ਬਾਂਕਾ ਬਲਕਾਰ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀ ਸੰਬੰਧੀ ਕਵਿਤਾਵਾਂ
ਬਾਂਕਾ ਬਲਕਾਰ ਯੋਧਾ ਸਰਦਾਰ ਸ਼ਾਮ ਸਿੰਘ ਅਟਾਰੀ
ਅੰਮ੍ਰਿਤਧਾਰੀ ਦਸਮੇਸ਼ ਦਾ ਸ਼ੇਰ ਦੂਲਾ, ਸੰਤ ਸਿਪਾਹੀ ਸੀ ਬੜਾ ਬਲਬੀਰ ਯੋਧਾ।
ਓਹਦੇ ਵੱਲ ਜੋ ਵੇਖਦਾ ਅੱਖ ਕੈਰੀ, ਓਹਨੂੰ ਕਰ ਦੇਂਦਾ ਲੀਰੋ ਲੀਰ ਯੋਧਾ।
ਅੱਗੋਂ ਟੱਪਦਾ ਜਿਹੜਾ ਸੀ ਬਹੁਤ ਜ਼ਿਆਦਾ, ਨਾਲੋ ਨਾਲ ਹੀ ਦੇਂਦਾ ਸੀ ਚੀਰ ਯੋਧਾ।
ਯੋਧੇ ਹੋਏ ਨੇ ਬੜੇ ਸੰਸਾਰ ਅੰਦਰ, ਓਹ ਸੀ ਯੋਧਿਆਂ ’ਚੋਂ ਸੂਰਬੀਰ ਯੋਧਾ।
ਓਹ ਸੀ ਪੁੱਤ ਅਣਖੀਲਾ ਨਿਹਾਲ ਸਿੰਘ ਦਾ, ਜੀਹਨੂੰ ਬਚਪਨ ’ਚ ਲਾਡ ਲਡਾਏ ਉਸ ਨੇ।
ਵਿਰਸੇ ਵਿੱਚ ਹੀ ਮਿਲੀ ਬਹਾਦਰੀ ਸੀ, ਸੂਰਮਗਤੀ ਦੇ ਜੌਹਰ ਵਿਖਾਏ ਉਸ ਨੇ।
ਦਾਅ ਪੇਚ ਲੜ੍ਹਾਈ ਦੇ ਘਰੋਂ ਸਿੱਖੇ, ਜਿਹੜੇ ਜੰਗ ਦੇ ਵਿੱਚ ਅਪਣਾਏ ਉਸ ਨੇ।
ਹਰ ਯੁੱਧ ਦੇ ਵਿੱਚ ਹੀ ਦੁਸ਼ਮਣਾਂ ਨੂੰ, ਚਣੇ ਲੋਹੇ ਦੇ ਚੰਗੇ ਚਬਾਏ ਉਸ ਨੇ।
ਸ਼ਬਦ ਗੁਰੂ ਤੇ ਨਿਸਚਾ ਅਟੱਲ ਹੈਸੀ, ਓਹਦੇ ਉੱਤੇ ਹੀ ਆਸ ਓਹ ਰੱਖਦਾ ਸੀ।
ਰੋਮ ਰੋਮ ਵਿੱਚ ਬਾਣੀ ਦਾ ਵਾਸ ਹੈਸੀ, ਨਾਮ ਬਾਣੀ ਦੀ ਰਾਸ ਓਹ ਰੱਖਦਾ ਸੀ।
ਲਹੂ ਪੀ ਪੀ ਪਿਆਸੀ ਜੋ ਸਦਾ ਰਹਿੰਦੀ, ਤੇਗ ਆਪਣੇ ਪਾਸ ਓਹ ਰੱਖਦਾ ਸੀ।
ਚੜ੍ਹਦੀ ਕਲਾ ’ਚ ਖਾਲਸਾ ਰਹੇ ਹਰਦਮ, ਇਕੋ ਰੀਝ ਇਹ ਖਾਸ ਓਹ ਰੱਖਦਾ ਸੀ।
ਮਹਾਰਾਜੇ ਨੇ ਅੱਖਾਂ ਜਦ ਮੀਟ ਲਈਆਂ, ਅੱਖਾਂ ਮੀਟੀਆਂ ਗਈਆਂ ਪੰਜਾਬ ਦੀਆਂ।
ਜੀਹਦੀ ਸੁਰ ਤੇ ਸਾਰੇ ਹੀ ਝੂਮਦੇ ਸੀ, ਤਾਰਾਂ ਟੁੱਟੀਆਂ ਓਸ ਰਬਾਬ ਦੀਆਂ।
ਸਤਿਲੁਜ ਵਿੱਚ ਹੀ ਖੁਸ਼ੀਆਂ ਸੀ ਵਹਿ ਗਈਆਂ, ਰਾਵੀ, ਜਿਹਲਮ, ਬਿਆਸ, ਚਨਾਬ ਦੀਆਂ।
ਓਹਦੇ ਜਾਣ ਦੇ ਨਾਲ ਹੀ ਖਿੰਡ ਗਈਆਂ, ਖਿੜੀਆਂ ਪੱਤੀਆਂ ਫੁੱਲ ਗੁਲਾਬ ਦੀਆਂ।
ਚਾਪਲੂਸਾਂ ਗਦਾਰਾਂ ਦੀ ਚੜ੍ਹੀ ਗੁੱਡੀ, ਕਰਨ ਲੱਗੇਗਦਾਰੀ ਗਦਾਰ ਹੈਸਨ।
ਸਿੱਖ ਰਾਜ ਤੇ ਕਬਜਾ ਸੀ ਕਰ ਬੈਠੇ, ਜਿਹੜੇ ਗੋਰਿਆਂ ਦੇ ਵਫਾਦਾਰ ਹੈਸਨ।
ਏਸ ਰਾਜ ਦੀਆਂ ਜੜ੍ਹਾਂ ਨੂੰ ਪੁੱਟਣੇ ਲਈ, ਹੋ ਗਏ ਤਿਆਰ ਬਰ ਤਿਆਰ ਹੈਸਨ।
ਉਪਰੋਂ ਉਪਰੋਂ ਓਹ ਸਿੱਖ ਜਰਨੈਲ ਹੈਸਨ, ਅੰਦਰੋ ਅੰਦਰ ਫਰੰਗੀ ਦੇ ਯਾਰ ਹੈਸਨ।
ਫੇਰੂ ਸ਼ਹਿਰ ਦੀ ਭਖੀ ਹੋਈ ਜੰਗ ਅੰਦਰ, ਸਿੰਘ ਸੂਰਮੇ ਰਣ ਵਿਚਕਾਰ ਗਏ ਸੀ।
ਐਸੀ ਸਿੰਘਾਂ ਨੇ ਮਾਰੀ ਸੀ ਮਾਰ ਕੋਈ, ਗੋਰੇ ਭੱਜਣ ਲਈ ਹੋ ਤਿਆਰ ਗਏ ਸੀ।
ਐਨ ਮੌਕੇ ਤੇ ਤੇਜਾ ਅਤੇ ਲਾਲੂ, ਭਖੇ ਰਣ ’ਚੋਂ ਭੱਜ ਗੱਦਾਰ ਗਏ ਸੀ।
ਲੈ ਕੇ ਡੋਗਰਾ ਫੌਜਾਂ ਨੂੰ ਨਾਲ ਆਪਣੇ, ਛੁਰਾ ਸਿੰਘਾਂ ਦੀ ਪਿੱਠ ਵਿੱਚ ਮਾਰ ਗਏ ਸੀ।
ਖਾ ਕੇ ਨਮਕ ਸੀ ਨਮਕ ਹਰਾਮ ਹੋ ਗਏ, ਛੱਡ ਸਿੰਘਾਂ ਨੂੰ ਵਿੱਚ ਮੰਝਧਾਰ ਗਏ ਸੀ।
ਸਿੰਘ ਲੜਦੇ ਰਹੇ ਬੜੀ ਬਹਾਦਰੀ ਨਾਲ, ਜਾਨਾਂ ਵਾਰਦੇ ਵਾਰਦੇ ਵਾਰ ਗਏ ਸੀ।
ਸੋਹਣਾ ਦੇਣ ਪੰਜਾਬ ਬਚਾਉਣ ਖਾਤਰ, ਮੁੱਲ ਸਿਰਾਂ ਨਾਲ ਤਾਰਦੇ ਤਾਰ ਗਏ ਸੀ।
ਗੋਰੇ ਹਾਰਦੇ ਹਾਰਦੇ ਜਿੱਤ ਗਏ ਸੀ, ਸਿੰਘ ਜਿੱਤਦੇ ਜਿੱਤਦੇ ਹਾਰ ਗਏ ਸੀ।
ਰਾਣੀ ਜਿੰਦਾਂ ਤੇ ਪਾਸ ਜਦ ਖ਼ਬਰ ਪਹੁੰਚੀ, ਹੋ ਗਈ ਸੀ ਹਾਲੋ ਬੇਹਾਲ ਓਦੋਂ।
ਓਹਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕੀ, ਮਾਨੋਂ ਆਇਆ ਸੀ ਕੋਈ ਭੁਚਾਲ ਓਦੋਂ।
ਓਹਦੀ ਸੁਰਤ ਅਟਾਰੀ ਦੀ ਜੂਹ ਪਹੁੰਚੀ, ਜਿਥੇ ਬੈਠਾ ਦਸ਼ਮੇਸ਼ ਦਾ ਲਾਲ ਓਦੋਂ।
ਸ਼ਾਮ ਸਿੰਘ ਸਰਦਾਰ ਨੂੰ ਉਸੇ ਵੇਲੇ, ਚਿੱਠੀ ਲਿਖੀ ਉਸ ਖੂਨ ਦੇ ਨਾਲ ਓਦੋਂ।
ਆਪਣੇ ਘਰ ਵਿੱਚ ਬੈਠੈਂ ਤੂੰ ਸ਼ੇਰ ਮਰਦਾ, ਹਾਵੀ ਹੋ ਗਏ ਏਧਰ ਗਦਾਰ ਸਿੰਘਾ।
ਤੇਰੇ ਵਰਗੇ ਜਰਨੈਲਾਂ ਤੋਂ ਬਿਨਾਂ ਤਾਹੀਉਂ, ਸਿੰਘ ਰਹੇ ਫਰੰਗੀ ਤੋਂ ਹਾਰ ਸਿੰਘਾ।
ਇੱਜਤ ਪੱਤ ਹੈ ਮਿੱਟੀ ਵਿੱਚ ਰੁੱਲੀ ਸਾਡੀ, ਮਿਹਨੇ ਮਾਰ ਰਿਹੈ ਸਾਰਾ ਸੰਸਾਰ ਸਿੰਘਾ।
ਛੇਤੀ ਆ, ਕਮਾਨ ਸੰਭਾਲ ਆ ਕੇ, ਸਿੱਖ ਕੌਮ ਦੇ ਬਾਂਕੇ ਬਲਕਾਰ ਸਿੰਘਾ।
ਜਿਉਂਦਾ ਅੱਜ ਜੇ ਸ਼ੇਰੇ ਪੰਜਾਬ ਹੁੰਦਾ, ਬਦਲਾ ਲੈ ਲੈਂਦਾ ਨਾਲੋ ਨਾਲ ਸਿੰਘਾ।
ਓਹਦੀ ਪੱਗ ਨੂੰ ਗੋਰਿਆਂ ਹੱਥ ਪਾਇਐ, ਆ ਕੇ ਏਹਨਾਂ ਨੂੰ ਹੱਥ ਵਿਖਾਲ ਸਿੰਘਾ।
ਚਲਾ ਗਿਆ ਜੇ ਪਾਵਨ ਪੰਜਾਬ ਸਾਡਾ, ਇਜਤ ਪੱਤ ਵੀ ਜਾਊਗੀ ਨਾਲ ਸਿੰਘਾ।
ਗਿਆ ਵਕਤ ਨਹੀਂ ਮੁੜ ਕੇ ਹੱਥ ਆਉਣਾ, ਆ ਕੇ ਵਕਤ ਦੇ ਤਾਈਂ ਸੰਭਾਲ ਸਿੰਘਾ।
ਚਿੱਠੀ ਪੜ੍ਹਦਿਆਂ ਡੌਲੇ ਸੀ ਫਰਕ ਉੱਠੇ, ਉਠਿਆ, ਉੱਠ ਕੇ ਬਹਿ ਨਾ ਸਕਿਆ ਸੀ।
ਹੇਠੀ ਹੋ ਰਹੀ ਖਾਲਸਾ ਪੰਥ ਵਾਲੀ, ਮਰਦ ਸੂਰਮਾਂ ਸਹਿ ਨਾ ਸਕਿਆ ਸੀ।
ਓਸੇ ਵੇਲੇ ਹੀ ਓਹ ਤਿਆਰ ਹੋਇਆ, ਇਕ ਘੜੀ ਵੀ ਰਹਿ ਨਾ ਸਕਿਆ ਸੀ।
ਵਾਪਸ ਆਊਣੈ ਕਿ ਮੈਂ ਹੁਣ ਨਹੀਂ ਆਉਣਾ, ਇਹ ਵੀ ਕਿਸੇ ਨੂੰ ਕਹਿ ਨਾ ਸਕਿਆ ਸੀ।
ਪਹੁੰਚਾ ਜਦੋਂ ਸਭਰਾਵਾਂ ਇਹ ਸ਼ੇਰ ਯੋਧਾ, ਅੱਗੋਂ ਫੌਜਾਂ ਦੇ ਵਲੋਂ ਸਤਿਕਾਰ ਹੋਇਆ।
ਕਿਵੇਂ ਕਰਨੇ ਨੇ ਦੁਸ਼ਮਣ ਦੇ ਦੰਦ ਖੱਟੇ, ਯੁੱਧ ਨੀਤੀ ਦੇ ਉੱਤੇ ਵਿਚਾਰ ਹੋਇਆ।
ਚਿੱਟਾ ਬਾਣਾ ਤੇ ਨਾਲ ਸਜਾ ਸ਼ਸ਼ਤਰ, ਸਿੰਘ ਸੂਰਮਾ ਤਿਆਰ ਬਰ ਤਿਆਰ ਹੋਇਆ।
ਲਾੜੀ ਮੌਤ ਪਰਨਾਉਣ ਤੇ ਲਈ ਲਾੜਾ, ਚੀਨੀ ਘੋੜੀ ਦੇ ਉੱਤੇ ਸਵਾਰ ਹੋਇਆ।
ਕਿਹਾ ਫੌਜ ਨੂੰ ਓਨ੍ਹਾਂ ਲਲਕਾਰ ਕੇ ਤੇ, ਦਸਮ ਪਿਤਾ ਦੇ ਲਾਡਲੇ ਲਾਲ ਸਿੰਘੋ।
ਅੱਜ ਵੜ ਕੇ ਮੌਤ ਦੇ ਮੂੰਹ ਅੰਦਰ, ਗੋਰੇ ਕਰੋ ਹੁਣ ਹਾਲੋਂ ਬੇਹਾਲ ਸਿੰਘੋ।
ਆਪਾਂ ਜੂਝਣਾ ਰਣ ਮੈਦਾਨ ਅੰਦਰ, ਅੱਗ ਅਣਖ ਦੀ ਦਿਲਾਂ ਵਿਚ ਬਾਲ ਸਿੰਘੋ।
ਗੋਰਾ ਰਾਜ ਦੇ ਥੰਮ ਹਿਲਾ ਕੇ ਤੇ, ਕਾਇਮ ਜੱਗ ਵਿੱਚ ਕਰੋ ਮਿਸਾਲ ਸਿੰਘੋ।
ਲਹੂ ਪੀਣ ਲਈ ਪਈ ਸੀ ਜੋ ਕਾਹਲੀ, ਤੇਗ ਕੱਢ ਲਈ ਰਣ ਮੈਦਾਨ ਅੰਦਰ।
ਆਹੂ ਲਾਹ ਸੁੱਟੇ ਓਹਨੇ ਗੋਰਿਆਂ ਦੇ, ਆਇਆ ਜੋਸ਼ ਸੀ ਬਿਰਧ ਜੁਆਨ ਅੰਦਰ।
ਸੱਤ ਗੋਲੀਆਂ ਸੀਨੇ ਵਿੱਚ ਖਾ ਕੇ ਤੇ, ਸ਼ਹੀਦੀ ਪਾ ਗਏ ਰਣ ਮੈਦਾਨ ਅੰਦਰ।
ਹੱਥ ਵਿਚ ਸੀ ਫੜੀ ਕਿਰਪਾਨ ਰਹਿ ਗਈ, ਪਾਸ ਹੋਇਆ ਸੀ ਜਦੋਂ ਇਮਤਿਹਾਨ ਅੰਦਰ।