ਸ਼ਹੀਦ ਬਾਬਾ ਦੀਪ ਸਿੰਘ ਜੀ ਸੰਬੰਧੀ ਕਵਿਤਾਵਾਂ
ਸ਼ਹੀਦ ਬਾਬਾ ਦੀਪ ਸਿੰਘ ਜੀ
ਅੰਮ੍ਰਿਤਸਰ ਦੇ ਪਿੰਡ ਪਹੂਵਿੰਡ ਅੰਦਰ, ਦੀਪ ਸਿੰਘ ਮਹਾਨ ਇਨਸਾਨ ਹੋਏ।
ਭਾਈ ਭਗਤਾ ਦੇ ਘਰ ਸੀ ਜਨਮ ਹੋਇਆ, ਮਾਤਾ ਜੀਊਣੀ ਦੀ ਪਾਵਨ ਸੰਤਾਨ ਹੋਏ।
ਅੰਮ੍ਰਿਤ ਛਕਿਆ ਸੀ ਗੁਰੂ ਦਸਮੇਸ਼ ਜੀ ਤੋਂ, ਮੁੱਛ ਫੁੱਟ ਗੱਭਰੂ ਜਦੋਂ ਜੁਆਨ ਹੋਏ।
ਮਨੀ ਸਿੰਘ ਜੀ ਪਿਛੋਂ ਫਿਰ ਪੰਥ ਅੰਦਰ, ਆਪਣੇ ਸਮੇਂ ਦੇ ਉੱਘੇ ਵਿਦਵਾਨ ਹੋਏ।
ਚਿਹਰਾ ਉਨ੍ਹਾਂ ਦਾ ਚਮਕਦਾ ਚੰਨ ਵਾਂਗੂ, ਰਹਿੰਦਾ ਭਗਤੀ ਦਾ ਸੀ ਜਲਾਲ ਹਰਦਮ।
ਸੀ ਨਿਪੁੰਨ ਉਹ ਸ਼ਾਸ਼ਤਰ ਤੇ ਵਿੱਚ ਸ਼ਸ਼ਤਰ, ਜੰਗਾਂ ਯੁਧਾਂ ’ਚ ਕਰਦੇ ਕਮਾਲ ਹਰਦਮ।
ਦਸਮ ਪਿਤਾ ਜਦ ਖੇਡਣ ਸ਼ਿਕਾਰ ਜਾਂਦੇ, ਰਖਦੇ ਇਨ੍ਹਾਂ ਨੂੰ ਆਪਣੇ ਨਾਲ ਹਰਦਮ।
ਚੜ੍ਹਦੀ ਕਲਾ ’ਚ ਕੌਮ ਨੂੰ ਰਹੇ ਕਰਦੇ, ਦਸਮ ਪਿਤਾ ਦੇ ਲਾਡਲੇ ਲਾਲ ਹਰਦਮ।
ਚੰਗਾ ਨਾਮਣਾ ਉਨ੍ਹਾਂ ਨੇ ਖੱਟਿਆ ਸੀ, ਸ਼ਹੀਦੀ ਮਿਸਲ ਵਾਲੇ ਜਥੇਦਾਰ ਬਣ ਕੇ।
ਦਿੱਤਾ ਬੰਦੇ ਬਹਾਦਰ ਦਾ ਸਾਥ ਓਨ੍ਹਾਂ, ਸਿੱਖ ਕੌਮ ਦੇ ਸਿਪਾਹ-ਸਲਾਰ ਬਣ ਕੇ।
ਸੇਵਾ ਕੀਤੀ ਸੀ ਬਾਣੀ ਪੜ੍ਹਾਉਣ ਵਾਲੀ, ਦਮਦਮਾ ਸਾਹਿਬ ਵਿਖੇ ਸੇਵਾਦਾਰ ਬਣ ਕੇ।
ਤੱਤ ਖਾਲਸਾ ਤੇ ਬੰਦਈ ਖਾਲਸਾ ’ਚ, ਝਗੜਾ ਟਾਲਿਆ ਪੰਥਕ ਦੀਵਾਰ ਬਣ ਕੇ।
ਮੀਰ ਮੰਨੂੰ ਤੋਂ ਬਾਅਦ ਲਾਹੌਰ ਅੰਦਰ, ਜਹਾਨ ਖਾਂ ਬਣਿਆ ਸੂਬੇਦਾਰ ਆਖਰ।
ਖੁਰਾ ਖੋਜ ਮਿਟਾਉਣ ਲਈ ਖਾਲਸੇ ਦਾ, ਕੀਤੀ ਸਾਥੀਆਂ ਨਾਲ ਵੀਚਾਰ ਆਖਰ।
ਅੰਮ੍ਰਿਤਸਰ ਸਰੋਵਰ ਨੂੰ ਪੂਰ ਦੇਈਏ, ਢਾਹੀਏ ਇਨ੍ਹਾਂ ਦਾ ਗੁਰੂ ਦਰਬਾਰ ਆਖਰ।
ਮਿਲਦੀ ਸਿੰਘਾਂ ਨੂੰ ਏਥੋਂ ਅਥਾਹ ਸ਼ਕਤੀ, ਲੜਨ ਮਰਨ ਲਈ ਹੁੰਦੇ ਤਿਆਰ ਆਖਰ ।
ਹਰੀਮੰਦਰ ਨੂੰ ਕਰਕੇ ਢਾਹ ਢੇਰੀ, ਸਰੋਵਰ ਪੂਰ ਕੇ ਕੀਤਾ ਸੀ ਜਬਰ ਓਦੋਂ।
ਅੱਲ੍ਹੇ ਜ਼ਖ਼ਮਾਂ ਤੇ ਛਿੜਕ ਕੇ ਲੂਣ ਉਸ ਨੇ, ਖੋਦ ਲਈ ਸੀ ਆਪਣੀ ਕਬਰ ਓਦੋਂ।
ਸਿੱਖੀ ਹਿਰਦੇ ਵਲੂੰਧਰੇ ਗਏ ਸਾਰੇ, ਟੁੱਟ ਗਿਆ ਸੀ ਸਿੰਘਾਂ ਦਾ ਸਬਰ ਓਦੋਂ।
ਇਸ ਬਿਅਦਬੀ ਦੀ ਸਾਰੇ ਜਹਾਨ ਅੰਦਰ, ਵਾਂਗ ਬਿਜਲੀ ਦੇ ਫੈਲੀ ਸੀ ਖਬਰ ਓਦੋਂ।
ਇਹਦੇ ਬਾਰੇ ਵਿਚ ਲੱਗਾ ਜਦ ਪਤਾ ਬਾਬੇ, ਖਾਧਾ ਬਾਬੇ ਦੇ ਖੂਨ ਉਬਾਲ ਹੈਸੀ ।
ਅੱਖੋਂ ਲਹੂ ਦੇ ਅੱਥਰੂ ਵਗਣ ਲੱਗੇ, ਗੁੱਸੇ ਵਿੱਚ ਹੋਇਆ ਲਾਲੋ ਲਾਲ ਹੈਸੀ।
ਪਾਇਆ ਹੱਥ ਜਦ ਓਸ ਨੇ ਸਸ਼ਤਰਾਂ ਨੂੰ, ਹਿੱਲੀ ਧਰਤੀ ਤੇ ਆਇਆ ਭੂਚਾਲ ਹੈਸੀ।
ਟੱਕਰ ਲੈਣ ਲਈ ਦਿਲ ਵਿੱਚ ਪ੍ਰਣ ਕੀਤਾ, ਜਾਬਰ, ਜ਼ਾਲਮ, ਜਰਵਾਣਿਆਂ ਨਾਲ ਹੈਸੀ।
ਆਪਣੀ ਕਲਮ ਨਾਲ ਲਹੂ ਦੇ ਲਿਖ ਅੱਖਰ, ਦੂਰ ਦੂਰ ਤੱਕ ਭੇਜੇ ਪੈਗਾਮ, ਸਿੰਘੋ।
ਸਾਡੀ ਪੱਗ ਨੂੰ ਦੁਸ਼ਟਾਂ ਨੇ ਹੱਥ ਪਾਇਐ, ਢਾਹ ਕੇ ਸਾਡੇ ਇਹ ਪਾਵਨ ਗੁਰਧਾਮ, ਸਿੰਘੋ।
ਪਹੁੰਚ ਜਾਓ ਹੁਣ ਦਮਦਮਾ ਸਾਹਿਬ ਛੇਤੀ, ਪੀਣੈ ਜਿਨ੍ਹਾਂ ਸ਼ਹਾਦਤ ਦਾ ਜਾਮ, ਸਿੰਘੋ।
ਜੇਕਰ ਧਰਮ ਪਿਆਰਾ ਜੇ ਜਿੰਦ ਨਾਲੋਂ, ਘੜੀ ਪਲ ਨਾ ਕਰਿਉ ਆਰਾਮ ਸਿੰਘੋ।
ਸੁਨੇਹਾ ਮਿਲਦਿਆਂ ਸਿੰਘਾਂ ਨੇ ਪਾਏ ਚਾਲੇ, ਪਹੁੰਚ ਗਏ ਸਨ ਬਾਬਾ ਜੀ ਪਾਸ ਏਥੇ।
ਗੁਰੂ ਚਰਨਾਂ ’ਚ ਗਲ ’ਚ ਪਾ ਪੱਲਾ, ਬਿਹਬਲ ਹੋ ਕੇ ਕੀਤੀ ਅਰਦਾਸ ਏਥੇ।
ਬੇਅਦਬੀ ਪਾਵਨ ਹਰਿਮੰਦਰ ਦੀ ਜਿਨ੍ਹਾਂ ਕੀਤੀ, ਉਨ੍ਹਾਂ ਦੁਸ਼ਟਾਂ ਦਾ ਕਰਨਾ ਏ ਨਾਸ ਏਥੇ।
ਹੋ ਜਾਏ ਹੁਣ ਜ਼ੁਲਮ ਦਾ ਅੰਤ ਦਾਤਾ, ਬੇਸ਼ਕ ਲੱਗ ਜਾਣ ਸਾਡੇ ਸੁਆਸ ਏਥੇ।
ਕਰਕੇ ਕਮਰਕਸਾ, ਸੰਤ ਸੂਰਮੇ ਨੇ, ਬੜੇ ਜੋਸ਼ ਨਾਲ ਕੀਤੀ ਤਕਰੀਰ ਇਹ ਤਾਂ।
ਅਣਖ ਨਾਲ ਜਿਉਂਣੇ, ਅਣਖ ਨਾਲ ਮਰਨੈ, ਕਹਿਕੇ, ਖੰਡੇ ਨਾਲ ਖਿੱਚੀ ਲਕੀਰ ਇਹ ਤਾਂ।
ਜਿੰਦ ਐਸ ਪਾਸੇ, ਸਿੱਖੀ ਐਸ ਪਾਸੇ, ਵਾਹ ਦਿੱਤੀ ਏ ਥੋਡੀ ਤਕਦੀਰ ਇਹ ਤਾਂ।
ਸੁਣਦੇ ਸਾਰ ਹੀ ਜੋਸ਼ ਦੇ ਵਿੱਚ ਆ ਕੇ, ਸਿੰਘ ਟੱਪ ਗਏ ਸਾਰੇ ਲਕੀਰ ਇਹ ਤਾਂ।
ਉਨ੍ਹਾਂ ਫੇਰ ਲਲਕਾਰ ਕੇ ਕਿਹਾ ਸਭ ਨੂੰ, ਦਸਮ ਪਿਤਾ ਦੇ ਲਾਡਲੇ ਲਾਲ ਸਿੰਘੋ।
ਥੋਡੇ ਚਿਹਰੇ ਨੇ ਭੱਖ ਰਹੇ ਅੱਗ ਵਾਂਗੂ, ਸਿੱਖੀ ਅਣਖ ਤੇ ਬੀਰਤਾ ਨਾਲ ਸਿੰਘੋ।
ਮੈਨੂੰ ਮਾਣ ਏ ਥੋਡੀ ਬਹਾਦਰੀ ਤੇ, ਕਰਨੀ ਜੰਗ’ਚ ਤੁਸਾਂ ਕਮਾਲ ਸਿੰਘੋਂ।
ਹਰੀਮੰਦਰ ਦੀ ਹੋਈ ਬੇਅਦਬੀ ਦੇ, ਦਾਗ ਧੋਣੇ ਨੇ ਖੂਨ ਦੇ ਨਾਲ ਸਿੰਘੋ।
ਅੰਮ੍ਰਿਤਸਰ ਵੱਲ ਸ਼ੇਰਾਂ ਦਾ ਦਲ ਵਧਿਆ, ਬਾਬਾ ਦੀਪ ਸਿੰਘ ਦੀ ਕਮਾਨ ਅੰਦਰ।
ਰਸਤੇ ਵਿੱਚ ਸਨ ਹੋਰ ਵੀ ਗਏ ਰਲਦੇ, ਪੰਜ ਹਜ਼ਾਰ ਸੀ ਨਿਤਰੇ ਮੈਦਾਨ ਅੰਦਰ।
ਉਧਰ ਵੀਹ ਹਜ਼ਾਰ ਦੀ ਫੌਜ ਲੈ ਕੇ, ਜਹਾਨ ਖਾਂ ਵੀ ਆਇਆ ਮੈਦਾਨ ਅੰਦਰ।
ਗੋਹਲਵੜ ਕੋਲ ਹੋਇਆ ਮੁਕਾਬਲਾ ਸੀ, ਸਿੰਘ ਜੂਝੇ ਸਨ ਅਣਖ ਤੇ ਆਨ ਅੰਦਰ।
ਜੰਗੀ ਜੌਹਰ ਦਿਖਾਉਣ ਲਈ ਦਲ ਦੋਵੇਂ, ਆਹਮੋਂ ਸਾਹਮਣੇ ਆਏ ਸੀ ਉਸ ਵੇਲੇ।
ਹਰ ਇਕ ਤੇਗ ਨੇ ਕਾਲ ਦੀ ਜੀਭ ਬਣਕੇ, ਲਹੂ ਬੁਲ੍ਹਾਂ ਨੂੰ ਲਾਏ ਸੀ ਉਸ ਵੇਲੇ।
ਹੱਲਾ ਜ਼ੋਰ ਦਾ ਬਾਬੇ ਨੇ ਬੋਲ ਕੇ ਤੇ, ਭੜਥੂ ਜੰਗ’ਚ ਪਾਏ ਸੀ ਉਸ ਵੇਲੇ।
ਅਕਾਸ਼ ਗੁੰਜਾਊ ਜੈਕਾਰੇ ਗਜਾ ਕੇ ਤੇ, ਸਿੰਘਾਂ ਪਾਸੇ ਪਲਟਾਏ ਸੀ ਉਸ ਵੇਲੇ।
ਬਾਬਾ ਦੀਪ ਸਿੰਘ ਜੀ ਦੇ ਇਕ ਸਾਥੀ, ਦਿਆਲ ਸਿੰਘ ਨੇ ਕੀਤੀ ਕਮਾਲ ਹੈਸੀ।
ਸ਼ੇਰ ਮਰਦ ਸੀ ਜੋ ਦਸਮੇਸ਼ ਜੀ ਦਾ, ਜਹਾਨ ਖਾਂ ਦਾ ਬਣ ਗਿਆ ਕਾਲ ਹੈਸੀ।
ਉਹਦੇ ਹਾਥੀ ਦੇ ਉੱਤੇ ਸੀ ਜਾ ਚੜ੍ਹਿਆ, ਭੁੱਖੇ ਸ਼ੇਰ ਵਾਂਗੂੰ ਮਾਰ ਛਾਲ ਹੈਸੀ।
ਫੁਰਤੀ ਨਾਲ ਫਿਰ ਓਸਦਾ ਸਿਰ ਵੱਢ ਕੇ, ਕਾਇਮ ਜਗ’ਚ ਕੀਤੀ ਮਿਸਾਲ ਹੈਸੀ।
ਰਾਮਸਰ ਸਰੋਵਰ ਦੇ ਕੋਲ ਜਾ ਕੇ, ਲਹੂ ਡੋਲਵੀਂ ਹੋਈ ਲੜਾਈ ਆਖਰ।
ਦੁਸ਼ਮਣ ਫੌਜਾਂ ਦਾ ਬੜਾ ਨੁਕਸਾਨ ਹੋਇਆ, ਕਈ ਸਿੰਘਾਂ ਵੀ ਕੀਤੀ ਚੜ੍ਹਾਈ ਆਖਰ।
ਗਲੀਆਂ ਖੂਨ ਤੇ ਲੋਥਾਂ ਨਾਲ ਭਰ ਗਈਆਂ, ਪਈ ਤੜਥੱਲ ਤੇ ਮੱਚੀ ਦੁਹਾਈ ਆਖਰ।
ਓਦੋਂ ਬਾਬੇ ਦੇ ਹੱਥ ‘ਚ ਤੱਕ ਖੰਡਾ, ਹੈਸੀ ਮੌਤ ਮਰਜਾਣੀ ਘਬਰਾਈ ਆਖਰ ।
ਜਮਾਲ ਸ਼ਾਹ ਨੇ ਜਦੋਂ ਲਲਕਾਰਿਆ ਸੀ, ਧਨੀ ਤੇਗ ਦੇ, ਤੇਗ ਚਲਾਈ ਏਥੇ।
ਬੱਬਰ ਸ਼ੇਰ ਵਾਂਗੂੰ ਉਨ੍ਹਾਂ ਗਰਜ ਕੇ ਤੇ, ਅੱਗੇ ਅੱਗੇ ਸੀ ਹੋਣੀ ਭਜਾਈ ਏਥੇ।
ਭਾਵੇਂ ਹੋ ਗਿਆ ਬਾਬੇ ਦਾ ਸੀਸ ਜ਼ਖ਼ਮੀ, ਕਦਮ ਅੱਗੇ ਨੂੰ ਗਏ ਵਧਾਈ ਏਥੇ।
ਇਕ ਹੱਥ ਨਾਲ ਸੀਸ ਸੰਭਾਲਿਆ ਸੀ, ਦੂਜੇ ਹੱਥ ਗਏ ਖੰਡਾ ਖੜਕਾਈ ਏਥੇ।
ਸਿਰਲੱਥ ਉਸ ਬਾਂਕੇ ਜਰਨੈਲ ਓਦੋਂ, ਹੈਸੀ ਆਖਰੀ ਫ਼ਤਹਿ ਗਜਾਈ ਏਥੇ।
‘ਜਾਚਕ’ ਬਾਬੇ ਨੇ ਕਰਕੇ ਪ੍ਰਣ ਪੂਰਾ, ਗੁਰੂ ਚਰਨੀਂ ਸ਼ਹਾਦਤ ਸੀ ਪਾਈ ਏਥੇ।