ਸ੍ਰੀ ਅਕਾਲ ਤਖ਼ਤ ਸਾਹਿਬ ਜੀ
ਸ੍ਰੀ ਅਕਾਲ ਤਖ਼ਤ ਸਾਹਿਬ ਜੀ
ਚੌਥੇ ਪਾਤਸ਼ਾਹ ਤੇ ਪੰਚਮ ਪਾਤਸ਼ਾਹ ਨੇ, ਕੀਤਾ ਜਦੋਂ ਸਰੋਵਰ ਤਿਆਰ ਹੈਸੀ।
ਕਾਰ ਸੇਵਾ ਦੀ ਪਾਵਨ ਜੋ ਸੀ ਮਿੱਟੀ, ਲਿਆ ਥੜ੍ਹੇ ਦਾ ਰੂਪ ਉਸ ਧਾਰ ਹੈਸੀ।
ਛੇਵੇਂ ਪਾਤਸ਼ਾਹ ਗੱਦੀ ’ਤੇ ਬੈਠ ਕੇ ਤੇ, ਬੰਨ੍ਹੀ ਸੀਸ ਤੇ ਸੋਹਣੀ ਦਸਤਾਰ ਹੈਸੀ।
ਸਿੱਖੀ, ਅਣਖ ਆਜ਼ਾਦੀ ਦੀ ਰੱਖਿਆ ਲਈ, ਮੀਰੀ ਪੀਰੀ ਦੀ ਪਹਿਨੀ ਤਲਵਾਰ ਹੈਸੀ।
ਯੋਧੇ ਬੀਰਾਂ ਬਲਕਾਰਾਂ ਨੂੰ ਕਰ ਭਰਤੀ, ਹੱਥੀਂ ਕੀਤੀ ਫਿਰ ਫ਼ੌਜ ਤਿਆਰ ਹੈਸੀ।
ਜਹਾਂਗੀਰ ਸੀ ਦਿੱਲੀ ਦੇ ਤਖ਼ਤ ਉਤੇ, ਬੈਠੀ ਤਖ਼ਤ ’ਤੇ ਸੱਚੀ ਸਰਕਾਰ ਹੈਸੀ।
ਕੋਠਾ ਸਾਹਿਬ ਜਿਹਨੂੰ ਅੱਜ ਕੱਲ੍ਹ ਆਖਦੇ ਨੇ, ਹੱਥੀਂ ਆਪ ਬਣਾਇਆ ਸੀ ਗੁਰੂ ਅਰਜਨ।
ਬੀੜ ਸਾਹਿਬ ਦਾ ਪਾਵਨ ਪ੍ਰਕਾਸ਼ ਪਹਿਲਾ, ਹਰੀਮੰਦਰ ਕਰਾਇਆ ਸੀ ਗੁਰੂ ਅਰਜਨ।
ਜਿਹੜੇ ਪਲੰਘ ’ਤੇ ਆਪ ਬਿਰਾਜਦੇ ਸੀ, ਉਸ ਨੂੰ ਖੂਬ ਸਜਾਇਆ ਸੀ ਗੁਰੂ ਅਰਜਨ।
ਉਪਰ ਚਾਨਣੀ ਤਾਣ ਕੇ ਓਸ ਉਤੇ, ਮਖਮਲ ਬਿਸਤਰ ਵਿਛਾਇਆ ਸੀ ਗੁਰੂ ਅਰਜਨ।
ਬੜੇ ਅਦਬ ਦੇ ਨਾਲ ਗਰੰਥ ਜੀ ਨੂੰ, ਸੁਖ ਆਸਨ ਕਰਾਇਆ ਸੀ ਗੁਰੂ ਅਰਜਨ।
ਥੱਲੇ ਦਰੀ ਤੇ ਚਾਦਰ ਵਿਛਾ ਕੇ ਤੇ, ਆਪ ਆਸਨ ਲਗਾਇਆ ਸੀ ਗੁਰੂ ਅਰਜਨ।
ਨੀਂਹ ਰੱਖੀ ਸੀ ਸਤਿਗੁਰਾਂ ਆਪ ਹੱਥੀਂ, ਪਾਵਨ ਪਰਮ ਪਵਿੱਤਰ ਕੋਈ ਥਾਂ ਹੈ ਇਹ।
ਮੀਰੀ ਰਹੇਗੀ ਪੀਰੀ ਦੇ ਸਾਏ ਥੱਲੇ, ਹਰੀਮੰਦਰ ਸਾਹਮਣੇ ਸਾਜਿਆ ਤਾਂ ਹੈ ਇਹ।
ਜਿਥੋਂ ਅਸਾਂ ਅਗਵਾਈ ਤੇ ਸੇਧ ਲੈਣੀ, ਸਿੱਖ ਕੌਮ ਦਾ ਅਹਿਮ ਸਥਾਂ ਹੈ ਇਹ।
ਜ਼ੁਲਮੀ ਤੱਤੀਆਂ ਦੁਪਹਿਰਾਂ ਨੂੰ ਖਾਲਸੇ ਲਈ, ਗੂਹੜੀ, ਠੰਡੀ ਤੇ ਮਿੱਠੜੀ ਛਾਂ ਹੈ ਇਹ।
ਝੰਡੇ ਕੇਸਰੀ ਏਥੇ ਜੋ ਝੂਲਦੇ ਨੇ, ਚੜ੍ਹਦੀ ਕਲਾ ਦਾ ਸਾਡਾ ਨਿਸ਼ਾਂ ਹੈ ਇਹ।
ਇਹ ਤਾਂ ਦੇਣ ਵਡਮੁੱਲੀ ਹੈ ਪਾਤਸ਼ਾਹ ਦੀ, ਪੰਥ ਖਾਲਸੇ ਦੀ ਜਿੰਦ ਜਾਂ ਹੈ ਇਹ।
ਬੀਰ ਆਸਨ ’ਚ ਪਾਤਸ਼ਾਹ ਬੈਠਦੇ ਸੀ, ਇਥੇ ਸੁੰਦਰ ਸਿੰਘਾਸਨ ਸਜਾ ਕੇ ਤੇ।
ਮੀਰੀ ਪੀਰੀ ਤਲਵਾਰਾਂ ਨੂੰ ਪਹਿਨ ਕੇ ਤੇ, ਉਪਰ ਸੀਸ ਦੇ ਕਲਗੀ ਫਬਾ ਕੇ ਤੇ।
ਕਰਕੇ ਕਮਰਕੱਸਾ, ਹੱਥ ਵਿੱਚ ਤੀਰ ਫੜ ਕੇ, ਬਹਿੰਦੇ ਸੱਚਾ ਦਰਬਾਰ ਲਗਾ ਕੇ ਤੇ।
ਤੱਕਣ ਮੁੱਖੜਾ ਗੁਰਾਂ ਦਾ ਚੰਦ ਵਰਗਾ, ਸੰਗਤਾਂ ਵਾਂਗ ਚਕੋਰਾਂ ਦੇ ਆ ਕੇ ਤੇ।
ਹੁਕਮਨਾਮੇ ਵੀ ਜਾਰੀ ਸਨ ਆਪ ਕਰਦੇ, ਗੁਰਸਿੱਖਾਂ ਨੂੰ ਕੋਲ ਬੁਲਾ ਕੇ ਤੇ।
ਦੁਖ ਦੂਰ ਫ਼ਰਿਆਦੀ ਦੇ ਕਰ ਦੇਂਦੇ, ਸਜਾ ਦੋਸ਼ੀਆਂ ਤਾਂਈਂ ਸੁਣਾ ਕੇ ਤੇ।
ਦਲ ਭੰਜਨ ਗੁਰ ਸੂਰਮੇ ਕਿਹਾ ਮੁੱਖੋਂ, ਚੰਗੇ ਸ਼ਸ਼ਤਰ ਤੇ ਘੋੜੇ ਲਿਆਓ ਸਿੱਖੋ।
ਆਪਣਾ ਜੰਗੀ ਸੁਭਾਅ ਬਣਾ ਕੇ ਤੇ, ਜ਼ਾਲਮ ਰਾਜ ਦੇ ਥੰਮ ਹਿਲਾਓ ਸਿੱਖੋ।
ਇੱਕ ਹੱਥ ਮਾਲਾ ਤੇ ਦੂਜੇ ਤਲਵਾਰ ਹੋਵੇ, ਭਗਤੀ ਸ਼ਕਤੀ ਦੇ ਤਾਂਈਂ ਅਪਣਾਓ ਸਿੱਖੋ।
ਦੇਣੈ ਇੱਟ ਦਾ ਹੁਣ ਜਵਾਬ ਪੱਥਰ, ਸਬਕ ਜ਼ਾਲਮਾਂ ਤਾਂਈਂ ਸਿਖਾਓ ਸਿੱਖੋ।
ਤੁਸਾਂ ਕਦੇ ਨਹੀਂ ਕਿਸੇ ’ਤੇ ਪਹਿਲ ਕਰਨੀ, ਪਹਿਲ ਕਰੇ ਜੋ, ਮਜ਼ਾ ਚਖਾਓ ਸਿੱਖੋ।
ਢਾਡੀ ਨੱਥੇ ਅਬਦੁੱਲੇ ਨੂੰ ਕਿਹਾ ਉਨ੍ਹਾਂ, ਬੀਰ ਰਸੀ ਹੁਣ ਵਾਰਾਂ ਸੁਣਾਓ ਸਿੱਖੋ।
ਮਨੀ ਸਿੰਘ ਤੇ ਭਾਈ ਗੁਰਦਾਸ ਜੀ ਨੇ, ਕੀਤਾ ਗੁਰਮਤਿ ਦਾ ਬੜਾ ਪ੍ਰਚਾਰ ਸੋਹਣਾ।
ਸਿੱਖ ਮਿਸਲਾਂ ਨੇ ਬੜੇ ਸਤਿਕਾਰ ਅੰਦਰ, ਪਹਿਲੀ ਮੰਜ਼ਲ ਨੂੰ ਕੀਤਾ ਤਿਆਰ ਸੋਹਣਾ।
ਚਾਰ ਮੰਜਲਾ ਤਖ਼ਤ ਅਕਾਲ ਜੀ ਦਾ, ਰਣਜੀਤ ਸਿੰਘ ਫਿਰ ਦਿੱਤਾ ਉਸਾਰ ਸੋਹਣਾ।
ਸੇਵਾ ਕਰਨ ਲਈ ਗੁੰਬਦ ਤੇ ਬੰਗਲੇ ਦੀ, ‘ਨਲੂਆ’ ਬਣਿਆ ਸੀ ਸੇਵਾਦਾਰ ਸੋਹਣਾ।
ਸਮੇਂ-ਸਮੇਂ ਤੇ ਢਾਉਂਦੇ ਸਨ ਰਹੇ ਜ਼ਾਲਮ, ਨਾਲੋਂ ਨਾਲ ਹੀ ਦਿੱਤਾ ਉਸਾਰ ਸੋਹਣਾ।
ਚਾਰ ਸਦੀਆਂ ਤੋਂ ਬਾਅਦ ਵੀ ਸ਼ਾਨ ਦੇ ਨਾਲ, ਸਜ ਰਿਹਾ ਇਹ ਗੁਰੂ ਦਰਬਾਰ ਸੋਹਣਾ।
ਭੀੜ ਬਣਦੀ ਸੀ ਜਦੋਂ ਵੀ ਪੰਥ ਉਤੇ, ਸਰਬੱਤ ਖਾਲਸਾ ਜੁੜਦਾ ਸੀ ਆਨ ਏਥੇ।
ਦਿਨ ਵਿਸਾਖੀ ਦੀਵਾਲੀ ’ਤੇ ਖਾਸ ਕਰਕੇ, ਬੜੇ ਭਾਰੀ ਸੀ ਲਗਦੇ ਦੀਵਾਨ ਏਥੇ।
ਢਾਡੀ ਵਾਰਾਂ ਜੁਸ਼ੀਲੀਆਂ ਤਾਂਈਂ ਸੁਣ ਕੇ, ਕਾਇਰ ਸੂਰਮੇ ਬਣਦੇ ਸੀ ਆਨ ਏਥੇ।
ਸਰਬ ਸੰਮਤੀ ਨਾਲ ਗੁਰੂ ਪੰਥ ਜੀ ਨੇ, ਕੀਤੇ ਸਨ ਗੁਰਮਤੇ ਪਰਵਾਨ ਏਥੇ।
ਜਾਰੀ ਹੋਏ ਏਥੋਂ ਹੁਕਮਨਾਮਿਆਂ ਨੇ, ਉੱਚੀ ਕੀਤੀ ਗੁਰਸਿੱਖੀ ਦੀ ਸ਼ਾਨ ਏਥੇ।
ਕੈਰੀ ਅੱਖ ਨਾਲ ਵੇਖਿਆ ਜਿਸ ਏਧਰ, ਮਿੱਟੀ ਵਿੱਚ ਮਿਲਿਆ ਹੁਕਮਰਾਨ ਏਥੇ।
ਬਣਿਆ ਖਾਲਸਾ ਰਾਜ ਦਾ ਜਦੋਂ ਸਿੱਕਾ, ਕੀਤਾ ਸ਼ੁਰੂਸੀ ਏਥੇ ਅਰਦਾਸ ਕਰਕੇ।
ਐਸ.ਜੀ.ਪੀ.ਸੀ. ਬਣਾਈ ਸੀ ਗਈ ਏਥੇ, ਗੁਰੂ ਪੰਥ ਵਲੋਂ ਮਤਾ ਪਾਸ ਕਰ ਕੇ।
ਅਕਾਲੀ ਦਲ ਸ਼ਰੋਮਣੀ ਕਾਇਮ ਕੀਤਾ, ਸਿੱਖ ਪੰਥ ਨੇ ਸੀ ਡਾਹਢੀ ਆਸ ਕਰਕੇ।
‘ਸਿੱਖ ਰਹਿਤ ਮਰਿਯਾਦਾ’ ਤਿਆਰ ਹੋਈ, ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ।
ਭਾਂਡਾ ਭੰਨਿਆ ਨਕਲੀ ਨਿਰੰਕਾਰੀਆਂ ਦਾ, ਗੁਰੂ ਡੰਮ੍ਹ ਵਾਲਾ ਪੜਦਾ ਫਾਸ਼ ਕਰਕੇ।
ਨਾਨਕਸ਼ਾਹੀ ਕੈਲੰਡਰ ਸਵੀਕਾਰ ਕੀਤਾ, ਪਾਵਨ ‘ਤਖ਼ਤ’ ਤੇ ਮੀਟਿੰਗਾਂ ਖਾਸ ਕਰਕੇ।
ਸੱਚਾ ਤਖ਼ਤ ਹੈ ਇਹ ਅਕਾਲ ਜੀ ਦਾ, ਜੱਗ ਦੇ ਤਖ਼ਤਾਂ ਦੀ ਨਹੀਂ ਪ੍ਰਵਾਹ ਏਥੇ।
ਖਿੜੇ ਮੱਥੇ ਸੀ ਉਹਨੇ ਪ੍ਰਵਾਨ ਕੀਤੀ, ਜਿਹਨੂੰ ਜਿਹਨੂੰ ਵੀ ਲੱਗੀ ਤਨਖਾਹ ਏਥੇ।
ਕੋੜੇ ਖਾਣ ਲਈ ਸ਼ੇਰੇ ਪੰਜਾਬ ਵਰਗਾ, ਹਾਜ਼ਰ ਆਪ ਹੋਇਆ ਸ਼ਹਿਨਸ਼ਾਹ ਏਥੇ।
ਸਰਬਉਚ ਇਹ ਤਖ਼ਤ ਹੈ ਖਾਲਸੇ ਦਾ, ਸਾਡਾ ਸਾਰਾ ਇਤਿਹਾਸ ਗਵਾਹ ਏਥੇ।
ਸੁੱਕਾ ਬਚ ਨਾ ਸਕਿਆ ਉਹ ਖਾਲਸੇ ਤੋਂ, ਚੜ੍ਹਕੇ ਆਇਆ ਜੋ ਖ਼ਾਹ ਮਖ਼ਾਹ ਏਥੇ।
ਉਹ ਤਾਂ ਪਿਆ ਸੀ ਨਰਕ ਦੇ ਰਾਹ ਸਿੱਧਾ, ਇਹਨੂੰ ਆਇਆ ਜੋ ਕਰਨ ਤਬਾਹ ਏਥੇ।
ਸੰਨ ਸਤਾਰਾਂ ਸੌ ਤੇਤੀ ਵਿਸਾਖੀ ਦੇ ਦਿਨ, ਠਾਠਾਂ ਮਾਰਦਾ ਸਜਿਆ ਦੀਵਾਨ ਏਥੇ।
ਕਿਹਾ ਮੁੱਖੋਂ ਦਰਬਾਰਾ ਸਿੰਘ ਮੁਖੀ ਨੇ ਸੀ, ਸੁਣੋ ਗੱਲ ਹੁਣ ਨਾਲ ਧਿਆਨ ਏਥੇ।
ਅਸਾਂ ਮੰਗੀ ਨਵਾਬੀ ਨਹੀਂ ਕਿਸੇ ਕੋਲੋਂ, ਆਪ ਭੇਜੀ ਏ ਸ਼ਾਹੀ ਸੁਲਤਾਨ ਏਥੇ।
ਖੁਦ ਸ਼ੁਬੇਗ ਸਿੰਘ ਪਟਾ ਜਗੀਰ ਲੈ ਕੇ, ਹਾਜ਼ਰ ਹੋਇਆ ਏ ਵਿੱਚ ਦੀਵਾਨ ਏਥੇ।
ਪੰਥ ਖਾਲਸੇ ਨੇ ਆਪਣੀ ਮੋਹਰ ਲਾ ਕੇ, ਕਰ ਲਈ ਏ ਅੱਜ ਪਰਵਾਨ ਏਥੇ।
ਸਾਰੇ ਮੁਖੀਆਂ ’ਚੋਂ ਇਸ ਨੂੰ ਲੈਣ ਦੇ ਲਈ, ਕੋਈ ਇੱਕ ਵੀ ਨਹੀਂ ਚਾਹਵਾਨ ਏਥੇ।
ਤੁਸੀਂ ਸਖ਼ਤੀਆਂ ਵਿੱਚ ਵੀ ਨਹੀਂ ਡੋਲੇ, ਦੁੱਖ ਸਹੇ ਨੇ ਬੇਹਿਸਾਬ ਸਿੰਘੋ।
ਤੁਸਾਂ ਸ਼ੁਰੂ ਤੋਂ ਸਦਾ ਹੀ ਜ਼ਾਲਮਾਂ ਨੂੰ, ਮੂੰਹ ਤੋੜਵਾਂ ਦਿੱਤਾ ਜਵਾਬ ਸਿੰਘੋ।
ਥੋਡੀ ਅਣਖ ਤੇ ਬੀਰਤਾ ਤੱਕ ਕੇ ਤੇ, ਸੁਲਾਹ ਕਰਨ ਲਈ ਸੂਬਾ ਬੇਤਾਬ ਸਿੰਘੋ।
ਸਰਬ ਸੰਮਤੀ ਨਾਲ ਗੁਰ ਖਾਲਸੇ ਨੇ, ਕਪੂਰ ਸਿੰਘ ਨੂੰ ਚੁਣਿਐ ਨਵਾਬ ਸਿੰਘੋ।
ਲਿੱਦ ਘੋੜਿਆਂ ਦੀ ਸਾਫ਼ ਕਰਨ ਵਾਲੇ, ਸੇਵਾਦਾਰ ਨੂੰ ਦਿੱਤੈ ਖ਼ਿਤਾਬ ਸਿੰਘੋ।
ਸਾਨੂੰ ਮਾਣ ਹੈ ਇਹਦੀ ਬਹਾਦਰੀ ’ਤੇ, ਲੈ ਆਊਗਾ ਇਹ ਇਨਕਲਾਬ ਸਿੰਘੋ।
ਅਹਿਮਦ ਸ਼ਾਹ ਅਬਦਾਲੀ ਨੇ ਸਮਝਿਆ ਸੀ, ਖ਼ਤਮ ਕੀਤੇ ਨੇ ਸਿੰਘ ਜਹਾਨ ਵਿੱਚੋਂ।
ਤੋਪਾਂ ਨਾਲ ਹਰਿਮੰਦਰ ਉਡਾ ਦਿੱਤੈ, ਮਾਰੇ ਸਾਰੇ ਨੇ ਏਸ ਅਸਥਾਨ ਵਿੱਚੋਂ।
ਛੱਤੀ ਸਿੰਘਾਂ ਦੇ ਨਾਲ ਗੁਰਬਖਸ਼ ਸਿੰਘ ਨੇ, ਕੱਢੀ ਓਦੋਂ ਕਿਰਪਾਨ ਮਿਆਨ ਵਿੱਚੋਂ।
ਪਾਵਨ ਤਖ਼ਤ ਤੋਂ ਕਰ ਅਰਦਾਸ ਨਿਕਲੇ, ਤੀਰ ਨਿਕਲਦੇ ਜਿਵੇਂ ਕਮਾਨ ਵਿੱਚੋਂ।
ਤੀਹ ਹਜ਼ਾਰ ਦੀ ਫ਼ੌਜ ਨੂੰ ਵਖ਼ਤ ਪਾਇਆ, ਰੱਖ ਕੇ ਤਲੀ ’ਤੇ ਆਪਣੀ ਜਾਨ ਵਿੱਚੋਂ।
ਸ਼ਹੀਦੀ ਪਾ ਕੇ ਗੁਰੂ ਦਰਬਾਰ ਅੰਦਰ, ਪਾਸ ਹੋਏ ਸਾਰੇ ਇਮਤਿਹਾਨ ਵਿੱਚੋਂ।
ਫੇਰ ਖਾਲਸਾ ਰਾਜ ਜਦ ਖਤਮ ਹੋਇਆ, ਕਬਜ਼ਾ ਕੀਤਾ ਅੰਗਰੇਜ਼ ਸਰਕਾਰ ਏਥੇ।
ਨੀਯਤ ਕਰ ਉਹਨਾਂ ਸਰਬ-ਰਾਹ ਆਪਣੇ, ਸਿੱਖ ਪੰਥ ਉਤੇ ਕੀਤਾ ਵਾਰ ਏਥੇ।
ਗੁਰਮੁੱਖ ਸਿੰਘ ਵਰਗੇ ਪੱਕੇ ਸਿੰਘ ਸਭੀਏ, ਦਿੱਤੇ ਗਏ ਤਨਖ਼ਾਹੀਏ ਕਰਾਰ ਏਥੇ।
ਸਰਬ-ਰਾਹ ਅਰੂੜ ਸਿੰਘ ਹੱਦ ਕੀਤੀ, ਜਨਰਲ ਡਾਇਰ ਦਾ ਕਰ ਸਤਿਕਾਰ ਏਥੇ।
ਮਜ਼੍ਹਬੀ ਸਿੰਘ ਪ੍ਰਸ਼ਾਦਿ ਜੋ ਤਿਆਰ ਕਰਦੇ, ਨਹੀਂ ਸੀ ਕਰਦੇ ਪੁਜਾਰੀ ਸਵੀਕਾਰ ਏਥੇ।
ਓਦੋਂ ਰੋਹ ਤੇ ਗੁੱਸੇ ’ਚ ਕਿਹਾ ਸਿੰਘਾਂ, ਕਰਨੇ ਪੈਣੇ ਨੇ ਹੱਥ ਦੋ ਚਾਰ ਏਥੇ।
ਮਹੰਤਾਂ ਸਮੇਂ ਦੀਵਾਲੀ ਨੂੰ ਵੇਖਣੇ ਲਈ, ਗੋਰੇ ਬਹਿੰਦੇ ਸੀ ਕੁਰਸੀਆਂ ਡਾਹ ਕੇ ਤੇ।
ਜੱਥੇਦਾਰ ਬਣ ਕੇ ਤੇਜਾ ਸਿੰਘ ਭੁੱਚਰ, ਦਿੱਤਾ ਹੁਕਮ ਇਹ ਗੱਜ ਵਜਾ ਕੇ ਤੇ।
ਹਰੀਮੰਦਰ ਸਤਿਕਾਰ ਨੂੰ ਮੁੱਖ ਰੱਖ ਕੇ, ਥੱਲੇ ਬੈਠੋਗੇ ਦਰੀਆਂ ਵਿਛਾ ਕੇ ਤੇ।
ਡੀ.ਸੀ. ਮੰਨਿਆ ਨਾ, ਜੱਥੇਦਾਰ ਜੀ ਨੇ, ਸੁੱਟੀਆਂ ਕੁਰਸੀਆਂ ਪਰ੍ਹਾਂ ਵਗਾਹ ਕੇ ਤੇ।
ਸਿੰਘ ਸਾਹਿਬ ਨੂੰ ਉਨ੍ਹਾਂ ਗ੍ਰਿਫਤਾਰ ਕੀਤਾ, ਫ਼ੌਜਦਾਰੀ ਇੱਕ ਕੇਸ ਬਣਾ ਕੇ ਤੇ।
ਖਿੜੇ ਮੱਥੇ ਸੀ ਉਨ੍ਹਾਂ ਸਜ਼ਾ ਭੁਗਤੀ, ਚਾਰ ਚੰਨ ਗੁਰਸਿੱਖੀ ਨੂੰ ਲਾ ਕੇ ਤੇ।
ਤੀਜਾ ਘੱਲੂਘਾਰਾ ਪਿਛੇ ਜਿਹੇ ਹੋਇਆ, ਚੜ੍ਹਕੇ ਆਏ ‘ਆਪਣੇ’ ਸੀਨਾ ਠੋਕ ਓਦੋਂ।
ਗੁਰਧਾਮਾਂ ’ਤੇ ਕੀਤੀ ਚੜ੍ਹਾਈ ਉਨ੍ਹਾਂ, ਰਸਤੇ ਸਾਰੇ ਦੇ ਸਾਰੇ ਹੀ ਰੋਕ ਓਦੋਂ।
ਧਰਤੀ ਪਾਵਨ ਸਰੋਵਰ ਦੀ ਲਾਲ ਹੋਈ, ਲਾਲ ਲਹੂ’ਚ ਰੰਗੇਗਏ ਲੋਕ ਓਦੋਂ।
ਬੱਚੇ ਬੁੱਢੇ ਤੇ ਨੌਜਵਾਨ ਉਨ੍ਹਾਂ, ਬਲਦੀ ਅੱਗ’ਚ ਦਿਤੇ ਸੀ ਝੋਕ ਓਦੋਂ।
ਪੰਚਮ ਪਿਤਾ ਦੇ ਸ਼ਹੀਦੀ ਦਿਨਾਂ ਅੰਦਰ, ਛਾਇਆ ਸਾਰੇ ਸੰਸਾਰ ’ਚ ਸ਼ੌਕ ਓਦੋਂ।
ਲੱਖਾਂ ਨਾਲ ਮੁਕਾਬਲੇ ਕਰ ਸੂਰੇ, ਪਹੁੰਚੇ ਸਾਰੇ ਸਿਰਲੱਥ ਪ੍ਰਲੋਕ ਓਦੋਂ।
ਸਮੇਂ ਸਮੇਂ ਅਬਦਾਲੀਆਂ ਹੱਥ ਪਾਇਆ, ਸਿੱਖ ਕੌਮ ਵਾਲੀ ਸ਼ਾਹ ਰੱਗ ਉਤੇ।
ਸਮੇਂ ਸਮੇਂ ’ਤੇ ਮੁੱਠੀ ਭਰ ਸ਼ੇਰ ਦੂਲੇ, ਪਏ ਟੁੱਟ ਕੇ ਭੇਡਾਂ ਦੇ ਵੱਗ ਉਤੇ।
ਆਪਣੇ ਖੂਨ ਨਾਲ ਜਿਹੜੇ ਇਤਿਹਾਸ ਲਿਖਦੇ, ਥੱਲੇ ਲਾ ਲੈਂਦੇ ਆਪ ਲੱਗ ਉਤੇ।
ਲਾਲੀ ਲਾਟਾਂ ’ਚੋਂ ਲਹੂ ਤੋਂ ਲਾਲ ਨਿਕਲੇ, ਤੇਲ ਛਿੜਕੀਏ ਜੇ ਬਲਦੀ ਅੱਗ ਉਤੇ।
ਖ਼ਬਰ ਫੈਲਦੀ ਉਦੋਂ ਸੰਸਾਰ ਅੰਦਰ, ਹੋਵੇ ਜਦੋਂ ਅਣਹੋਣੀ ਕੋਈ ਜੱਗ ਉਤੇ।
ਉਹਨੂੰ ਦਿਨੇ ਇਹ ਤਾਰੇ ਵਿਖਾਏ ਜਿਹੜਾ, ਹੱਥ ਪਾਏ ਸਰਦਾਰ ਦੀ ਪੱਗ ਉਤੇ।
ਬੇਸ਼ਕ ਐਸ.ਜੀ .ਪੀ .ਸੀ ਹੈ ਚੋਣ ਕਰਦੀ, ਜੱਥੇਦਾਰ ਦੀ ਹਸਤੀ ਆਜ਼ਾਦ ਸਿੰਘੋ।
ਕਾਫ਼ੀ ਸਮੇਂ ਤੋਂ ਚੱਲ ਪ੍ਰਬੰਧ ਰਿਹੈ, ਪਈਏ ਵਿੱਚ ਨਾ ਵਾਦ-ਵਿਵਾਦ ਸਿੰਘੋ।
ਸਾਡੀ ਕੌਮ ਚੁਰਾਹੇ ’ਤੇ ਖੜ੍ਹੀ ਹੋਈ ਏ, ਐਵੇਂ ਕਰੀਏ ਨਾ ਸਮਾਂ ਬਰਬਾਦ ਸਿੰਘੋ।
ਹਰ ਇਕ ਮਸਲੇ ’ਤੇ ਖਰੜੇ ਤਿਆਰ ਹੋਵਣ, ਆਪੋ ਵਿੱਚ ਵਿਚਾਰਾਂ ਤੋਂ ਬਾਦ ਸਿੰਘੋ।
ਅੰਤਮ ਫੈਸਲੇ ਲੈਣ ਲਈ ਰਲ ਮਿਲ ਕੇ, ਅਕਾਲ ਤਖ਼ਤ ਤੇ ਕਰੀਏ ਫਰਿਆਦ ਸਿੰਘੋ।
ਗੁਰੂ ਤਾਬਿਆ ਬੈਠ ਕੇ ਪੰਜ ਪਿਆਰੇ, ਦੇਣ ਫੈਸਲੇ ਜੋ, ਰੱਖੀਏ ਯਾਦ ਸਿੰਘੋ।
ਗੁਰੂ ਚਰਨਾਂ ’ਚ ‘ਜਾਚਕ’ ਅਰਦਾਸ ਕਰੀਏ, ਕਿ ਝੰਡਾ ਕੇਸਰੀ ਹੋਰ ਬੁਲੰਦ ਹੋਵੇ।
ਸ਼ਬਦ ਗੁਰੂ’ਤੇ ਓਟ ਜੋ ਰੱਖਦਾ ਏ, ਨਾਨਕ ਨਾਮ ਲੇਵਾ ਲਾਮਬੰਦ ਹੋਵੇ।
ਸਦਾ ਮਿਲੇ ਅਗਵਾਈ ਤੇ ਸੇਧ ਉਹਨੂੰ, ਗੁਰਸਿੱਖੀ ਦਾ ਜਿਹੜਾ ਪਾਬੰਦ ਹੋਵੇ।
ਰੱਬੀ ਫੈਸਲੇ ਇੱਥੇ ਉਹ ਲਏ ਜਾਵਣ, ਸਿੱਖ ਕੌਮ ਨਾਲ ਜੀਹਦਾ ਸੰਬੰਧ ਹੋਵੇ।
ਮਹਿਕਾਂ ਵੰਡੇ ਇਹ ਸਾਰੇ ਸੰਸਾਰ ਅੰਦਰ, ਖੁਸ਼ੀ, ਖੇੜਾ ਤੇ ਸਦਾ ਆਨੰਦ ਹੋਵੇ।
ਅਕਾਲ ਤਖ਼ਤ ਦੀ ਪਾਵਨ ਕਮਾਨ ਹੇਠਾਂ, ਸਿੱਖ ਕੌਮ ਸਾਰੀ ਜੱਥੇਬੰਦ ਹੋਵੇ।