ਭਾਈ ਤਾਰਾ ਸਿੰਘ ਵਾਂ ਸੰਬੰਧੀ ਕਵਿਤਾਵਾਂ
ਭਾਈ ਤਾਰਾ ਸਿੰਘ ਵਾਂ
ਭਾਈ ਤਾਰਾ ਸਿੰਘ ਪਿੰਡ ਵਾਂ ਵਾਲਾ, ਰੱਜਿਆ ਪੁਜਿਆ ਸਿੰਘ ਸਰਦਾਰ ਸੀ ਉਹ।
ਭਾਈ ਮਨੀ ਸਿੰਘ ਤੋਂ ਅੰਮ੍ਰਿਤ ਪਾਨ ਕਰਕੇ, ਹੋਇਆ ਸੂਰਮਾ ਤਿਆਰ ਬਰ ਤਿਆਰ ਸੀ ਉਹ।
ਰਣ ਮੈਦਾਨ ਵਿੱਚ ਜੌਹਰ ਵਿਖਾਉਣ ਵਾਲਾ, ਸੂਰਬੀਰ ਤੇ ਸਿਪਾਹ ਸਲਾਰ ਸੀ ਉਹ।
ਪਿੰਡੋਂ ਬਾਹਰ ਬਣਵਾਇਆ ਜੋ ਉਸ ਵਾੜਾ, ਲੰਘਦੇ ਟੱਪਦਿਆਂ ਦਾ ਘਰ ਤੇ ਬਾਰ ਸੀ ਉਹ।
ਬਿਨਾਂ ਕਿਸੇ ਵੀ ਕਿਸਮ ਦੇ ਵਿਤਕਰੇ ਦੇ, ਹਰ ਇਕ ਦਾ ਹੀ ਮੱਦਦਗਾਰ ਸੀ ਉਹ ।
ਚੌਵੀ ਘੰਟੇ ਹੀ ਲੰਗਰ ਚਲਾਂਵਦਾ ਸੀ, ਲੋੜਵੰਦਾਂ, ਗਰੀਬਾਂ ਦਾ ਯਾਰ ਸੀ ਉਹ।
ਆਉਂਦੇ ਜਾਂਦੇ ਸਨ ਸਿੰਘ ਬੇਧੜਕ ਹੋ ਕੇ, ਪੰਥ ਖਾਲਸੇ ਦਾ ਸੇਵਾਦਾਰ ਸੀ ਉਹ।
ਰੱਖਿਆ ਕਰਦਾ ਮਜਲੂਮਾਂ ਦੀ ਢਾਲ ਬਣ ਕੇ, ਜ਼ਾਲਮ ਲਈ ਪਰ ਤਿੱਖੀ ਤਲਵਾਰ ਸੀ ਉਹ।
ਸਾਹਿਬ ਰਾਇ ਨੁਸ਼ਹਿਰੇ ਦੇ ਰਹਿਣ ਵਾਲਾ, ਇਸ ਇਲਾਕੇ ਦਾ ਨੰਬਰਦਾਰ ਹੈਸੀ।
ਕੈਰੀ ਅੱਖ ਨਾਲ ਸਿੱਖਾਂ ਨੂੰ ਵੇਖਦਾ ਸੀ, ਝੋਲੀ ਚੁਕ ਹੈਸੀ ਚੁਗਲੀਮਾਰ ਹੈਸੀ।
ਜਾਣ ਬੁਝ ਕੇ ਸਿੰਘਾਂ ਦੇ ਖੇਤ ਅੰਦਰ, ਛੱਡਦਾ ਘੋੜੀਆਂ ਨੂੰ ਬਾਰ-ਬਾਰ ਹੈਸੀ।
ਜੇਕਰ ਕਰਦਾ ਸੀ ਕੋਈ ਸ਼ਿਕਾਇਤ ਅੱਗੋਂ, ਓਹਨੂੰ ਘੂਰਦਾ ਵਿੱਚ ਹੰਕਾਰ ਹੈਸੀ।
ਆ ਕੇ ਗੁੱਸੇ ’ਚ ਸਿੰਘਾਂ ਨੂੰ ਆਖਦਾ ਸੀ, ਥੋਡੇ ਸਭ ਦੇ ਕੇਸ ਮੁਨਵਾ ਦਿਆਂਗਾ।
ਫੇਰ ਇਨ੍ਹਾਂ ਨੂੰ ਵੱਟ ਕੇ ਮੁੰਝ ਵਾਂਗੂੰ, ਘੋੜੇ ਬੰਨ੍ਹਣ ਲਈ ਰੱਸੇ ਬਣਵਾ ਦਿਆਂਗਾ।
ਲੁੱਟ ਮਾਰ ਤੇ ਤੁਸਾਂ ਨੇ ਲੱਕ ਬੰਨਿਐ, ਤੁਹਾਨੂੰ ਕੀਤੀ ਦਾ ਮਜਾ ਚਖਾ ਦਿਆਂਗਾ।
ਓਦੋਂ ਤੱਕ ਨਹੀਂ ਮੈਨੂੰ ਵੀ ਚੈਨ ਆਉਣੀ, ਜਦ ਤੱਕ ਸਿੱਖ ਨਾ ਖਤਮ ਕਰਵਾ ਦਿਆਂਗਾ।
ਸਿੰਘਾਂ ਰੋਹ ’ਚ ਘੋੜੀਆਂ ਖੋਹ ਲਈਆਂ, ਏਸ ਜ਼ਾਲਮ ਨੂੰ ਸਬਕ ਸਿਖਾਉਣ ਖਾਤਰ।
ਬਾਬਾ ਆਲਾ ਸਿੰਘ ਹੋਰਾਂ ਨੂੰ ਜਾ ਕੇ ਤੇ, ਵੇਚ ਦਿੱਤੀਆਂ ਇਹਨੂੰ ਚਿੜ੍ਹਾਉਣ ਖਾਤਰ।
ਮਿਲੀ ਮਾਇਆ ਨੂੰ ਸਫਲਾ ਕਰਨ ਦੇ ਲਈ, ਸਿੰਘ ਭੇਜੇ ਸਨ ਰਸਦਾਂ ਲਿਆਉਣ ਖਾਤਰ।
ਭਾਈ ਤਾਰਾ ਸਿੰਘ ਜੀ ਵਾਂ ਹੁਰਾਂ ਵੱਲੇ, ਰਸਦਾਂ ਭੇਜੀਆਂ ਲੰਗਰ ਵਿੱਚ ਪਾਉਣ ਖਾਤਰ।
ਸਾਹਿਬ ਰਾਇ ਨੇ ਪਹੁੰਚ ਕੇ ਵਿੱਚ ਪੱਟੀ, ਜਫਰਬੇਗ ਨੂੰ ਪੱਟੀ ਪੜ੍ਹਾ ਦਿੱਤੀ।
ਫੌਜਦਾਰ ਨੇ ਆ ਕੇ ਤੈਸ਼ ਅੰਦਰ, ਪਿੰਡ ਵਾਂ ਤੇ ਫੌਜ ਚੜ੍ਹਾ ਦਿੱਤੀ।
ਭਾਈ ਸਾਹਿਬ ਨੂੰ ਜਦੋਂ ਸੀ ਪਤਾ ਲੱਗਾ, ਉਨ੍ਹਾਂ ਚੋਟ ਨਗਾਰੇ ਤੇ ਲਾ ਦਿੱਤੀ।
ਕੁਝ ਪਲਾਂ ’ਚ ਸਿੰਘਾਂ ਨੇ ਫੌਜ ਸਾਰੀ, ਭੇਡਾਂ ਬੱਕਰੀਆਂ ਵਾਂਗ ਭਜਾ ਦਿੱਤੀ।
ਭਾਈ ਸਾਹਿਬ ਨੇ ਸਿੰਘਾਂ ਨੂੰ ਕਿਹਾ ਓਦੋਂ, ਸ਼ਹੀਦੀ ਪਾਉਣ ਲਈ ਹੋਵੋ ਤਿਆਰ ਸਿੰਘੋ।
ਜ਼ਾਲਿਮ ਜ਼ਕਰੀਆਂ ਖਾਂ ਇਹ ਖਬਰ ਸੁਣ ਕੇ, ਥੋਡੇ ਉੱਤੇ ਹੁਣ ਕਰੂਗਾ ਵਾਰ ਸਿੰਘੋ।
ਰਣ ਤੱਤੇ ’ਚ ਮਰਨ ਦਾ ਚਾਅ ਮੈਨੂੰ, ਚੜਿਆ ਹੋਇਆ ਏ ਬੇਸ਼ੁਮਾਰ ਸਿੰਘੋ।
ਸ਼ਹੀਦੀ ਪਾਉਣੀ ਏ ਰਣ ਮੈਦਾਨ ਅੰਦਰ, ਇਹ ਮੈਂ ਰੱਖਿਐ ਦਿਲ ’ਚ ਧਾਰ ਸਿੰਘੋ।
ਮੋਮਨ ਖਾਂ ਨੇ ਲੈਣ ਦੇ ਲਈ ਬਦਲਾ, ਪਿੰਡ ਵਾਂ ਤੇ ਕੀਤੀ ਚੜ੍ਹਾਈ ਆਖਿਰ।
ਤਾਰਾ ਸਿੰਘ ਤੇ ਓਸ ਦੇ ਸਾਥੀਆਂ ਨੇ, ਲਹੂ ਡੋਲ੍ਹਵੀਂ ਕੀਤੀ ਲੜਾਈ ਆਖਿਰ।
ਚੜ੍ਹ ਕੇ ਆਇਆ ਜੋ ਪਿੰਡ ਤੇ ਲਾਮ ਲਸ਼ਕਰ, ਨਾਨੀ ਸਿੰਘਾਂ ਨੇ ਚੇਤੇ ਕਰਵਾਈ ਆਖਿਰ।
ਇਕੀ ਸਿੰਘਾਂ ਨਾਲ ‘ਜਾਚਕ’ ਤਦ ਭਾਈ ਸਾਹਿਬ, ਜੰਗ ਵਿੱਚ ਜੂਝ ਸ਼ਹੀਦੀ ਫਿਰ ਪਾਈ ਆਖਿਰ।