ਪਾਉਂਟਾ ਸਾਹਿਬ
ਪਾਉਂਟਾ ਸਾਹਿਬ
ਅਰਜ਼ ਨਾਹਨ ਨਰੇਸ਼ ਦੀ ਮੰਨ ਕੇ ਤੇ, ਸਤਿਗੁਰ ਪੁਰੀ ਅਨੰਦ ਤੋਂ ਆਏ ਹੈਸਨ।
ਫਤਹਿ ਸ਼ਾਹ ਦੀ ਤੇ ਰਾਜੇ ਮੇਦਨੀ ਦੀ, ਸੁਲਾਹ ਕਰਾ ਕੇ ਗਲੇ ਮਿਲਾਏ ਹੈਸਨ।
ਇਕ ਦੂਜੇ ਦੇ ਖੂਨ ਦੇ ਪਿਆਸਿਆਂ ਦੇ, ਸਾਰੇ ਝਗੜੇ ਤੇ ਝੇੜੇ ਮੁਕਾਏ ਹੈਸਨ।
ਤੱਕ ਕੇ ਸੋਹਣਾ ਰਮਣੀਕ ਸਥਾਨ ਇਹ ਤਾਂ, ਇਸ ਧਰਤੀ ਨੂੰ ਭਾਗ ਫਿਰ ਲਾਏ ਹੈਸਨ।
ਜਮਨਾ ਕੰਢੇ ਸੀ ਵਸਿਆ ਸ਼ਹਿਰ ਸੋਹਣਾ, ਚਰਨ ਸਤਿਗੁਰਾਂ ਪਾਏ ਜਦ ਸ਼ਹਿਰ ਪਾਉਂਟੇ।
ਦਸਮ ਪਿਤਾ ਦੇ ਚਰਨਾਂ ਦੀ ਛੋਹ ਸਦਕਾ, ਰੌਣਕ ਲੱਗਦੀ ਸੀ ਅੱਠੇ ਪਹਿਰ ਪਾਉਂਟੇ।
ਭੱਜੀ ਜਾਂਦੀ ਸੀ ਜਮਨਾ ਜੋ ਸ਼ੋਰ ਪਾਉਂਦੀ, ਚਲਦੀ ਸ਼ਾਂਤ ਇਹਦੀ ਲਹਿਰ ਲਹਿਰ ਪਾਉਂਟੇ।
ਅੱਖੀਂ ਡਿੱਠਾ ਇਤਿਹਾਸ ਦਸਮੇਸ਼ ਜੀ ਦਾ, ਦੱਸ ਰਹੀ ਇਹ ਤਾਂ ਠਹਿਰ ਠਹਿਰ ਪਾਉਂਟੇ।
ਨੀਂਹ ਰੱਖ ਕੇ ਪਾਤਸ਼ਾਹ ਆਪ ਹੱਥੀਂ, ਪਾਉਂਟਾ ਸ਼ਹਿਰ ਵਸਾਇਆ ਸੀ ਆਪ ਦਾਤੇ।
ਸ਼ਾਹਾਂ, ਕਿਰਤੀ ਕਿਸਾਨਾਂ, ਵਪਾਰੀਆਂ ਨੂੰ, ਦੂਰੋਂ ਦੂਰੋਂ ਮੰਗਵਾਇਆ ਸੀ ਆਪ ਦਾਤੇ।
ਜੰਮਿਆ ਖੂਨ ਗਰਮਾਉਣ ਲਈ ਬੀਰ ਰਸੀ, ਓਦੋਂ ਸਾਹਿਤ ਰਚਵਾਇਆ ਸੀ ਆਪ ਦਾਤੇ।
ਬੂਥੇ ਭੰਨਣ ਲਈ ਜਾਬਰ ਜਰਵਾਣਿਆਂ ਦੇ, ਪੱਕਾ ਕਿਲ੍ਹਾ ਬਣਵਾਇਆ ਸੀ ਆਪ ਦਾਤੇ।
ਆਦਮਖੋਰ ਸੀ ਜੰਗਲ ’ਚ ਸ਼ੇਰ ਰਹਿੰਦਾ, ਕੀਤਾ ਲੋਕਾਂ ਦਾ ਬੜਾ ਨੁਕਸਾਨ ਜਿਸਨੇ।
ਲੱਗਾ ਮਾਨਵ ਦਾ ਲਹੂ ਸੀ ਮੂੰਹ ਉਸਦੇ, ਰਾਤ ਬਰਾਤੇ ਕਈ ਮਾਰੇ ਇਨਸਾਨ ਜਿਸਨੇ।
ਮਾਰ ਮਾਰ ਕੇ ਪਾਲਤੂ ਪਸ਼ੂ ਸਾਰੇ, ਛੱਡਿਆ ਨਹੀਂ ਸੀ ਨਾਮੋਂ ਨਿਸ਼ਾਨ ਜਿਸਨੇ।
ਭੱਜ ਗਏ ਕਈ ਘਰ ਤੇ ਘਾਟ ਛੱਡ ਕੇ, ਕੀਤੇ ਪਿੰਡਾਂ ਦੇ ਪਿੰਡ ਵੈਰਾਨ ਜਿਸਨੇ।
‘ਜ਼ੈਦਰਥ’ ਦੀ ਕਹਿੰਦੇ ਨੇ ਰੂਹ ਸੀ ਉਹ, ਗੁਰਾਂ ਜਾ ਕੇ ਉਹਨੂੰ ਲਲਕਾਰਿਆ ਸੀ।
ਅੱਗੋਂ ਸ਼ੇਰ ਨੇ ਗਰਜ ਕੇ ਵਾਂਗ ਬੱਦਲ, ਪੰਜਾ ਗੁਰਾਂ ਦੇ ਉਤੇ ਉਲਾਰਿਆ ਸੀ।
ਗੁਰਾਂ ਫੁਰਤੀ ਨਾਲ ਰੋਕ ਕੇ ਵਾਰ ਉਸਦਾ, ਧਰਤੀ ਉਤੇ ਪਟਕਾ ਕੇ ਮਾਰਿਆ ਸੀ।
ਪੇਟ ਚੀਰ ਤਲਵਾਰ ਦੇ ਨਾਲ ਆਖਰ, ਅੱਗਾ ਓਸਦਾ ਗੁਰਾਂ ਸੁਆਰਿਆ ਸੀ।
ਭਾਗਾਂ ਭਰੀ ਇਸ ਧਰਤੀ ਨੂੰ ਭਾਗ ਲੱਗੇ, ਕਲਗੀਧਰ ਦੇ ਘਰ ਫਰਜੰਦ ਆਇਆ।
ਦੂਰ ਕਰਨ ਲਈ ਘੁਪ ਹਨੇਰਿਆਂ ਨੂੰ, ਮਾਨੋ ਧਰਤੀ ’ਤੇ ਚੱਲ ਕੇ ਚੰਦ ਆਇਆ।
ਲਹਿਰ ਖੁਸ਼ੀ ਦੀ ਦੌੜੀ ਸੀ ਹਰ ਪਾਸੇ, ਨਾਲ ਬਾਲਕ ਦੇ ਖੇੜਾ ਅਨੰਦ ਆਇਆ।
ਕਲਗੀਧਰ ਦੇ ਬਾਗ ਦਾ ਫੁੱਲ ਸੋਹਣਾ, ਵੰਡਣ ਲਈ ਕੋਈ ਖਾਸ ਸੁਗੰਧ ਆਇਆ।
ਪਰਤੇ ਜਦੋਂ ਭੰਗਾਣੀ ਦਾ ਯੁੱਧ ਜਿੱਤ ਕੇ, ਸਮਾਂ ਹੋਇਆ ਫਿਰ ਬੜਾ ਬਤੀਤ ਸੋਹਣਾ।
ਸਾਹਿਬਜ਼ਾਦੇ ਦਾ ਜਿੱਤ ਦੀ ਖੁਸ਼ੀ ਅੰਦਰ, ਨਾਂ ਰੱਖਿਆ ਗੁਰਾਂ ਅਜੀਤ ਸੋਹਣਾ।
ਸ਼ੁਰੂ ਹੋ ਗਏ ਪਾਉਂਟੇ ਦੀਵਾਨ ਲੱਗਣੇ, ਚੱਲਿਆ ਫੇਰ ਗੁਰਬਾਣੀ ਸੰਗੀਤ ਸੋਹਣਾ।
ਓਥੇ ਕਵੀਆਂ ਨੇ ਕਲਮਾਂ ਦੀ ਨੋਕ ਰਾਹੀਂ, ਜ਼ਜ਼ਬਾ ਜੋਸ਼ ਫਿਰ ਕੀਤਾ ਸੁਰਜੀਤ ਸੋਹਣਾ।
ਕੰਘਾ ਵਾਹੁੰਦੇ ਦਸਮੇਸ਼ ਕਿਹਾ ਪੀਰ ਤਾਂਈਂ, ਮੱਦਦ ਤੁਸਾਂ ਹੋ ਕੇ ਅੰਗ ਸੰਗ ਕੀਤੀ।
ਥੋਡੇ ਪੁਤਾਂ ਮੁਰੀਦਾਂ ਨੇ ਯੁੱਧ ਅੰਦਰ, ਸ਼ਹੀਦੀ ਪਾ ਕੇ ਤੇ ਦੁਨੀਆਂ ਦੰਗ ਕੀਤੀ।
ਮੰਗੋ ਪੀਰ ਜੀ ਜੋ ਕੁਝ ਮੰਗਣਾ ਜੇ, ਮੇਰੀ ਸਹੁੰ ਜੇ ਰਤਾ ਵੀ ਸੰਗ ਕੀਤੀ।
ਅੜੇ ਕੇਸਾਂ ਸਮੇਤ ਹੀ ਪੀਰ ਓਦੋਂ, ਦਸਮ ਪਿਤਾ ਤੋਂ ਕੰਘੇ ਦੀ ਮੰਗ ਕੀਤੀ।
ਆ ਕੇ ਵਜਦ ’ਚ ਪਿਤਾ ਦਸਮੇਸ਼ ਜੀ ਨੇ, ਕੀਤੀ ਪੀਰ ਦੀ ਮੰਗ ਸਵੀਕਾਰ ਸੋਹਣੀ।
ਕੰਘਾ ਬਖਸ਼ਿਆ ਕੇਸਾਂ ਸਮੇਤ ਉਸਨੂੰ, ਨਾਲ ਬਖਸ਼ੀ ਸੀ ਪਾਵਨ ਦਸਤਾਰ ਸੋਹਣੀ।
ਹੁਕਮਨਾਮਾ ਤੇ ਬਖਸ਼ ਪੋਸ਼ਾਕ ਸੁੰਦਰ, ਬਖਸ਼ੀ ਆਪਣੀ ਨਾਲ ਕਟਾਰ ਸੋਹਣੀ।
ਨਦਰੀ ਨਦਰਿ ਨਿਹਾਲ ਕਰ ਪੀਰ ਤਾਂਈਂ, ਕੀਤੀ ਰਹਿਮਤ ਸੀ ਨੂਰੀ ਨੁਹਾਰ ਸੋਹਣੀ।
ਚੱਲੀ ਜਿਹੜੀ ਭੰਗਾਣੀ ਦੇ ਯੁੱਧ ਅੰਦਰ, ਓਸ ਤਿੱਖੀ ਤਲਵਾਰ ਦਾ ਜਨਮ ਹੋਇਆ।
ਵਿੱਚ ਜੰਗ ਦੇ ਜੀਹਨੇ ਸੀ ਪਾਏ ਭੜਥੂ, ਓਸ ਅਣਖੀ ਲਲਕਾਰ ਦਾ ਜਨਮ ਹੋਇਆ।
ਜਾਪੁ ਸਾਹਿਬ ਸਵੱਯਾਂ ਦੇ ਨਾਲ ਹੀ ਸੀ, ਏਥੇ ਚੰਡੀ ਦੀ ਵਾਰ ਦਾ ਜਨਮ ਹੋਇਆ।
ਚੱਲ ਰਿਹੈ ਜੋ ਕਵੀ ਦਰਬਾਰ ‘ਜਾਚਕ’, ਓਸ ਕਵੀ ਦਰਬਾਰ ਦਾ ਜਨਮ ਹੋਇਆ।