Home » ਲਹੂ ਭਿੱਜੇ ਇਤਿਹਾਸ ਦੇ ਪੰਨੇ » ਸਾਰਾਗੜ੍ਹੀ ਦਿਵਸ

ਸਾਰਾਗੜ੍ਹੀ ਦਿਵਸ

by Dr. Hari Singh Jachak
Saragarhi Diwas

ਸਾਰਾਗੜ੍ਹੀ ਦਿਵਸ

ਸਾਰਾਗੜ੍ਹੀ ਦਿਵਸ

ਸਾਰਾਗੜ੍ਹੀ ਦਾ ਦਿਵਸ ਮਨਾਉਂਦਿਆਂ ਅੱਜ, ਇੱਕੀ ਬਾਂਕੇ ਬਲਕਾਰਾਂ ਦੀ ਗੱਲ ਕਰੀਏ।

ਜੀਹਨਾਂ ਦੇਸ਼ ਖਾਤਰ ਜਾਨਾਂ ਵਾਰੀਆਂ ਸੀ, ਓਨ੍ਹਾ ਜਾਂ-ਨਿਸਾਰਾਂ ਦੀ ਗੱਲ ਕਰੀਏ ।

ਹੋਏ ਸਾਰੇ ਦੇ ਸਾਰੇ ਸ਼ਹੀਦ ਜਿਹੜੇ, ਓਨ੍ਹਾਂ ਇੱਕੀ ਸਰਦਾਰਾਂ ਦੀ ਗੱਲ ਕਰੀਏ ।

ਸਦਾ ਲਈ ਜੋ ਹੋ ਗਏ ਅਮਰ ‘ਜਾਚਕ’, ਓਨ੍ਹਾਂ ਸਿਪਾਹ ਸਲਾਰਾਂ ਦੀ ਗੱਲ ਕਰੀਏ।

 

ਸਾਰਾਗੜ੍ਹੀ ਦਾ ਅਸਲੀ ਸਥਾਨ ਹੈ ਜੋ, ਅਜਕਲ ਹੈ ਇਹ ਤਾਂ ਪਾਕਿਸਤਾਨ ਅੰਦਰ।

ਓਸ ਸਮੇਂ ਅੰਗਰੇਜ ਦਾ ਰਾਜ ਹੈਸੀ, ਇਹ ਜਗ਼੍ਹਾ ਹੈਸੀ ਹਿੰਦੁਸਤਾਨ ਅੰਦਰ।

ਲੁੱਟ ਮਾਰ ਕਬਾਇਲੀ ਪਠਾਨ ਕਰ ਕੇ, ਵਾਪਸ ਚਲੇ ਜਾਂਦੇ ਅਫਗਾਨਿਸਤਾਨ ਅੰਦਰ।

ਤਦ ਅੰਗਰੇਜਾਂ ਨੇ ਚੌਂਕੀ ਬਣਾਈ ਏਥੇ, ਚਾਰ ਸਿੱਖ ਰੈਜੀਮੈਂਟ ਦੀ ਕਮਾਨ ਅੰਦਰ।

 

ਕਈ ਹਜ਼ਾਰ ਪਠਾਨਾਂ ਨੇ ਆਣ ਕੇ ਤੇ, ਇਕਦਮ ਗੜ੍ਹੀ ਉਤੇ ਹੱਲਾ ਬੋਲਿਆ ਸੀ।

ਸਿਗਨਲਮੈਨ ਨੇ ਸਿਗਨਲ ਦੇ ਰਾਹੀਂ ਸਾਰਾ, ਵੱਡੇ ਅਫਸਰਾਂ ਨੂੰ ਭੇਦ ਖੋਲਿਆ ਸੀ ।

ਸਾਰਾਗੜ੍ਹੀ ਚੋਂ ਨਿਕਲ ਕੇ ਚਲੇ ਜਾਵੋ, ਕਰਨਲ ਹਾਗਟਨ ਅੱਗੋਂ ਇਹ ਬੋਲਿਆ ਸੀ ।

ਈਸ਼ਰ ਸਿੰਘ ਸਮੇਤ ਸਭ ਸੈਨਿਕਾਂ ਦਾ, ਇਹ ਸਭ ਸੁਣ ਕੇ ਤੇ ਖੂਨ ਖੋਲਿਆ ਸੀ ।

 

ਓਹਨੇ ਕਿਹਾ ਲਲਕਾਰ ਕੇ ਸਾਥੀਆਂ ਨੂੰ, ਲੜਨ ਮਰਨ ਲਈ ਹੋਵੋ ਤਿਆਰ ਏਥੇ।

ਘੇਰਾ ਪਿਆ ਇਹ ਸਾਰਾਗੜ੍ਹੀ ਤਾਈਂ, ਸਾਡੀ ਅਣਖ ਨੂੰ ਰਿਹੈ ਵੰਗਾਰ ਏਥੇ।।

ਜੀਉਂਦੇ ਜੀਅ ਨਹੀਂ ਛੱਡਣਾ ਗੜ੍ਹੀ ਤਾਂਈਂ, ਨਾ ਹੀ ਸੁਟਣੇ ਹੱਥੋਂ ਹਥਿਆਰ ਏਥੇ।

ਦਸਮ ਪਿਤਾ ਦੇ ਆਪਾਂ ਹਾਂ ਲਾਲ ਸਾਰੇ, ਜੂਝੋ ਬਣ ਕੇ ਅਜੀਤ ਜੁਝਾਰ ਏਥੇ।

                                               

ਜਨਰਲ ਹਰੀ ਸਿੰਘ ਨਲੂਏ ਦੇ ਸਭ ਵਾਰਸ, ਨਿਤਰ ਪਏ ਸਨ ਰਣ ਮੈਦਾਨ ਅੰਦਰ।

ਮਾਰੋ ਮਾਰ ਕਰ ਕੇ ਦੁਸ਼ਮਣ ਦਲਾਂ ਤਾਈਂ, ਦਿਨੇ ਤਾਰੇ ਵਿਖਾਏ ਅਸਮਾਨ ਅੰਦਰ।

ਬੂਹੇ ਮੌਤ ਨੇ ਦਿੱਤੇ ਸਨ ਖੋਲ੍ਹ ਸਾਰੇ, ਮਚੇ ਹੋਏ ਇਸ ਯੁੱਧ ਘਮਸਾਨ ਅੰਦਰ।

ਇੱਕੀ ਸੈਨਿਕ ਸ਼ਹੀਦੀਆਂ ਪਾ ਕੇ, ਹੋ ਗਏ ਸੁਰਖਰੂ ਏਸ ਜਹਾਨ ਅੰਦਰ।

 

ਲਾੜੀ ਮੌਤ ਨਾਲ ਵਿਆਹ ਕਰਵਾਉਣ ਵੇਲੇ, ਓਨ੍ਹਾਂ ਦੂਲਿਆਂ ਦੀ ਵੱਖਰੀ ਸ਼ਾਨ ਹੈਸੀ।

ਨੈਣਾਂ ਵਿੱਚ ਸੀ ਓਨ੍ਹਾਂ ਦੇ ਦੇਸ਼ ਭਗਤੀ, ਬੰਦ ਮੁੱਠੀ ਦੇ ਵਿੱਚ ਤੂਫਾਨ ਹੈਸੀ ।

ਛੱਡਦੇ ਹੋਏ ਜੈਕਾਰੇ ਸਭ ਸਿੱਖ ਸੈਨਿਕ, ਦੇਸ਼ ਕੌਮ ਲਈ ਹੋਏ ਕੁਰਬਾਨ ਹੈਸੀ।

ਓਨ੍ਹਾਂ ਆਪਣੀ ਜਾਨ ਤੇ ਖੇਡ ਕੇ ਤੇ, ਪਾਈ ਦੇਸ਼ ਦੀ ਜਾਨ ਵਿੱਚ ਜਾਨ ਹੈਸੀ ।

 

ਹੋ ਗਏ ਇੱਕੀ ਦੇ ਇੱਕੀ ਸ਼ਹੀਦ ਓਥੇ, ਆਪਾ ਘੋਲ ਘੁਮਾਇਆ ਸੀ ਸਾਰਿਆਂ ਨੇ।

ਹੱਥੋ ਹੱਥੀ ਹੀ ਮੌਤ ਨਾਲ ਖੇਡ ਖੇਡਾਂ , ਜੀਵਨ ਲੇਖੇ ਵਿੱਚ ਲਾਇਆ ਸੀ ਸਾਰਿਆਂ ਨੇ ।

ਮਹਾਰਾਣੀ ਵਿਕਟੋਰੀਆ ਨਾਲ ਰਲ ਕੇ, ਇਸ ਦਾ ਸੋਕ ਮਨਾਇਆ ਸੀ ਸਾਰਿਆਂ ਨੇ ।

ਪਾਰਲੀਮੈਂਟ ਦੇ ਵਿੱਚ ਤਦ ਖੜੇ ਹੋ ਕੇ, ਆਪਣਾ ਸੀਸ ਝੁਕਾਇਆ ਸੀ ਸਾਰਿਆਂ ਨੇ।

 

‘ਇੰਡੀਅਨ ਆਰਡਰ ਆਫ ਮੈਰਿਟ’ ਦੇ ਨਾਲ ਸਭ ਦਾ, ਸਭ ਤੋਂ ਵੱਡਾ ਸੀ ਓਦੋਂ ਸਨਮਾਨ ਹੋਇਆ।

ਯੂਨੈਸਕੋ ਵਲੋਂ ਵੀ ਬਣਦਾ ਸੀ ਮਾਣ ਮਿਲਿਆ, ਉਚਾ ਰੁਤਬਾ ਸੀ ਵਿੱਚ ਜਹਾਨ ਹੋਇਆ।

ਅੱਠ ਲੜਾਈਆਂ ਜੋ ਹੋਈਆਂ ਮਹਾਨ ਜੱਗ ਵਿੱਚ, ਓਨ੍ਹਾਂ ਵਿੱਚੋਂ ਇਹ ਇਕ, ਐਲਾਨ ਹੋਇਆ।

ਦਿੱਤੀ ਗਈ ਸ਼ਰਧਾਂਜਲੀ ਸਾਰਿਆਂ ਨੂੰ, ਸਾਰਾਗੜ੍ਹੀ ਦਾ ਸਾਕਾ ਮਹਾਨ ਹੋਇਆ।

 

ਪੁਰਜਾ ਪੁਰਜਾ ਓਹ ਕੱਟ ਸ਼ਹੀਦ ਹੋ ਗਏ, ਚਲਦੇ ਰਹੇ ਸਨ ਖੰਡੇ ਦੀ ਧਾਰ ਉਤੇ।

ਆਪਣੇ ਲਹੂ ਨਾਲ ਲਿਖ ਤਕਦੀਰ ਸਾਡੀ, ਨਾਂ ਛੱਡ ਗਏ ਸਾਰੇ ਸੰਸਾਰ ਉਤੇ ।

ਅਜਕਲ ਓਨ੍ਹਾਂ ਦੀ ਯਾਦ ਵਿੱਚ ਥਾਂ ਥਾਂ ਤੇ, ਮੇਲੇ ਲੱਗ ਰਹੇ ਨੇ ਯਾਦਗਾਰ ਉਤੇ।

ਰਹਿੰਦੀ ਦੁਨੀਆਂ ਤੱਕ ‘ਜਾਚਕਾ’ ਯਾਦ ਰਹਿਣੈ, ਸਾਰਾਗੜ੍ਹੀ ਦਾ ਸਾਕਾ ਸੰਸਾਰ ਉਤੇ।