Home » ਦੇਸ਼ ਭਗਤਾਂ ਸੰਬੰਧੀ ਕਵਿਤਾਵਾਂ » ਸ਼ਹੀਦ ਉਧਮ ਸਿੰਘ

ਸ਼ਹੀਦ ਉਧਮ ਸਿੰਘ

by Dr. Hari Singh Jachak
Poem on Shaheed Udham Singh

ਸ਼ਹੀਦ ਉਧਮ ਸਿੰਘ ਸੰਬੰਧੀ ਕਵਿਤਾਵਾਂ

ਸ਼ਹੀਦ ਉਧਮ ਸਿੰਘ

ਰੋਲਟ ਐਕਟ ਦੇ ਕਾਲੇ ਕਾਨੂੰਨ ਵਾਲੀ, ਚਰਚਾ ਫੈਲੀ ਸੀ ਸਾਰੇ ਜਹਾਨ ਅੰਦਰ।

ਅਫਰਾ ਤਫਰੀ ਦਾ ਸੀ ਮਾਹੌਲ ਬਣਿਆ, ਹਰ ਥਾਂ ਉੱਤੇ, ਹਿੰਦੁਸਤਾਨ ਅੰਦਰ।

ਰੋਹ ਭਰੀ ਜਵਾਲਾ ਸੀ ਭੜਕ ਉੱਠੀ, ਬੱਚੇ, ਬੁੱਢੇ ਤੇ ਨੌਜਵਾਨ ਅੰਦਰ।

ਅੰਮ੍ਰਿਤਸਰ ’ਚ ਇਹਦੇ ਖਿਲਾਫ਼ ਲੋਕਾਂ, ਜਲਸੇ ਕੀਤੇ ਸਨ ਹਰ ਮੈਦਾਨ ਅੰਦਰ।

 

ਕਰਕੇ ਫੌਜ ਹਵਾਲੇ ਫਿਰ ਸ਼ਹਿਰ ਸਾਰਾ, ਤੇਲ ਬਲਦੀ ਤੇ ਪਾਇਆ ਸੀ ਗੋਰਿਆਂ ਨੇ।

ਜਲਿਆਂ ਵਾਲੇ ਦੇ ਬਾਗ’ਚ ਹੋ ਦਾਖਲ, ਮਾਰੂ ਸੋਹਿਲਾ ਨੂੰ ਗਾਇਆ ਸੀ ਗੋਰਿਆਂ ਨੇ।

ਜਨਰਲ ਡਾਇਰ ਦੇ ਹੁਕਮ ਦੇ ਨਾਲ ਓਥੇ, ਤਾਂਡਵ ਨਾਚ ਨਚਾਇਆ ਸੀ ਗੋਰਿਆਂ ਨੇ।

ਵਾਛੜ ਗੋਲੀਆਂ ਦੀ ਕਰਕੇ ਦਿਨ ਦੀਵੀਂ, ਕਹਿਰ ਅੰਤਾਂ ਦਾ ਢਾਇਆ ਸੀ ਗੋਰਿਆਂ ਨੇ।

 

ਊਧਮ ਸਿੰਘ ਨੇ ਅੱਖਾਂ ਦੇ ਨਾਲ ਤੱਕਿਆ, ਖੂਨੀ ਸਾਕਾ ਇਹ ਓਸ ਸਥਾਨ ਉੱਤੇ।

ਚਾਰੇ ਪਾਸੇ ਹੀ ਲੋਥਾਂ ਦੇ ਢੇਰ ਤੱਕ ਕੇ, ਡੂੰਘਾ ਅਸਰ ਸੀ ਹੋਇਆ, ਜਵਾਨ ਉੱਤੇ।

ਆ ਕੇ ਰੋਹ ਦੇ ਵਿੱਚ ਉਹ ਕਹਿਣ ਲੱਗਾ, ਹਮਲਾ ਹੋਇਆ ਇਹ ਦੇਸ਼ ਦੀ ਆਨ ਉੱਤੇ।

ਬਦਲਾ ਖੂਨ ਦਾ ਖੂਨ ਦੇ ਨਾਲ ਲੈਣੇ, ਮੈਂ ਹੁਣ ਖੇਡ ਕੇ ਆਪਣੀ ਜਾਨ ਉੱਤੇ।

 

ਉਹਨੇ ਸ਼ਹੀਦਾਂ ਦੇ ਲਹੂ ਦੇ ਨਾਲ ਰੰਗੀ, ਮਿੱਟੀ ਮੁੱਠੀ ਦੇ ਵਿੱਚ ਉਠਾ ਕੇ ਤੇ।

ਓਸੇ ਵੇਲੇ ਹੀ ਓਥੇ ਉਸ ਪ੍ਰਣ ਕੀਤਾ, ਬਦਲਾ ਲੈਣਾ ਏ ਦੁਸ਼ਟ ਮੁਕਾ ਕੇ ਤੇ।

ਜਨਰਲ ਡਾਇਰ ਅਤੇ ਉਡਵਾਇਰ ਤਾਈਂ, ਸਿੱਧੇ ਨਰਕਾਂ ਦੇ ਵਿੱਚ ਪਹੁੰਚਾ ਕੇ ਤੇ।

ਇਕੋ ਇਕ ਮਕਸਦ ਮੇਰੀ ਜ਼ਿੰਦਗੀ ਦਾ, ਪੂਰਾ ਕਰਨਾ ਏ ਜੀਵਨ ਲਗਾ ਕੇ ਤੇ।

 

ਆਪਣੇ ਦਿਲ ਦੀ ਕਰਨ ਲਈ ਰੀਝ ਪੂਰੀ, ਆਪਣੇ ਆਪ ਨੂੰ ਕੀਤਾ ਤਿਆਰ ਓਹਨੇ।

ਭਗਤ ਸਿੰਘ ਤੇ ਸਾਥੀਆਂ ਨਾਲ ਰਲਕੇ, ਦੇਸ਼ ਭਗਤੀ ਦਾ ਕੀਤਾ ਪ੍ਰਚਾਰ ਓਹਨੇ।

ਰਾਮ, ਮੁਹੰਮਦ ਸਿੰਘ ਆਜ਼ਾਦ ਬਣ ਕੇ, ਕੀਤੇ ਸੱਤ ਸਮੁੰਦਰ ਸੀ ਪਾਰ ਓਹਨੇ।

ਲੰਡਨ ਜਾ ਕੇ ਕੀਤਾ ਉਡਵਾਇਰ ਵਾਲਾ, ਇੱਕੀ ਸਾਲਾਂ ਦੇ ਬਾਅਦ ਸ਼ਿਕਾਰ ਓਹਨੇ।

 

ਆਇਆ ਮੌਕਾ ਉਹ ਕੈਕਸਟਨ ਹਾਲ ਅੰਦਰ, ਜੀਹਦੀ ਵਰਿਆਂ ਤੋਂ ਸੀ ਉਡੀਕ ਓਹਨੂੰ।

ਜਲਿਆਂ ਵਾਲੇ ਦੇ ਬਾਗ ਦੀਆਂ ਪਾਕ ਰੂਹਾਂ, ਖਿੱਚ ਕੇ ਲੈ ਗਈਆਂ ਜਲਸੇ ਤੀਕ ਓਹਨੂੰ।

ਪਹੁੰਚਾ ਪਾ ਕੇ ਵਰਦੀ ਜਰਨੈਲ ਵਾਲੀ, ਸੀਟ ਮਿਲ ਗਈ ਅੱਗੇ ਜਹੇ ਠੀਕ ਓਹਨੂੰ।

ਬਦਲਾ ਲੈਣ ਲਈ ਧੁਰ ਦਰਗਾਹ ਵੱਲੋਂ, ਮਿਲੀ ਮਾਰਚ ਦੀ ਤੇਰਾਂ ਤਰੀਕ ਓਹਨੂੰ।

 

ਭਾਸ਼ਨ ਦੇਣ ਲਈ ਜਿਵੇਂ ਉਡਵਾਇਰ ਉਠਿਆ, ਉਹਨੇ ਫੁੰਡਣ ਦਾ ਓਵੇਂ ਪ੍ਰਬੰਧ ਕੀਤਾ।

ਦੱਸਣ ਲੱਗਾ ਜਦ ਕਾਲੇ ਉਹ ਕਾਰਨਾਮੇ, ਹਮਲਾ ਓਸ ਉੱਤੇ ਪੀਹ ਕੇ ਦੰਦ ਕੀਤਾ।

ਤਾੜ ਤਾੜ ਪਸਤੌਲ ’ਚੋਂ ਕਰ ਫਾਇਰਿੰਗ, ਓਹਦਾ ਬੋਲਣਾ ਸਦਾ ਲਈ ਬੰਦ ਕੀਤਾ।

ਜ਼ਾਲਮ ਸਿੱਧਾ ਹੀ ਨਰਕਾਂ ਨੂੰ ਚੱਲਿਆ ਜੇ, ਉੱਚੀ ਗਰਜ ਕੇ, ਨਾਹਰਾ ਬੁਲੰਦ ਕੀਤਾ।

 

ਜਲਿਆਂ ਵਾਲੇ ਦੇ ਬਾਗ ਦਾ ਲਿਆ ਬਦਲਾ, ਇੰਤਜਾਰ ਇਸਦਾ ਇੱਕੀ ਸਾਲ ਕੀਤਾ।

ਭਾਰਤ ਭਰ ’ਚ ਖੁਸ਼ੀ ਦੀ ਲਹਿਰ ਦੌੜੀ, ਊਧਮ ਸਿੰਘ ਨੇ ਕਹਿੰਦੇ ਕਮਾਲ ਕੀਤਾ।

ਊਧਮ ਸਿੰਘ ਫਿਰ ਊਧਮ ਮਚਾ ਕੇ ਤੇ, ਆਪਣੇ ਜ਼ੁਰਮ ਦਾ ਆਪ ਇਕਬਾਲ ਕੀਤਾ।

ਕਹਿਣ ਲੱਗਾ ਨਹੀਂ ਮੈਨੂੰ ਕੋਈ ਗਮ ਇਸਦਾ, ਇਹ ਤਾਂ ਕੰਮ ਮੈਂ ਖੁਸ਼ੀ ਦੇ ਨਾਲ ਕੀਤਾ।

 

ਸੁਣਕੇ ਮੌਤ ਦੀ ਸਜਾ ਕਿਹਾ ਜੱਜ ਤਾਈਂ, ਨਹੀਂ ਮੌਤ ਦੀ ਰਤਾ ਪ੍ਰਵਾਹ ਮੈਨੂੰ।

ਪੂਰਾ ਹੋ ਗਿਆ ਮਕਸਦ ਏ ਜ਼ਿੰਦਗੀ ਦਾ, ਨਹੀਂ ਜਿਉਣ ਦੀ ਰਹੀ ਕੋਈ ਚਾਹ ਮੈਨੂੰ।

ਮੈਂ ਬੱਸ ਚਾਹੁੰਦਾ ਹਾਂ ਦੇਸ਼ ਆਜ਼ਾਦ ਹੋਵੇ, ਨਹੀਂ ਚਾਹੀਦੀ ਕੋਈ ਵਾਹ ਵਾਹ ਮੈਨੂੰ।

ਛੇਤੀ ਕਰੋ ਹੁਣ ਦੇਰ ਨਾ ਲਾਉ ਬਹੁਤੀ, ਲਾੜੀ ਮੌਤ ਨਾਲ ਦਿਉ ਵਿਆਹ ਮੈਨੂੰ।

 

ਮੇਰੀ ਲਾਸ਼ ਫੜਾ ਦਿਉ ਹਿੰਦੀਆਂ ਨੂੰ, ਅੰਤਮ ਇਛਾ ਇਹ, ਜੱਜ ਨੂੰ ਦੱਸਿਆ ਸੀ।

ਆਖਰ ਕਰਕੇ ਦਾਰ ਤੇ ਖੜਾ ਓਹਨੂੰ, ਰੱਸਾ ਫਾਂਸੀ ਦਾ ਗਲੇ ਵਿੱਚ ਕੱਸਿਆ ਸੀ।

ਭਾਰਤ ਮਾਤਾ ਦੀ ਮੁੱਖ ’ਚੋਂ ਜੈ ਕਹਿ ਕੇ, ਖਿੜ ਖਿੜਾ ਕੇ ਸੂਰਮਾ ਹੱਸਿਆ ਸੀ।

ਵੱਧ ਗਿਆ ਸੀ ਖੁਸ਼ੀ ਨਾਲ ਭਾਰ ਉਸਦਾ, ਜਦੋਂ ਮੌਤ ਮਰਜਾਣੀ ਨੇ ਡੱਸਿਆ ਸੀ।

 

ਊਧਮ ਸਿੰਘ ਸਰਦਾਰ ਸ਼ਹੀਦ ਹੋ ਕੇ, ਨੀਂਦਰ ਸਦਾ ਦੀ ਸੋਂ ਗਿਆ ਦੇਸ਼ ਖਾਤਰ।

ਲੱਗਾ ਦਾਗਗੁਲਾਮੀ ਦਾ ਵਤਨ ਮੱਥੇ, ਆਪਣੇ ਖੂਨ ਨਾਲ ਧੋ ਗਿਆ ਦੇਸ਼ ਖਾਤਰ।

ਲੇਖੇ ਦੇਸ਼ ਆਜਾਦੀ ਦੇ ਜਿੰਦ ਲਾ ਕੇ, ਲਹੂ ਜਿਗਰ ਦਾ ’ਚੋ ਗਿਆ ਦੇਸ਼ ਖਾਤਰ।

‘ਜਾਚਕ’ ਵਿੱਚ ਸੁਨਾਮ ਦੇ ਜਨਮ ਲੈ ਕੇ, ਅਮਰ ਸਦਾ ਲਈ ਹੋ ਗਿਆ ਦੇਸ਼ ਖਾਤਰ।