Home » ਲਹੂ ਭਿੱਜੇ ਇਤਿਹਾਸ ਦੇ ਪੰਨੇ » ਲਹੂ ਭਿੱਜੇ ਇਤਿਹਾਸ

ਲਹੂ ਭਿੱਜੇ ਇਤਿਹਾਸ

by Dr. Hari Singh Jachak
Lahoo Bhije Itihas

ਲਹੂ ਭਿੱਜੇ ਇਤਿਹਾਸ

ਲਹੂ ਭਿੱਜੇ ਇਤਿਹਾਸ ਦੇ ਪੰਨੇ

ਸਿੱਖ ਇਤਿਹਾਸ ਦਾ ਕੋਈ ਵੀ ਨਹੀਂ ਪੰਨਾ, ਕਰੇ ਗੱਲ ਨਾ ਜਿਹੜਾ ਕੁਰਬਾਨੀਆਂ ਦੀ।

ਲਹੂ ਭਿੱਜਾ ਇਤਿਹਾਸ ਦਾ ਹਰ ਅੱਖਰ, ਦੱਸਦੈ ਦਾਸਤਾਂ ਸਾਨੂੰ ਬਲੀਦਾਨੀਆਂ ਦੀ।

ਕਰਨਾ ਪੈਂਦਾ ਏ ਮਰਨ ਕਬੂਲ ਪਹਿਲਾਂ, ਗੱਲ ਤੁਰਦੀ ਏ ਫੇਰ ਜ਼ਿੰਦਗਾਨੀਆਂ ਦੀ।

ਸਾਨੂੰ ਮੌਤ ਮਰ ਜਾਣੀ ਨੇ ਕੀ ਕਹਿਣੈਂ, ਅਸੀਂ ਅੰਸ ਸਰਬੰਸ ਦੇ ਦਾਨੀਆਂ ਦੀ।

 

ਗੂੜ੍ਹੀ ਨੀਂਦ ’ਚ ਸੁੱਤਾ ਸੀ ਪਿਆ ‘ਜਾਚਕ‘, ਸੁਪਨੇ ਸਿੱਖ ਇਤਿਹਾਸ ਦੇ ਆਉਣ ਲੱਗੇ।

ਲਹੂ ਭਿੱਜੇ ਇਤਿਹਾਸ ਦੇ ਸੁਰਖ ਪੰਨੇ, ਆਪਣੇ ਆਪ ਨੂੰ ਆਪੇ ਪਰਤਾਉਣ ਲੱਗੇ।

ਸਭ ਕੁਝ ਯਾਦ ਪਟਾਰੀ ’ਚ ਪੈ ਰਿਹਾ ਸੀ, ਜਿਵੇਂ ਜਿਵੇਂ ਹੀ ਬਾਤਾਂ ਇਹ ਪਾਉਣ ਲੱਗੇ।

ਕਦੇ ਜੋਸ਼ ਤੇ ਕਦੇ ਇਹ ਹੋਸ਼ ਅੰਦਰ, ਤਿੰਨ ਸੌ ਸਾਲਾਂ ਦੀ ਗਾਥਾ ਸੁਣਾਉਣ ਲੱਗੇ।

 

ਕਹਿਣ ਲੱਗੇ ਉਹ ਵਜਦ ਦੇ ਵਿੱਚ ਆ ਕੇ, ਸ਼ਹੀਦੀ ਹੀਰੇ ਜਵਾਹਰਾਂ ਨਾਲ ਮੜ੍ਹੇ ਹੋਏ ਆ।

ਹਰ ਅੱਖਰ ’ਚੋਂ ਚੋ ਰਹੀ ਰੱਤ ਸਾਡੇ, ਲਹੂ ਵਾਲੇ ਫਰੇਮ ’ਚ ਜੜੇ ਹੋਏ ਆ।

ਗਾਨੇ ਬੰਨ ਸ਼ਹੀਦੀ ਦੇ ਸ਼ੁਰੂ ਤੋਂ ਹੀ, ਲਾੜੀ ਮੌਤ ਦੀ ਘੋੜੀ ਤੇ ਚੜ੍ਹੇ ਹੋਏ ਆਂ।

ਸਿੱਖ ਕੌਮ ਦੇ ਸੁੰਦਰ ਭਵਿੱਖ ਦੀਆਂ, ਵਾਗਾਂ ਹੱਥਾਂ ’ਚ ਪਕੜ ਕੇ ਖੜੇ ਹੋਏ ਆਂ।

 

ਆ ਕੇ ਜੋਸ਼ ਚ ਕਹਿੰਦੇ , ਗੁਰ ਖਾਲਸੇ ਨੂੰ, ਸ਼ਹੀਦੀ ਸਕੂਲ ਚ ਪੜ੍ਹਦਿਆਂ, ਆਪ ਤੱਕਿਐ।

ਕੇਸਗੜ੍ਹ ਤੇ ਪਿਤਾ ਦਸਮੇਸ਼ ਵਲੋਂ, ਸਾਬਤ ਸੂਰਤ ਨੂੰ ਘੜਦਿਆਂ, ਆਪ ਤੱਕਿਐ।

ਸੀਸ ਤਲੀ ਰੱਖ ਪੰਜ ਪਿਆਰਿਆਂ ਨੂੰ, ਗਲੀ ਯਾਦ ਦੀ ਵੜਦਿਆਂ, ਆਪ ਤੱਕਿਐ।

ਅ੍ਰੰਮਿਤ ਛਕਣ ਲਈ ਪਿਤਾ ਦਸਮੇਸ਼ ਜੀ ਤੋਂ, ਕਾਸੇ ਸਿਰਾਂ ਦੇ ਫੜਦਿਆਂ, ਆਪ ਤੱਕਿਐ।

 

ਚਾਲੀ ਸਿੰਘਾਂ ਤੇ ਸਾਹਿਬੇ ਕਮਾਲ ਤਾਈਂ, ਲੱਖਾਂ ਫੌਜਾਂ ਨਾਲ ਲੜਦਿਆਂ, ਆਪ ਤੱਕਿਐ।

’ਜੀਤ ਜੁਝਾਰ ਨੂੰ ਗੜ੍ਹੀ ਚਮਕੌਰ ਵਿੱਚੋਂ, ਘੋੜੀ ਮੌਤ ਦੀ ਚੜਦਿਆਂ, ਆਪ ਤੱਕਿਐ।

ਛੋਟੇ ਲਾਲਾਂ ਨੂੰ ਅਸਾਂ ਨੇ ਖਿੜੇ ਮੱਥੇ, ਜੀਉਂਦੇ ਨੀਹਾਂ ਚ ਖੜ੍ਹਦਿਆਂ, ਆਪ ਤੱਕਿਐ।

ਸਰਬੰਸ ਵਾਰ ਕੇ ਕਲਗੀਆਂ ਵਾਲੜੇ ਨੂੰ, ਕਲਮਾਂ ਯਾਰ ਦਾ ਪੜ੍ਹਦਿਆਂ, ਆਪ ਤੱਕਿਐ।

 

ਪਰਤ ਪਰਤ ਕੇ ਪੰਨੇ ਫਿਰ ਕਹਿਣ ਲੱਗੇ, ਸਿੰਘ ਚਰਖੜੀਆਂ ਦੇ ਉੱਤੇ ਚੜ੍ਹੇ ਵੇਖੋ।

ਬੰਦਾ ਸਿੰਘ ਤੇ ਓਸਦੇ ਸਾਥੀਆਂ ਨੂੰ, ਲਾੜੀ ਮੌਤ ਪਰਨਾਉਣ ਲਈ ਖੜ੍ਹੇ ਵੇਖੇ।

ਬੰਦ ਬੰਦ ਭਾਵੇਂ ਕੱਟੇ ਜਾ ਰਹੇ ਨੇ, ਮੁੱਖੋਂ ਸ਼ਬਦ ਗੁਰਬਾਣੀ ਦੇ ਪੜ੍ਹੇ ਵੇਖੋ।

ਸਿੱਖੀ ਨਾਲ ਸੁਆਸਾਂ ਨਿਭਾਉਣ ਵੇਲੇ,(ਭਾਈ) ਤਾਰੂ ਸਿੰਘ ਨੂੰ ਚਾਅ ਅੱਜ ਚੜ੍ਹੇ ਵੇਖੋ।

 

ਬੋਤਾ ਸਿੰਘ ਤੇ ਗਰਜਾ ਸਿੰਘ ਤਾਂਈ, ਪਿੱਠਾਂ ਜੋੜ ਕੇ ਰਣ ਚ ਲੜੇ ਵੇਖੋ।

ਮੌਤ ਮੱਸੇ ਦੀ ਨੇਜੇ ਤੇ ਟੰਗ ਕੇ ਤੇ, ਸਿੰਘ ਘੋੜਿਆਂ ਉੱਤੇ ਦੋ ਚੜ੍ਹੇ ਵੇਖੋ।

ਲਿਖੀਆਂ ਗੁਰੂ ਗਰੰਥ ਦੀਆਂ ਜਿਹਨਾਂ ਬੀੜਾਂ, ਸੀਸ ਤਲੀ ਤੇ ਰੱਖ ਕੇ ਲੜੇ ਵੇਖੋ।

ਗਲ ਮਾਵਾਂ ਦੇ ਹਾਰ ਜੋ ਤੱਕ ਰਹੇ ਹੋ, ਮੋਤੀ ਲਾਲਾਂ ਦੇ ਸਿਰਾਂ ਦੇ ਜੜੇ ਵੇਖੋ।

 

ਵਾਂਗ ਦਾਣਿਆਂ ਭੱਠੀ ਦੇ ਵਿੱਚ ਭੁੱਜਦੇ, ਪੁੱਠੇ ਜੰਡਾਂ ਨਾਲ ਲਟਕਦੇ ਸੜੇ ਵੇਖੋ।

ਭੁੱਖੇ ਸਿੰਘਾਂ ਨੂੰ ਲੰਗਰ ਛਕਾਉਣ ਵਾਲੇ, ਚਲਦੇ ਇੰਜਨਾਂ ਦੇ ਅੱਗੇ ਅੜੇ ਵੇਖੋ।

ਹਿੰਦੁਸਤਾਨ ਅਜ਼ਾਦੀ ਦੀ ਲਹਿਰ ਅੰਦਰ, ਕਾਲੇ ਪਾਣੀਆਂ ਵਿੱਚ ਵੀ ਵੜੇ ਵੇਖੋ।

ਏਸ ਦੇਸ਼ ਦੀ ਰੱਖਿਆ ਕਰਨ ਖਾਤਰ, ਪਾਕਿਸਤਾਨ ਤੇ ਚੀਨ ਨਾਲ ਲੜੇ ਵੇਖੋ।

 

ਫਿਰ ਵੀ ਸਾੜੇ ਗਏ ਗਲਾਂ ਚ ਟਾਇਰ ਪਾ ਕੇ, ਸਹਿੰਦੇ ਕਸ਼ਟ ਤਸੀਹੇ ਵੀ ਬੜੇ ਵੇਖੋ।

ਨਰਕਧਾਰੀਆਂ ਜਦੋਂ ਚਲਾਈ ਗੋਲੀ , ਸੀਨਾ ਤਾਣ ਕੇ ਅੱਗੋਂ ਇਹ ਖੜੇ ਵੇਖੋ।

ਅਪਰੇਸ਼ਨ ਬਲਿਊ ਸਟਾਰ ’ਚ ਕੀ ਦੱਸਾਂ, ਫੁਲਝੜੀ ਦੇ ਵਾਗਰਾਂ ਝੜੇ ਵੇਖੋ।

ਵਾਰਨ ਆਪਣਾ ਆਪ ਜੋ ਪੰਥ ਉਤੋਂ, ਸਿੱਖੀ ਸਿਦਕ ਨਿਭਾਉਂਦੇ ਹੋਏ ਬੜੇ ਵੇਖੋ।

 

ਸੋਚਾਂ ਸੋਚ ਕੇ ਕਹਿੰਦੇ ਨਹੀਂ ਸਮਝ ਆਈ, ਸਿੰਘ ਮੌਤ ਦੇ ਵਿਹੜੇ’ਚ ਵੜੇ ਕਿੱਦਾਂ।

ਪਹਿਲੇ, ਦੂਜੇ ਤੇ ਤੀਜੇ ਘੱਲੂਘਾਰਿਆਂ’ਚ, ਪੱਕੇ ਬੇਰਾਂ ਦੇ ਵਾਂਗ ਇਹ ਝੜੇ ਕਿੱਦਾਂ।

ਛਾਤੀ ਤਾਣ ਕੇ ਮਰਦ ਦਲੇਰ ਬਾਂਕੇ, ਤੋਪਾਂ, ਟੈਂਕਾਂ, ਦੇ ਸਾਹਮਣੇ ਖੜੇ ਕਿੱਦਾਂ।

ਅਜੇ ਕਲ ਹੀ ਕਈ ਅਨਮੋਲ ਮੋਤੀ, ਹੱਸ ਹੱਸ ਕੇ ਫਾਂਸੀ ਤੇ ਚੜ੍ਹੇ ਕਿੱਦਾਂ।

 

ਅਣਪਛਾਤੀਆਂ ਲਾਸ਼ਾਂ ਇਹ ਕਿਵੇਂ ਪਈਆਂ, ਜੇਲ੍ਹਾਂ ਵਿੱਚ ਬੇਦੋਸ਼ੇ ਨੇ ਤੜੇ ਕਿੱਦਾਂ।

ਸਾਹਵੇਂ ਮੌਤ ਦੀ ਅੱਖ ’ਚ ਅੱਖ ਪਾ ਕੇ, ਸੀਨਾ ਤਾਣ ਕੇ ਸਿੰਘ ਸਨ ਖੜ੍ਹੇ ਕਿੱਦਾਂ।

ਬਲਦੀ ਸ਼ਮਾਂ ਤੇ ਵਾਂਗ ਪਤੰਗਿਆਂ ਦੇ, ਸਮੇਂ ਸਮੇਂ ਤੇ ਸਿੰਘ ਇਹ ਸੜੇ ਕਿੱਦਾਂ।

‘ਜਾਚਕ’ ਸਮਝ ਨਹੀਂ ਆਉਂਦੀ ਦਸਮੇਸ਼ ਜੀ ਨੇ, ਕਿਹੜੀ ਮਿੱਟੀ ਨਾਲ ਸਿੰਘ ਇਹ ਘੜੇ ਕਿੱਦਾਂ।

 

ਭਰੇ ਗਲੇ ਨਾਲ ਇੱਕ ਗੱਲ ਕਹਿਣ ਲੱਗੇ, ਥੋਨੂੰ ਫੁੱਟ ਵਾਲੇ ਫਨੀਅਰ ਲੜੇ ਹੋਏ ਨੇ।

ਥੋਨੂੰ ਧੜਾ ਪਿਆਰਾ ਏ ਧਰਮ ਨਾਲੋਂ, ਏਸੇ ਲਈ ਬਣਾਏ ਕਈ ਧੜੇ ਹੋਏ ਨੇ।

ਤੁਸਾਂ ਵਿੱਚ ਹੀ ਸਿੱਖੀ ਦਾ ਪਾ ਬੁਰਕਾ, ਪੰਥ ਦੋਖੀ ਗੱਦਾਰ ਵੀ ਵੜੇ ਹੋਏ ਨੇ।

ਹਊਮੇ, ਚਉਧਰਾਂ, ਕੁਰਸੀਆਂ ਦੀ ਖ਼ਾਤਰ, ਆਗੂ ਆਪੋ’ਚ ਰੁਸੇ ਤੇ ਲੜੇ ਹੋਏ ਨੇ।

 

ਚੜ੍ਹਦੀ ਕਲਾ ਚ ਆਖਰ ਉਹ ਕਹਿਣ ਲੱਗੇ, ਸਿੰਘਾਂ ਕਦੇ ਝੁਕਾਇਆ ਨਹੀਂ ਝੁਕ ਸਕਣਾ।

ਸੂਰਜ ਸਿੱਖੀ ਦਾ ਚਮਕੂ ਸੰਸਾਰ ਅੰਦਰ, ਜ਼ੁਲਮੀ ਬੱਦਲਾਂ ਹੇਠ ਨਹੀਂ ਲੁਕ ਸਕਣਾ।

ਵਹਿਣ ਸਿੱਖੀ ਦਾ ਸਦਾ ਹੀ ਰਹੂ ਵਗਦਾ, ਕਿਸੇ ਸੋਕੇ ਤੋਂ ‘ਜਾਚਕ’ ਨਹੀਂ ਸੁਕ ਸਕਣਾ।

ਫੌਜਾਂ ਲੱਖਾਂ ਦੀ ਥਾਂ ਕਰੋੜ ਹੋਵਣ, ਸਿੰਘਾਂ ਕਦੇ ਮੁਕਾਇਆਂ ਨਹੀਂ ਮੁੱਕ ਸਕਣਾ।

 

ਸੀਸ ਵਾਰੇ ਨੇ ਜਿਨ੍ਹਾਂ ਨੇ ਧਰਮ ਖ਼ਾਤਰ, ਯਾਦ ਕਰਦੇ ਹਾਂ ਰੋਜ ਅਰਦਾਸ ਅੰਦਰ।

ਚਮਕ ਰਹੇ ਨੇ ਵਾਂਗ ਸਿਤਾਰਿਆਂ ਦੇ , ‘ਜਾਚਕ’ ਕੌਮ ਦੇ ਸੋਹਣੇ ਅਕਾਸ਼ ਅੰਦਰ।

ਸਿੱਖੀ ਸਿਦਕ ਨੂੰ ਆਂਚ ਨਹੀਂ ਆਉਣ ਦਿੱਤੀ, ਜਦੋਂ ਤੱਕ ਸਨ ਰਹੇ ਸੁਆਸ ਅੰਦਰ।

ਰਹਿੰਦੀ ਦੁਨੀਆਂ ਤੱਕ ਅਮਰ ਸ਼ਹੀਦ ਰਹਿਣੇ, ਲਹੂ ਭਿੱਜੇ ਹੋਏ ਸਿੱਖ ਇਤਿਹਾਸ ਅੰਦਰ।