ਸਰਦਾਰ ਭਗਤ ਸਿੰਘ ਸੰਬੰਧੀ ਕਵਿਤਾਵਾਂ
ਸਰਦਾਰ ਭਗਤ ਸਿੰਘ
ਕਿਸ਼ਨ ਸਿੰਘ ਦੇ ਘਰ ਸੀ ਜਨਮ ਹੋਇਆ, ਹੈਸੀ ਸ਼ੁਰੂ ਤੋਂ ਹੀ ਹੋਣਹਾਰ ਸੋਹਣਾ।
ਭਗਤ ਸਿੰਘ ਸੀ ਮਾਪਿਆਂ ਨਾਂ ਰੱਖਿਆ, ਹਰ ਕੰਮ ’ਚ ਸੀ ਹੋਸ਼ਿਆਰ ਸੋਹਣਾ।
ਬਚਪਨ ਵਿੱਚ ਅਜ਼ਾਦੀ ਦਾ ਲਿਆ ਸੁਪਨਾ, ਹੋਇਆ ਫਾਂਸੀ ਤੋਂ ਬਾਅਦ ਸਾਕਾਰ ਸੋਹਣਾ।
ਦੇਸ਼ ਵਿਦੇਸ਼ ’ਚ ਕਰ ਗਿਆ ਨਾਂ ਰੋਸ਼ਨ, ਭਾਰਤ ਦੇਸ਼ ਦਾ ਬਾਂਕਾ ਬਲਕਾਰ ਸੋਹਣਾ।
ਛੋਟੀ ਉਮਰ ’ਚ ਕੀਤੇ ਤੂੰ ਕੰਮ ਵੱਡੇ, ਸਦਾ ਜੋਸ਼ ’ਚ ਰਿਹਾ ਤੂੰ ਭਗਤ ਸਿੰਘਾ।
ਉਸ ਕਾਰਜ ਨੂੰ ਸਿਰੇ ਚੜ੍ਹਾ ਦਿੱਤਾ, ਜਿਹੜਾ ਮੁੱਖ ਚੋਂ ਕਿਹਾ ਤੂੰ ਭਗਤ ਸਿੰਘਾ।
ਜ਼ਾਲਮ ਜ਼ੁਲਮ ਤਸੱਦਦ ਸਨ ਰਹੇ ਕਰਦੇ, ਹਰ ਕਸ਼ਟ ਨੂੰ ਸਿਹਾ ਤੂੰ ਭਗਤ ਸਿੰਘਾ।
ਤੇਰੇ ਜਿਹਾ ਨਹੀਂ ਹੋਰ ਕੋਈ ਹੋ ਸਕਿਆ, ਆਪ ਆਪਣੇ ਜਿਹਾ, ਤੂੰ ਭਗਤ ਸਿੰਘਾ।
ਉਹ ਤਾਂ ਸੀ ਜਮਾਂਦਰੂ ਇਨਕਲਾਬੀ, ਉਹਦੇ ਖੂਨ ਦੇ ਵਿੱਚ ਇਨਕਲਾਬ ਹੈਸੀ।
ਗਿਣ ਗਿਣ ਕੇ ਉਨ੍ਹਾਂ ਤੋਂ ਲਏ ਬਦਲੇ, ਮਿੱਧੇ ਜਿਨ੍ਹਾਂ ਨੇ ਫੁੱਲ ਗੁਲਾਬ ਹੈਸੀ।
ਕਰਕੇ ਕਤਲ ਲਾਹੌਰ ਵਿੱਚ ਸਾਂਡਰਸ ਦਾ, ਉਹਨੇ ਜ਼ੁਲਮ ਦਾ ਦਿੱਤਾ ਜੁਆਬ ਹੈਸੀ।
ਬੰਬ ਸੁੱਟਕੇ ਵਿੱਚ ਅਸੈਂਬਲੀ ਦੇ, ਕੀਤਾ ਕੰਮ ਉਸ ਲਾਜੁਆਬ ਹੈਸੀ।
ਲਾੜੀ ਮੌਤ ਨਾਲ ਵਿਆਹ ਕਰਵਾਉਣ ਵੇਲੇ,ਉਸ ਦੂਲੇ ਦੀ ਵੱਖਰੀ ਸ਼ਾਨ ਹੈਸੀ।
ਉਹਦੇ ਨੈਣਾਂ ਦੇ ਵਿੱਚ ਬਗਾਵਤਾਂ ਸੀ, ਉਹਦੀ ਮੁੱਠੀ ਦੇ ਵਿੱਚ ਤੂਫਾਨ ਹੈਸੀ।
ਉਹਨੇ ਆਪਣੀ ਜਾਨ ਤੇ ਖੇਡ ਕੇ ਤੇ, ਪਾਈ ਹਿੰਦ ਦੀ ਜਾਨ ਵਿੱਚ ਜਾਨ ਹੈਸੀ।
ਸ਼ਹੀਦਾਂ ਵਿੱਚੋਂ ਸਿਰਮੌਰ ਸ਼ਹੀਦ ਸੀ ਉਹ, ਹੋਇਆ ਦੇਸ਼ ਲਈ ਜਿਹੜਾ ਕੁਰਬਾਨ ਹੈਸੀ।
ਸਾਰੀ ਉਮਰ ਸੀ ‘ਜਾਚਕ’ ਸੰਘਰਸ਼ ਕੀਤਾ, ਚਲਦਾ ਰਿਹਾ ਉਹ ਖੰਡੇ ਦੀ ਧਾਰ ਉੱਤੇ।
ਖਿੜੇ ਮੱਥੇ ਹੀ ਗਲੇ ਪੁਆ ਫੰਧਾ, ਜਾ ਕੇ ਖੜ੍ਹ ਗਿਆ ਫਾਂਸੀ ਦੀ ਦਾਰ ਉੱਤੇ।
ਆਪਣੇ ਲਹੂ ਨਾਲ ਲਿਖ ਤਕਦੀਰ ਸਾਡੀ, ਨਾਂ ਛੱਡ ਗਿਆ ਸਾਰੇ ਸੰਸਾਰ ਉੱਤੇ।
ਸ਼ਹੀਦੇ ਆਜ਼ਮ ਸ੍ਰ: ਭਗਤ ਸਿੰਘ ਦੇ, ਮੇਲੇ ਲਗ ਰਹੇ ਨੇ ਯਾਦਗਾਰ ਉੱਤੇ।