ਗੱਲਾਂ ਹੋ ਰਹੀਆਂ ਓਹਦੇ ਰਾਜ ਦੀਆਂ
ਗੱਲਾਂ ਹੋ ਰਹੀਆਂ ਓਹਦੇ ਰਾਜ ਦੀਆਂ
ਧੁੰਮਾਂ ਪਈਆਂ ਸਨ ਸਾਰੇ ਸੰਸਾਰ ਅੰਦਰ, ਏਸ ਰਾਜਿਆਂ ਦੇ ਮਹਾਰਾਜ ਦੀਆਂ।
ਬੜੀ ਮਿਹਨਤ ਦੇ ਨਾਲ ਜੋ ਸਿਰਜਿਆ ਸੀ, ਓਹਦੇ ਸਿਰਜੇ ਹੋਏ ਸਾਂਝੇ ਸਮਾਜ ਦੀਆਂ।
ਜਿਹੜੇ ਦੁਖੀਆਂ ਮਜ਼ਲੂਮਾਂ ਦੇ ਬਣੇ ਦਰਦੀ, ਰਹਿਮ ਦਿਲ ਗਰੀਬ ਨਿਵਾਜ ਦੀਆਂ।
ਮਹਾਂਬਲੀ ਮਹਾਰਾਜਾ ਸੀ ਮਹਾਂਦਾਨੀ, ਗੱਲਾਂ ਹੋ ਰਹੀਆਂ ਓਹਦੇ ਰਾਜ ਦੀਆਂ।
ਕੱਢ ਰਿਹਾ ਬੇਸੁਰਾ ਸੀ ਰਾਗ ਜਿਹੜਾ, ਸੁਰ ਕੀਤੀਆਂ ਸੁਰਾਂ ਉਸ ਸਾਜ ਦੀਆਂ।
ਸੁਮਨ ਬੁਰਜ ਵਿੱਚ ਸ਼ਾਹ ਜਮਾਨ ਕੰਬਿਆ, ਗਰਜ਼ਾਂ ਸੁਣ ਕੇ ਤੇਰੀ ਆਵਾਜ਼ ਦੀਆਂ।
ਪੈਰ ਪੈਰ ਤੇ ਫਤਹਿ ਨੇ ਕਦਮ ਚੁੰਮੇ, ਤੱਕ ਤੱਕ ਜੁਰਅਤਾਂ ਏਸ ਜ਼ਾਂਬਾਜ਼ ਦੀਆਂ।
ਰਾਜ ਕੌਰ ਦੇ ਰਾਜ ਦੁਲਾਰਿਆ ਵੇ, ਗੱਲਾਂ ਹੋ ਰਹੀਆਂ ਤੇਰੇ ਰਾਜ ਦੀਆਂ।
ਕਾਲ ਪਿਆ ਜਦ ਪੂਰੇ ਪੰਜਾਬ ਅੰਦਰ, ਸਿਰ ਤੇ ਚੁੱਕੀਆਂ ਪੰਡਾਂ ਅਨਾਜ ਦੀਆਂ।
ਵੱਟਾ ਵੱਜਣ ਤੇ ਦਿੱਤੀਆਂ ਜਿਸ ਮੋਹਰਾਂ, ਪਰਜਾ ਪਾਲਕ ਓਸ ਮਹਾਰਾਜ ਦੀਆਂ।
ਬਣ ਕੇ ਆਇਆ ਸਵਾਲੀ ਜੋ ਦਰ ਉਤੇ, ਭਰੀਆਂ ਝੋਲੀਆਂ ਓਸ ਮੁਹਤਾਜ ਦੀਆਂ।
ਪੰਥਕ ਕਵੀ ਕਵਿਤਾਵਾਂ ਸੁਣਾ ਰਹੇ ਨੇ, ਗੱਲਾਂ ਹੋ ਰਹੀਆਂ ਓਹਦੇ ਰਾਜ ਦੀਆਂ।
ਲੈ ਕੇ ਤਿਬਤ ਤੋਂ ਕਾਬਲ ਕੰਧਾਰ ਤੀਕਰ, ਹੱਦਾਂ ਫੈਲ ਗਈਆਂ ਸਿੱਖ ਰਾਜ ਦੀਆਂ।
ਓਹਦੇ ਬਾਜੂ ਨਾਲ ਬੱਝਾ ਕੋਹਿਨੂਰ ਹੀਰਾ, ਚੜਤਾਂ ਦੱਸਦਾ ਸੀ ਤਖਤੋ ਤਾਜ ਦੀਆਂ।
ਪੂਜਾ ਪਾਠ ਤੇ ਸੰਖ ਘੜਿਆਲ ਵਾਂਗੂੰ, ਖੁਲਾਂ ਦਿੱਤੀਆ ਬਾਂਗ ਨਮਾਜ ਦੀਆਂ।
ਹਿੰਦੂ, ਮੁਸਲਿਮ ਤੇ ਸਿੱਖਾਂ ਵਿੱਚ ਇਸੇ ਖਾਤਿਰ, ਗੱਲਾਂ ਹੋ ਰਹੀਆਂ ਓਹਦੇ ਰਾਜ ਦੀਆਂ।
ਬੰਦਾ ਇਕ ਵੀ ਫਾਂਸੀ ਤੇ ਚਾੜਿਆ ਨਹੀਂ, ਇਹ ਵੀ ਸਿਫਤਾਂ ਸੀ ਓਸ ਮਹਾਰਾਜ ਦੀਆਂ।
ਕਤਲੋਗਾਰਤ ਨਾਲ ਸਲਤਨਤ ਖਤਮ ਹੋਈ, ਸ਼ਾਮਾਂ ਪੈ ਗਈਆਂ ਸਿੱਖ ਰਾਜ ਦੀਆਂ।
ਸ਼ਾਹ ਮੁਹੰਮਦ ਨੇ ਤਾਹੀਓਂ ਨਿਰਪੱਖ ਰਹਿ ਕੇ, ਗੱਲਾਂ ਲਿਖੀਆਂ ਸੀ ਤੇਰੇ ਰਾਜ ਦੀਆਂ।
ਕਲਮਾਂ ‘ਜਾਚਕਾ’ ਮਾਣ ਨਾਲ ਲਿਖਣ ਸਿਫਤਾਂ, ਗੱਲਾਂ ਹੋ ਰਹੀਆਂ ਓਹਦੇ ਰਾਜ ਦੀਆਂ।