Home » ਸਿੱਖ ਜਰਨੈਲ ਸੰਬੰਧੀ ਕਵਿਤਾਵਾਂ » ਮਹਾਰਾਜਾ ਦਲੀਪ ਸਿੰਘ ਸੰਬੰਧੀ ਕਵਿਤਾਵਾਂ

ਮਹਾਰਾਜਾ ਦਲੀਪ ਸਿੰਘ ਸੰਬੰਧੀ ਕਵਿਤਾਵਾਂ

by Dr. Hari Singh Jachak
Poems on Maharaja Dilip Singh

ਮਹਾਰਾਜਾ ਦਲੀਪ ਸਿੰਘ ਸੰਬੰਧੀ ਕਵਿਤਾਵਾਂ

ਮਹਾਰਾਜਾ ਦਲੀਪ ਸਿੰਘ

ਰਾਣੀ ਜਿੰਦਾਂ ਦੀ ਕੁੱਖ ਨੂੰ ਭਾਗ ਲੱਗਾ, ਸੱਚਾ ਪਾਤਸ਼ਾਹ ਆਪ ਦਇਆਲ ਹੋਇਆ।

ਮਹਿਲ  ਨਾਲ ਵਧਾਈਆਂ ਦੇ ਗੂੰਜ ਉਠਿਆ, ਖੁਸ਼ੀਆਂ ਖੇੜੇ ਤੇ ਸ਼ਾਹੀ ਜਲਾਲ ਹੋਇਆ।

ਚੁੰਮ ਚੁੰਮ ਕੇ ਮੁੱਖੜਾ ਬਾਲਕੇ ਦਾ, ਆਪ ਸ਼ੇਰੇ ਪੰਜਾਬ ਨਿਹਾਲ ਹੋਇਆ।

ਜਿਹੜਾ ਜਿਹੜਾ ਵੀ ਆਇਆ ਸੀ ਆਸ ਕਰਕੇ, ਭਰ ਭਰ ਝੋਲੀਆਂ ਸੀ ਮਾਲੋ ਮਾਲ ਹੋਇਆ।

 

ਲਾਡਾਂ ਚਾਵਾਂ ਦੇ ਨਾਲ ਜੋ ਪਾਲਿਆ ਗਿਆ, ਸਭ ਤੋਂ ਨਿੱਕਾ ਤੂੰ ਨੌਨਿਹਾਲ ਹੈ ਸੈਂ।

ਨਾਮ ਰੱਖਿਆ ਕੰਵਰ ਦਲੀਪ ਤੇਰਾ, ਤੂੰ ਤਾਂ ਸ਼ੇਰੇ ਪੰਜਾਬ ਦਾ ਲਾਲ ਹੈ ਸੈਂ।

 

ਮਹਾਰਾਜੇ ਨੇ ਅੱਖਾਂ ਜਦ ਮੀਟ ਲਈਆਂ, ਸ਼ਾਹੀ ਕਿਲੇ ਦੀ ਹਿੱਲੀ ਦੀਵਾਰ ਓਦੋਂ।

ਖੂਨੀ ਹੋਲੀ ਸੀ ਖੇਡੀ ਗਈ ਹਰ ਪਾਸੇ, ਰੰਗਿਆ ਲਹੂ ’ਚ ਗਿਆ ਪ੍ਰਵਾਰ ਓਦੋਂ।

ਘਰ ਦੇ ਭੇਤੀਆਂ ਘਰ ਬਰਬਾਦ ਕੀਤਾ, ਲੱਥੇ ਸਿਰ ਸਨ ਬੇਸ਼ੁਮਾਰ ਓਦੋਂ।

ਹੋਇਆ ਕਤਲ ਧਿਆਨ ਸਿੰਘ ਡੋਗਰੇ ਦਾ, ਸਭ ਤੋਂ ਵੱਡਾ ਸੀ ਜਿਹੜਾ ਗਦਾਰ ਓਦੋਂ।

 

ਓਹਦੇ ਖੂਨ ਦਾ ਮੱਥੇ ਤੇ ਤਿਲਕ ਲਾ ਕੇ, ਬੈਠਾ ਗੱਦੀ ਤੇ ਜਦੋਂ ਤੂੰ ਬਾਲ ਹੈ ਸੈਂ।

ਬਣ ਗਿਆ ਪੰਜਾਬ ਦਾ ਬਾਦਸ਼ਾਹ ਜੋ, ਤੂੰ ਸ਼ੇਰੇ ਪੰਜਾਬ ਦਾ ਲਾਲ ਹੈ ਸੈਂ।

 

‘ਠਾਰਾਂ ਸੋ ਸੰਤਾਲੀ’ ਦਰਬਾਰ ਅੰਦਰ,’ਕੱਠੇ ਹੋਏ ਲਾਹੌਰ ਸਰਦਾਰ ਸਾਰੇ।

ਮਾਣ ਦੇਣ ਲਈ ਨਮਕ ਹਰਾਮੀਆਂ ਨੂੰ, ਲਾਰੰਸ ਕੀਤੇ ਸਨ ’ਕੱਠੇ ਗਦਾਰ ਸਾਰੇ।

ਤੇਜਾ ਸਿੰਘ ਨੂੰ ਰਾਜਾ ਬਣਾਉਣ ਦੇ ਲਈ, ਆਏ ਗੋਰਿਆਂ ਦੇ ਮਦਦਗਾਰ ਸਾਰੇ।

ਬਾਦਸ਼ਾਹ ਤੋਂ ਤਿਲਕ ਲਵਾਉਣ ਖਾਤਰ, ਕਰ ਰਹੇ ਸੀ ਤੇਰਾ ਇੰਤਜ਼ਾਰ ਸਾਰੇ।

 

ਤੂੰ ਗਦਾਰ ਦੇ ਮੱਥੇ ਨਾ ਤਿਲਕ ਲਾਇਆ, ਮੂੰਹ ਮੋੜਿਆ ਨਫ਼ਰਤ ਦੇ ਨਾਲ ਹੈ ਸੈਂ।

ਤੇਰੀਆਂ ਰਗਾਂ’ਚ ਖੂਨ ਦਸ਼ਮੇਸ਼ ਦਾ ਸੀ, ਤੂੰ ਸ਼ੇਰੇ ਪੰਜਾਬ ਦਾ ਲਾਲ ਹੈ ਸੈਂ।

 

ਜਿੰਦਾਂ ਮਾਂ ਨੂੰ ਤੇਰੇ ਤੋਂ ਵੱਖ ਕਰਕੇ, ਖੁਲ੍ਹ ਕੇ ਤੈਨੂੰ ਨਾ ਜ਼ਾਲਮਾਂ ਰੋਣ ਦਿੱਤਾ।

ਖਿੜ ਰਹੇ ਫੁੱਲ ਨੂੰ ਟਾਹਣੀ ਤੋਂ ਤੋੜ ਕੇ ਤੇ, ਮਹਿਕਾਂ ਵੰਡਣ ਦੀ ਥਾਂ ਮੁਰਝਾਉਣ ਦਿੱਤਾ।

ਰਾਜ ਭਾਗ ਦੇ ਨਾਲ ਕੋਹਿਨੂਰ ਖੋਹ ਕੇ, ਤੈਨੂੰ ਚੈਨ ਦੀ ਨੀਂਦ ਨਾ ਸੋਣ ਦਿੱਤਾ।

ਸਿੱਖ ਧਰਮ ਤੋਂ ਕਰ ਬੇਮੁੱਖ ਓਨ੍ਹਾਂ, ਸਿੱਖੀ ਸਿਦਕ ਨਾ ਤੋੜ ਨਿਭਾਉਣ ਦਿੱਤਾ।

 

ਲੈ ਗਏ ਸੱਤ ਸਮੁੰਦਰੋਂ ਪਾਰ ਤੈਨੂੰ, ਫਸਿਆ ਜਦੋਂ ਤੂੰ ਉਨ੍ਹਾਂ ਦੇ ਜਾਲ ਹੈ ਸੈਂ।

ਧੱਕੇ ਵਿੱਚ ਵਿਦੇਸ਼ਾਂ ਦੇ ਰਿਹਾ ਖਾਂਦਾ, ਭਾਵੇਂ ਸ਼ੇਰੇ ਪੰਜਾਬ ਦਾ ਲਾਲ ਹੈ ਸੈਂ।

 

ਵਿਛੜੀ ਮਾਂ ਨੂੰ ਜਦੋਂ ਸੀ ਤੂੰ ਮਿਲਿਆ, ਧਾਹਾਂ ਮਾਰ ਸੀ ਰੋਈ ਮਜਬੂਰ ਮਾਤਾ।

ਤੇਰੇ ਸਿਰ ਤੇ ਜੂੜਾ ਨਾ ਵੇਖ ਕੇ ਤੇ, ਹੋ ਗਈ ਟੁਟ ਕੇ ਸੀ ਚਕਨਾ ਚੂਰ ਮਾਤਾ।

ਓਦੋਂ ਕਿਹਾ ਤੂੰ ਮਾਂ ਦੇ ਚਰਨ ਫੜ ਕੇ, ਮੇਰਾ ਰਤੀ ਵੀ ਨਹੀਂ ਕਸੂਰ ਮਾਤਾ।

ਪੱਟੀ ਪੁਠੀ ਪੜ੍ਹਾ ਫਰੰਗੀਆਂ ਨੇ, ਕੀਤਾ ਸਿੱਖੀ ਤੋਂ ਮੈਨੂੰ ਸੀ ਦੂਰ ਮਾਤਾ।

 

ਓਦੋਂ ਮਾਂ ਦੇ ਚਰਨਾਂ ’ਚ ਸਿਰ ਰੱਖ ਕੇ, ਰੋ ਰੋ ਹੋਇਆ ਤੂੰ ਹਾਲੋ-ਬਿਹਾਲ ਹੈ ਸੈਂ।

ਅੰਮ੍ਰਿਤ ਛੱਕ ਕੇ ਬਣਿਆ ਫਿਰ ਗੁਰੂ ਵਾਲਾ, ਤੂੰ ਤਾਂ ਸ਼ੇਰੇ ਪੰਜਾਬ ਦਾ ਲਾਲ ਹੈ ਸੈਂ।

 

ਜਿਉਂਦੇ ਜੀਅ ਪੰਜਾਬ ਨਾ ਪਰਤ ਸਕਿਆ, ਟਿਲ ਲਾਇਆ ਸੀ ਬੇਸ਼ੁਮਾਰ ਤੂੰ ਤਾਂ।

ਚਿੰਤਾ ਚਿਖਾ ਬਰਾਬਰ ਹੈ ਕਹਿਣ ਲੋਕੀ, ਹੋਇਆ ਸੋਚਾਂ ਦਾ ਸੀ ਸ਼ਿਕਾਰ ਤੂੰ ਤਾਂ।

ਅੰਤਮ ਸਮੇਂ ਪੰਜਾਬ ਨੂੰ ਯਾਦ ਕਰ ਕਰ, ਹਊਕੇ ਲੈ ਲੈ ਪਿਆ ਬਿਮਾਰ ਤੂੰ ਤਾਂ।

ਆਖਰ ਮੌਤ ਨੂੰ ਤੇਰੇ ਤੇ ਤਰਸ ਆਇਆ, ਤੁਰ ਗਿਆ ਦੁਨੀਆਂ ਤੋਂ ਹੋ ਲਾਚਾਰ ਤੂੰ ਤਾਂ।

 

ਜਿਹੜਾ ਸਮੇਂ ਤੋਂ ਹੱਲ ਨਾ ਹੋ ਸਕਿਆ, ਗੁੰਝਲਦਾਰ ਤੂੰ ਐਸਾ ਸਵਾਲ ਹੈ ਸੈਂ।

ਮਿੱਟੀ ਵਿੱਚ ਜੋ ਰੋਲਿਆ ਗਿਆ ‘ਜਾਚਕ’ ਤੂੰ ਓਹ ਸ਼ੇਰੇ ਪੰਜਾਬ ਦਾ ਲਾਲ ਹੈ ਸੈਂ।