Home » ਇਤਿਹਾਸਕ ਅਸਥਾਨ ਤੇ ਸੰਸਥਾਵਾਂ » ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

by Dr. Hari Singh Jachak
Takht Sri Kesgarh Sahib

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸੋਹਣਾ, ਪਾਵਨ ਜਨਮ ਅਸਥਾਨ ਹੈ ਖਾਲਸੇ ਦਾ।

ਪੰਜਾਂ ਤਖ਼ਤਾਂ ’ਚੋਂ ਤੀਸਰਾ ਤਖ਼ਤ ਇਹ ਤਾਂ, ਹੋਇਆ ਪੰਥ ਪਰਵਾਨ ਹੈ ਖਾਲਸੇ ਦਾ।

ਜਿਥੇ ਪਾਤਸ਼ਾਹ ਅੰਮ੍ਰਿਤ ਦੀ ਦਾਤ ਬਖਸ਼ੀ, ਇਹ ਓਹ ਤਖ਼ਤ ਮਹਾਨ ਹੈ ਖਾਲਸੇ ਦਾ।

ਜਿਥੇ ਗੁਰੂ ਜੀ ਬਣੇ ਸਨ ਆਪ ਚੇਲੇ, ਇਹ ਤਾਂ ਜਿੰਦ ਤੇ ਜਾਨ ਹੈ ਖਾਲਸੇ ਦਾ।

 

ਕੇਸਗੜ੍ਹ ਤੇ ਕਲਗੀਆਂ ਵਾਲੜੇ ਨੇ, ਕੱਢ ਲਈ ਕਿਰਪਾਨ ਮਿਆਨ ਵਿੱਚੋਂ।

ਉੱਚੀ ਗਰਜ, ਲਲਕਾਰ ਕੇ ਕਹਿਣ ਲੱਗੇ, ਸੀਸ ਦੇਣ ਲਈ ਉਠੋ ਦੀਵਾਨ ਵਿੱਚੋਂ।

ਜੀਹਨੇ ਜੀਹਨੇ ਵੀ ਚੁੱਕੀ ਏ ਅੱਤ ਏਥੇ, ਖਤਮ ਕਰਾਂਗੇ ਓਹ ਜਹਾਨ ਵਿੱਚੋਂ।

ਜਾਨ ਓਨ੍ਹਾਂ ਦੀ ਜਾਨ ਦੇ ਵਿੱਚ ਪਾਉਣੀ, ਨਿਕਲ ਰਹੀ ਹੈ ਜੀਹਨਾਂ ਦੀ ਜਾਨ ਵਿੱਚੋਂ।

 

ਅੰਮ੍ਰਿਤ ਬਖਸ਼ ਕੇ ਪੰਜਾਂ ਪਿਆਰਿਆਂ ਨੂੰ, ਕਰ ਗਏ ਕਮਾਲ ਸਨ ਪਾਤਸ਼ਾਹ ਜੀ।

ਸੰਤ ਸਿਪਾਹੀ ਸਰੂਪ ਸਜਾ ਸੋਹਣੇ, ਹੋਏ ਨਿਹਾਲੋ-ਨਿਹਾਲ ਸਨ ਪਾਤਸ਼ਾਹ ਜੀ।

ਫੇਰ ਓਨ੍ਹਾਂ ਤੋਂ ਛਕ ਕੇ ਆਪ ਅੰਮ੍ਰਿਤ, ਬਣ ਗਏ ਸਾਹਿਬੇ ਕਮਾਲ ਸਨ ਪਾਤਸ਼ਾਹ ਜੀ।

ਦੁਨੀਆਂ ਵਿੱਚ ਨਹੀਂ ਕੋਈ ਮਿਸਾਲ ਮਿਲਦੀ, ਆਪਣੀ ਆਪ ਮਿਸਾਲ ਸਨ ਪਾਤਸ਼ਾਹ ਜੀ।

 

ਪੰਜ ਸਿਰਾਂ ਦੀ ਲੈ ਕੇ ਭੇਟ ਸਤਿਗੁਰ, ਹੱਥੀਂ ਦਿੱਤਾ ਸੀ ਸਾਜ, ਗੁਰ ਖਾਲਸੇ ਨੂੰ।

ਪਾਵਨ ਅੰਮ੍ਰਿਤ ਦੀ ਬਖਸ਼ੀ ਸੀ ਦਾਤ ਰੱਬੀ, ਆਪ ਗੁਰੂ ਮਹਾਰਾਜ, ਗੁਰ ਖਾਲਸੇ ਨੂੰ।

ਬਖਸ਼ ਦਿੱਤੀ ਸੀ ਨਾਲ ਹੀ ਪਾਤਸ਼ਾਹੀ, ਗੁਰੂ ਗਰੀਬ ਨਿਵਾਜ, ਗੁਰ ਖਾਲਸੇ ਨੂੰ।

ਨਿਤਨੇਮ ਦੇ ਕੇ ਹੈ ਹੀ ਚਾੜ੍ਹ ਦਿੱਤਾ, ਨਾਨਕ ਨਾਮ ਜਹਾਜ, ਗੁਰ ਖਾਲਸੇ ਨੂੰ।

 

ਕੇਸਗੜ੍ਹ ’ਤੇ ਬਖ਼ਸ ਕੇ ਦਾਤ ਅੰਮ੍ਰਿਤ, ਸਾਨੂੰ ਸਿੰਘ ਸਜਾਇਆ ਸੀ ਪਾਤਸ਼ਾਹ ਨੇ।

ਦਾਤ ਅੰਮ੍ਰਿਤ ਦੀ ਮੰਗ ਫਿਰ ਚੇਲਿਆਂ ਤੋਂ, ਆਪਣਾ ਗੁਰੂ ਬਣਾਇਆ ਸੀ ਪਾਤਸ਼ਾਹ ਨੇ।

ਆਪਣੇ ਪੁੱਤਰਾਂ ਤੋਂ ਪਿਆਰੇ ਖਾਲਸੇ ਤੋਂ, ਖਾਨਦਾਨ ਲੁਟਾਇਆ ਸੀ ਪਾਤਸ਼ਾਹ ਨੇ।

ਜੋ ਕੁਝ ਕੋਈ ਨਹੀਂ ਦੁਨੀਆਂ ’ਚ ਕਰ ਸਕਿਆ, ਉਹ ਕਰ ਵਿਖਾਇਆ ਸੀ ਪਾਤਸ਼ਾਹ ਨੇ।

 

ਕੇਸਗੜ੍ਹ ’ਤੇ ਕਲਗੀਆਂ ਵਾਲੜੇ ਨੇ, ਪ੍ਰਗਟ ਕੀਤਾ ਨਿਆਰਾ ਗੁਰ ਖਾਲਸਾ ਸੀ।

ਸਾਬਤ ਸੂਰਤ ਦਸਤਾਰ ਸੀ ਸਿਰ ਉੱਤੇ, ਲਗਦਾ ਬੜਾ ਪਿਆਰਾ ਗੁਰ ਖਾਲਸਾ ਸੀ।

ਖਾਸ ਰੂਪ ਅੰਦਰ ਕਲਗੀਧਰ ਜੀ ਦਾ, ਬਣਿਆ ਅੱਖਾਂ ਦਾ ਤਾਰਾ ਗੁਰ ਖਾਲਸਾ ਸੀ।

ਬਰਫ ਵਾਂਗ ਠੰਡਾ ਨਾਲ ਸੱਜਣਾਂ ਦੇ, ਦੁਸ਼ਮਣ ਲਈ ਅੰਗਿਆਰਾ ਗੁਰ ਖਾਲਸਾ ਸੀ।

 

ਗੁਰੂ ਸਾਹਿਬ ਤੇ ਸਿੰਘਾਂ ਦੇ ਹਨ ਜਿਹੜੇ, ਪਾਵਨ ਸ਼ਸ਼ਤਰ ਹਨ ਓਹ ਸਜਾਏ ਏਥੇ।

ਹਰ ਰੋਜ਼ ਹੀ ਦਰਸ਼ਨ ਦੀਦਾਰ ਕਰਦੇ, ਦਰਸ਼ਨ ਕਰਨ ਲਈ ਖਾਲਸੇ ਆਏ ਏਥੇ।

ਚੜ੍ਹਦੀ ਕਲਾ ਆਉਂਦੀ ਤੱਕ ਤੱਕ ਕੇ ਤੇ, ਜਾਂਦੇ ਨਾਲ ਇਤਿਹਾਸ ਸੁਣਾਏ ਏਥੇ।

‘ਜਾਚਕ’ ਜਨਮ ਅਸਥਾਨ ਦੇ ਕਰ ਦਰਸ਼ਨ, ਹਰ ਕੋਈ ਗਦ ਗਦ ਹੋ ਜਾਏ ਏਥੇ।