ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ
ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ
ਦਸਮ ਪਿਤਾ ਦਾ ਜਿਥੇ ਪ੍ਰਕਾਸ਼ ਹੋਇਆ, ਇਹ ਓਹ ਪਾਵਨ ਅਸਥਾਨ ਗੁਰ ਖਾਲਸਾ ਜੀ।
ਚੋਜੀ ਪ੍ਰੀਤਮ ਨੇ ਚੋਜ ਰਚਾਏ ਜਿੱਥੇ, ਇਹ ਓਹ ਧਰਤ ਮਹਾਨ ਗੁਰ ਖਾਲਸਾ ਜੀ।
ਦੇਸ਼ ਵਿਦੇਸ਼ ਤੋਂ ਮੰਜ਼ਲਾਂ ਮਾਰ ਕੇ ਤੇ, ਦਰਸ਼ਨ ਕਰਦੇ ਹੋ ਆਣ ਗੁਰ ਖਾਲਸਾ ਜੀ।
ਸਾਰਾ ਸਾਲ ਹੀ ਪਾਵਨ ਅਸਥਾਨ ਉਤੇ, ਲਗਦੇ ਰਹਿੰਦੇ ਦੀਵਾਨ ਗੁਰ ਖਾਲਸਾ ਜੀ।
ਪੋਹ ਸੁਦੀ ਸਤਵੀਂ, ਐਤਵਾਰ ਦੇ ਦਿਨ, ਪ੍ਰਗਟ ਹੋਇਆ ਸੀ ਪੁਰਖ ਭਗਵੰਤ ਏਥੇ।
ਚਾਨਣ ਚਾਨਣ ਸੀ ਹੋ ਗਿਆ ਚਹੁੰ ਪਾਸੀਂ, ਅੰਧਕਾਰ ਦਾ ਹੋ ਗਿਆ ਅੰਤ ਏਥੇ।
ਭਗਤੀ ਸ਼ਕਤੀ ਨੂੰ ਆਪਣੇ ਨਾਲ ਲੈਕੇ, ਪਰਗਟ ਹੋਇਆ ਸਿਪਾਹੀ ਤੇ ਸੰਤ ਏਥੇ।
ਚਹਿਕ ਮਹਿਕ ਤੇ ਟਹਿਕ ਸੀ ਹਰ ਪਾਸੇ, ਮਾਨੋਂ ਖਿੜ ਗਈ ਰੁੱਤ ਬਸੰਤ ਏਥੇ।
ਇਸ ਪਾਵਨ ਅਸਥਾਨ ਤੇ ਖਾਲਸਾ ਜੀ, ਪੰਥ ਖਾਲਸੇ ਦਾ ਸਾਜਣਹਾਰ ਆਇਆ।
ਢਹਿੰਦੀ ਕਲਾ ਦੀ ਖੱਡ ’ਚੋਂ ਕੱਢਣੇ ਲਈ, ਚੜ੍ਹਦੀ ਕਲਾ ਦਾ ਸੀ ਅਵਤਾਰ ਆਇਆ।
ਸਮਝੇ ਜਾਂਦੇ ਸੀ ਨੀਵੇਂ ਅਛੂਤ ਜਿਹੜੇ, ਉਨ੍ਹਾਂ ਤਾਂਈਂ ਬਣਾਉਣ ਸਰਦਾਰ ਆਇਆ।
ਮੁਰਦਾ ਦਿਲਾਂ ਅੰਦਰ ਜਾਨ ਪਾਉਣ ਖਾਤਰ, ਕਲਗੀਧਰ ਸੀ ਵਿੱਚ ਸੰਸਾਰ ਆਇਆ।
ਸ਼ਿਵ ਦਤ ਪੰਡਤ, ਦਰਸ਼ਨ ਜਦੋਂ ਕੀਤੇ, ਅੱਖਾਂ ਸਾਹਮਣੇ ਕ੍ਰਿਸ਼ਨ ਤੇ ਰਾਮ ਡਿੱਠਾ।
ਰਹੀਮ ਬਖ਼ਸ ਨਵਾਬ ਵੀ ਵਿੱਚ ਪਟਨੇ, ਝੁੱਕ ਝੁੱਕ ਕੇ ਕਰਦਾ ਸਲਾਮ ਡਿੱਠਾ।
ਕਿਹਾ ਦਿਲ ਦਾ ਟੁੱਕੜਾ ਸੀ ਉਸ ਤਾਂਈਂ, ਰਾਣੀ ਮੈਣੀ ਨੇ ਜਦੋਂ ਵਰਿਆਮ ਡਿੱਠਾ।
ਓਹਦੀ ਮਾਂ ਦੀ ਮਮਤਾ ਸੀ ਹੋਈ ਪੂਰੀ, ਗੋਦੀ ਵਿੱਚ ਜਦ ਬੈਠਾ ਬਲਰਾਮ ਡਿੱਠਾ।
ਮਾਤਾ ਗੁਜਰੀ ਨੇ ਏੇਸ ਅਸਥਾਨ ਉਤੇ, ਬੜੇ ਲਾਡ ਲਡਾਏ ਸੀ ਲਾਲ ਤਾਈਂ।
ਪੀਰ ਭੀਖਣ ਜਹੇ ਰੱਬ ਦੇ ਬੰਦਿਆਂ ਨੇ, ਸਿਜਦੇ ਕੀਤੇ ਸਨ ਸਾਹਿਬੇ ਕਮਾਲ ਤਾਈਂ।
ਰਾਣੀ ਮੈਣੀ ਦੇ ਨੈਣਾਂ ਨੇ ਤੱਕਿਆ ਸੀ, ਨੂਰੀ ਚਿਹਰੇ ਤੇ ਰੱਬੀ ਜਲਾਲ ਤਾਈਂ।
ਜਿਹੜਾ ਤੱਕਦਾ, ਤੱਕਦਾ ਈ ਰਹਿ ਜਾਂਦਾ, ਨੌਂਵੇ ਗੁਰਾਂ ਦੇ ਨੌਨਿਹਾਲ ਤਾਈਂ।
ਇਸ ਅਸਥਾਨ ਤੇ ਬਾਲ ਗੋਬਿੰਦ ਰਾਇ, ਖੇਡਾਂ ਖੇਡੀਆਂ ਜੱਗੋਂ ਨਿਆਰੀਆਂ ਸੀ।
ਕੱਚੀ ਉਮਰ, ਨਿਸ਼ਾਨੇ ਸੀ ਬੜੇ ਪੱਕੇ, ਦੰਗ ਰਹਿ ਜਾਂਦੇ ਨਰ ਤੇ ਨਾਰੀਆਂ ਸੀ।
ਬਣਦੇ ਰਹਿੰਦੇ ਸਨ ਮੁੱਖੀ ਓਹ ਟੋਲੀਆਂ ਦੇ,(ਕਿਉਂਕਿ) ਸਿਰ ਤੇ ਆ ਰਹੀਆਂ ਜਿੰਮੇਵਾਰੀਆਂ ਸੀ।
ਲੋਕਾਂ ਭਾਣੇ ਓਹ ਖੇਡਾਂ ਪਏ ਖੇਡਦੇ ਸੀ, (ਪਰ) ਦਾਤਾ ਕਰ ਰਹੇ ਹੋਰ ਤਿਆਰੀਆਂ ਸੀ।