Home » ਲਹੂ ਭਿੱਜੇ ਇਤਿਹਾਸ ਦੇ ਪੰਨੇ » ਭਾਈ ਤਾਰੂ ਸਿੰਘ ਜੀ ਸੰਬੰਧੀ ਕਵਿਤਾਵਾਂ

ਭਾਈ ਤਾਰੂ ਸਿੰਘ ਜੀ ਸੰਬੰਧੀ ਕਵਿਤਾਵਾਂ

by Dr. Hari Singh Jachak
Poem on Bhai Taru Singh Ji

ਭਾਈ ਤਾਰੂ ਸਿੰਘ ਜੀ ਸੰਬੰਧੀ ਕਵਿਤਾਵਾਂ

ਭਾਈ ਤਾਰੂ ਸਿੰਘ ਜੀ

ਤੱਕੀਏ ਸਮਾਂ ਜਦ ਜ਼ਕਰੀਆ ਖਾਂ ਵਰਗੇ, ਮੁੱਲ ਸਿੰਘਾਂ ਦੇ ਸਿਰਾਂ ਦੇ ਪਾ ਰਹੇ ਸਨ।

ਸਿੰਘ ਆਪਣੇ ਘਰ ਤੇ ਘਾਟ ਛੱਡ ਕੇ, ਜੰਗਲਾਂ ਬੇਲਿਆਂ ਵੱਲ ਨੂੰ ਜਾ ਰਹੇ ਸਨ।

ਸੂਰਬੀਰ ਯੋਧੇ, ਸੀਸ ਤਲੀ ਧਰ ਕੇ, ਸਿਰ ਧੜ ਦੀਆਂ ਬਾਜੀਆਂ ਲਾ ਰਹੇ ਸਨ।

ਸਰਦੀ, ਗਰਮੀ ਤੇ ਭੁੱਖਾਂ ਦੇ ਦੁੱਖ ਝੱਲ ਕੇ, ਦੁੱਖਾਂ ਵਿੱਚ ਵੀ ਸੁੱਖ ਮਨਾ ਰਹੇ ਸਨ।

 

ਸਿੱਖ ਜਿਉਂਦਾ ਜਾਂ ਮੁਰਦਾ ਲਿਆਏ ਜਿਹੜਾ, ਦਿੱਤੇ ਜਾਂਦੇ ਸਨ ਭਾਰੀ ਇਨਾਮ ਏਥੇ।

ਫੜ ਫੜ ਬੇਗੁਨਾਹ, ਬੇਦੋਸ਼ਿਆਂ ਦਾ, ਕੀਤਾ ਜਾ ਰਿਹਾ ਸੀ ਕਤਲੇਆਮ ਏਥੇ।

ਸਾਰੇ ਕਾਇਦੇ ਕਾਨੂੰਨਾਂ ਨੂੰ ਟੰਗ ਛਿੱਕੇ, ਸਿੰਘ ਸ਼ਹੀਦ ਕੀਤੇ, ਸ਼ਰੇਆਮ ਏਥੇ।

ਸਿੱਖੀ ਸਿਦਕ ਨੂੰ ਆਂਚ ਨਾ ਆਉਣ ਦਿੱਤੀ, ਪੀਤਾ ਸਿੰਘਾਂ ਸ਼ਹਾਦਤ ਦਾ ਜਾਮ ਏਥੇ।

 

ਭਾਈ ਤਾਰੂ ਸਿੰਘ ਪੂਹਲੇ ਦੇ ਰਹਿਣ ਵਾਲਾ,ਸੀ ਦਸਮੇਸ਼ ਦਾ ਲਾਡਲਾ ਲਾਲ ਉਹ ਤਾਂ।

ਭੁੱਖੇ ਸਿੰਘਾਂ ਨੂੰ ਲੰਗਰ ਛਕਾ ਦਿੰਦਾ, ਦਸਾਂ ਨੌਹਾਂ ਦੀ ਘਾਲਣਾ ਘਾਲ ਉਹ ਤਾਂ।

ਜੰਗਲ ਬੇਲਿਆਂ ਵਿੱਚ ਜੋ ਸਿੰਘ ਰਹਿੰਦੇ, ਕਰਦਾ ਉਹਨਾਂ ਦੀ ਸੇਵਾ ਸੰਭਾਲ ਉਹ ਤਾਂ।

ਜਾਨ ਆਪਣੀ ਤਲੀ ਤੇ ਰੱਖ ਕੇ ਤੇ, ਖੇਡ ਰਿਹਾ ਸੀ ਖਤਰਿਆਂ ਨਾਲ ਉਹ ਤਾਂ।

 

ਹਰਭਗਤ ਨਿਰੰਜਨੀਆਂ ਟਾਊਟ ਸੀ ਜੋ, ਥਾਂ ਥਾਂ ਸਿੰਘ ਬੇਦੋਸ਼ੇ ਫੜਾ ਰਿਹਾ ਸੀ।

ਸੂਹ ਦੇਣ ਲਈ ਲਾਹੌਰ  ਦਰਬਾਰ ਅੰਦਰ, ਕਦੀ ਆ ਰਿਹਾ ਸੀ ਕਦੀ ਜਾ ਰਿਹਾ ਸੀ।

ਸੁੰਘਣ ਸ਼ਕਤੀ ਸੀ ਕੁੱਤੇ ਦੇ ਵਾਂਗ ਉਸਦੀ, ਘਰਾਂ ਘਰਾਂ ਦੀ ਖਬਰ ਪਹੁੰਚਾ ਰਿਹਾ ਸੀ।

ਤਾਰੂ ਸਿੰਘ ਵਰਗੇ ਧਰਮੀ ਪੁਰਸ਼ ਤਾਈਂ, ਝੋਲੀ ਚੁੱਕ ਅੱਜ ਔਕੜ ’ਚ ਪਾ ਰਿਹਾ ਸੀ।

 

ਹਲਕੇ ਕੁੱਤੇ ਦੇ ਵਾਂਗ ਲਾਹੌਰ ਭੱਜਾ, ਕਹਿੰਦਾ ਜਕਰੀਏ ਤਾਈਂ, ਸਲਾਮ ਸੂਬੇ।

ਤਾਰੂ ਸਿੰਘ ਜੋ ਪੂਹਲੇ ਦੇ ਰਹਿਣ ਵਾਲਾ, ਤੇਰੀ ਕਰੂਗਾ ਨੀਂਦ ਹਰਾਮ ਸੂਬੇ।

ਸ਼ਰਨ ਦਿੰਦਾ ਈ ਘਰ ਵਿੱਚ ਬਾਗੀਆਂ ਨੂੰ, ਲੰਗਰ ਲਾ ਰਿਹਾ ਈ ਸ਼ਰੇਆਮ ਸੂਬੇ।

ਤੇਰੇ ਰਾਜ ਦਰਬਾਰ ਦੇ ਜੋ ਦੁਸ਼ਮਣ, ਕਰਦੇ ਰਾਤ ਨੂੰ ਏਥੇ ਬਿਸਰਾਮ ਸੂਬੇ।

 

ਖ਼ਾਨ ਜ਼ਕਰੀਏੇ ਉਸ ਦੀ ਸੂਹ ਉੱਤੇ, ਭੇਜੀ ਫੌਜ ਸੀ ਪਿੰਡ ’ਚ ਝੱਟ ਓਦੋਂ।

ਚਾਰੇ ਪਾਸੇ ਤੋਂ ਪਿੰਡ ਨੂੰ ਘੇਰ ਲੀਤਾ, ਅੱਗੋਂ ਸਿੰਘ ਵੀ ਗਏ ਸਨ ਡੱਟ ਓਦੋਂ।

ਭਾਈ ਸਾਹਿਬ ਦੀ ਮੰਨ ਹਦਾਇਤ, ਐਪਰ, ਸਾਰੇ ਪਿਛੇ ਨੂੰ ਗਏ ਸਨ ਹੱਟ ਓਦੋਂ।

ਤਾਰੂ ਸਿੰਘ ਨੂੰ ਜ਼ਾਲਮ ਗ੍ਰਿਫਤਾਰ ਕਰਕੇ, ਲੈ ਚਲੇ ਲਾਹੌਰ ਨੂੰ ਝੱਟ ਓਦੋਂ।

 

ਤੁਰਦੇ ਤੁਰਦੇ ਨੂੰ ਮਾਂ ਅਸੀਸ ਦਿੱਤੀ, ਗੁਰੂ ਮਿਹਰਾਂ ਦਾ ਮੀਂਹ ਵਰਸਾਊ ਸਿਰ ਤੇ।

ਸਿੱਖੀ ਕੇਸੀਂ ਸੁਆਸੀਂ ਨਿਭਾਈਂ ਬੱਚਿਆ, ਭਾਵੇਂ ਕੋਈ ਵੀ ਹੋਣੀ ਮੰਡਰਾਊ ਸਿਰ ਤੇ।

ਅੱਗੇ ਵਧ ਕੇ ਭੈਣ ਨੇ ਕਿਹਾ ਵੀਰੇ, ਤੇਰੀ ਭੈਣ ਦਸਤਾਰ ਸਜਾਉੂ ਸਿਰ ਤੇ।

ਲੰਗਰ ਗੁਰੂ ਦਾ ਸਦਾ ਹੀ ਰਹੂ ਚਲਦਾ, ਭਾਵੇਂ ਕੋਈ ਵੀ ਆਫਤ ਹੁਣ ਆਊ ਸਿਰ ਤੇ।

 

ਹੱਥੀਂ ਹੱਥਕੜੀ, ਪੈਰਾਂ ’ਚ ਪਾ ਬੇੜੀ, ਕੀਤਾ ਨੂੜ ਕੇ ਖਾਨ ਦੇ ਪੇਸ਼ ਤਾਰੂ।

ਬੜੇ ਪਿਆਰ ਨਾਲ ਜ਼ਕਰੀਆ ਕਹਿਣ ਲੱਗਾ, ਕਰਨ ਲੱਗਾ ਹਾਂ ਗੱਲ ਵਿਸ਼ੇਸ਼ ਤਾਰੂ।

ਹੁੰਦੀ ਹੰਸਾਂ ਦੀ ਸੋਭਾ ਹੈ ਵਿੱਚ ਹੰਸਾਂ, ਚੰਗਾ ਨਹੀਂ ਇਹ ਕਾਵਾਂ ਦਾ ਭੇਸ ਤਾਰੂ।

ਕਰ ਲੈ ਦੀਨ ਇਸਲਾਮ ਕਬੂਲ ਤੂੰ ਤਾਂ, ਲਾਹ ਦੇ ਸਿਰ ਤੋਂ ਆਪਣੇ ਕੇਸ ਤਾਰੂ।

 

ਭਾਈ ਸਾਹਿਬ ਨੇ ਕਿਹਾ, ਹੈ ਸਿੱਖ ਓਹੀਉ, ਸਿੱਖੀ ਸਿਦਕ ਨੂੰ ਤੋੜ ਨਿਭਾਏ ਜਿਹੜਾ।

ਮੇਰਾ ਗੁਰੂ ਤਾਂ ਉਸ ਤੇ ਖੁਸ਼ ਹੁੰਦੈ, ਵੈਰੀ ਤਾਈਂ ਵੀ ਪਾਣੀ ਪਿਲਾਏ ਜਿਹੜਾ।

ਬਿਨਾਂ ਕਿਸੇ ਵੀ ਕਿਸਮ ਦੇ ਵਿਤਕਰੇ ਦੇ, ਆਏ ਗਏ ਨੂੰ ਲੰਗਰ ਛਕਾਏ ਜਿਹੜਾ।

ਮੈਂ ਵੀ ਕਦੇ ਨਹੀਂ ਕਿਸੇ ਦਾ ਮਜ੍ਹਬ ਤੱਕਿਆ, ਸੇਵਾ ਕਰਦਾ ਹਾਂ, ਚੱਲ ਕੇ ਆਏ ਜਿਹੜਾ।

 

ਅੱਗ ਬਬੂਲਾ ਹੋ ਜ਼ਕਰੀਏ ਕਿਹਾ ਅੱਗੋਂ, ਕਹਿਣਾ ਮੰਨ ਤੂੰ ਹੋ ਸੁਚੇਤ ਮੇਰਾ।

ਸਿੱਖੀ ਰੂਪ ਤਿਆਗ ਦੇ ਸਦਾ ਦੇ ਲਈ, ਏਸੇ ਵਿੱਚ ਏ ਤੇਰਾ ਤੇ ਹੇਤ ਮੇਰਾ।

ਕਿਹਾ ਸਿੰਘ ਨੇ ਅੱਗੋਂ ਲਲਕਾਰ ਕੇ ਤੇ, ਤੂੰ ਨਹੀਂ ਜਾਣ ਸਕਦਾ ਸਿੱਖੀ ਭੇਤ ਮੇਰਾ।

ਕੱਲੇ ਕੇਸ ਇਹ ਕਤਲ ਨਹੀਂ ਹੋ ਸਕਣੇ, ਲਾਹ ਲੈ ਖੋਪਰ ਤੂੰ ਕੇਸਾਂ ਸਮੇਤ ਮੇਰਾ।

 

ਤੇਰੀ ਮਿੱਠੀ ਜ਼ਬਾਨ ਦੀ ਛੁਰੀ ਇਹ ਤਾਂ, ਮੇਰੇ ਸਿਦਕ ਨੂੰ ਮਾਰ ਨਹੀਂ ਸੱਟ ਸਕਦੀ।

ਅੰਮ੍ਰਿਤ ਬੂੰਦਾਂ ਨਾਲ ਕੇਸ ਇਹ ਅਮਰ ਹੋਏ, ਕੋਈ ਕੈਂਚੀ ਨਹੀਂ ਇਨ੍ਹਾਂ ਨੂੰ ਕੱਟ ਸਕਦੀ।

ਮੈਂ ਇਹ ਸਿਰ ਤਾਂ ਕਲਮ ਕਰਵਾ ਸਕਦਾਂ, ਪਰ ਕੇਸਾਂ ਦੀ ਬੇਅਦਬੀ ਨਹੀਂ ਸਹਿ ਸਕਦਾ।

ਪਾਵਨ ਕੇਸ ਇਹ ਗੁਰੂ ਦੀ ਹਨ ਬਖਸ਼ਿਸ਼, ਇਨਾਂ ਬਿਨਾਂ ਮੈਂ ਜਿਉਂਦਾ ਨਹੀਂ ਰਹਿ ਸਕਦਾ।

 

ਸੜ ਬਲ ਕੇ ਸੂਬੇ ਨੇ ਕਿਹਾ ਅੱਗੋਂ, ਸਖਤ ਸਜਾ ਦਾ ਹੈਂ ਹੱਕਦਾਰ ਤੂੰ ਤਾਂ।

ਦਿਨ ਰਾਤ ਜੋ ਸਾਨੂੰ ਪ੍ਰੇਸ਼ਾਨ ਕਰਦੇ, ਬਣਿਐਂ ਉਨ੍ਹਾਂ ਦਾ ਮੱਦਦਗਾਰ ਤੂੰ ਤਾਂ।

ਜੰਗਲਾਂ ਵਿੱਚ ਨੇ ਫਨੀਅਰ ਜੋ ਸੱਪ ਫਿਰਦੇ, ਕਰਦੈਂ ਉਨ੍ਹਾਂ ਦੇ ਨਾਲ ਪਿਆਰ ਤੂੰ ਤਾਂ।

ਸ਼ਰਨ ਦਿੰਦੈਂ ਹਕੂਮਤ ਦੇ ਬਾਗੀਆਂ ਨੂੰ, ਬਣਿਆ ਫਿਰਦਾ ਹੈਂ ਓਨ੍ਹਾਂ ਦਾ ਯਾਰ ਤੂੰ ਤਾਂ।

 

ਓਦੋਂ ਸਿੰਘ ਨੇ ਦਿਲੋਂ ਅਰਦਾਸ ਕੀਤੀ, ਤੇਰੇ ਚਰਨਾਂ ਦੀ ਧੂੜ ਦਾ ਕੱਖ ਦਾਤਾ।

ਕੇਸਗੜ੍ਹ ਤੋਂ ਪਾਵਨ ਜੋ ਕੇਸ ਬਖਸ਼ੇ, ਉਨ੍ਹਾਂ ਉਤੇ ਅੱਜ ਦੁਸ਼ਮਣ ਦੀ ਅੱਖ ਦਾਤਾ।

ਮੇਰੇ ਜਾਨ ਤੋਂ ਪਿਆਰੇ ਇਹ ਕੇਸ ਸਤਿਗੁਰ, ਜੀਉਂਦੇ ਜੀਅ ਨਾ ਹੋਣ ਇਹ ਵੱਖ ਦਾਤਾ।

ਮੇਰੇ ਵਸ ਦੀ ਗੱਲ ਨਾ ਰਹੀ ਹੁਣ ਤਾਂ, ਜਿਵੇਂ ਰੱਖ ਸਕਦੈਂ, ਉਵੇਂ ਰੱਖ ਦਾਤਾ।

 

ਭਾਈ ਸਾਹਿਬ ਨੂੰ ਆਖ਼ਰ ਜ਼ਕਰੀਏ ਨੇ, ਕੋਹ ਕੋਹ ਕੇ ਮਾਰਨ ਦਾ ਹੁਕਮ ਦਿੱਤਾ।

ਜੂੜਾ ਕੈਂਚੀ ਨਾਲ ਓਨ੍ਹਾਂ ਦਾ ਕੱਟ ਕੇ ਤੇ, ਸਿਰ ਤੋਂ ਵਾਲ ਉਤਾਰਨ ਦਾ ਹੁਕਮ ਦਿੱਤਾ।

ਲਾਇਆ ਜੋਰ ਪਰ ਜੂੜਾ ਨਾ ਕੱਟ ਸਕੇ,‘ਲੱਭੋ ਏਸ ਦਾ ਕਾਰਨ’ ਦਾ ਹੁਕਮ ਦਿੱਤਾ।

ਖ਼ਾਨ ਜ਼ਕਰੀਏ ਕੇਸਾਂ ਸਮੇਤ ਆਖਰ, ਸਿਰ ਤੋਂ ਖੋਪਰ ਉਤਾਰਨ ਦਾ ਹੁਕਮ ਦਿੱਤਾ।

 

ਹੌਲੀ ਹੌਲੀ ਫਿਰ ਮੋਚੀ ਨੇ ਨਾਲ ਰੰਬੀ, ਦਿੱਤਾ ‘ਸਿੰਘ’ ਦਾ ਖੋਪਰ ਉਤਾਰ ਆਖਰ।

ਸਾਰਾ ਜਿਸਮ ਸੀ ਲਹੂ ਲੁਹਾਨ ਹੋਇਆ, ਖਿੜੀ ਚਿਹਰੇ ਤੇ ਰਹੀ ਗੁਲਜ਼ਾਰ ਆਖਰ।

ਏਨੇ ਚਿਰ ਨੂੰ ਓਥੇ ਸੀ ਖਬਰ ਪਹੁੰਚੀ, ਖਾਨ ਹੋ ਗਿਆ ਬੜਾ ਬੀਮਾਰ ਆਖਰ।

ਹੋ ਗਿਆ ਸੀ ਬੰਦ ਪਿਸ਼ਾਬ ਉਸਦਾ, ਹੋਇਆ ਇਹ ਵੀ ਕੋਈ ਚਮਤਕਾਰ ਆਖਰ।

 

ਤੜਫ ਤੜਫ ਕੇ ਮੱਛੀ ਦੇ ਵਾਂਗ ਉਹ ਤਾਂ, ਹੋ ਰਿਹਾ ਸੀ ਠੰਢਾਠਾਰ ਆਖਰ।

ਮੇਰੇ ਕੋਲੋਂ ਤਾਂ ਘੋਰ ਅਨਿਆਏ ਹੋਇਐ, ਰੋ ਰੋ ਕਹਿ ਰਿਹਾ ਸੀ, ਬਾਰ ਬਾਰ ਆਖਰ।

ਭਾਈ ਸਾਹਿਬ ਦੀ ਵੱਜੀ ਜਦ ਸਿਰ ਜੁੱਤੀ, ਛੱਡ ਗਿਆ ਸੀ ਇਹ ਸੰਸਾਰ ਆਖਰ।

ਬਾਈ ਦਿਨਾਂ ਤੱਕ ਸ਼ਾਂਤ ਚਿੱਤ ਰਹਿ ‘ਜਾਚਕ’, ਭਾਈ ਸਾਹਿਬ ਉਡਾਰੀ ਗਏ ਮਾਰ ਆਖਰ।