ਵੱਡਾ ਘੱਲੂਘਾਰਾ
ਵੱਡਾ ਘੱਲੂਘਾਰਾ
ਅਬਦਾਲੀ ਲੈ ਕੇ ਚਾਲੀ ਹਜ਼ਾਰ ਫੌਜਾਂ, ਅੱਠਵੀਂ ਵਾਰ ਆਇਆ ਹਿੰਦੁਸਤਾਨ ਅੰਦਰ।
ਪੰਥ ਖਾਲਸੇ ਤੋਂ ਡਾਹਢਾ ਦੁਖੀ ਸੀ ਉਹ, ਚਖਾਉਣਾ ਚਾਹੁੰਦਾ ਸੀ ਮਜਾ ਮੈਦਾਨ ਅੰਦਰ।
ਸੱਪ ਵਾਂਗ ਉਹ ਵਿਸ ਸੀ ਘੋਲ ਰਿਹਾ, ਆਇਆ ਹੋਇਆ ਸੀ ਰੋਹ ਸੁਲਤਾਨ ਅੰਦਰ।
ਸਿੰਘ ਸੂਰਮੇ ਵੀ ਉਧਰ ਆਣ ਨਿਤਰੇ, ਕੁੱਪ ਹਰੀੜੇ ਦੇ ਖੁੱਲ੍ਹੇ ਮੈਦਾਨ ਅੰਦਰ।
ਚਾਰੇ ਪਾਸੇ ਤੋਂ ਉਹਨੇ ਸੀ ਸਿੰਘ ਘੇਰੇ, ਸ਼ਿਕਾਰੀ ਲੈਂਦੇ ਸ਼ਿਕਾਰ ਨੂੰ ਘੇਰ ਜਿਦਾਂ।
ਡਿੱਗੇ ਸੂਰਮੇ ਰਣ ਮੈਦਾਨ ਅੰਦਰ, ਡਿੱਗਦੇ ਬੇਰੀ ਤੋਂ ਪੱਕੇ ਹੋਏ ਬੇਰ ਜਿਦਾਂ।
ਤਾਂਡਵ ਨਾਚ ਸੀ ਹੋਣੀ ਨੇ ਕੋਈ ਨਚਿਆ, ਆਇਆ ਹੋਇਆ ਸੀ ਮੌਤ ਹਨੇਰ ਜਿਦਾਂ।
ਓਦੋਂ ਮਿਸਲਾਂ ਦੇ ਸਿੰਘ ਸਰਦਾਰ ਗਰਜੇ, ਜੰਗਲ ਵਿੱਚ ਗਰਜਣ ਬੱਬਰ ਸ਼ੇਰ ਜਿਦਾਂ।
ਬਿਪਤਾ ਸਿੰਘਾਂ ਤੇ ਸਿਰਾਂ ਤੇ ਆਈ ਐਸੀ, ਕੋਈ ਬਚਣ ਦੀ ਨਹੀਂ ਸੀ ਆਸ ਉਦੋਂ।
ਸ੍ਰ: ਜੱਸਾ ਸਿੰਘ ਆਹਲੂਵਾਲੀਏ ਨੇ, ਸਿੰਘਾਂ ਤਾਈਂ ਸੀ ਦਿੱਤਾ ਧਰਵਾਸ ਉਦੋਂ।
‘ਰਾਮਗੜੀਆ’ ਵੀ ਘੋੜਾ ਦੌੜਾ ਕੇ ਤੇ, ਸਿੱਖ ਫੌਜਾਂ ਦੇ ਪਹੁੰਚਾ ਸੀ ਪਾਸ ਉਦੋਂ।
ਚੜ੍ਹਦੀ ਕਲਾ ਹੋਵੇ ਪੰਥ ਖਾਲਸੇ ਦੀ, ਕਰ ਰਹੇ ਸਾਰੇ ਸਨ ਦਿਲੋਂ ਅਰਦਾਸ ਉਦੋਂ।
ਲਗਭਗ ਬਾਰਾਂ ਹਜ਼ਾਰ ਸ਼ਹੀਦ ਹੋਏ, ਹੋਈ ਬੜੀ ਭਿਆਨਕ ਸੀ ਜੰਗ ਇਹ ਤਾਂ।
ਸਿਰ ਵੱਢ ਕੇ ਸ਼ਹਿਰ ਲਾਹੌਰ ਅੰਦਰ, ਦਿੱਤੇ ਦਿੱਲੀ ਦਰਵਾਜੇ ਤੇ ਟੰਗ ਇਹ ਤਾਂ।
ਰਾਤ ਕੀਤੀ ਅਰਦਾਸ ਜਦ ਖਾਲਸੇ ਨੇ, ਕਹਿੰਦੇ ਦਾਤਿਆ ਤੇਰੇ ਨੇ ਰੰਗ ਇਹ ਤਾਂ।
ਤੱਤ ਖਾਲਸਾ ਬਚਿਆ ਤੇ ਖੋਟ ਨਿਕਲੀ, ਭਾਣਾ ਮੰਨਣ ਦਾ ਖਾਸ ਸੀ ਢੰਗ ਇਹ ਤਾਂ।
ਹਰ ਥਾਂ ਸੀ ਖੂਨ ਨਾਲ ਲਾਲ ਹੋਈ, ਰੰਗੀਗਈ ਸੀ ਧਰਤ ਪੰਜਾਬ ਓਦੋਂ।
ਸੂਰਬੀਰ ਸ਼ਹਾਦਤ ਦੇ ਜਾਮ ਪੀ ਗਏ, ਮੂੰਹ ਤੋੜਵਾਂ ਦੇ ਜੁਆਬ ਓਦੋਂ।
ਸਿੰਘ ਸਿੰਘਣੀਆਂ ਤੇ ਬੱਚੇ ਖਾਲਸੇ ਦੇ, ਸ਼ਹੀਦੀ ਪਾ ਗਏ ਬੇਹਿਸਾਬ ਓਦੋਂ।
ਦੂਜਾ ਘੱਲੂਘਾਰਾ ਇਹਨੂੰ ਆਖਦੇ ਨੇ, ਟੁੱਟੇ ਟਹਿਣੀਉਂ ਫੁੱਲ ਗੁਲਾਬ ਓਦੋਂ।
ਅਬਦਾਲੀ ਸਮਝਿਆ ਵਾਂਗ ਮਰਹੱਟਿਆਂ ਦੇ, ਇਨ੍ਹਾਂ ਸਿੰਘਾਂ ਦਾ ਲੱਕ ਮੈਂ ਤੋੜ ਦਿੱਤਾ।
ਸਾਹ ਸਤ ਨਹੀਂ ਰਿਹਾ ਹੁਣ ਖਾਲਸੇ ’ਚ, ਇਹਨੂੰ ਨਿੰਬੂ ਦੇ ਵਾਂਗ ਨਿਚੋੜ ਦਿੱਤਾ।
ਐਪਰ ਥੋੜ੍ਹੇ ਹੀ ਸਮੇਂ ’ਚ ਖਾਲਸੇ ਨੇ, ਉਹਦਾ ਸਾਰਾ ਹੀ ਭਰਮ ਸੀ ਤੋੜ ਦਿੱਤਾ।
ਫਤਹਿ ਕਰ ਸਰਹੰਦ, ਕਸੂਰ ਤਾਈਂ, ਮੂਲ ਨਾਲ ਵਿਆਜ ਦੇ ਮੋੜ ਦਿੱਤਾ।