Home » ਇਤਿਹਾਸਕ ਅਸਥਾਨ ਤੇ ਸੰਸਥਾਵਾਂ » ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ

by Dr. Hari Singh Jachak
Guru Gobind Singh Study Circle

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ

ਜਦ ਪੰਜਾਬ ਦੇ ਵਿਦਿਅਕ ਅਦਾਰਿਆਂ ’ਚ, ਲਾਲ ਹਨੇਰੀਆਂ ਦੇ ਝੱਖੜ ਝੁੱਲ ਰਹੇ ਸੀ।

ਤਿੱਖੀ ਹਵਾ ਦੇ ਬੁੱਲਿਆਂ ਸਾਹਮਣੇ ਜਦ, ਦੀਵੇ ਹੋ ਏਥੇ ਸਾਡੇ ਗੁੱਲ ਰਹੇ ਸੀ।

ਭੈੜੇ ਨਸ਼ਿਆਂ ਦੀਆਂ ਆਦਤਾਂ ਪਾ ਦੁਸ਼ਮਣ, ਸਿੱਖੀ ਮਹਿਕ ਮੁਕਾਉਣ ’ਤੇ ਤੁੱਲ ਰਹੇ ਸੀ।

ਇਸ ਗੁਰੂਆਂ ਦੀ ਪਾਵਨ ਧਰਤ ਉੱਤੇ, ਵਾਰਸ ਆਪਣੇ ਵਿਰਸੇ ਨੂੰ ਭੁੱਲ ਰਹੇ ਸੀ।

 

ਸਿੱਖ ਦਰਦੀਆਂ ਬੈਠ ਵਿਚਾਰ ਕੀਤੀ, ਜੱਥੇਬੰਦੀ ਬਣਾਉਣ ਦੀ ਲੋੜ ਜਾਪੇ।

ਕੁੰਭਕਰਨ ਦੀ ਨੀਂਦ ਜੋ ਸੌਂ ਰਹੇ ਨੇ, ਸੁੱਤੇ ਸ਼ੇਰ ਜਗਾਉਣ ਦੀ ਲੋੜ ਜਾਪੇ।

ਵਿਰਸੇ ਵਿੱਚ ਗੁਰਬਾਣੀ ਦੀ ਮਿਲੀ ਦੌਲਤ, ਜਗਤ ਵਿੱਚ ਫੈਲਾਉਣ ਦੀ ਲੋੜ ਜਾਪੇ।

ਸਿੱਖ ਇਤਿਹਾਸ ਦੇ ਸੂਹੇ ਪੰਨਿਆਂ ਨੂੰ, ਮੁੜ ਕੇ ਫੇਰ ਦੁਹਰਾਉਣ ਦੀ ਲੋੜ ਜਾਪੇ।

 

ਓਟ ਲੈ ਕੇ ਗੁਰੂ ਗ੍ਰੰਥ ਜੀ ਦੀ, ਗੁਰੂ ਲਾਲਾਂ ਬਣਾਇਆ ਸਟੱਡੀ ਸਰਕਲ।

ਉਨੀ ਸੌ ਬਹੱਤਰ ਦੇ ਵਿੱਚ ਇਥੇ, ਹੋਂਦ ਵਿੱਚ ਫਿਰ ਆਇਆ ਸਟੱਡੀ ਸਰਕਲ।

ਥਾਂ ਥਾਂ ਗੁਰਮਤਿ ਦਾ ਕਰਨ ਪ੍ਰਚਾਰ ਖ਼ਾਤਰ, ਨੌਜਵਾਨਾਂ ਅਪਣਾਇਆ ਸਟੱਡੀ ਸਰਕਲ।

ਗੈਰ ਸਿਆਸੀ ਸੰਗਠਨ ਦੇ ਰੂਪ ਅੰਦਰ, ਹੌਲੀ ਹੌਲੀ ਫਿਰ ਛਾਇਆ ਸਟੱਡੀ ਸਰਕਲ।

 

ਹੋਕਾ ਦਿੱਤਾ ਫਿਰ ਵਿਰਸੇ ਦੇ ਵਾਰਸਾਂ ਨੂੰ, ਆਉ ਆਪਾ ਸਵਾਰਨ ਦੀ ਗੱਲ ਕਰੀਏ।

ਜਾਤਾਂ ਪਾਤਾਂ ਦੇ ਸੰਗਲ ’ਚ ਜਕੜਿਆ ਜੋ, ਉਹ ਸਮਾਜ ਸੁਧਾਰਨ ਦੀ ਗੱਲ ਕਰੀਏ।

ਆਪਣੇ ਵਿਰਸੇ ’ਤੇ ਬੜਾ ਏ ਮਾਣ ਸਾਨੂੰ, ਹਰ ਪਾਸੇ ਪਰਚਾਰਨ ਦੀ ਗੱਲ ਕਰੀਏ।

ਚਾਨਣ ਬਖਸ਼ੇ ਜੋ ਸਾਰੇ ਸੰਸਾਰ ਤਾਂਈਂ, ਬਾਣੀ ਖੋਜਣ ਵਿਚਾਰਨ ਦੀ ਗੱਲ ਕਰੀਏ।

 

ਜਿਵੇਂ ਜਿਵੇਂ ਇਹ ਲਹਿਰ ਫਿਰ ਵਧੀ ਅੱਗੇ, ਪੜ੍ਹੇ ਲਿਖੇ ਅਤੇ ਸੂਝਵਾਨ ਰਲ ਗਏ।

ਹੌਲੀ ਹੌਲੀ ਵਿਦਿਆਰਥੀ ਹੋਏ ਸ਼ਾਮਿਲ, ਉਹਨਾਂ ਨਾਲ ਅਧਿਆਪਕ ਸਾਹਿਬਾਨ ਰਲ ਗਏ।

ਡਾਕਟਰ ਚਿੰਤਕ ਵੀ ਫੇਰ ਨਾ ਰਹੇ ਪਿੱਛੇ, ਬੁੱਧੀ ਜੀਵੀ ਤੇ ਹੋਰ ਵਿਦਵਾਨ ਰਲ ਗਏ।

ਵਿੱਦਿਅਕ ਪੇਂਡੂ ਤੇ ਸ਼ਹਿਰੀ ਇਲਾਕਿਆਂ ’ਚੋਂ, ਸਿੱਖੀ ਸੇਵਾ ਦੇ ਸੀ ਚਾਹਵਾਨ ਰਲ ਗਏ।

ਜੱਥੇਬੰਦੀ ਦੀ ਉਮਰ ਫਿਰ ਹੋਈ ਲੰਬੀ, ਸਮਾਂ ਮੁਸ਼ਕਲਾਂ ਵਾਲਾ ਟਪਾ ਕੇ ਤੇ।

ਮਨਮੱਤ ਦੀ ਧੁੰਧ ਮਿਟਾਈ ਹਰ ਥਾਂ, ਕੈਂਪ ਗੁਰਮਤਿ ਟਰੇਨਿੰਗ ਲਗਾ ਕੇ ਤੇ।

ਗੁਰੂ ਡੰਮ੍ਹ ਵਾਲਾ ਪਰਦਾ ਫਾਸ਼ ਕੀਤਾ, ਦਿਵਸ ‘ਆਤਮ ਸਮਰਪਣ’ ਮਨਾ ਕੇ ਤੇ।

ਤੇਜ ਕੀਤਾ ਫਿਰ ਗੁਰਮਤਿ ਪਰਚਾਰ ਤਾਂਈਂ, ਵੱਖੋ ਵੱਖਰੇ ‘ਵਿੰਗ’ ਬਣਾ ਕੇ ਤੇ।

 

ਏਧਰ ਭਾਸ਼ਣ ਤੇ ਕਵਿਤਾ ਮੁਕਾਬਲਾ ਏ, ਲੇਖ ਲਿਖਦੇ ਗੁਰੂ ਦੇ ਲਾਲ ਓਧਰ।

ਸ਼ੁੱਧ ਪਾਠ ਉਚਾਰਣ ਵੀ ਹੋ ਰਿਹਾ ਏ, ਬਾਣੀ ਗਾਇਨ ਪ੍ਰਤੀਯੋਗਤਾ ਨਾਲ ਓਧਰ।

ਇੱਧਰ ਗੁਰਮਤਿ ਇਮਤਿਹਾਨ ਵੀ ਚਲ ਰਿਹਾ ਏ, ਗੁਰਮਤਿ ਕਿਆਰੀ ’ਚ ਬੈਠੇ ਨੇ ਬਾਲ ਓਧਰ।

ਸੋਨੇ ਚਾਂਦੀ ਤੇ ਕਾਂਸੀ ਦੇ ਜਿੱਤ ਤਗਮੇ, ਗੁਰੂ ਪਿਆਰੇ ਨੇ ਹੁੰਦੇ ਨਿਹਾਲ ਓਧਰ।

 

‘ਸਿੱਖ ਬੁੱਕ ਸੈਂਟਰ’ ਉੱਤੇ ਪੁਸਤਕਾਂ ਦੀ, ਲੱਗੀ ਬੜੀ ਨੁਮਾਇਸ਼ ਵਿਸ਼ਾਲ ਕਿਧਰੇ।

‘ਸੇਵਾ ਦਿਵਸ’ ਮਨਾਉਂਦੇ ਹੋਏ ਵੀਰ ਸਾਰੇ, ਪਹੁੰਚ ਜਾਂਦੇ ਨੇ ਹਸਪਤਾਲ ਕਿਧਰੇ।

ਗੱਲ ਕਰਨ ਲਈ ਬਾਣੀ ਦੀ ਕਾਲਜਾਂ ’ਚ, ਲੈਕਚਰ ਹੋ ਰਹੇ ਬੇਮਿਸਾਲ ਕਿਧਰੇ।

ਕਿਤੇ ਯੁਵਕ ਲਿਖਾਰੀ ਨੇ ਹੋਏ ’ਕੱਠੇ, ‘ਵਿਚਾਰ ਗੋਸ਼ਟੀ’ ਹੋਈ ਕਮਾਲ ਕਿਧਰੇ।

 

ਮਾਨਸ ਜਾਤ ਤਾਂ ਸਭ ਦੀ ਹੈ ਇੱਕੋ, ਥਾਂ ਥਾਂ ਕੀਤਾ ਸਾਵਧਾਨ ਜਾਂਦੈ।

ਨਸ਼ਿਆਂ ਰਹਿਤ ਨਰੋਆ ਸਮਾਜ ਹੋਵੇ, ਏਸ ਗੱਲ ਵੱਲ ਸਦਾ ਧਿਆਨ ਜਾਂਦੈ।

ਨਾਂ ਹੇਠ ਪੰਜਾਬੀ ਪ੍ਰਫੁੱਲਤਾ ਦੇ, ਮਾਤ ਭਾਸ਼ਾ ਦਾ ਦਿੱਤਾ ਗਿਆਨ ਜਾਂਦੈ।

ਲਿਖਦੇ ਜੋ ਗੁਰਬਾਣੀ ਨੂੰ ਮੁੱਖ ਰੱਖਕੇ, ਸਮੇਂ ਸਮੇਂ ’ਤੇ ਕੀਤਾ ਸਨਮਾਨ ਜਾਂਦੈ।

 

‘ਸਾਡਾ ਵਿਰਸਾ-ਸਾਡਾ ਗੌਰਵ’ ਪਰਚੇ ਰਾਹੀਂ, ਥਾਂ ਥਾਂ ਗੁਰਮਤਿ ਸੰਦੇਸ਼ ਪਹੁੰਚਾਏ ਜਾਂਦੇ।

ਵੱਖੋ ਵੱਖਰੇ ਵਿਸ਼ਿਆਂ ’ਤੇ ਕਾਲਜਾਂ ’ਚ, ਸੈਮੀਨਾਰ ਨੇ ਕਈ ਕਰਵਾਏ ਜਾਂਦੇ।

ਪਿੰਡਾਂ ਸ਼ਹਿਰਾਂ ’ਚ ਪਬਲਿਕ ਵਿੰਗ ਵਲੋਂ, ਸ਼ਬਦ ਗੁਰੂ ਸਮਾਗਮ ਮਨਾਏ ਜਾਂਦੇ।

ਮਾਇਕ ਪੱਖ ਤੋਂ ਪਿਛੜੇ ਬੱਚਿਆਂ ਨੂੰ, ਪੜ੍ਹਨ ਲਈ ਵਜ਼ੀਫੇ ਲਗਾਏ ਜਾਂਦੇ।

‘ਭਾਈ ਸਮੁੰਦ ਸਿੰਘ ਗੁਰਮਤਿ ਅਕੈਡਮੀ’ ਨੇ, ਕੀਰਤਨ ਲਹਿਰ ਨੂੰ ਵੀ ਲਾਮਬੰਦ ਕੀਤੈ।

ਓਧਰ ‘ਸਪੋਰਟਸ ਵਿੰਗ’ ਨੇ ਸਾਰਿਆਂ ਨੂੰ, ਸਰੀਰਕ ਤੌਰ ’ਤੇ ਵੀ ਸਿਹਤਮੰਦ ਕੀਤੈ।

ਹੋਲੇ ਮਹੱਲੇ ’ਤੇ ਯੂਨਿਟਾਂ ਸਾਰੀਆਂ ਨੇ, ਛਿੰਝ ਦਿਵਸ ਨੂੰ ਬੜਾ ਪਸੰਦ ਕੀਤੈ।

ਵੱਖੋ ਵੱਖਰੇ ਵਿੰਗਾਂ ਨੇ ਰਲ ਮਿਲ ਕੇ, ਜੱਥੇਬੰਦੀ ਤਾਂਈਂ ਜਥੇਬੰਦ ਕੀਤੈ।

 

ਕੱਢ ਕੇ ਮਾਇਆ ਤੇ ਸਮੇਂ ਦਾ ਦਸਮ ਹਿੱਸਾ,ਸੇਵਾ ਸਿੱਖੀ ਦੀ ਕਰਨ ਨਿਸ਼ਕਾਮ ਸਾਰੇ।

ਬਿਨਾਂ ਕਿਸੇ ਵੀ ਕਿਸਮ ਦੇ ਵਿਤਕਰੇ ਦੇ, ਥਾਂ ਥਾਂ ਗੁਰਮਤਿ ਦਾ ਦੇਣ ਪੈਗ਼ਾਮ ਸਾਰੇ।

ਹਾਜ਼ਰ ਨਾਜ਼ਰ ਇਹ ਗੁਰੂ ਨੂੰ ਸਮਝ ਕੇ ਤੇ, ਲੋਕ ਵਿਖਾਵੇ ਨੂੰ ਪਾਉਣ ਲਗ਼ਾਮ ਸਾਰੇ।

ਨਿਸਚਾ ਕਰਕੇ ਨਿੱਤਰੇ ਮੈਦਾਨ ਅੰਦਰ, ਦਸਮ ਪਿਤਾ ਦੇ ਇਹ ਵਰਿਆਮ ਸਾਰੇ।

 

ਹਰ ਸਾਲਾਨਾ ਸਮਾਗਮ ’ਤੇ ਜੁੜੇ ਕੇਡਰ, ਸਟੱਡੀ ਸਰਕਲ ਦਾ ਕੱਠਾ ਪਰਵਾਰ ਹੁੰਦੈ।

ਸਾਰਾ ਸਾਲ ਜੋ ਫ਼ੀਲਡ ’ਚ ਕੰਮ ਕਰਦੇ, ਖੁੱਲ੍ਹਾ ਉਨ੍ਹਾਂ ਦਾ ਦਰਸ਼ਨ ਦੀਦਾਰ ਹੁੰਦੈ।

ਪਿਛਲੇ ਸਾਲ ਦੀਆਂ ਕਾਰਗੁਜ਼ਾਰੀਆਂ ’ਤੇ, ਵੱਖ ਵੱਖ ਸੈਸ਼ਨਾਂ ਵਿੱਚ ਵਿਚਾਰ ਹੁੰਦੈ।

ਆਉਣ ਵਾਲੜੇ ਸਮੇਂ ’ਚ ਜੋ ਕਰਨੈ, ਇੱਕ ਦੂਜੇ ਦੇ ਨਾਲ ਇਕਰਾਰ ਹੁੰਦੈ।

 

ਅੱਖਾਂ ਕੌਮ ਦੀਆਂ ਲੱਗੀਆਂ ਤੁਸਾਂ ਉੱਤੇ, ਗਲਤ ਕਦਮ ਨਾ ਲੈਣਾ ਕੋਈ ਪੁੱਟ ਸਿੰਘੋ।

ਆਪੋ ਵਿੱਚ ਨਾ ਕਦੇ ਟਕਰਾ ਜਾਣਾ, ਬੜੀ ਚੰਦਰੀ ਹੁੰਦੀ ਜੇ ਫੁੱਟ ਸਿੰਘੋ।

ਏਕੇ ਵਿੱਚ ਹੀ ਸ਼ੁਰੂ ਤੋਂ ਬਰਕਤਾਂ ਨੇ, ਜੱਥੇਬੰਦ ਤੇ ਰਹਿਣਾ ਇੱਕ ਜੁੱਟ ਸਿੰਘੋ।

ਉਹ ਫੁੱਲ ਤਾਂ ਛੇਤੀ ਮੁਰਝਾ ਜਾਂਦੈ, ਜਿਹੜਾ ਟਹਿਣੀ ਤੋਂ ਜਾਂਦਾ ਏ ਟੁੱਟ ਸਿੰਘੋ।

 

ਜਿਹੜਾ ਜੱਗ’ਚ ਆਪਾਂ ਪ੍ਰਚਾਰ ਕਰੀਏ, ਉਸ ’ਤੇ ਸਿੱਖੀ ਸਿਧਾਂਤਾਂ ਦੀ ਮੋਹਰ ਹੋਵੇ।

ਅਸੀਂ ਅੰਦਰੋਂ ਤੇ ਬਾਹਰੋਂ ਇਕ ਹੋਈਏ, ਮਨ ਹੋਰ ਤੇ ਮੁੱਖ ਨਾ ਹੋਰ ਹੋਵੇ।

ਸੇਵਾ, ਸਿਮਰਨ, ਸਚਾਈ ਤੇ ਡਟੇ ਰਹੀਏ, ਸਿੱਖ ਰਹਿਤ ਮਰਯਾਦਾ ’ਤੇ ਜੋਰ ਹੋਵੇ।

ਖਿੱਲਰੀ ਕੌਮ ਨੂੰ ਕਰੀਏ ਇਕ ਥਾਂ ’ਕੱਠਾ, ਵੱਖੋ ਵੱਖਰੀ ਨਾ ਸਾਡੀ ਤੋਰ ਹੋਵੇ।

 

ਆਉ ਕਰੀਏ ਹੁਣ ਅਸੀਂ ਗੁਰਮਤਾ ਸਾਰੇ, ਜੱਗ’ਚ ਸਿੱਖੀ ਪ੍ਰਚਾਰ ਦੀ ਲਹਿਰ ਹੋਵੇ।

ਸਮਾਂ ਜਿੰਨਾ ਵੀ, ਜਿਵੇਂ ਵੀ ਮਿਲੇ ਜਿੱਥੇ, ਸਵੇਰ, ਸ਼ਾਮ ਜਾਂ ਭਾਂਵੇਂ ਦੁਪਹਿਰ ਹੋਵੇ।

ਆਪਾਂ ਗੁਰਮਤਿ ਪ੍ਰਚਾਰ ਵਿੱਚ ਲਾ ਦਈਏ, ਘੜੀ, ਪਲ ਹੋਵੇ ਜਾਂ ਫਿਰ ਪਹਿਰ ਹੋਵੇ।

ਚਲਦੇ ਰਹਿਣ ਸਮਾਗਮ ਹੁਣ ਹਰ ਥਾਂ ’ਤੇ, ‘ਜਾਚਕ’ ਪਿੰਡ ਹੋਵੇ ਤੇ ਭਾਂਵੇਂ ਸ਼ਹਿਰ ਹੋਵੇ।