Home » ਲਹੂ ਭਿੱਜੇ ਇਤਿਹਾਸ ਦੇ ਪੰਨੇ » ਭਾਈ ਬੋਤਾ ਸਿੰਘ ਗਰਜਾ ਸਿੰਘ ਸੰਬੰਧੀ ਕਵਿਤਾਵਾਂ

ਭਾਈ ਬੋਤਾ ਸਿੰਘ ਗਰਜਾ ਸਿੰਘ ਸੰਬੰਧੀ ਕਵਿਤਾਵਾਂ

by Dr. Hari Singh Jachak
Poem on Bhai Botha Singh Garja Singh

ਭਾਈ ਬੋਤਾ ਸਿੰਘ ਗਰਜਾ ਸਿੰਘ ਸੰਬੰਧੀ ਕਵਿਤਾਵਾਂ

ਭਾਈ ਬੋਤਾ ਸਿੰਘ ਗਰਜਾ ਸਿੰਘ

ਕਾਲੇ ਦਿਨ ਅਠਾਰਵੀਂ ਸਦੀ ਦੇ ਸਨ, ਮੁੱਲ ਪਏ ਸਨ ਓਦੋਂ ਸਰਦਾਰੀਆਂ ਦੇ।

ਦੁਸ਼ਟਾਂ ਦੋਖੀਆਂ ਸਿੱਖਾਂ ਨੂੰ ਲੱਭ ਲੱਭ ਕੇ, ਕੱਟਿਆ ਵੱਢਿਆ ਵਾਂਗ ਸ਼ਿਕਾਰੀਆਂ ਦੇ।

ਓਦੋਂ ਮੌਤ ਦੇ ਇਨ੍ਹਾਂ ਵਣਜਾਰਿਆਂ ਨੇ, ਸਿਰ ਲਾਹੇ ਸਨ ਨਰ ਤੇ ਨਾਰੀਆਂ ਦੇ।

ਸਿੱਖੀ ਸਿਦਕ ਦੀ ਅੰਤ ਨੂੰ ਜਿੱਤ ਹੋਈ, ਹਾਰ ਗਏ ਇਹ ਵਾਂਗ ਜੁਆਰੀਆਂ ਦੇ।

 

ਸਿੱਖ ਕੌਮ ਨੂੰ ਖਤਮ ਹੁਣ ਕਰ ਦਿੱਤੈ, ਦੁਸ਼ਟ ਫਖਰ ਦੇ ਨਾਲ ਸੀ ਕਹਿਣ ਲੱਗੇ।

ਏਧਰ ਸਿੰਘ ਵੀ ਭਾਣੇ ਨੂੰ ਮੰਨ ਮਿੱਠਾ, ਜੰਗਲਾਂ ਅਤੇ ਪਹਾੜਾਂ ਵਿੱਚ ਰਹਿਣ ਲੱਗੇ।

ਜੜ੍ਹਾਂ, ਬੂਟੀਆਂ ਰੁੱਖਾਂ ਦੇ ਖਾ ਪੱਤੇ, ਚੜ੍ਹਦੀ ਕਲਾ ਨਾਲ ਦੁਖੜੇ ਸਹਿਣ ਲੱਗੇ।

ਇਨ੍ਹਾਂ ਪਾਪੀਆਂ ਦਾ ਕਿੱਦਾਂ ਨਾਸ ਕਰਨੈ, ਸੋਚਾਂ ਸੋਚਣ ਲਈ ਰਲ ਮਿਲ ਬਹਿਣ ਲੱਗੇ।

 

ਇਹੋ ਜਿਹੇ ਭਿਆਨਕੀ ਸਮੇਂ ਅੰਦਰ, ਪੜਦਾ ਪਿਆ ਜਦ ਅਕਲ ਦੇ ਅੰਨ੍ਹਿਆਂ ਤੇ।

ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਜੀ ਦਾ, ਨਾਂ ਆਉਂਦੈ ਇਤਿਹਾਸ ਦੇ ਪੰਨਿਆਂ ਤੇ।

ਸਾਰੀ ਰਾਤ ਹੀ ਕਰਦੇ ਓਹ ਸਫਰ ਰਹਿੰਦੇ, ਦਿਨੇ ਛਿਪਦੇ ਸਨ ਝਾੜੀਆਂ ਬੰਨਿਆਂ ਤੇ।

ਤੁਰੇ ਜਾਂਦੇ ਦੋ ਰਾਹੀਆਂ ਦੀ ਉਸ ਵੇਲੇ, ਨਿਗਾਹ ਪੈ ਗਈ ਇਨ੍ਹਾਂ ਚੋਕੰਨਿਆਂ ਤੇ।

 

ਇਕ ਦੂਜੇ ਨੂੰ ਰਾਹੀ ਇਹ ਕਹਿਣ ਲੱਗੇ, ਲੱਗਦੇ ਸਿੰਘ, ਪਰ ਸਿੰਘ ਨਹੀਂ ਹੋ ਸਕਦੇ।

ਅਸਲੀ ਸਿੰਘ ਤਾਂ ਮਰਦ ਦਲੇਰ ਹੁੰਦੇ, ਨਹੀਂ ਉਹ ਝਾੜੀਆਂ ਉਹਲੇ ਖਲੋ ਸਕਦੇ।

ਸਾਨੂੰ ਜਾਪਦੇ ਨਕਲੀ ਨੇ ਸਿੰਘ ਇਹ ਤਾਂ, ਜਿਹੜੇ ਸਾਹਵੇਂ ਨਹੀਂ ਕਿਸੇ ਦੇ ਹੋ ਸਕਦੇ।

ਗਿੱਦੜ ਸ਼ੇਰ ਦੀ ਪਹਿਨ ਕੇ ਖੱਲ ਜਿੱਦਾਂ, ਗਿੱਦੜ ਪੁਣਾ ਨਹੀਂ ਕਦੇ ਲੁਕੋ ਸਕਦੇ।

 

ਸੁਣ ਕੇ ਗਰਜਾ ਸਿੰਘ ਗਰਜ ਕੇ ਕਹਿਣ ਲੱਗਾ, ਮੈਂ ਹੁਣ ਝਾੜੀਆਂ ਵਿਚ ਨਹੀਂ ਲੁਕ ਸਕਦਾ।

ਦਸਮ ਪਿਤਾ ਨੇ ਲਾਇਆ ਸੀ ਜੋ ਬੂਟਾ, ਬੋਤਾ ਸਿੰਘਾ, ਉਹ ਕਦੇ ਨਹੀਂ ਸੁਕ ਸਕਦਾ।

ਉਹਨੂੰ ਸਿੰਘ ਅਖਵਾਉਣ ਦਾ ਹੱਕ ਕੀ ਏ, ਸ਼ੇਰਾਂ ਵਾਂਗਰਾਂ ਜਿਹੜਾ ਨਹੀਂ ਬੁਕ ਸਕਦਾ।

ਮੁਕ ਜਾਣਗੇ ਸਾਨੂੰ ਮੁਕਾਉਣ ਵਾਲੇ, ਪੰਥ ਖਾਲਸਾ ਕਦੇ ਨਹੀਂ ਮੁਕ ਸਕਦਾ।

 

ਆਪੋ ਵਿਚ ਫਿਰ ਉਨ੍ਹਾਂ ਸਲਾਹ ਕੀਤੀ, ਸਿੱਖੀ ਸਿਦਕ ਨੂੰ ਦਿਲ ’ਚ ਧਾਰ ਕੇ ਤੇ।

ਨੂਰ ਦੀਨ ਦੀ ਜਿਹੜੀ ਸਰਾਂ ਵੱਜਦੀ, ਓਥੇ ਖੜ੍ਹ ਕੇ ਕਿਹਾ ਵੰਗਾਰ ਕੇ ਤੇ।

ਹੋਇਆ ਰਾਜ ਏ ਹੁਣ ਤਾਂ ਖਾਲਸੇ ਦਾ, ਲੰਘੋ ਅਸਾਂ ਦਾ ਮਾਮਲਾ ਤਾਰ ਕੇ ਤੇ ।

ਆਨਾ ਗੱਡਾ ਤੇ ਖੋਤੇ ਦਾ ਟਕਾ ਟੈਕਸ, ਦੱਸਿਆ ਸਭ ਨੂੰ ਉਨ੍ਹਾਂ ਲਲਕਾਰ ਕੇ ਤੇ।

 

ਟੈਕਸ ਦੇਣ ਤੋਂ ਜਿਸ ਇਨਕਾਰ ਕੀਤਾ, ਏਥੋਂ ਲੰਘੇ ਉਹ ਜਰਾ ਵਿਚਾਰ ਕੇ ਤੇ।

ਗੰਢੇ ਵਾਂਗ ਇਹ ਪੁੜ-ਪੁੜੀ ਫੇਹ ਦਿਆਂਗੇ, ਸਿਰ ਦੇ ਤਾਲੂ ’ਚ ਸੋਟਾ ਇਹ ਮਾਰ ਕੇ ਤੇ।

ਦੱਸ ਦਿਆ ਜੇ, ਹਾਕਮ ਨੂੰ ਤੁਸੀਂ ਜਾ ਕੇ, ਟੈਕਸ ਲੈ ਰਹੇ ਸਿੰਘ ਖਲ੍ਹਾਰ ਕੇ ਤੇ।

ਕੌਣ ਜੰਮਿਐ ਸਾਨੂੰ ਮਿਟਾਉਣ ਵਾਲਾ, ਅਸੀਂ ਜਿਉਂਦੇ ਹਾਂ ਮੌਤ ਨੂੰ ਮਾਰ ਕੇ ਤੇ।

 

ਕਈ ਦਿਨਾਂ ਤੱਕ ਸਿਲਸਿਲਾ ਰਿਹਾ ਚੱਲਦਾ, ਸਿੰਘਾਂ ਕਾਇਮ ਰੱਖਿਆ, ਸਿੱਖੀ ਸ਼ਾਨ ਤਾਈਂ।

ਆਖਰ ਸਿੰਘਾਂ ਨੇ ਆਪ ਹੀ ਲਿਖ ਹੱਥੀਂ, ਚਿੱਠੀ ਭੇਜੀ ਸੀ ਜ਼ਕਰੀਆ ਖਾਨ ਤਾਈਂ।

ਸਿੰਘ ਕਦੇ ਵੀ ਖਤਮ ਨਹੀਂ ਹੋ ਸਕਦੇ, ਦਿਲੋਂ ਕੱਢ ਦੇ ਇਸ ਅਰਮਾਨ ਤਾਈਂ।

ਸੱਤੀਂ ਕੱਪੜੀਂ ਲੱਗੀ ਸੀ ਅੱਗ ਓਦੋਂ, ਪੱਤਰ ਪੜ੍ਹ ਕੇ ਜ਼ਕਰੀਆ ਖਾਨ ਤਾਈਂ।

 

ਕੀਤਾ ਹੁਕਮ ਉਸ  ਓਦੋਂ ਜਲਾਲ ਖਾਂ ਨੂੰ, ਚੜ੍ਹਿਆ ਇਕ ਸੌ ਘੋੜ ਸੁਆਰ ਲੈ ਕੇ।

ਨੂਰਦੀਨ ਦੀ ਸਰਾਂ ਦੇ ਕੋਲ ਪਹੁੰਚਾ, ਤੇਗਾਂ, ਬਰਛੇ ਤੇ ਹੋਰ ਹਥਿਆਰ ਲੈ ਕੇ।

ਅੱਗੋਂ ਸਿੰਘਾਂ ਨੇ ਕਰ ਲਏ ਕਮਰ-ਕੱਸੇ, ਸ਼ਹੀਦੀ ਜਾਮ ਦਾ ਦਿਲੀ ਖੁਮਾਰ ਲੈ ਕੇ।

ਪਿੱਠਾਂ ਜੋੜ ਕੇ ਖੜ੍ਹ ਗਏ ਰਣ ਅੰਦਰ, ਮੋਟੇ ਸੋਟੇ ਤੇ ਹੱਥ ਤਲਵਾਰ ਲੈ ਕੇ।

 

ਤੁਰਕਾਂ ਤਾਈਂ ਖਿਡਾਇਆ ਸੀ ਖਾਲਸੇ ਨੇ, ਪਹਿਲਾਂ ਸ਼ੇਰ ਖਿਡਾਉਂਦੇ ਸ਼ਿਕਾਰ ਜਿੱਦਾਂ।

ਤੱਕ ਕੇ ਤੁਰਕ ਵੀ ਅਸ਼-ਅਸ਼ ਕਰ ਉਠੇ, ਦੋਹਾਂ ਸਿੰਘਾਂ ਨੇ ਵਾਹੀ ਤਲਵਾਰ ਜਿੱਦਾਂ।

ਦੁਸ਼ਮਣ ਡਿੱਗੇ ਸਨ ਇੰਝ ਜ਼ਮੀਨ ਉਤੇ, ਡਿੱਗੇ ਮੋਤੀਆਂ ਦਾ ਟੁੱਟ ਕੇ ਹਾਰ ਜਿੱਦਾਂ।

ਏਦਾਂ ਕੋਈ ਵੀ ਮਾਰ ਨਹੀਂ ਮਾਰ ਸਕਿਆ, ਦੋਹਾਂ ਸਿੰਘਾਂ ਨੇ ਮਾਰੀ ਸੀ ਮਾਰ ਜਿੱਦਾਂ।

 

ਜਿਉਂਦੇ ਜੀਆ ਨਹੀਂ ਦੁਸ਼ਮਣ ਦੇ ਹੱਥ ਆਉਣਾ, ਇਕ ਦੂਜੇ ਨੂੰ ਕਰਨ ਤਗੀਦ ਦੋਵੇਂ।

ਦੋ ਦੋ ਹੱਥ ਮੈਦਾਨ ਵਿੱਚ ਕਰ ਰਹੇ ਸਨ, ਕਲਗੀਧਰ ਦੇ ਇਹ ਮੁਰੀਦ ਦੋਵੇਂ।

ਆਪਣੇ ਲਹੂ ਦੀ ਇਕ ਇਕ ਬੂੰਦ ਦੇ ਨਾਲ, ਹੈਸਨ ਮੌਤ ਨੂੰ ਰਹੇ ਖਰੀਦ ਦੋਵੇਂ।

ਸੌ ਤੁਰਕਾਂ ਦੇ ਛੱਕੇ ਛੁਡਾ ‘ਜਾਚਕ’, ਪੁਰਜੇ-ਪੁਰਜੇ ਹੋ, ਹੋਏ ਸ਼ਹੀਦ ਦੋਵੇਂ।