ਭਾਈ ਸ਼ੁਬੇਗ ਸਿੰਘ ਸ਼ਾਹਬਾਜ ਸਿੰਘ ਸੰਬੰਧੀ ਕਵਿਤਾਵਾਂ
ਭਾਈ ਸ਼ੁਬੇਗ ਸਿੰਘ ਸ਼ਾਹਬਾਜ ਸਿੰਘ
ਸੂਝਵਾਣ ਸਿਆਣੇ ਸ਼ੁਬੇਗ ਸਿੰਘ ਜੀ, ਜੋ ਲਾਹੌਰ ਅੰਦਰ ਠੇਕੇਦਾਰ ਹੈਸਨ।
ਮਿਲੀ ਹੋਈ ਸੀ ਹਾਕਮੀ ਉਨ੍ਹਾਂ ਤਾਈਂ, ਹਿੰਦੂ ਮੁਸਲਮ ਵੀ ਕਰਦੇ ਸਤਿਕਾਰ ਹੈਸਨ।
ਸਮੇਂ ਸਮੇਂ ਤੇ ਕਰਦੇ ਵਿਚੋਲਗੀਰੀ, ਮੁੱਖੀ ਸਿੰਘਾਂ ਤੇ ਮੁਗਲਾਂ ਵਿਚਕਾਰ ਹੈਸਨ।
ਕਹਿੰਦੇ ਸਿੱਖਾਂ ਦਾ ਸਾਰੇ ਵਕੀਲ ਉਸਨੂੰ, ਕਿਉਂਕਿ, ਸਿੱਖਾਂ ਦੇ ਓਹ ਮਦਦਗਾਰ ਹੈਸਨ।
ਖ਼ਾਨ ਜ਼ਕਰੀਏ ਨੇ ਓਨ੍ਹਾਂ ਦਿਨਾਂ ਅੰਦਰ, ਕੀਤਾ ਸਿੱਖਾਂ ਦਾ ਬੜਾ ਸ਼ਿਕਾਰ ਓਦੋਂ।
ਸਿੱਖ ‘ਜਿਉਂਦੇ ਜਾਂ ਮੁਰਦੇ’ ਪਕੜ ਕੇ ਤੇ, ਲਿਆਏ ਜਾਂਦੇ ਲਾਹੌਰ ਦਰਬਾਰ ਓਦੋਂ।
ਧਰਤੀ ਵਿਚ ਸਨ ਜਿਉਂਦੇ ਨੂੰ ਗੱਡ ਦਿੰਦੇ, ਜਾਂ ਚਿਣਵਾ ਦਿੰਦੇ ਵਿਚ ਦੀਵਾਰ ਓਦੋਂ।
ਕੋਤਵਾਲ ਬਣਕੇ ਭਾਈ ਸਾਹਿਬ ਹੋਰਾਂ, ਸਭ ਦਾ ਕੱਢ ਕੇ ਕੀਤਾ ਸਸਕਾਰ ਓਦੋਂ।
ਬਾਅਦ ਜਕਰੀਏ ਤੋਂ ਫਿਰ ਪੁੱਤ ਉਸਦਾ, ਹੈਸੀ ਸੂਬੇ ਦਾ ਸੂਬੇਦਾਰ ਬਣਿਆ।
ਭਾਈ ਸਾਹਿਬ ਦੀ ਚੜ੍ਹਤ ਨੂੰ ਵੇਖ ਕੇ ਤੇ, ਹਰ ਇਕ ਕਾਜ਼ੀ ਸੀ ਚੁਗਲੀਮਾਰ ਬਣਿਆ।
ਕਰਦੈ ਹਿੰਦੂਆਂ ਸਿੱਖਾਂ ਦੀ ਤਰਫਦਾਰੀ, ਸਾਡੇ ਲਈ ਇਹ ਵੱਡੀ ਵੰਗਾਰ ਬਣਿਆ।
ਨਹੀਂ ਹਜਰਤ ਮੁਹੰਮਤ ਦੀ ਸਿਫਤ ਕਰਦਾ, ਸਿੱਖ ਕੌਮ ਦਾ ਇਹ ਖਿਦਮਤਗਾਰ ਬਣਿਆ।
ਸ਼ਾਹਬਾਜ਼ ਸਿੰਘ ਪੁੱਤ ਸ਼ੁਬੇਗ ਸਿੰਘ ਦਾ, ਹੋਣਹਾਰ ਸੀ ਓਹ ਨੌਜਵਾਨ ਸੋਹਣਾ।
ਜੋ ਪੜ੍ਹਾਉਂਦਾ ਸੀ ਮੌਲਵੀ ਓਸ ਤਾਈਂ, ਕਹਿੰਦਾ ਹੋਰ ਨਹੀਂ ਤੇਰੇ ਸਮਾਨ ਸੋਹਣਾ।
ਆਪਣੀ ਧੀ ਨਾਲ ਕਰਨੈ ਨਿਕਾਹ ਤੇਰਾ, ਬਣ ਜਾ ਤੂੰ ਹੁਣ ਤਾਂ ਮੁਸਲਮਾਨ ਸੋਹਣਾ।
ਸਿੱਖੀ ਛੱਡ ਕੇ ਦੀਨ ਕਬੂਲ ਕਰ ਲੈ, ਤੈਨੂੰ ਮਿਲੂਗਾ ਮਾਣ ਸਨਮਾਨ ਸੋਹਣਾ।
ਅੱਗੋਂ ਕਿਹਾ ਸ਼ਾਹਬਾਜ ਨੇ ਮੌਲਵੀ ਨੂੰ, ਨਹੀਂ ਮੈਂ ਘਰੋਂ ਹੋ ਕਦੇ ਬੇ-ਘਰ ਸਕਦਾ।
ਮੈਨੂੰ ਸਿੱਖੀ ਪਿਆਰੀ ਏ ਜਿੰਦ ਨਾਲੋਂ, ਮੈਂ ਇਸਲਾਮ ਕਬੂਲ ਨਹੀਂ ਕਰ ਸਕਦਾ।
ਸਿੱਖ ਕਦੇ ਡਰਾਉਦਾਂ ਨਹੀਂ ਕਿਸੇ ਤਾਈਂ, ਨਾ ਹੀ ਕਦੇ ਵੀ ਕਿਸੇ ਤੋਂ ਡਰ ਸਕਦਾ।
ਕਿਸੇ ਕੀਮਤ ਤੇ ਕਿਸੇ ਹਾਲਾਤ ਅੰਦਰ, ਤੇਰੀ ਧੀ ਨੂੰ ਮੈਂ ਨਹੀ ਵਰ ਸਕਦਾ।
ਫੇਰ ਮੌਲਵੀ ਕਿਹਾ ਪਿਆਰ ਦੇ ਨਾਲ,ਬੱਚੇ, ਜਾਨ ਗਵਾਉਣ ਦਾ ਕੀ ਫਾਇਦਾ।
ਸੋਹਣਾ ਅਤੇ ਸੁਨੱਖਾ ਸਰੀਰ ਤੇਰਾ, ਇਹਦੇ ਤੂੰਬੇ ਉਡਵਾਉਣ ਦਾ ਕੀ ਫਾਇਦਾ।
ਖਿੜਿਆ ਹੋਇਆ ਏਂ ਫੁਲ ਗੁਲਾਬ ਵਾਂਗੂੰ, ਏਡੀ ਛੇਤੀ ਮੁਰਝਾਉਣ ਦਾ ਕੀ ਫਾਇਦਾ।
ਕਰ ਲੈ ਦੀਨ ਇਸਲਾਮ ਕਬੂਲ ਕਾਕਾ, ਮੱਥਾ ਮੌਤ ਨਾਲ ਲਾਉਣ ਦਾ ਕੀ ਫਾਇਦਾ।
ਸ਼ਾਹਬਾਜ ਨੇ ਕਿਹਾ ਫਿਰ ਕੜਕ ਕੇ ਤੇ, ਧਰਮੀ ਧਰਮ ਤੋਂ ਸਦਾ ਕੁਰਬਾਨ ਹੁੰਦੇ।
ਪਲ ਪਲ ਮਰਨ ਨਾਲੋਂ, ਮਰਦੇ ਇਕ ਵਾਰੀ, ਸੱਚੇ ਸੁੱਚੇ ਜੋ ਧਰਮੀ ਇਨਸਾਨ ਹੁੰਦੇ।
ਬਚ ਸਕਿਆ ਨਹੀਂ ਕੋਈ ਵੀ ਮੌਤ ਕੋਲੋਂ, ਕਿਉਂਕਿ ਮੌਤ ਦੇ ਪੰਜੇ ਬਲਵਾਨ ਹੁੰਦੇ।
ਸੀਸ ਤਲੀ ਧਰ ਕੇ ਜਿਹੜੇ ਚਲਦੇ ਨੇ, ਸਿੱਖ ਧਰਮ ਚ ਓਹੀਓ ਪ੍ਰਵਾਨ ਹੁੰਦੇ।
ਆਖਰਕਾਰ ਫਿਰ ਮੌਲਵੀ ਅਤੇ ਕਾਜ਼ੀ, ਕੱਠੇ ਹੋ ਕੇ ਸਾਜਿਸ਼ਾਂ ਘੜਨ ਲੱਗੇ।
ਸੱਪ ਵਾਂਗ ਉਹ ਘੋਲ ਕੇ ਵਿਸ ਆਪਣੀ, ਅੰਦਰੋਂ ਅੰਦਰ ਸਨ ਕੁੜ੍ਹਨ ਤੇ ਕੜਨ ਲੱਗੇ।
ਕਰਦੇ ਨਹੀਂ ਕੁਰਾਨ ਦਾ ਅਦਬ ਕਾਫਰ, ਸ਼ਬਦ ਸੂਬੇ ਦੇ ਕੰਨਾਂ ਚ ਵੜਨ ਲੱਗੇ।
ਤੁਅੱਸਬਪੁਣੇ ਦੀ ਅੱਗ ਦੇ ਸੜੇ ਹੋਏ, ਦੋਸ਼ ਸਿੰਘਾਂ ਦੇ ਸਿਰਾਂ ਤੇ ਮੜ੍ਹਨ ਲੱਗੇ।
ਆ ਕੇ ਸੂਬੇ ਨੇ ਇਨ੍ਹਾਂ ਦੀ ਚੁੱਕ ਅੰਦਰ, ਕਰ ਦਿੱਤੇ ਸਨ ਦੋਸ਼ੀ ਕਰਾਰ ਦੋਵੇਂ।
ਛੱਡ ਦਿਆਂ ਮੈਂ ਏਹਨਾਂ ਤੇ ਦਇਆ ਕਰ ਕੇ, ਕਰ ਲੈਣ ਜੇ ਦੀਨ ਸਵੀਕਾਰ ਦੋਵੇਂ।
ਜੇਕਰ ਨਹੀਂ ਇਸਲਾਮ ਕਬੂਲ ਕਰਦੇ, ਦੇਵੋ ਚਰਖੜੀ ਚਾੜ੍ਹ ਕੇ ਮਾਰ ਦੋਵੇਂ।
ਓਦੋਂ ਤੱਕ ਨਾ ਉਤੋਂ ਉਤਾਰਿਆ ਜੇ, ਜਦ ਤੱਕ ਹੋਣ ਨਾ ਇਹ ਠੰਢੇਠਾਰ ਦੋਵੇਂ।
ਭਾਈ ਸਾਹਿਬ ਤਦ ਜੋਸ਼ ’ਚ ਕਹਿਣ ਲੱਗੇ, ਖਿੜੇ ਮੱਥੇ ਤਸੀਹੇ ਹਾਂ ਝੱਲ ਸਕਦੇ।
ਇਕ ਗੱਲ ਪਰ ਸੂਬਿਆ ਯਾਦ ਰੱਖੀਂ, ਧਰਮ ਜ਼ੋਰ ਨਾਲ ਕਦੇ ਨਹੀਂ ਚੱਲ ਸਕਦੇ।
ਧਰਮ ਫੈਲਦੇ ਪਿਆਰ,ਉਪਦੇਸ਼ ਦੇ ਨਾਲ, ਜ਼ਬਰਦਸਤੀ ਨਹੀਂ ਫੁੱਲ ਤੇ ਫਲ ਸਕਦੇ।
ਸਿੱਖ ਧਰਮ ਏ ਧਰਮ ਮਨੁੱਖਤਾ ਦਾ, ਇਹਨੂੰ ਛੱਡ, ਨਹੀਂ ਤੁਸਾਂ ’ਚ ਰਲ ਸਕਦੇ।
ਚਾੜ੍ਹ ਦਿੱਤੇ ਫਿਰ ਜ਼ਾਲਮਾਂ ਚਰਖੜੀ ਤੇ, ਕੱਸ ਕੇ ਵਿੱਚ ਸਿਕੰਜਿਆਂ ਬੀੜ ਦੋਵੇਂ।
ਪਿੰਜ ਦਿੱਤੇ ਫਿਰ ਰੂੰ ਦੇ ਵਾਂਗ‘ਜਾਚਕ’, ਦਿਨ ਦਿਹਾੜੇ ਹੀ ਸਾਹਮਣੇ ਭੀੜ ਦੋਵੇਂ।
ਖੂਨ ਦੀਆਂ ਤਤੀਰਾਂ ਸਨ ਛੁੱਟ ਪਈਆਂ, ਗੰਨੇ ਵਾਂਗ ਜਦ ਦਿੱਤੇ ਨਪੀੜ ਦੋਵੇਂ।
ਜਪਦੇ ਵਾਹਿਗੁਰੂ ਵਾਹਿਗੁਰੂ ਖਿੜੇ ਮੱਥੇ, ਸਹਿ ਗਏ ਸਿਰਾਂ ਤੇ ਬਣੀ ਹੋਈ ਭੀੜ ਦੋਵੇਂ।