ਮਹਾਂ ਸਿੰਘ ਦੀ ਕੁੱਲ ਦਾ ਓਹ ਹੀਰਾ ਮਹਾਰਾਜਾ ਰਣਜੀਤ ਸਿੰਘ
ਮਹਾਂ ਸਿੰਘ ਦੀ ਕੁੱਲ ਦਾ ਓਹ ਹੀਰਾ ਮਹਾਰਾਜਾ ਰਣਜੀਤ ਸਿੰਘ
ਮਹਾਂ ਸਿੰਘ ਦੀ ਕੁੱਲ ਦਾ ਓਹ ਹੀਰਾ, ਜੀਹਨੇ ਆਪਣੀ ਚਮਕ ਵਿਖਾਈ ਹੈਸੀ।
ਇਕ ਥਾਂ ਤੇ ਕੌਮ ਨੂੰ ਕਰ ਕੱਠਿਆਂ, ਕੀਤੀ ਬੜੀ ਹੀ ਯੋਗ ਰਹਿਨੁਮਾਈ ਹੈਸੀ।
ਸ਼ਾਹ ਜਮਾਨ ਅਬਦਾਨੀ ਦੇ ਪੋਤਰੇ ਤੋਂ, ਮਹਾਰਾਜੇ ਨੇ ਈਨ ਮਨਵਾਈ ਹੈਸੀ।
ਲੈ ਕੇ ਸਤਿਲੁਜ ਤੋਂ ਕਾਬਲ ਕੰਧਾਰ ਤੀਕਰ, ਆਪਣੇ ਰਾਜ ਦੀ ਹੱਦ ਵਧਾਈ ਹੈਸੀ।
ਜਿਹੜੇ ਆਉਂਦੇ ਪੰਜਾਬ ਸੀ ਮੂੰਹ ਚੁੱਕੀ, ਓਹਨੇ ਪਿਛੇ ਨੂੰ ਧੋਣ ਭੁਆਈ ਹੈਸੀ।
ਓਸਨੂੰ ਅਟਕ ਵੀ ਨਾ ਅਟਕਾ ਸਕਿਆ, ਜਦੋਂ ਘੋੜੇ ਨੂੰ ਅੱਡੀ ਉਸ ਲਾਈ ਹੈਸੀ।
ਜਦੋਂ ਦੁਸ਼ਮਣ ਦੀ ਹਿੱਕ ਤੇ ਵਾਰ ਕਰਦਾ, ਪੈ ਜਾਂਦੀ ਤਦ ਹਾਲ ਦੁਹਾਈ ਹੈਸੀ।
ਝੰਡਾ ਗੱਡ ਕੇ ਕਾਬਲ ਦੀ ਹਿੱਕ ਉੱਤੇ, ਨਾਨੀ ਓਨ੍ਹਾਂ ਨੂੰ ਚੇਤੇ ਕਰਵਾਈ ਹੈਸੀ।
ਲੱਭਦਾ ਭੱਜਣ ਨੂੰ ਰਾਹ ਦਾ ਦੁਸ਼ਮਣਾਂ ਨੂੰ, ਚਾਰੇ ਪਾਸੇ ਤੋਂ ਲੈਂਦਾ ਸੀ ਘੇਰ ਯੋਧਾ।
ਪਲਕ ਝਪਕਦੇ ਪਾਸਾ ਪਲਟਾ ਦਿੰਦਾ, ਲਾਉਂਦਾ ਕਦੇ ਵੀ ਨਾ ਸੀ ਦੇਰ ਯੋਧਾ।
ਜੰਗ ਵਿੱਚ ਜੂਝਦਾ ਅੱਗੇ ਹੀ ਰਿਹਾ ਵਧਦਾ, ਓਹ ਸੀ ਸੂਰਮਾ ਮਰਦ ਦਲੇਰ ਯੋਧਾ।
ਐਵੇਂ ਸ਼ੇਰ ਏ ਪੰਜਾਬ ਨਹੀਂ ਕਿਹਾ ਜਾਂਦਾ, ਸੀ ਪੰਜਾਬ ਦਾ ਓਹ ਬੱਬਰ ਸ਼ੇਰ ਯੋਧਾ।
ਇਕ ਦਿਨ ਪਾਦਰੀ ਆ ਕੇ ਕਹਿਣ ਲੱਗਾ, ਥੋਡੇ ਜਿਹਾ ਕੋਈ ਰਾਜਾ ਮਹਾਨ ਹੀ ਨਹੀਂ।
ਜੇਹੋ ਜਿਹਾ ਹੈ ਤੁਸਾਂ ਦਾ ਰਾਜ ਏਥੇ, ਏਸ ਰਾਜ ਦੇ ਕੋਈ ਸਮਾਨ ਹੀ ਨਹੀਂ।
ਸਾਰੀ ਦੁਨੀਆਂ ’ਚ ਹੋ ਰਹੀਆਂ ਨੇ ਸਿਫ਼ਤਾਂ, ਏਹਦੇ ਵਰਗੀ ਤਾਂ ਕਿਸੇ ਦੀ ਸ਼ਾਨ ਹੀ ਨਹੀਂ।
ਜੋ ਕੁਝ ਦੇਖਿਆ ਭਾਲਿਆ ਮੈਂ ਏਥੇ, ਸ਼ਬਦਾਂ ਵਿਚ ਹੋ ਸਕਦਾ ਬਿਆਨ ਹੀ ਨਹੀਂ।
ਅਸਾਂ ਖੋਲਣਾ ਹੈ ਸਕੂਲ ਏਥੇ, ਜੀਹਦੇ ਜਿਹਾ ਕੋਈ ਵਿੱਚ ਜਹਾਨ ਹੀ ਨਹੀਂ।
ਏਹਦੇ ਰਾਹੀਂ ਹੈ ਧਰਮ ਇਮਾਨ ਦੱਸਣਾ, ਹੋਰ ਕੋਈ ਵੀ ਕਰਨਾ ਵਿਖਿਆਨ ਹੀ ਨਹੀਂ।
ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ, ਤੇਰੇ ਜਿਹਾ ਤਾਂ ਕੋਈ ਵਿਦਵਾਨ ਹੀ ਨਹੀਂ।
ਪਰ ਪਹਿਲਾਂ ਇਹ ਸਿਖਾ ਫਰੰਗੀਆਂ ਨੂੰ, ਜੀਹਨਾਂ ਦਾ ਕੋਈ ਧਰਮ ਇਮਾਨ ਹੀ ਨਹੀਂ।
ਹੱਕ, ਸੱਚ, ਇਨਸਾਫ਼ ਤੇ ਬੀਰਤਾ ਦੀ, ਬਖ਼ਸ਼ਿਸ਼ ਦਾਤੇ ਨੇ ਝੋਲੀ ਵਿੱਚ ਪਾਈ ਹੈਸੀ।
ਇਕੋ ਅੱਖ ਨਾਲ ਵੇਖਿਆ ਸਾਰਿਆਂ ਨੂੰ, ਹਰ ਇਕ ਨੂੰ ਦਿੱਤੀ ਵਡਿਆਈ ਹੈਸੀ।
ਓਹਦੇ ਦਰ ਤੋਂ ਗਿਆ ਨਾ ਕੋਈ ਖਾਲੀ, ਜਿਸ ਨੇ ਜੋ ਵੀ ਮੰਗੀ ਉਸ ਪਾਈ ਹੈਸੀ।
ਕਿਸੇ ਦੋਸ਼ੀ ਨੂੰ ਕਦੇ ਨਾ ਜ਼ਿੰਦਗੀ’ਚ, ਓਹਨੇ ਮੌਤ ਦੀ ਸਜਾ ਸੁਣਾਈ ਹੈਸੀ।
ਓਨ੍ਹਾਂ ਕਿਹਾ ਕਿ ਪਿਆਰੇ ਖਾਲਸਾ ਜੀ, ਤੁਸਾਂ ਸਾਰਿਆਂ ਨੇ ਘਾਲਾਂ ਘਾਲੀਆਂ ਨੇ।
ਤੁਸਾਂ ਮੂੰਹ ਭੁਆ ਕੇ ਰੱਖ ਦਿੱਤੇ, ਕੀਤੇ ਮੂੰਹ ਜਦ ਏਧਰ ਅਬਦਾਲੀਆਂ ਨੇ।
ਆਪਣੇ ਲਹੂ ਦੇ ਨਾਲ ਨੇ ਸਦਾ ਸਿੰਜੇ, ਬੂਟੇ ਖਾਲਸਾ ਪੰਥ ਦੇ ਮਾਲੀਆਂ ਨੇ।
ਆਪਣੇ ਲਹੂ ਦਾ ਪਾ ਕੇ ਤੇਲ ‘ਜਾਚਕ’, ਜੋਤਾਂ ਖਾਲਸਾ ਰਾਜ ਦੀਆਂ ਬਾਲੀਆਂ ਨੇ।