Home » ਇਤਿਹਾਸਕ ਅਸਥਾਨ ਤੇ ਸੰਸਥਾਵਾਂ » ਖਾਲਸਾ ਏਡ

ਖਾਲਸਾ ਏਡ

by Dr. Hari Singh Jachak
Khalsa Ed

ਖਾਲਸਾ ਏਡ

ਖਾਲਸਾ ਏਡ

ਯੂ.ਕੇ. ਵਿੱਚ ਸਰਦਾਰ ਰਵੀ ਸਿੰਘ ਨੇ, ਨੜਿਨਵੇਂ ਵਿੱਚ ਕੀਤੀ ਸ਼ੁਰੂਆਤ ਹੈਸੀ।

ਸੇਵਾ ਕਰਨੀ ਏ ਦੁਖੀ ਮਨੁੱਖਤਾ ਦੀ, ਓਹਨਾਂ ਮਨ ਵਿੱਚ ਧਾਰੀ ਇਹ ਬਾਤ ਹੈਸੀ।

ਕੋਈ ਪੁਰਬਲੇ ਕਰਮ ਸਨ ਜਾਗ ਉਠੇ, ਦਿੱਤੀ ਦਾਤੇ ਨੇ ਓਨ੍ਹਾਂ ਨੂੰ ਦਾਤ ਹੈਸੀ।

ਕੁਝ ਗੁਰਸਿੱਖਾਂ ਨੂੰ ਇਹ ਉਦੇਸ਼ ਦੱਸ ਕੇ, ਮਾਇਕ ਸੇਵਾ ਲਈ ਕੀਤੀ ਗੱਲਬਾਤ ਹੈਸੀ।

 

ਖਾਲਸਾ ਏਡ ਦੇ ਨਾਂ ਦੀ ਜਥੇਬੰਦੀ, ਕਰ ਰਹੀ ਦੁਨੀਆਂ ’ਚ ਬੜੀ ਮਹਾਨ ਸੇਵਾ।

ਬਿਨਾਂ ਕਿਸੇ ਵੀ ਕਿਸਮ ਦੇ ਵਿਤਕਰੇ ਦੇ, ਕਰ ਰਹੇ ਨੇ ਵਿੱਚ ਜਹਾਨ ਸੇਵਾ।

ਜੰਗ ਦੇ ਮੈਦਾਨ ਵਿੱਚ ਜਾ ਕੇ ਵੀ, ਕਰਦੇ ਤਲੀ ਤੇ ਰੱਖ ਕੇ ਜਾਨ ਸੇਵਾ।

ਕਰ ਰਹੇ ਨੇ ਜਿਹੜੀ ਮਨੁੱਖਤਾ ਦੀ, ਹੋਊ ਗੁਰੂ ਦੇ ਦਰ ਪਰਵਾਨ ਸੇਵਾ।

 

ਸਭ ਤੋਂ ਪਹਿਲਾਂ, ਨੜਿਨਵੇਂ ਵਿੱਚ ਹੈਸੀ, ਸੇਵਾਦਾਰਾਂ ਨੇ ਸੇਵਾ ਮਹਾਨ ਕੀਤੀ।

ਜੰਗ ਹੋਈ ਯੂਗੋਸਲਾਵੀਆ, ਅਲਬਾਨੀਆਂ ਦੀ, ਓਦੋਂ ਦੁਖੀਆਂ ਦੀ ਏਨ੍ਹਾਂ ਪਹਿਚਾਣ ਕੀਤੀ।

ਹੋ ਚੁੱਕੇ ਸਨ ਘਰੋਂ ਬੇਘਰ ਜਿਹੜੇ , ਹਰ ਇਕ ਵਸਤੂ ਸੀ ਇਨ੍ਹਾਂ ਪਰਦਾਨ ਕੀਤੀ।

ਜਾ ਕੇ ਬਾਰਡਰ ਤੇ ਸੇਵਾ ਰਿਫੂਜੀਆਂ ਦੀ, ਆਪਣੀ ਤਲੀ ਤੇ ਰੱਖ ਕੇ ਜਾਨ ਕੀਤੀ।

 

ਸਾਈਕਲੋਨ ਉਡੀਸਾ ਵਿੱਚ ਜਦੋਂ ਆਇਆ, ਤਦ ਵੀ ਨਿਤਰੇ ਇਹ ਮੈਦਾਨ ਅੰਦਰ।

ਹੋ ਗਏ ਸਨ ਬੰਦ ਸਕੂਲ ਜਿਥੇ, ਓਥੇ ਪਹੁੰਚ ਗਏ ਇਹ ਸਿੱਖੀ ਸ਼ਾਨ ਅੰਦਰ।

ਬੰਦ ਹੋਏ ਸਕੂਲ ਖੁਲਵਾਉਣ ਦੇ ਲਈ, ਲੱਗਗਏ ਇਸ ਕਾਰਜ ਮਹਾਨ ਅੰਦਰ।

ਜਦੋਂ ਨਾਲ ਸਹਾਇਤਾ ਸਕੂਲ ਖੁਲ੍ਹੇ, ਚਰਚਾ ਹੋਈ ਸੀ ਸਾਰੇ ਜਹਾਨ ਅੰਦਰ।

 

ਜਦੋਂ ਟਰਕੀ ਦੇ ਵਿੱਚ ਭੂਚਾਲ ਆਇਆ, ਸੇਵਾ ਕਰਨ ਪਹੁੰਚੇ ਸੇਵਾਦਾਰ ਸਾਰੇ।

ਓਥੇ ਦੁਖੀਆਂ ਦੀ ਸਾਂਭ ਸੰਭਾਲ ਕੀਤੀ, ਖਤਮ ਜਿਨ੍ਹਾਂ ਦੇ ਹੋਏ ਘਰ-ਬਾਰ ਸਾਰੇ।

ਲੰਗਰ ਪਾਣੀ ਦਾ ਕੀਤਾ ਪ੍ਰਬੰਧ ਜਾ ਕੇ, ਹੋ ਚੁੱਕੇ ਸਨ ਜਿਹੜੇ ਲਾਚਾਰ ਸਾਰੇ ।

ਜਾ ਕੇ ਦਿੱਤੀਆਂ ਦਵਾਈਆਂ ਸਨ ਉਨ੍ਹਾਂ ਤਾਈਂ, ਹੋਏ ਪਏ ਸਨ ਜਿਹੜੇ ਬੀਮਾਰ ਸਾਰੇ।

 

ਪਿਛੇ ਜਹੇ ਪੰਜਾਬ ਵਿਚ ਹੜ੍ਹ ਆਏ, ਅੱਗੇ ਵਧ ਕੇ ਸੇਵਾ ਕਮਾਈ ਸੋਹਣੀ।

ਪਿੰਡ ਪਿੰਡ ਵਿਚ ਕਿਸ਼ਤੀਆਂ ਰਾਹੀਂ ਜਾ ਕੇ, ਘਰ ਘਰ ਸੀ ਰਸਦ ਪਹੁੰਚਾਈ ਸੋਹਣੀ।

ਹੜ੍ਹ ਪਰਭਾਵਤ ਲੋਕਾਂ ਦੇ ਚਿਹਰਿਆਂ ’ਤੇ, ਪਤਝੜ ਬਾਅਦ ਬਸੰਤ ਸੀ ਆਈ ਸੋਹਣੀ।

ਸਾਰੀਆਂ ਦੁਨੀਆਂ ਦੇ ਲੋਕਾਂ ਨੇ ਇਨਾਂ ਤਾਈਂ, ਏਸ ਕਾਰਜ ਲਈ ਦਿੱਤੀ ਵਧਾਈ ਸੋਹਣੀ।

 

ਕੱਢ ਕੇ ਮਾਇਆ ਤੇ ਸਮੇਂ ਦਾ ਦਸਮ ਹਿੱਸਾ,ਸੇਵਾ ਦੁਖੀਆਂ ਦੀ ਕਰਨ ਨਿਸ਼ਕਾਮ ਸਾਰੇ।

ਬਿਨਾਂ ਕਿਸੇ ਵੀ ਕਿਸਮ ਦੇ ਵਿਤਕਰੇ ਦੇ, ਮਾਨਵਤਾ ਦਾ ਦੇਣ ਪੈਗਾਮ ਸਾਰੇ।

ਜਿਥੇ ਜਿਥੇ ਵੀ ਕੁਦਰਤੀ ਆਏ ਆਫਤ, ਜਾ ਕੇ ਕਰਦੇ ਨੇ ਆਪ ਇੰਤਜਾਮ ਸਾਰੇ।

ਨਿਸਚਾ ਕਰਕੇ ਨਿੱਤਰੇ ਮੈਦਾਨ ਅੰਦਰ, ਦਸਮ ਪਿਤਾ ਦੇ ‘ਜਾਚਕ’ ਵਰਿਆਮ ਸਾਰੇ।