ਬਾਬਾ ਬੰਦਾ ਸਿੰਘ ਬਹਾਦਰ ਤੇ ਸਰਹੰਦ ਫਤਹਿ
ਬਾਬਾ ਬੰਦਾ ਸਿੰਘ ਬਹਾਦਰ ਤੇ ਸਰਹੰਦ ਫਤਹਿ
ਮਾਧੋ ਦਾਸ ਤੋਂ ਬਣਿਆ ਸੀ ਜੋ ਬੰਦਾ, ਓਸ ਸੋਹਣੇ ਸਰਦਾਰ ਦੀ ਗੱਲ ਕਰੀਏ।
ਮੂੰਹ ਮੋੜੇ ਸਨ ਜੇਸ ਨੇ ਹੋਣੀਆਂ ਦੇ, ਓਸ ਸਿਪਾਹ ਸਲਾਰ ਦੀ ਗੱਲ ਕਰੀਏ।
ਸਦਾ ਘੋੜੇ ਦੀ ਕਾਠੀ ਤੇ ਰਿਹਾ ਜਿਹੜਾ, ਓਸ ਸ਼ਾਹ ਅਸਵਾਰ ਦੀ ਗੱਲ ਕਰੀਏ।
ਜਿਸ ਨੇ ਫਤਹਿ ਸਰਹੰਦ ਦੇ ਤਾਈਂ ਕੀਤਾ, ਬੰਦਾ ਸਿੰਘ ਬਲਕਾਰ ਦੀ ਗੱਲ ਕਰੀਏ।
ਦਸਮ ਪਿਤਾ ਤੋਂ ਕੀਤਾ ਜਿਸ ਪਾਨ ਅੰਮ੍ਰਿਤ, ਜੰਗਬਾਜ ਸੀ ਉਹ ਸੂਰਬੀਰ ਯੋਧਾ।
ਦੁਸ਼ਮਣ ਦਲਾਂ ’ਚ ਭਾਜੜਾਂ ਪੈਣ ਓਧਰ, ਜਿਹੜੇ ਪਾਸੇ ਚਲਾਉਂਦਾ ਸੀ ਤੀਰ ਯੋਧਾ।
ਸੂਰਮਗਤੀ ਦੇ ਜੋਹਰ ਵਿਖਾਉਣ ਖਾਤਰ, ਵਾਹੁੰਦਾ ਰਿਹਾ ਸੀ ਸੋਹਣੀ ਸ਼ਮਸ਼ੀਰ ਯੋਧਾ।
ਸਦਾ ਰਹਿਣਾ ਇਤਿਹਾਸ ਦੇ ਪੰਨਿਆਂ ਤੇ, ਦਸਮ ਪਿਤਾ ਦਾ ਬਾਂਕੜਾ ਬੀਰ ਯੋਧਾ।
ਆ ਕੇ ਜੋਸ਼ ’ਚ ਕਿਹਾ ਉਸ ਖਾਲਸੇ ਨੂੰ, ਦਸਮ ਪਿਤਾ ਦੇ ਲਾਡਲੇ ਲਾਲ ਸਿੰਘੋ।
ਥੋਡੇ ਚਿਹਰੇ ਨੇ ਭੱਖ ਰਹੇ ਅੱਗ ਵਾਂਗੂ, ਸਿੱਖੀ ਅਣਖ ਤੇ ਬੀਰਤਾ ਨਾਲ ਸਿੰਘੋ।
ਮੈਨੂੰ ਮਾਣ ਏ ਥੋਡੀ ਬਹਾਦਰੀ ਤੇ,ਕਰਨੀ ਜੰਗ’ਚ ਤੁਸਾਂ ਕਮਾਲ ਸਿੰਘੋ।
ਜੀਹਨਾਂ ਦੁਸ਼ਟਾਂ ਨੇ ਕੀਤੇ ਨੇ ਜ਼ੁਲਮ ਏਥੇ, ਨ੍ਹਾਉਣੈ ਓਨ੍ਹਾਂ ਦੇ ਖੂਨ ਦੇ ਨਾਲ ਸਿੰਘੋ।
ਕਰੀਏ ਕੂਚ ਹੁਣ ਆਪਾਂ ਸਰਹੰਦ ਵੱਲੇ, ਕਿਹਾ ਜੋਸ਼ ਵਿਚ ਕਰ ਤਕਰੀਰ ਉਦੋਂ।
ਸ਼ੇਰਾਂ ਵਾਂਗ ਤਦ ਨਿਕਲ ਮੈਦਾਨ ਅੰਦਰ, ਗਰਜਨ ਲੱਗੇ ਦਸਮੇਸ਼ ਦੇ ਬੀਰ ਉਦੋਂ।
ਹੱਥ ਪਾ ਤਲਵਾਰਾਂ ਦੇ ਕਬਜਿਆਂ ਨੂੰ, ਕਹਿੰਦੇ ਦੁਸ਼ਮਣ ਨੂੰ ਦੇਣਾ ਏ ਚੀਰ ਉਦੋਂ।
ਦਿਲਾਂ ਵਿੱਚ ਫਿਰ ਜੋਸ਼ ਦਾ ਹੜ੍ਹ ਲੈ ਕੇ, ਚਪੜਚਿੜੀ ਪਹੁੰਚੇ, ਸੂਰਬੀਰ ਉਦੋਂ।
ਬੰਦਾ ਸਿੰਘ ਨੇ ਸਿੰਘਾਂ ਨੂੰ ਕਿਹਾ ਮੁੱਖੋਂ, ਧਰਮੀ ਧਰਮ ਤੋਂ ਸਦਾ ਕੁਰਬਾਨ ਹੁੰਦੇ।
ਪਲ ਪਲ ਮਰਨ ਨਾਲੋਂ ਮਰਦੇ ਇਕ ਵਾਰੀ, ਸੱਚੇ ਸੁੱਚੇ ਜੋ ਧਰਮੀ ਇਨਸਾਨ ਹੁੰਦੇ।
ਬਚ ਸਕਿਆ ਨਹੀਂ ਕੋਈ ਵੀ ਮੌਤ ਕੋਲੋਂ, ਕਿਉਂਕਿ ਮੌਤ ਦੇ ਪੰਜੇ ਬਲਵਾਨ ਹੁੰਦੇ।
ਸੀਸ ਤਲੀ ਧਰ ਚਲਦੇ ਨੇ ਸਿੰਘ ਜਿਹੜੇ, ਸਿੱਖ ਧਰਮ ’ਚ ਉਹੀਓ ਪ੍ਰਵਾਨ ਹੁੰਦੇ।
ਅੱਖਾਂ ਵਿਚੋਂ ਚੰਗਿਆੜੀਆਂ ਨਿਕਲ ਆਈਆਂ, ਚਿਹਰਾ ਭਖਿਆ ਸੀ ਲਾਲ ਅੰਗਿਆਰ ਵਾਂਗੂੰ।
ਲਾਵੇ ਫੁੱਟ ਕੇ ਅੰਦਰੋਂ ਬਾਹਰ ਆਏ, ਨਿਕਲੀ ਹੋਈ ਮਿਆਨੋਂ ਤਲਵਾਰ ਵਾਂਗੂੰ।
ਕਿਹਾ ਸਿੰਘਾਂ ਨੂੰ, ਤੁਸੀਂ ਹੋ ਸ਼ੇਰ ਬਾਂਕੇ, ਰਣ ਵਿੱਚ ਜੁਝੋ ਅਜੀਤ ਜੁਝਾਰ ਵਾਗੂੰ।
ਭੁੱਖੇ ਬਾਜਾਂ ਵਾਂਗ ਦੁਸ਼ਟਾਂ ਤੇ ਕਰੋ ਹਮਲਾ, ਥੋਡੇ ਸਾਹਵੇਂ ਇਹ ਚਿੜੀਆਂ ਦੀ ਡਾਰ ਵਾਂਗੂੰ।
ਵਧਿਆ ਸ਼ੇਰਾਂ ਦਾ ਦਲ ਸਰਹੰਦ ਵੱਲੇ, ਬੰਦਾ ਸਿੰਘ ਦੀ ਪਾਵਨ ਕਮਾਨ ਅੰਦਰ।
ਰਸਤੇ ਵਿੱਚ ਸੀ ਰਲਦੇ ਗਏ ਸਿੰਘ ਸੂਰੇ, ਹਜ਼ਾਰਾਂ ਨਿਤਰੇ ਮਰਦ ਮੈਦਾਨ ਅੰਦਰ।
ਉਧਰ ਵੀਹ ਹਜ਼ਾਰ ਦੀ ਫੌਜ ਲੈ ਕੇ, ਵਜੀਰ ਖਾਂ ਵੀ ਆਇਆ ਮੈਦਾਨ ਅੰਦਰ।
ਚਪੜਚਿੱਪੀ ਤੇ ਹੋਇਆ ਮੁਕਾਬਲਾ ਸੀ, ਸਿੰਘ ਜੂਝੇ ਸਨ ਅਣਖ ਤੇ ਆਨ ਅੰਦਰ।
ਯਾਦ ਆਈ ਜਦ ਖੂਨੀ ਦੀਵਾਰ ਵਾਲੀ, ਖਾਧਾ ਬਾਬੇ ਦੇ ਖੂਨ ਉਬਾਲ ਹੈਸੀ ।
ਅੱਖੋਂ ਲਹੂ ਦੇ ਅੱਥਰੂ ਵਗਣ ਲੱਗੇ, ਗੁੱਸੇ ਵਿੱਚ ਹੋਇਆ ਲਾਲੋ ਲਾਲ ਹੈਸੀ।
ਪਾਇਆ ਹੱਥ ਜਦ ਓਸ ਨੇ ਸਸ਼ਤਰਾਂ ਨੂੰ, ਹਿੱਲੀ ਧਰਤੀ ਤੇ ਆਇਆ ਭੂਚਾਲ ਹੈਸੀ।
ਟੱਕਰ ਲੈਣ ਲਈ ਦਿਲ ਵਿੱਚ ਪ੍ਰਣ ਕੀਤਾ, ਜਾਬਰ, ਜਾਲਮ, ਜਰਵਾਣਿਆਂ ਨਾਲ ਹੈਸੀ।
ਜੰਗੀ ਜੌਹਰ ਦਿਖਾਉਣ ਲਈ ਦਲ ਦੋਵੇਂ, ਆਹਮੋਂ ਸਾਹਮਣੇ ਆਏ ਸੀ ਉਸ ਵੇਲੇ।
ਹਰ ਇਕ ਤੇਗ ਨੇ ਕਾਲ ਦੀ ਜੀਭ ਬਣਕੇ, ਲਹੂ ਬੁਲ੍ਹਾਂ ਨੂੰ ਲਾਏ ਸੀ ਉਸ ਵੇਲੇ।
ਹੱਲਾ ਜੋਰ ਦਾ ਬਾਬੇ ਨੇ ਬੋਲ ਕੇ ਤੇ, ਭੜਥੂ ਜੰਗ ਵਿਚ ਪਾਏ ਸੀ ਉਸ ਵੇਲੇ।
ਅਕਾਸ਼ ਗੁੰਜਾਊ ਜੈਕਾਰੇ ਗਜਾ ਕੇ ਤੇ, ਸਿੰਘਾਂ ਪਾਸੇ ਪਲਟਾਏ ਸੀ ਉਸ ਵੇਲੇ।
ਲੈ ਕੇ ਖਾਲਸਾ ਫੌਜ ਨੂੰ ਨਾਲ ਆਪਣੇ, ਹੋ ਗਿਆ ਘੋੜੇ ਦੇ ਉਤੇ ਸਵਾਰ ਯੋਧਾ।
ਬਾਜ ਵਾਂਗ ਸੀ ਝਪਟਿਆ ਦੁਸ਼ਮਣਾਂ ਤੇ, ਰੋਹ ਭਰੀ ਲੈ ਹੱਥ ਤਲਵਾਰ ਯੋਧਾ।
ਗਹਿਗੱਚ ਸੀ ਹੋਈ ਲੜਾਈ ਏਥੇ, ਕਰਦਾ ਜਾ ਰਿਹਾ ਸੀ ਮਾਰੋ ਮਾਰ ਯੋਧਾ।
ਕੀਤਾ ਜੀਹਨੇ ਸਰਹੰਦ ਨੂੰ ਫਤਹਿ ਆਖਰ, ਸੀ ਸਰਦਾਰਾਂ ਦਾ ਉਹ ਸਰਦਾਰ ਯੋਧਾ।
ਮੁਗਲਾਂ ਤਾਈਂ ਖਿਡਾਇਆ ਸੀ ਖਾਲਸੇ ਨੇ, ਪਹਿਲਾਂ ਸ਼ੇਰ ਖਿਡਾਉਂਦੈ ਸ਼ਿਕਾਰ ਜਿਦਾਂ।
ਤੱਕ ਕੇ ਤੁਰਕ ਵੀ ਅਸ਼ ਅਸ਼ ਕਰ ਉਠੇ, ਤੋਪਾਂ ਸਾਹਵੇਂ ਚਲਾਈ ਤਲਵਾਰ ਜਿਦਾਂ।
ਦੁਸ਼ਮਣ ਡਿਗੇ ਸਨ ਏਦਾਂ ਜਮੀਨ ਉਤੇ, ਡਿਗੇ ਮੋਤੀਆਂ ਦਾ ਟੁੱਟ ਕੇ ਹਾਰ ਜਿਦਾਂ।
ਏਦਾਂ ਕੋਈ ਵੀ ਮਾਰ ਨਹੀਂ ਮਾਰ ਸਕਿਆਂ, ਏਥੇ ਸਿੰਘਾਂ ਨੇ ਮਾਰੀ ਸੀ ਮਾਰ ਜਿਦਾਂ।
ਬੰਦਾ ਸਿੰਘ ਦੀ ਪਾਵਨ ਅਗਵਾਈ ਹੇਠਾਂ, ਸਿੱਖ ਕੌਮ ਨੂੰ ਖਾਲਸਾ ਰਾਜ ਮਿਲਿਆ।
ਸਿੱਕੇ ਗੁਰੂਆਂ ਦੇ ਨਾਂ ਚਲਾਏ ਉਸਨੇ, ਬੰਦੇ ਤਾਈਂ ਜਦ ਸੀ ਤਖਤੋ ਤਾਜ ਮਿਲਿਆ।
ਜਗੀਰਦਾਰੀਪ੍ਰਥਾ ਸੀ ਬੰਦ ਕੀਤੀ, ਕਿਰਤੀ ਕਾਮਿਆਂ ਨੂੰ ਕੰਮ ਕਾਜ ਮਿਲਿਆ।
ਦੱਬੇ ਕੁਚਲਿਆਂ ਤੇ ਮਿਹਨਤਕਸ਼ਾਂ ਤਾਈਂ, ਬੰਦਾ ਸਿੰਘ ਗਰੀਬ ਨਿਵਾਜ ਮਿਲਿਆ।
ਪੰਥ ਖਾਲਸੇ ਨੂੰ ‘ਜਾਚਕ’ ਚਾਹੀਦਾ ਏ, ਬੰਦਾ ਸਿੰਘ ਜਿਹਾ ਮਰਦ ਦਲੇਰ ਆਗੂ।
ਜੀਹਦਾ ਨਾਂ ਸੁਣ ਦੁਸ਼ਮਣ ਨੂੰ ਗਸ਼ ਪੈ ਜਾਏ,ਅੱਜ ਵੀ ਚਾਹੀਦਾ ਏ ਬੱਬਰ ਸ਼ੇਰ ਆਗੂ।
ਸੰਤ ਸਿਪਾਹੀ ਦੇ ਪੂਰਨ ਸਰੂਪ ਅੰਦਰ, ਮਿਲੇ ਕੌਮ ਨੂੰ ਇਹੋ ਜਿਹਾ ਫੇਰ ਆਗੂ।
ਪੰਥ ਖਾਲਸਾ ਦੇ ਸੋਹਣੇ ਅਸਮਾਨ ਉੱਤੇ, ਲੈ ਆਏ ਜੋ ਨਵੀਂ ਸਵੇਰ ਆਗੂ।