸੁਲਾਹ ਕਰਨਾ, ਕਰ ਰਿਹਾ ਸਾਡੇ ਤੇ ਨਹੀਂ ਅਹਿਸਾਨ ਏਥੇ।

ਖੁਦ ਸ਼ੁਬੇਗ ਸਿੰਘ ਪਟਾ ਜਗੀਰ ਲੈ ਕੇ, ਹਾਜ਼ਰ ਹੋਇਆ ਏ ਵਿੱਚ ਦੀਵਾਨ ਏਥੇ।

ਪੰਥ ਖਾਲਸੇ ਨੇ ਆਪਣੀ ਮੋਹਰ ਲਾ ਕੇ, ਕਰ ਲਈ ਏ ਅੱਜ ਪਰਵਾਨ ਏਥੇ।

ਸਾਰੇ ਮੁਖੀਆਂ ’ਚੋਂ ਇਸ ਨੂੰ ਲੈਣ ਦੇ ਲਈ, ਕੋਈ ਇੱਕ ਵੀ ਨਹੀਂ ਚਾਹਵਾਨ ਏਥੇ।

 

ਥੋਡੀ ਅਣਖ ਤੇ ਬੀਰਤਾ ਤੱਕ ਕੇ ਤੇ, ਸੁਲਾਹ ਕਰਨ ਲਈ ਸੂਬਾ ਬੇਤਾਬ ਸਿੰਘੋ।

ਸਰਬ ਸੰਮਤੀ ਨਾਲ ਗੁਰ ਖਾਲਸੇ ਨੇ, ਕਪੂਰ ਸਿੰਘ ਨੂੰ ਚੁਣਿਐ ਨਵਾਬ ਸਿੰਘੋ।

ਲਿੱਦ ਘੋੜਿਆਂ ਦੀ ਸਾਫ਼ ਕਰਨ ਵਾਲੇ, ਸੇਵਾਦਾਰ ਨੂੰ ਦਿੱਤੈ ਖ਼ਿਤਾਬ ਸਿੰਘੋ।

ਸਾਨੂੰ ਮਾਣ ਹੈ ਇਹਦੀ ਬਹਾਦਰੀ ’ਤੇ, ਲੈ ਆਊਗਾ ਇਹ ਇਨਕਲਾਬ ਸਿੰਘੋ।

 

ਸਿੱਖ ਕੌਮ ਦਾ ਆਗੂ ਸਿਰਮੌਰ ਬਣਕੇ, ਮੱਲਾਂ ਮਾਰੀਆਂ ਹਰ ਮੈਦਾਨ ਅੰਦਰ।

ਓਸ ਵੇਲੇ ਸਨ ਸਭ ਸਿਰਲੱਥ ਯੋਧੇ, ਪੰਥਕ ਜਜ਼ਬਾ ਸੀ ਹਰ ਜੁਆਨ ਅੰਦਰ।

ਹਿੰਦੁਸਤਾਨ ਤੇ ਨਾਦਰ ਨੇ ਕਰ ਹਮਲਾ, ਫਤਹਿ ਪਾਈ ਸੀ ਹਰ ਮੈਦਾਨ ਅੰਦਰ।

ਲੁੱਟ ਮਾਰ ਉਸ ਡਾਢੀ ਮਚਾਈ ਏਥੇ, ਆਇਆ ਹੋਇਆ ਸੀ ਬੜੇ ਗੁਮਾਨ ਅੰਦਰ।

 

ਬੰਨ੍ਹ ਬੰਨ੍ਹ ਕੇ ਬਹੂਆਂ ਤੇ ਬੇਟੀਆਂ ਨੂੰ, ਲੈ ਕੇ ਜਾ ਰਿਹਾ ਸੀ ਅਫਗਾਨਿਸਤਾਨ ਅੰਦਰ।

ਕਪੂਰ ਸਿੰਘ ਨਵਾਬ ਦੇ ਨਾਲ ਓਦੋਂ, ਨਿੱਤਰ ਪਏ ਸਨ ਸਿੰਘ ਮੈਦਾਨ ਅੰਦਰ।

ਰੋਹ ਭਰੀਆਂ ਤਲਵਾਰਾਂ ਨੇ ਓਸ ਵੇਲੇ, ਉਸਲਵੱਟੇ ਸਨ ਲਏ ਮਿਆਨ ਅੰਦਰ।

ਸੋਚ ਸਮਝ ਕੇ ਬੜੇ ਧਿਆਨ ਦੇ ਨਾਲ, ਖੇਡਣ ਮੌਤ ਨਾਲ ਲੱਗੇ ਮੈਦਾਨ ਅੰਦਰ।

 

ਅੱਧੀ ਰਾਤ ਨੂੰ ਦੁਸ਼ਮਣ ਤੇ ਕਰ ਹਮਲਾ, ਸੁਤਿਆਂ ਤਾਈਂ ਜਗਾਇਆ ਸੀ ਖਾਲਸੇ ਨੇ।

ਨਾਦਰ ਸ਼ਾਹ ਲੁਟੇਰੇ ਨੂੰ ਲੁੱਟ ਕੇ ਤੇ, ਚੰਗਾ ਸਬਕ ਸਿਖਾਇਆ ਸੀ ਖਾਲਸੇ ਨੇ।

ਜਿਹੜੇ ਆਉਂਦੇ ਸਨ ਏਧਰ ਨੂੰ ਮੂੰਹ ਚੁੱਕੀ, ਓਨ੍ਹਾਂ ਤਾਈਂ ਭਜਾਇਆ ਸੀ ਖਾਲਸੇ ਨੇ।

ਬਹੂ ਬੇਟੀਆਂ ਤਾਈਂ ਛੁੜਵਾ ਕੇ ਤੇ, ਘਰੋ-ਘਰੀ ਪਹੁੰਚਾਇਆ ਸੀ ਖਾਲਸੇ ਨੇ।

 

ਸਤਾਰਾਂ ਸੌ ਤੇਤੀ ਤੋਂ ਲਗਾਤਾਰ ਅੱਗੋਂ, ਪੂਰੇ ਵੀਹ ਸਾਲ ਕੀਤੀ ਅਗਵਾਈ ਓਨ੍ਹਾਂ।

ਏਸ ਬਿਪਤਾ ਤੇ ਕਸ਼ਟਾਂ ਦੇ ਸਮੇਂ ਅੰਦਰ, ਕੀਤੀ ਬਹੁਤ ਵਧੀਆ ਰਹਿਨੁਮਾਈ ਓਨ੍ਹਾਂ।

ਆਹਲੂਵਾਲੀਏ ਨੂੰ ਦਲ ਖਾਲਸੇ ਦੀ, ਵਾਗਡੋਰ ਸੀ ਹੱਥੀਂ ਫੜਾਈ ਓਨ੍ਹਾਂ।

ਸੱਤ ਅਕਤੂਬਰ ਸਤਾਰਾਂ ਸੋ ਤਿਰਵੰਜਾ ਈਸਵੀ ਨੂੰ, ਫਾਨੀ ਦੁਨੀਆਂ ਤੋਂ ਕੀਤੀ ਚੜ੍ਹਾਈ ਓਨ੍ਹਾਂ।