Home » ਇਤਿਹਾਸਕ ਅਸਥਾਨ ਤੇ ਸੰਸਥਾਵਾਂ » ਸ੍ਰੀ ਦਰਬਾਰ ਸਾਹਿਬ, ਸ੍ਰੀ ਅ੍ਰੰਮਿਤਸਰ

ਸ੍ਰੀ ਦਰਬਾਰ ਸਾਹਿਬ, ਸ੍ਰੀ ਅ੍ਰੰਮਿਤਸਰ

by Dr. Hari Singh Jachak
Sri Darbar Sahib, Sri Armitsar

ਸ੍ਰੀ ਦਰਬਾਰ ਸਾਹਿਬ, ਸ੍ਰੀ ਅ੍ਰੰਮਿਤਸਰ

ਸ੍ਰੀ ਦਰਬਾਰ ਸਾਹਿਬ, ਸ੍ਰੀ ਅ੍ਰੰਮਿਤਸਰ

ਹਰੀਮੰਦਰ ’ਚ ਹਰੀ ਦਾ ਵਾਸ ਜਾਣੋ, ਧੁਰ ਕੀ ਬਾਣੀ ਦਾ ਚੱਲੇ ਪ੍ਰਵਾਹ ਸੋਹਣਾ।

ਸਾਹਵੇਂ ਤਖ਼ਤ ਅਕਾਲ ਵੀ ਸੋਭਦਾ ਏ, ਭਗਤੀ ਸ਼ਕਤੀ ਦਾ ਸੋਮਾ ਅਥਾਹ ਸੋਹਣਾ।

ਘੁੰਮਣ ਘੇਰੀ ’ਚ ਫਸੀਆਂ ਬੇੜੀਆਂ ਨੂੰ, ਸਿਰੇ ਲਾਉਂਦਾ ਏ ਆਪ ਮਲਾਹ ਸੋਹਣਾ।

ਨਾਲ ਸ਼ਰਧਾ ਦੇ ਸਾਰੇ ਜਹਾਨ ਵਿੱਚੋਂ, ਸੰਗਤ ਆਉਂਦੀ ਏ ਲੈਣ ਲਈ ਲਾਹ ਸੋਹਣਾ।

 

ਮੀਆਂ ਮੀਰ ਤੋਂ ਨੀਂਹ ਰਖਵਾ ਸਤਿਗੁਰ, ਸੀ ਉਸਾਰਿਆ ਸਾਂਝਾ ਦਰਬਾਰ ਏਥੇ।

ਬਾਬਾ ਬੁੱਢਾ ਜੀ ਬੈਠ ਕੇ ਬੇਰ ਹੇਠਾਂ, ਕੀਤੀ ਸੇਵਾ ਸੀ ਨਾਲ ਸਤਿਕਾਰ ਏਥੇ।

ਕੰਵਲ ਫੁੱਲ ਦੇ ਵਾਂਗ ਹੈ ਇਹ ਖਿੜਿਆ, ਪਾਵਨ ਅੰਮ੍ਰਿਤ ਸਰੋਵਰ ਵਿਚਕਾਰ ਏਥੇ।

ਸਾਰੇ ਜਗਤ ਲਈ ਚੌਹਾਂ ਹੀ ਦਿਸ਼ਾਂ ਅੰਦਰ, ਖੁਲ੍ਹੇ ਹੋਏ ਦਰਵਾਜ਼ੇ ਨੇ ਚਾਰ ਏਥੇ।

 

ਪਾਵਨ ਬੀੜ ਸੀ ਜਦੋਂ ਤਿਆਰ ਹੋਈ, ਤਦ ਪ੍ਰਕਾਸ਼ ਕਰਵਾਇਆ ਸੀ ਗੁਰੂ ਅਰਜਨ।

ਮੇਰੇ ਸਰੀਰ ਤੋਂ ਵੱਧ ਸਤਿਕਾਰ ਕਰਿਓ, ਸੰਗਤ ਤਾਂਈਂ ਫੁਰਮਾਇਆ ਸੀ ਗੁਰੂ ਅਰਜਨ।

ਪੋਥੀ ਸਾਹਿਬ ਸਜਾ ਕੇ ਤਖ਼ਤ ਉਤੇ, ਥੱਲੇ ਆਸਨ ਲਗਾਇਆ ਸੀ ਗੁਰੂ ਅਰਜਨ।

ਬਾਬਾ ਬੁੱਢਾ ਜੀ ਤਾਂਈਂ ਸਨਮਾਨ ਦੇ ਕੇ, ਪਹਿਲੇ ਗ੍ਰੰਥੀ ਬਣਾਇਆ ਸੀ ਗੁਰੂ ਅਰਜਨ।

 

ਰੱਬੀ ਗਿਆਨ ਦਾ ਹੈ ਭੰਡਾਰ ਜਿਹੜਾ, ਗੁਰੂ ਗ੍ਰੰਥ ਪ੍ਰਕਾਸ਼ ਗੁਰ ਖਾਲਸਾ ਜੀ।

ਇਹ ਤਾਂ ਸਿੱਖਾਂ ਦੇ ਦਿਲਾਂ ਦੀ ਹੈ ਧੜਕਣ, ਸਾਡੇ ਵਿੱਚ ਨਿਵਾਸ ਗੁਰ ਖਾਲਸਾ ਜੀ।

ਸਿਲਾਂ ਹੇਠ ਪ੍ਰਕਰਮਾਂ ਦੇ ਵਿੱਚ ਲੱਖਾਂ, ਸਿੰਘ ਸ਼ਹੀਦਾਂ ਦਾ ਵਾਸ ਗੁਰ ਖਾਲਸਾ ਜੀ।

ਚਾਰ ਸਦੀਆਂ ਦਾ ਗੁਰੂ ਦਰਬਾਰ ਵਾਲਾ, ਲਹੂ ਭਿੱਜਾ ਇਤਿਹਾਸ ਗੁਰ ਖਾਲਸਾ ਜੀ।

 

ਮਨੀ ਸਿੰਘ ਜੀ ਨੇ ਬਿੱਖੜੇ ਸਮੇਂ ਅੰਦਰ, ਕੀਤੀ ਆਣ ਕੇ ਸੇਵਾ ਸੰਭਾਲ ਸੋਹਣੀ।

ਲੱਖਾਂ ਸਿੰਘ ਸਜਾਏ ਛਕਾ ਅੰਮ੍ਰਿਤ, ਔਖੇ ਸਮੇਂ ’ਚ ਘਾਲਣਾ ਘਾਲ ਸੋਹਣੀ।

ਤੱਤ ਖਾਲਸਾ ਤੇ ਬੰਦਈ ਖਾਲਸਾ ’ਚ, ਝਗੜਾ ਟਾਲ ਦਿੱਤਾ ਬਣ ਕੇ ਢਾਲ ਸੋਹਣੀ।

ਬੰਦ ਬੰਦ ਕਟਵਾ ਕੇ ਖਿੜੇ ਮੱਥੇ, ਕੀਤੀ ਜੱਗ’ਚ ਕਾਇਮ ਮਿਸਾਲ ਸੋਹਣੀ।

 

ਸਿੰਘ ਸਾਹਿਬ ਸ਼ਹੀਦ ਹੋ ਜਾਣ ਪਿੱਛੋਂ, ਪਈ ਜ਼ੁਲਮੀ ਹਨੇਰੀ ਕੋਈ ਝੁੱਲ ਏਥੇ।

ਯਹੀਆ, ਜ਼ਕਰੀਆ, ਸ਼ਾਹ ਨਿਵਾਜ਼ ਵੇਲੇ, ਪੈ ਗਏ ਸਿੰਘਾਂ ਦੇ ਸਿਰਾਂ ਦੇ ਮੁੱਲ ਏਥੇ।

ਸਿੰਘਾਂ ਤਾਂਈਂ ਅਬਦਾਲੀ ਤੇ ਮੀਰ ਮੰਨੂੰ, ਖ਼ਤਮ ਕਰਨ ’ਤੇ ਗਏ ਤਦ ਤੁੱਲ ਏਥੇ।

ਸਮੇਂ ਸਮੇਂ ਦਰਬਾਰ ’ਤੇ ਹੋਏ ਹਮਲੇ, ਤੋਪਾਂ, ਟੈਂਕਾਂ ਦੇ ਮੂੰਹ ਗਏ ਖੁੱਲ੍ਹ ਏਥੇ।

 

ਹਰੀਮੰਦਰ ਦੀ ਸੁਣੀ ਨਿਰਾਦਰੀ ਜਾਂ, ਰਾਜਿਸਥਾਨ ’ਚੋਂ ਚੱਲੇ ਬਲਕਾਰ ਦੋਵੇਂ।

ਸੁੱਖਾ ਸਿੰਘ ਮਹਿਤਾਬ ਸਿੰਘ ਪ੍ਰਣ ਕਰਕੇ, ਹੋ ਗਏ ਘੋੜਿਆਂ ਉਤੇ ਸਵਾਰ ਦੋਵੇਂ।

ਵਾਟਾਂ ਚੀਰਦੇ ਚੀਰਦੇ ਸਿੰਘ ਸੂਰੇ, ਪਹੁੰਚ ਗਏ ਸਨ ਗੁਰੂ ਦਰਬਾਰ ਦੋਵੇਂ।

ਦਿਨ ਦਿਹਾੜੇ ਹੀ ਮੱਸੇ ਦਾ ਸਿਰ ਵੱਢ ਕੇ, ਹਵਾ ਹੋ ਗਏ ਸਿੰਘ ਸਰਦਾਰ ਦੋਵੇਂ।

 

ਪੰਨੇ ਜਦੋਂ ਇਤਿਹਾਸ ਦੇ ਪੜ੍ਹ ਰਿਹਾ ਸੀ, ਤੱਕੀ ਘਟਨਾ ਇਕ ਬੇਮਿਸਾਲ ਅੰਦਰ।

ਹਰੀਮੰਦਰ ਨੂੰ ਘੇਰਾ ਸੀ ਆਣ ਪਾਇਆ, ਵੜੀਆਂ ਫੌਜਾਂ ਅਬਦਾਲੀ ਦੇ ਨਾਲ ਅੰਦਰ।

ਕਰੜਾ ਪਹਿਰਾ ਕਿ ਚਿੜੀ ਨਾ ਫੜਕ ਸਕੇ, ਚੌਹੀਂ ਪਾਸੀਂ ਸੀ ਖੜ੍ਹੇ ਚੰਡਾਲ ਅੰਦਰ।

ਇਕ ਚੁਬਾਰਾ ਪ੍ਰਕਰਮਾਂ ਦੇ ਨਾਲ ਹੈ ਜੋ, ਬਿਰਧ ਪਿਐ ਇਕ ਬੜਾ ਨਿਢਾਲ ਅੰਦਰ।

 

‘ਜੋਤ ਵਿੱਚ ਹਰਿਮੰਦਰ ਜਗਾਊ ਕਿਹੜਾ’, ਹੋਇਆ ਸੋਚ ਕੇ ਹਾਲੋਂ ਬੇਹਾਲ ਹੈਸੀ।

ਐਨੇ ਚਿਰ ਨੂੰ ਬਾਪੂ ਦੇ ਕੋਲ ਉਸਦਾ, ਬਹਿ ਗਿਆ ਆਣ ਕੇ ਨੌਨਿਹਾਲ ਹੈਸੀ।

ਕਹਿ ਕੇ ਬਾਪੂ ‘ਮੈਂ ਜੋਤ ਜਗਾਊਂ ਜਾ ਕੇ’, ਪਹੁੰਚਾ ਤਰ ਕੇ ਗੁਰੂ ਦਾ ਤਾਲ ਹੈਸੀ।

ਗੋਲੀ ਚੱਲੀ ਤੇ ਹੋਇਆ ਸ਼ਹੀਦ ਐਪਰ, ਜੋਤ ਗਿਆ ਹਰਿਮੰਦਰ ’ਚ ਬਾਲ ਹੈਸੀ।

 

ਦੀਪ ਸਿੰਘ ਬਾਬਾ ਲਾਲੋ ਲਾਲ ਹੋਇਆ, ਸੁਣਕੇ ਗੁਰੂ ਦਾ ਪੂਰਿਆ ਤਾਲ ਓਦੋਂ।

ਗੁਰੂ ਘਰ ਵੱਲ ਚੱਲੇ ਅਰਦਾਸ ਕਰਕੇ, ਸਿੰਘਾਂ ਸੂਰਿਆਂ ਨੂੰ ਲੈ ਕੇ ਨਾਲ ਓਦੋਂ।

ਘਾਇਲ ਹੋਏ ਸਨ ਜੰਗਿ ਮੈਦਾਨ ਅੰਦਰ, ਜਖ਼ਮੀ ਸੀਸ ਪਰ ਲਿਆ ਸੰਭਾਲ ਓਦੋਂ।

ਪਾਵਨ ਸੀਸ ਪ੍ਰਕਰਮਾਂ ’ਚ ਜਦੋਂ ਗਿਰਿਆ, ਨੂਰੀ ਚਿਹਰੇ ’ਤੇ ਸੀ ਜਲਾਲ ਓਦੋਂ।

 

ਸੰਨ ਚੌਰਾਸੀ ਸ਼ਹੀਦੀ ਦੇ ਪੁਰਬ ਉੱਤੇ, ਘੇਰਾ ਪਾਇਆ ਦਰਬਾਰ ਨੂੰ ਆਨ ਫ਼ੌਜਾਂ।

ਲਾ ਕੇ ਕਰਫਿਊ ਸਾਰੇ ਪੰਜਾਬ ਅੰਦਰ, ਚੜ੍ਹਕੇ ਆਈਆਂ ਸੀ ਵਾਂਗ ਤੂਫਾਨ ਫ਼ੌਜਾਂ।

ਕਰ ’ਤਾ ਤਖ਼ਤ ਅਕਾਲ ਸੀ ਢਹਿ ਢੇਰੀ, ਸਾਡੀ ਆਪਣੀ ਜਿੰਦ ਤੇ ਜਾਨ ਫ਼ੌਜਾਂ।

ਕੌਮੀ ਹੀਰੇ ਬਹੁਮੁੱਲ ਸ਼ਹੀਦ ਕਰਕੇ, ਕੀਤਾ ਕੌਮ ਦਾ ਬੜਾ ਨੁਕਸਾਨ ਫ਼ੌਜਾਂ।

 

ਲੱਖਾਂ ਝੱਖੜ ਹਨੇਰ ਤੂਫ਼ਾਨ ਹਰਦਮ, ਆਉਂਦੇ ਰਹੇ ਵੀ ਨੇ, ਆਉਂਦੇ ਰਹਿਣਗੇ ਵੀ।

ਸੋਹਿਲੇ ਖੂਨ ਦੇ ਸ਼ੁਰੂ ਤੋਂ ਸਿੰਘ ਸੂਰੇ, ਗਾਉਂਦੇ ਰਹੇ ਵੀ ਨੇ, ਗਾਉਂਦੇ ਰਹਿਣਗੇ ਵੀ।

ਕਿਲ੍ਹੇ ਜ਼ੁਲਮ ਤਸ਼ੱਦਦ ਦੇ ਸ਼ੁਰੂ ਤੋਂ ਹੀ, ਢਾਉਂਦੇ ਰਹੇ ਵੀ ਨੇ, ਢਾਉਂਦੇ ਰਹਿਣਗੇ ਵੀ।

ਲੋੜ ਪੈਣ ’ਤੇ ਸਿੰਘ ਸ਼ਹੀਦੀਆਂ ਨੂੰ, ਪਾਉਂਦੇ ਰਹੇ ਵੀ ਨੇ, ਪਾਉਂਦੇ ਰਹਿਣਗੇ ਵੀ।

 

ਹਰੀਮੰਦਰ ਉਹ ਪਾਵਨ ਅਸਥਾਨ ਸਾਡਾ, ਹਰ ਦਮ ਵਾਹਿਗੁਰੂ ਜਿੱਥੇ ਨਿਵਾਸ ਕਰਦੈ।

ਇਹਦੇ ਦਰਸ਼ਨ ਇਸ਼ਨਾਨ ਨੂੰ ਲੋਚਦਾ ਏ, ਸਿੱਖ ਜਦੋਂ ਵੀ ਕਿਤੇ ਅਰਦਾਸ ਕਰਦੈ।

ਮਨਮੁਖ ਕਾਂ ਆ ਕੇ, ਗੁਰਮੁਖ ਹੰਸ ਬਣਦੇ, ਸਤਿਗੁਰ ਦੁਖਾਂ ਕਲੇਸ਼ਾਂ ਦਾ ਨਾਸ ਕਰਦੈ।

ਸ਼ਰਧਾ ਨਾਲ ਗੁਰਬਾਣੀ ਨੂੰ ਸੁਣੇ ਜਿਹੜਾ, ਕਾਰਜ ਉਸਦੇ ਪਾਤਸ਼ਾਹ ਰਾਸ ਕਰਦੈ।

 

ਚੌਹਾਂ ਵਰਨਾਂ ਲਈ ਚੌਹਾਂ ਹੀ ਦਿਸ਼ਾਂ ਅੰਦਰ, ਖੁਲ੍ਹੇ ਰਹਿੰਦੇ ਨੇ ਚਾਰੇ ਹੀ ਦਰ ਏਥੇ।

ਕੱਟੇ ਜਾਂਦੇ ਚੌਰਾਸੀ ਦੇ ਗੇੜ ਸਾਰੇ, ਲਹਿ ਜਾਂਦਾ ਏ ਮੌਤ ਦਾ ਡਰ ਏਥੇ।

ਝੋਲੀ ਸੱਖਣੀ ਲੈ ਕੇ ਆਏ ਜਿਹੜਾ, ਦਾਤਾ ਦਿੰਦਾ ਏ ਦਾਤਾਂ ਨਾਲ ਭਰ ਏਥੇ।

ਹਰ ਕੋਈ ਵਜਦ ’ਚ ਆਣ ਕੇ ਆਖਦਾ ਹੈ, ਅੰਮ੍ਰਿਤਸਰ ਹੈ ਸਿਫ਼ਤੀ ਦਾ ਘਰ ਏਥੇ।

 

ਮੱਕਾ, ਕਾਸ਼ੀ ਤੇ ਯੂਰੋਸ਼ਲਮ ਵਾਂਗੂ, ਪਾਵਨ ਪਰਮ ਪਵਿੱਤਰ ਅਸਥਾਨ ਹੈ ਇਹ।

ਦੇਵੇ ਦੁਨੀਆਂ ਨੂੰ ਰੱਬੀ ਸੰਦੇਸ਼ ਜਿਹੜਾ, ਨਾਮ ਬਾਣੀ ਦਾ ਸੋਮਾ ਮਹਾਨ ਹੈ ਇਹ।

ਜਿੱਥੋਂ ਲੈਣੀ ਅਗਵਾਈ ਤੇ ਸੇਧ ‘ਜਾਚਕ’, ਸਾਡਾ ਸ਼੍ਰੋਮਣੀ ਧਰਮ ਅਸਥਾਨ ਹੈ ਇਹ।

ਸਾਡੀ ਆਨ ਹੈ ਇਹ, ਸਾਡੀ ਸ਼ਾਨ ਹੈ ਇਹ, ਸਾਡੀ ਜਿੰਦ ਹੈ ਇਹ, ਸਾਡੀ ਜਾਨ ਹੈ ਇਹ।