Home » ਇਤਿਹਾਸਕ ਅਸਥਾਨ ਤੇ ਸੰਸਥਾਵਾਂ » ਸਿੰਘ ਸਭਾ ਲਹਿਰ

ਸਿੰਘ ਸਭਾ ਲਹਿਰ

by Dr. Hari Singh Jachak
Singh Sabha Laher

ਸਿੰਘ ਸਭਾ ਲਹਿਰ

ਸਿੰਘ ਸਭਾ ਲਹਿਰ

ਸਮੇਂ ਸਮੇਂ ’ਤੇ ਸਿੱਖ ਸਮਾਜ ਅੰਦਰ, ਆਉਂਦੀ ਰਹੀ ਗਿਰਾਵਟ ਦੀ ਲਹਿਰ ਹੈਸੀ।

ਸੂਰਜ ਖਾਲਸਾ ਰਾਜ ਦਾ ਛਿਪਦਿਆਂ ਹੀ, ਢਾਲੇ ਪੈ ਗਈ ਸਾਡੀ ਦੁਪਹਿਰ ਹੈਸੀ।

ਕੁੰਡਾ ਹਾਥੀ ਦੇ ਸਿਰ ਤੋਂ ਉਠਦਿਆਂ ਹੀ, ਸਾਡੇ ਥਿੜ੍ਹਕ ਗਏ ਮਸਤੀ ’ਚ ਪੈਰ ਹੈਸੀ।

ਨਮਕ ਹਲਾਲ ਤੇ ਵਫ਼ਾਦਾਰ ਬਣ ਗਏ, ਲੂਣ ਹਰਾਮੀ, ਗੱਦਾਰ ਤੇ ਗ਼ੈਰ ਹੈਸੀ।

 

ਘਰ ਦੇ ਭੇਤੀ ਸੀ ਲੰਕਾ ਨੂੰ ਢਾਹੁਣ ਲੱਗੇ, ਸਾਡੀ ਰਹੀ ਨਾ ਕਿਤੇ ਵੀ ਖ਼ੈਰ ਹੈਸੀ।

ਸਿੰਘ ਹਾਰ ਗਏ ਜਿੱਤੀਆਂ ਬਾਜ਼ੀਆਂ ਨੂੰ, ਇਕੱਲੇ ਸ਼ੇਰੇ ਪੰਜਾਬ ਬਗ਼ੈਰ ਹੈਸੀ।

ਹੋ ਗਏ ਜਦੋਂ ਗੁਲਾਮ ਸੀ ਗੋਰਿਆਂ ਦੇ, ਸੌਂ ਗਏ ਘੂਕ, ਪਸਾਰ ਕੇ ਪੈਰ ਹੈਸੀ।

ਈਸਾ ਧਰਮ ਦਾ ਸ਼ੁਰੂ ਪ੍ਰਚਾਰ ਹੋਇਆ, ਪਿੰਡ ਪਿੰਡ ਅੰਦਰ, ਸ਼ਹਿਰੋ ਸ਼ਹਿਰ ਹੈਸੀ।

 

ਆਰੀਆ ਸਮਾਜੀ ਤੇ ਗੁਰੂ ਡੰਮ੍ਹ ਵਾਲੇ, ਸਿੱਖ ਪੰਥ ਦੇ ਪੈ ਗਏ ਵੈਰ ਸਾਰੇ।

ਖੋਰਾ ਲਾਇਆ ਸੀ ਸਿੱਖੀ ਸਰੀਰ ਤਾਂਈਂ, ਬਾਹਰੋਂ ਮਿੱਠੇ, ਪਰ ਅੰਦਰੋਂ ਜ਼ਹਿਰ ਸਾਰੇ।

ਇਕ ਕਰੋੜ ’ਚੋਂ ’ਠਾਰਾਂ ਲੱਖ ਰਹੇ ਬਾਕੀ, ਚਾਰੇ ਪਾਸੇ ਸੀ ਵਰਤਿਆ ਕਹਿਰ ਸਾਰੇ।

ਐਸੇ ਸਮੇਂ ’ਚ ਸ਼ੁਰੂ ਜੋ ਹੋਈ ‘ਜਾਚਕ’, ਉਹਨੂੰ ਕਹਿੰਦੇ ਨੇ ‘ਸਿੰਘ ਸਭਾ ਲਹਿਰ’ ਸਾਰੇ।

 

ਦਿੱਤਾ ਹੁਕਮ ਡਲਹੋਜ਼ੀ ਲਾਰੰਸ ਤਾਈਂ, ਫਰੰਗੀ ਰਾਜ ਦਾ ਖੋਲ੍ਹਿਆ ਰਾਹ ਜਾਵੇ।

ਸਿੱਖ ਰਾਜ ਦੇ ਖ਼ਾਤਮੇ ਬਾਅਦ ਹੁਣ ਤਾਂ, ਸਿੱਖ ਧਰਮ ਨੂੰ ਲਾਈ ਕੋਈ ਢਾਹ ਜਾਵੇ।

ਮਨ ਘੜਤ ਕਹਾਣੀਆਂ ਪੇਸ਼ ਕਰਕੇ, ਹਰ ਇੱਕ ਸਿੱਖ ਨੂੰ ਕੀਤਾ ਗੁੰਮਰਾਹ ਜਾਵੇ।

ਸਿੱਖ ਕੌਮ ਦੇ ਉਲਟ ਪ੍ਰਚਾਰ ਕਰਕੇ, ਸਿੱਖੀ ਮਹਿਲ ਨੂੰ ਕੀਤਾ ਤਬਾਹ ਜਾਵੇ।

 

ਹਰੀਮੰਦਰ ਪ੍ਰਕਰਮਾਂ ਦੇ ਵਿੱਚ ਇੱਥੇ, ਹੋਇਆ ਮੂਰਤੀ ਪੂਜਾ ਦਾ ਜੋਰ ਹਰ ਥਾਂ।

ਮਨਮਤੀਆਂ ਨੇ ਥਾਂ ਥਾਂ ਬੈਠ ਕੇ ਤੇ, ਆਪੋ ਆਪਣਾ ਪਾਇਆ ਸੀ ਸ਼ੋਰ ਹਰ ਥਾਂ।

ਪੇਚਾ ਪਾ ਕੇ ਪੰਥਕ ਪਤੰਗ ਉੱਤੇ, ਕੱਟੀ ਦੁਸ਼ਮਣਾਂ ਸਿੱਖੀ ਦੀ ਡੋਰ ਹਰ ਥਾਂ।

ਸਿੱਖ ਕੌਮ ਦੇ ਸੂਰਜ ’ਤੇ ਮਨਮੱਤ ਦੀ, ਘਟਾ ਛਾਈ ਸੀ ਕਾਲੀ ਘਨਘੋਰ ਹਰ ਥਾਂ।

 

ਚੱਪਾ ਚੱਪਾ ਪੰਜਾਬ ਦੀ ਧਰਤ ਉੱਤੇ, ਇਸਾਈ ਮਿਸ਼ਨਰੀਆਂ ਧਾਂਕ ਜਮਾਈ ਹੈਸੀ।

ਟਰੈਕਟ,ਪੈਂਫਲਿਟ ਤੇ ਸਾਹਿਤ ਮੁਫਤ ਵੰਡ ਕੇ, ਬੜੇ ਜੋਰ ਦੀ ਲਹਿਰ ਚਲਾਈ ਹੈਸੀ।

ਸਿੱਖ ਸਿੱਖੀਉਂ ਉਨ੍ਹਾਂ ਨੇ ਪਤਿਤ ਕੀਤੇ, ਡਰ ਲਾਲਚ ਤੇ ਨਾਲ ਚਤੁਰਾਈ ਹੈਸੀ।

ਇਸ ਹਨੇਰੀ ਕਾਰਣ ਸਿੱਖੀ ਬਾਗ ਉੱਤੇ, ਬਸੰਤ ਰੁੱਤ ਅੰਦਰ ਪਤਝੜ ਆਈ ਹੈਸੀ।

 

ਅੰਧ ਕੂਪ ’ਚ ਟੱਕਰਾਂ ਮਾਰ ਰਹੇ ਸੀ, ਜਿਹੜੇ ਸੂਰਮੇ ਸੰਤ ਸਿਪਾਹੀ ਹੈਸੀ।

ਉਗੇ ਵਾਂਗ ਖੁੰਬਾਂ ਗੁਰੂ ‘ਦੇਹਧਾਰੀ’, ਥਾਂ ਥਾਂ ’ਤੇ ਗੱਦੀ ਲਗਾਈ ਹੈਸੀ।

ਸਿੱਖੀ ਸੂਰਜ ਦੇ ਚਾਨਣੇ ਸਾਹਮਣੇ ਤਦ, ਗਹਿਰੀ ਬੜੀ ਹੀ ਧੁੰਧ ਕੋਈ ਛਾਈ ਹੈਸੀ।

ਅੰਮ੍ਰਿਤਸਰ ਇਸਾਈ ਸਕੂਲ ਅੰਦਰ, ਸਿੱਖ ਬੱਚੇ ਸਨ ਕਰਦੇ ਪੜ੍ਹਾਈ ਹੈਸੀ।

 

ਇਸ ਪ੍ਰਭਾਵ ਥੱਲੇ ਚਾਰ ਸਿੱਖ ਬੱਚਿਆਂ, ਇਸਾਈ ਬਨਣ ਦੀ ਇੱਛਾ ਪ੍ਰਗਟਾਈ ਏਥੇ।

ਮਚਦਾ ਵੇਖ ਕੇ ਭਾਂਬੜ ਇਹ ਘਰ ਆਪਣੇ, ਪਈ ਤੜਥੱਲ ਤੇ ਮੱਚੀ ਦੁਹਾਈ ਏਥੇ।

ਹੁੱਸੜ ਮਗਰੋਂ ਹਨੇਰੀ ਤੇ ਮੀਂਹ ਆਉਂਦੈ, ਸੁੱਤੀ ਕੌਮ ਨੇ ਲਈ ਅੰਗੜਾਈ ਏਥੇ।

ਸਿੱਖ ਆਗੂਆਂ ਦੇ ਉਦੋਂ ਯਤਨ ਸਦਕਾ, ਸਿੰਘ ਸਭਾ ਸੀ ਹੋਂਦ ਵਿੱਚ ਆਈ ਏਥੇ।

 

ਅਠਾਰਾਂ ਸੌ ਤਿਹੱਤਰ ’ਚ ਲਹਿਰ ਚੱਲੀ, ਸਾਰੇ ਸਿੱਖਾਂ ਦੀ ਨਬਜ਼ ਪਛਾਨ ਓਦੋਂ।

ਗਿਆਨੀ ਗਿਆਨ ਸਿੰਘ ਸੈਕਟਰੀ ਸਨ ਇਸਦੇ, ਠਾਕੁਰ ਸਿੰਘ ਜੀ ਬਣੇ ਪ੍ਰਧਾਨ ਓਦੋਂ।

ਬਾਬਾ ਖੇਮ ਸਿੰਘ ਬੇਦੀ ਦੇ ਨਾਲ ਸਿੰਘੋ, ਬਿਕਰਮ ਸਿੰਘ ਸੀ ਸਭਾ ਦੀ ਸ਼ਾਨ ਓਦੋਂ।

ਸਿੰਘ ਸਭਾ ਫਿਰ ਬਣੀ ਲਾਹੌਰ ਅੰਦਰ, ਦਿੱਤਾ ਸਿੱਖੀ ਵੱਲ ਜੇਸ ਧਿਆਨ ਓਦੋਂ।

 

ਗੁਰਮੁੱਖ ਸਿੰਘ ਤੇ ਗਿਆਨੀ ਦਿੱਤ ਸਿੰਘ ਨੇ, ਕੀਤੀ ਕੌਮ ਦੀ ਸੇਵਾ ਮਹਾਨ ਹੈਸੀ।

ਦਿਸ਼ਾ ਹੀਨ ਜਦ ਕੌਮ ਸੀ ਹੋ ਚੁੱਕੀ, ਕੀਤੀ ਇਨ੍ਹਾਂ ਨੇ ਦਿਸ਼ਾ ਪ੍ਰਦਾਨ ਹੈਸੀ।

ਹੋਇਆ ਸਿੱਖੀ ਦਾ ਐਕਸੀਡੈਂਟ ਭਾਰੀ, ਐਮਰਜੈਂਸੀ ’ਚ ਪਈ ਤਦ ਆਨ ਹੈਸੀ।

ਸਿੰਘ ਸਭਾ ਦੇ ਡਾਕਟਰਾਂ ਰਲ ਮਿਲ ਕੇ, ਬੜੀ ਮੁਸ਼ਕਿਲ ਬਚਾਈ ਤਦ ਜਾਨ ਹੈਸੀ।

 

ਸਿੱਖ ਧਰਮ ਦਾ ਗੌਰਵ ਸੁਰਜੀਤ ਕਰਨੈ, ਸ਼ੁਰੂ ਹੋਈ ਸੀ ਏਸ ਉਦੇਸ਼ ਕਰਕੇ।

ਇਹਦੀਆਂ ਜੜ੍ਹਾਂ ਪਤਾਲ ਦੇ ਵਿੱਚ ਲਾਈਏ, ਸਹੀ ਰੂਪ ਦੇ ਵਿੱਚ ਹੁਣ ਪੇਸ਼ ਕਰਕੇ।

ਬਾਣੀ ਗੁਰੂ ਕਸਵੱਟੀ ਬਣਾਈ ਜਾਵੇ, ਸਾਹਿਤ ਰਚਨਾ ਦੇ ਵਿੱਚ ਵਿਸ਼ੇਸ਼ ਕਰਕੇ।

ਸਿੱਖ ਰਹਿਤ ਮਰਿਯਾਦਾ ਬਹਾਲ ਕਰੀਏ, ਥਾਂ ਥਾਂ ’ਤੇ ਸਿੱਖੀ ਉਪਦੇਸ਼ ਕਰਕੇ।

 

ਗਿਆਨੀ ਦਿੱਤ ਸਿੰਘ ਉਦੋਂ ਵੰਗਾਰ ਦਿੱਤੀ, ਅਸੀਂ ਖੜੇ ਹਾਂ ਪੱਥਰ ਦੇ ਸ਼ੇਰ ਬਣ ਕੇ।

ਵਿੱਠਾਂ ਕਾਂ ਕਰਦੇ, ਕਾਂ ਕਾਂ ਕਰਕੇ, ਚਿੜੀਆਂ ਆਲ੍ਹਣੇ ਪਾਏ ਦਲੇਰ ਬਣ ਕੇ।

ਤਣੇ ਹੋਏ ਸ਼ਿਕਾਰੀ ਦੇ ਜਾਲ ਅੰਦਰ, ਫਸੇ ਬੈਠੇ ਹਾਂ ਤਿੱਤਰ ਬਟੇਰ ਬਣ ਕੇ।

ਸਾਨੂੰ ਲੁੱਟਣ ਲਈ ਚੌਹਾਂ ਹੀ ਪਾਸਿਆਂ ਤੋਂ, ਚੜ੍ਹੇ ਹੋਏ ਨੇ ਸਾਰੇ ਲੁਟੇਰ ਬਣ ਕੇ।

 

ਆਗੂ ਮੈਨੂੰ ਨਹੀਂ ਕੋਈ ਵੀ ਨਜ਼ਰ ਆਉਂਦੇ, ਸਿੱਖ ਧਰਮ ਲਈ ਹੋਣ ਕੁਰਬਾਨ ਜਿਹੜੇ।

ਕਿੱਥੇ ਹੈਨ ਜੋ ਸਿੱਖੀ ਸਿਧਾਂਤ ਤਾਂਈਂ, ਪਰਗਟ ਜਗ ਵਿੱਚ ਕਰਨ ਵਿਦਵਾਨ ਜਿਹੜੇ।

ਕਵੀ ਕਲਮਾਂ ਨਾਲ ਅੱਖਾਂ ਤੋਂ ਹੋਏ ਉਹਲੇ, ਸੁੱਤੀ ਕੌਮ ਨੂੰ ਝੂਣ ਜਗਾਨ ਜਿਹੜੇ।

ਗਿਆਨੀ ਕੋਈ ਵੀ ਕਿਤੇ ਨਾ ਦਿੱਖੇ ਮੈਨੂੰ, ਗੁਰਸਿੱਖੀ ਦਾ ਵੰਡਣ ਗਿਆਨ ਜਿਹੜੇ।

 

ਭੇਟਾ ਰਹਿਤ ਕਿਤਾਬਾਂ ਹਰ ਥਾਂ ਵੰਡੀਆਂ, ਸਿੱਖੀ ਸੋਚ ਨਾਲ ਕਰ ਤਿਆਰ ਉਨ੍ਹਾਂ।

ਗਿਆ ਕੀਤਾ ਵਿਕਾਸ ਤਦ ਗੁਰਮੁਖੀ ਦਾ, ਜਾਰੀ ਕਰ ਰਸਾਲੇ ਅਖ਼ਬਾਰ ਉਨ੍ਹਾਂ।

ਕਾਲਜ ਖਾਲਸਾ ਅਤੇ ਸਕੂਲ ਖੋਲ੍ਹੇ, ਥਾਂ ਥਾਂ ਵਿੱਦਿਆ ਦਾ ਕੀਤਾ ਪਸਾਰ ਉਨ੍ਹਾਂ।

ਮਨਮੱਤ ਨੂੰ ਸਦਾ ਲਈ ਠੱਲ੍ਹ ਪਾਈ, ਨਵੇਂ ਢੰਗ ਨਾਲ ਕਰ ਪ੍ਰਚਾਰ ਉਨ੍ਹਾਂ।

 

ਸਿੰਘ ਸਭਾ ਦੀ ਲਹਿਰ ਨੇ ਕੌਮ ਅੰਦਰ, ਉਚ ਕੋਟੀ ਦੇ ਕੀਤੇ ਵਿਦਵਾਨ ਪੈਦਾ।

ਨਿੱਗਰ ਸਾਹਿਤ ਰਚ ਕੇ ਉਨ੍ਹਾਂ ਹਰ ਪੱਖੋਂ, ਸਿੱਖ ਕੌਮ ਦੀ ਕੀਤੀ ਪਹਿਚਾਨ ਪੈਦਾ।

ਖਿੱਲਰੀ ਕੌਮ ਤਾਂਈਂ ਜੱਥੇਬੰਦ ਕਰਕੇ, ਦੁਬਾਰਾ ਕੀਤੀ ਸੀ ਅਣਖ ਤੇ ਆਨ ਪੈਦਾ।

ਸਿੰਘ ਸਭਾਵਾਂ ਦੇ ਫੇਰ ਇਕੱਠ ਵਿੱਚੋਂ, ਚੀਫ਼ ਖਾਲਸਾ ਹੋਇਆ ਦੀਵਾਨ ਪੈਦਾ।

 

ਸੇਵਾ ਕੀਤੀ ਸੀ ਮੋਢੀਆਂ ਖਿੜੇ ਮੱਥੇ, ਤਨ ਮਨ ਤੇ ਧਨ ਲਗਾ ਕੇ ਤੇ।

ਮਨਮੱਤ ਮੂਰਤੀ ਪੂਜਾ ਦੀ ਦੂਰ ਕੀਤੀ, ਇਹ ਪ੍ਰਕਰਮਾਂ ਦੇ ਵਿੱਚੋਂ ਚੁਕਵਾ ਕੇ ਤੇ।

ਅੰਮ੍ਰਿਤਸਰ ’ਚੋਂ ਵਿੱਦਿਆ ਦੀ ਲਹਿਰ ਤੋਰੀ, ਖਾਲਸਾ ਕਾਲਜ ਨੂੰ ਇੱਥੇ ਬਣਾ ਕੇ ਤੇ।

ਕਈ ਸਿੱਖ ਪ੍ਰਚਾਰਕ ਤਿਆਰ ਕੀਤੇ, ਨਾਲ ਗੁਰਮਤਿ ਵਿਦਿਆਲਾ ਚਲਾ ਕੇ ਤੇ।

 

ਜਾਤ ਪਾਤ ਤੇ ਛੂਤ ਛਾਤ ਵਾਲਾ, ਜੂਲਾ ਸੁੱਟਿਆ ਪਰ੍ਹਾਂ ਵਗਾਹ ਕੇ ਤੇ।

ਸਿੰਘਾਂ ਵਾਂਗ ਹੀ ਮਾਣ ਸਤਿਕਾਰ ਦਿੱਤਾ, ਸਿੱਖ ਬੀਬੀਆਂ ਨੂੰ ਅੰਮ੍ਰਿਤ ਛਕਾ ਕੇ ਤੇ।

ਕੀਤਾ ਸੁਰਖ਼ਰੂ ਕੌਮ ਨੂੰ ਸਦਾ ਦੇ ਲਈ, ‘ਅਨੰਦ ਮੈਰਿਜ ਐਕਟ’ ਪਾਸ ਕਰਵਾ ਕੇ ਤੇ।

ਲਾਈ ਪਿੱਠ ਸੀ ਆਰੀਆ ਸਮਾਜੀਆਂ ਦੀ, ਥੱਲੇ ਸੁੱਟੇ ਪਟਕਾ ਪਟਕਾ ਕੇ ਤੇ।

 

ਬਹਿਸ ਮੁਬਹਿਸਾਂ ਦੇ ਇਸ ਪਿੜ ਵਿੱਚੋਂ, ਸਿੰਘ ਜਿੱਤੇ ਸੀ ਦੁਸ਼ਮਣ ਹਰਾ ਕੇ ਤੇ।

ਸਾਡੇ ਸੀਨੇ ’ਤੇ ਰਹੇ ਜੋ ਮੂੰਗ ਦਲਦੇ, ਪੱਤਰਾ ਵਾਚ ਗਏ ਸਮਾਂ ਤਕਾ ਕੇ ਤੇ।

ਚੱਪੇ ਚੱਪੇ ’ਤੇ ਬੈਠੇ ਸੀ ‘ਗੁਰੂ’ ਜਿਹੜੇ, ਭੱਜ ਗਏ ਗੱਦੀਆਂ ਗਦੇਲੇ ਉਠਾ ਕੇ ਤੇ।

ਧੁਰ ਦਰਗਾਹ ’ਚ ਪਹੁੰਚੇ ਸੀ ਉਹ ‘ਜਾਚਕ’, ਗਾਡੀ ਰਾਹ ’ਤੇ ਕੌਮ ਨੂੰ ਪਾ ਕੇ ਤੇ।