Home » ਘੱਲੂਘਾਰੇ ਤੇ ਸਾਕੇ » ਸਾਕਾ ਨੀਲਾ ਤਾਰਾ ਬਨਾਮ ਉਪਰੇਸ਼ਨ ਬਲਿਊ ਸਟਾਰ

ਸਾਕਾ ਨੀਲਾ ਤਾਰਾ ਬਨਾਮ ਉਪਰੇਸ਼ਨ ਬਲਿਊ ਸਟਾਰ

by Dr. Hari Singh Jachak
Saka Nila Tara Operation Blue Star

‘‘ਸਾਕਾ ਨੀਲਾ ਤਾਰਾ’’ ਬਨਾਮ ਉਪਰੇਸ਼ਨ ਬਲਿਊ ਸਟਾਰ

‘‘ਸਾਕਾ ਨੀਲਾ ਤਾਰਾ’’ ਬਨਾਮ ਉਪਰੇਸ਼ਨ ਬਲਿਊ ਸਟਾਰ

ਅਜ਼ਾਦ ਭਾਰਤ ’ਚ, ਸਿੱਖਾਂ ਨਾਲ ਸ਼ੁਰੂ ਤੋਂ ਹੀ, ਮਤਰੇਈ ਮਾਂ ਵਾਲਾ, ਹੋਇਆ ਸਲੂਕ ਏਥੇ।

ਤੁਸੀਂ ਬੜੇ ਬਹਾਦਰ ਤੇ ਸੂਰਮੇ ਹੋ, ਦੇਂਦੇ ਰਹੇ ਸਾਨੂੰ, ਸਦਾ ਫੂਕ ਏਥੇ ।

ਮਰਵਾਉਂਦੇ ਰਹੇ ਸਰਹੱਦਾਂ ਤੇ ਕਰ ਅੱਗੇ, ਮੌਕਾ ਇਕ ਵੀ ਗਏ ਨਾ ਚੂਕ ਏਥੇ।

ਸਮੇਂ ਸਮੇਂ ਪਰ ਸਿੰਘਾਂ ਨੂੰ ਡੰਗ ਮਾਰੇ, ਫਨੀਅਰ ਸੱਪ ਦੇ ਵਾਂਗਰਾਂ ਸ਼ੂਕ ਏਥੇ।

ਕੂਕ ਕੂਕ ਕੇ ਅਸੀਂ ਕੁਰਲਾ ਰਹੇ ਸੀ, ਸਾਡੀ ਕਿਸੇ ਵੀ ਸੁਣੀ ਨਾ ਕੂਕ ਏਥੇ।

ਜਦੋਂ ਕੋਈ ਵੀ ਚਾਰਾ ਨਾ ਰਿਹਾ ਬਾਕੀ, ਓਦੋਂ ਚੁੱਕ ਲਈ ਕਈਆਂ ਬੰਦੂਕ ਏਥੇ।

 

‘ਦਿੱਲੀ’ ਨਾਲ ਫਿਰ ਬੈਠਕਾਂ ਕਈ ਹੋਈਆਂ, ਸਫਲ ਹੋਈ ਨਾ ਕੋਈ ਗੱਲਬਾਤ ਓਦੋਂ।

ਏਸੇ ਸਮੇਂ ਫਿਰ ਪਾਵਨ ਪੰਜਾਬ ਅੰਦਰ, ਗਰਮ ਸਿਆਸਤ ਦੀ ਹੋਈ ਸ਼ੁਰੂਆਤ ਓਦੋਂ।

ਕਤਲੋਗਾਰਤ ਦਾ ਹੋ ਗਿਆ ਬੋਲਬਾਲਾ, ਹੋਏ ਬਦ ਤੋਂ ਬਦਤਰ ਹਾਲਾਤ ਓਦੋਂ।

ਹਿੰਦ ਹਕੂਮਤ ਨੇ ਦਿੱਤੀ ਫਿਰ ‘ਹਰੀ ਝੰਡੀ’, ਇਥੇ ਦਿਨੇ ਹੀ ਕਰਨ ਲਈ ਰਾਤ ਓਦੋਂ।

ਹਮਲਾ ਹੋ ਗਿਆ ਪਾਵਨ ਦਰਬਾਰ ਉੱਤੇ, ਫੌਜਾਂ ਆ ਗਈਆਂ ਵਾਂਗ ਆਫਾਤ ਓਦੋਂ।

ਸਾਡੇ ‘ਆਪਣਿਆਂ’ ਆਣ ਕੇ ਪਾ ਦਿੱਤੀ, ਨਾਦਰਸ਼ਾਹੀ ਵੀ ਜ਼ੁਲਮਾਂ ਨੂੰ ਮਾਤ ਓਦੋਂ।

 

ਲਾ ਕੇ ਜੰਦਰਾ, ਪੰਜਾਬ ਨੂੰ ਕਰਫ਼ਿਊ ਦਾ, ਸਿੱਖ ਘਰਾਂ ਅੰਦਰ ਨਜ਼ਰਬੰਦ ਕੀਤੇ।

ਕੱਸ ਕੇ ਵਿੱਚ ਸਿਕੰਜੇ ਦੇ ਵਾਂਗ ਨਿੰਬੂ, ਨਿਚੋੜਣ ਲਈ ਸਨ ਖਾਸ ਪ੍ਰਬੰਧ ਕੀਤੇ।

ਕੱਟ ਦਿੱਤੇ ਸੰਪਰਕ ਸੰਸਾਰ ਨਾਲੋਂ, ਆਵਾਜਾਈ ਦੇ ਸਾਧਨ ਸਭ ਬੰਦ ਕੀਤੇ।

ਵੇਖਦੇ ਸਾਰ ਹੀ ਗੋਲੀ ਹੈ ਮਾਰ ਦੇਣੀ, ਐਸੀ ਸਖ਼ਤੀ ਦੇ ਫੌਜੀ ਪਾਬੰਦ ਕੀਤੇ।

ਚੱਪੇ ਚੱਪੇ ਪੰਜਾਬ ’ਚ ਚੁੱਪ ਛਾਈ, ਅੱਖਾਂ ਕੰਨ ਤੇ ਮੂੰਹ ਸਭ ਬੰਦ ਕੀਤੇ।

ਇਸ ਖਬਰ ਨੇ ਸਾਰੇ ਸੰਸਾਰ ਅੰਦਰ, ਪੰਥਕ ਦਰਦੀ ਸਨ ਫਿਕਰਮੰਦ ਕੀਤੇ।

 

ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਉੱਤੇ, ਸੰਗਤਾਂ ਆਈਆਂ ਸਨ ਗੁਰੂ ਦਰਬਾਰ ਓਦੋਂ।

ਕਰ ਰਹੀਆਂ ਸਨ ਤਨ ਤੇ ਮਨ ਸੀਤਲ, ਖੁੱਲ੍ਹੇ ਕਰਕੇ ਦਰਸ਼ਨ ਦੀਦਾਰ ਓਦੋਂ।

ਹਮਲਾ ਹੋਇਆ ਅਚਾਨਕ ਹੀ ਬਿਨਾਂ ਦੱਸੇ, ਫੌਜਾਂ ਵੜ ਗਈਆਂ ਵਿੱਚ ਦਰਬਾਰ ਓਦੋਂ।

ਉਹਨਾਂ ਲਈ ਹਰ ਸਿੱਖ ਸੀ ‘ਅੱਤਵਾਦੀ’, ਦਿਸਿਆ ਜਿਹੜਾ ਵੀ, ਦਿੱਤਾ ਸੀ ਮਾਰ ਓਦੋਂ।

ਕਰਕੇ ਉਨ੍ਹਾਂ ਨੇ ਅੰਧਾ ਧੁੰਦ ਫਾਇਰਿੰਗ, ਦਿੱਤੇ ਮੌਤ ਦੇ ਘਾਟ ਉਤਾਰ ਓਦੋਂ।

ਘੁੰਮਦੇ ਫਿਰਦੇ ਸੀ ਮੌਤ ਦੇ ਦੂਤ ਥਾਂ ਥਾਂ, ਕਰਨ ਲਈ ਸਭ ਨੂੰ ਠੰਡਾਠਾਰ ਓਦੋਂ।

 

ਕਰ ਰਹੇ ਇਸ਼ਨਾਨ ਵੀ ਸਨ ਜਿਹੜੇ, ਓਨ੍ਹਾਂ ਦਾਣਿਆਂ ਵਾਂਗ ਸੀ ਭੁੰਨ ਦਿੱਤੇ।

ਕੱਠੇ ਕਰਕੇ ਪਸ਼ੂਆਂ ਦੇ ਵੱਗ ਵਾਂਗੂੰ, ਇਕ ਇਕ ਕਮਰੇ ਚ ਸੌ ਸੌ ਤੁੰਨ ਦਿੱਤੇ।

ਦਮ ਤੋੜਦੇ ਜ਼ਖਮੀ ਪਿਆਸਿਆਂ ਨੂੰ, ਪਾਣੀ ਪਿਆਉਣ ਦੇ ਕਰਨ ਨਾ ਪੁੰਨ ਦਿੱਤੇ।

ਕੁੱਟ ਕੁੱਟ ਕੇ ਮੁੰਝ ਦੇ ਵਾਂਗ ਉਨ੍ਹਾਂ, ਉਦੋਂ ਆਟੇ ਦੇ ਵਾਂਗ ਸੀ ਗੁੰਨ ਦਿੱਤੇ।

ਤੁਰਦੇ ਫਿਰਦੇ ਸਭ ਲਾਸ਼ਾਂ ਬਣਾ ਕੇ ਤੇ, ਸਦਾ ਲਈ ਸਰੀਰ ਕਰ ਸੁੰਨ ਦਿੱਤੇ।

ਜਿਹੜੇ ਬਚੇ ਉਹ ਨੂੜ ਕੇ ਸੰਗਲਾਂ ਨਾਲ, ਜੇਲਾਂ ਵਿੱਚ ਬੇਰਹਿਮੀ ਨਾਲ ਤੁੰਨ ਦਿੱਤੇ।

 

ਬਿਟ ਬਿਟ ਤੱਕਦੇ ਸਨ ਕਮਰਿਆਂ ਚੋਂ ਲੋਕੀਂ, ਤੱਕਣ ਜਾਲ ’ਚ ਫਸੇ ਬਟੇਰ ਜਿੱਦਾਂ।

ਕਈ ਜਵਾਨੀ ਦੀ ਟਹਿਣੀ ਤੋਂ ਇਉਂ ਟੁੱਟੇ, ਝੱਖੜ ਨਾਲ ਟੁੱਟਣ,ਕੱਚੇ ਬੇਰ ਜਿੱਦਾਂ।

ਨਾਦਰਸ਼ਾਹੀ ਸੀ ਫੌਜਾਂ ਨੇ ਲੁੱਟ ਪਾਈ, ਫੌਜੀ ਨਹੀਂ, ਕੋਈ ਸਨ ਲੁਟੇਰ ਜਿੱਦਾਂ।

ਲਾਲੋ ਲਾਲ ਅਸਮਾਨ ਸੀ ਚੋਹੀਂ ਪਾਸੀਂ, ਆਇਆ ਖੂਨੀ ਕੋਈ ਮੌਤ ਹਨੇਰ ਜਿੱਦਾਂ।

ਟਰੱਕਾਂ ਵਿੱਚ ਸੀ ਲਾਸ਼ਾਂ ਨੂੰ ਇੰਝ ਸੁੱਟਿਆ, ਕਪੜੇ ਧੋ ਧੋਬੀ, ਲਾਉਂਦੇ ਢੇਰ ਜਿੱਦਾਂ।

ਜੇਲ੍ਹਾਂ ਵਿੱਚ ਫਿਰ ਸਿੰਘ ਸਨ ਇੰਝ ਡੱਕੇ, ਪਿੰਜਰੇ ਵਿਚ ਡੱਕਦੇ, ਜ਼ਖਮੀ ਸ਼ੇਰ ਜਿੱਦਾਂ।

 

ਮਾਰ ਮਾਰ ਬੇਦੋਸ਼ੇ ਬੇਹਾਲ ਕੀਤੇ, ਮਾਡਰਨ ਮੁਗਲਾਂ ਨੇ ਚੁੱਕੀ ਸੀ ਅੱਤ ਓਦੋਂ।

ਵਗਿਆ ਲਹੂ ਦਾ ਸੀ ਦਰਿਆ ਏਥੇ, ਡੁਲ੍ਹੀ ਪਈ ਸੀ ਥਾਂ ਥਾਂ ਰੱਤ ਓਦੋਂ।

ਸੜਦੀ ਧੁੱਪ ਅੰਦਰ, ਤੱਤੇ ਫਰਸ਼ ਉੱਤੇ, ਕੋਹ ਕੋਹ ਸੀ ਕੀਤੀ ਦੁਰਗੱਤ ਓਦੋਂ।

ਪਿਆਸੇ ਤੜਫਦੇ ਪਾਣੀ ਜੋ ਮੰਗਦੇ ਸੀ, ਅੱਗੋਂ ਖਿੱਚ ਕੇ ਮਾਰਦੇ ਲੱਤ ਓਦੋਂ।

ਮਾਵਾਂ, ਭੈਣਾਂ ਤੇ ਧੀਆਂ ਨੂੰ ਬਖਸ਼ਿਆ ਨਾ, ਰੋਲੀ ਪੈਰਾਂ ’ਚ ਸਾਡੀ ਸੀ ਪੱਤ ਓਦੋਂ।

ਕਿੱਥੇ ਜਾਂਦੇ ਤੇ ਸਿਰ ਲੁਕੋ ਲੈਂਦੇ, ਹਰ ਥਾਂ ਚੋ ਰਹੀ ਸੀ ਜ਼ੁਲਮੀ ਛੱਤ ਓਦੋਂ।

 

ਸੰਤ ਜਰਨੈਲ ਸਿੰਘ ਆਖਿਆ ਸਾਥੀਆਂ ਨੂੰ, ਕੁਰਬਾਨੀ ਕਰਨ ਲਈ ਹੋਵੋ ਤਿਆਰ ਸਿੰਘੋ।

ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਏਥੇ, ਹਮਲਾ ਕੀਤਾ ਏ ਹਿੰਦ ਸਰਕਾਰ ਸਿੰਘੋ।

ਘੇਰਾ ਪਿਆ ਇਹ ਗੁਰੂ ਦਰਬਾਰ ਤਾਈਂ, ਤੁਹਾਡੀ ਅਣਖ ਨੂੰ ਰਿਹੈ ਵੰਗਾਰ ਸਿੰਘੋ।

ਆਈਆਂ ਫੌਜਾਂ ਦੇ ਕਰ ਦਿਉ ਦੰਦ ਖੱਟੇ, ਬਣ ਕੇ ਜੂਝੋ ਅਜੀਤ ਜੁਝਾਰ ਸਿੰਘੋ।

ਲਾ ਜਾਇਆ ਜੇ ਜਾਨ ਦੀ ਤੁਸੀਂ ਬਾਜੀ, ਐਪਰ ਸੁਟਿਉ ਨਾ ਹੱਥੋਂ ਹਥਿਆਰ ਸਿੰਘੋ।

ਸ਼ਹੀਦੀ ਬਾਟੇ ’ਚੋਂ, ਸ਼ਹਾਦਤ ਦਾ ਜਾਮ ਪੀ ਕੇ, ਹੋ ਜਾਓ ਸੁਰਖਰੂ ਗੁਰੂ ਦਰਬਾਰ ਸਿੰਘੋ।

 

ਪੂਰੇ ਦੋ ਸੌ ਤੇ ਬਾਈ ਸਾਲ ਪਿੱਛੋਂ, ਫੌਜਾਂ ਵੜੀਆਂ ਸਨ ਬੇ-ਸ਼ੁਮਾਰ ਅੰਦਰ।

ਤੋਪਾਂ ਟੈਂਕਾਂ ਦੇ ਨਾਲ ਵਰ੍ਹਾ ਗੋਲੇ, ਸੁੱਟੇ ਅੱਗ ਦੇ ਉਨ੍ਹਾਂ ਅੰਗਿਆਰ ਅੰਦਰ।

ਸਿੰਘਾਂ ਲੋਹੇ ਦੇ ਬਣੇ ਚਬਾਏ ਅੱਗੋਂ, ਉਹ ਵੀ ਬੈਠੇ ਸਨ ਤਿਆਰ-ਬਰ-ਤਿਆਰ ਅੰਦਰ।

ਪਹਿਲੇ ਝਟਕੇ ਹੀ, ਝਟਕੇ ਗਏ ਕਈ ਫੌਜੀ,ਬਣ ਗਏ ਮੌਤ ਦਾ ਉਹ ਆਹਾਰ ਅੰਦਰ।

ਮੁੱਠੀ ਭਰ ਦਸਮੇਸ਼ ਦੇ ਦੂਲਿਆਂ ਨੇ, ਕਈ ਦਿਨ ਕੀਤੀ, ਮਾਰੋ ਮਾਰ ਅੰਦਰ।

ਲੜ ਲੜ ਕੇ ਆਖਰੀ ਦਮ ਤੀਕਰ, ਜਾਨਾਂ ਵਾਰ ਗਏ ਜਾਂ-ਨਿਸਾਰ ਅੰਦਰ।

 

ਕਮਰਿਆਂ ਵਿੱਚ ਹੀ ਲਾਸ਼ਾਂ ਦੇ ਢੇਰ ਲੱਗਗਏ, ਹਰ ਕੋਈ ਮੌਤ ਦਾ ਬਣਿਆ ਸ਼ਿਕਾਰ ਓਦੋਂ।

ਭੁੱਖਣ ਭਾਣੇ ਹੀ ਦੁਨੀਆਂ ਚੋਂ ਕਈ ਤੁਰ ਗਏ, ਜ਼ਖਮੀ ਛੱਡ ਗਏ ਕਈ ਸੰਸਾਰ ਓਦੋਂ।

ਫੜਿਆਂ ਹੋਇਆਂ ਦੇ ਬੰਨ੍ਹ ਕੇ ਹੱਥ ਪਿੱਛੇ, ਸ਼ਰੇਆਮ ਹੀ ਦਿੱਤੇ ਗਏ ਮਾਰ ਓਦੋਂ।

ਸਿੰਘ ਸਿੰਘਣੀਆਂ ਤੇ ਬੱਚੇ ਖਾਲਸੇ ਦੇ, ਸ਼ਹੀਦੀ ਪਾ ਗਏ ਬੇਸ਼ੁਮਾਰ ਓਦੋਂ।

ਜਿਹੜੇ ਬਚੇ ਬੇਰਹਿਮੀ ਦੇ ਨਾਲ ਉਨ੍ਹਾਂ, ਸਾਰੇ ਕਰ ਲਏ ਸਨ ਗ੍ਰਿਫ਼ਤਾਰ ਓਦੋਂ।

ਬਿਨਾਂ ਦਲੀਲ, ਅਪੀਲ, ਵਕੀਲ ਕੀਤੇ, ਸੁੱਟ ਦਿੱਤੇ ਸਭ ਜੇਲ੍ਹਾਂ ਵਿਚਕਾਰ ਓਦੋਂ।

 

ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ, ਜ਼ੁਲਮੀ ਹਨੇਰੀ ਕੋਈ ਪਈ ਸੀ ਝੁੱਲ ਏਥੇ।

ਅਸੀਂ ਜਿਨ੍ਹਾਂ ਦੇ ਬੁਝੇ ਜਗਾਏ ਦੀਵੇ, ਦੀਵੇ ਉਨ੍ਹਾਂ ਕੀਤੇ, ਸਾਡੇ ਗੁੱਲ ਏਥੇ।

ਢਾਹੇ ਪਾਵਨ ਗੁਰਧਾਮਾਂ ਦੇ ਨਾਲ ਸਾਡੀ, ਸਾਡੀ ਇਜਤ ਗਈ ਮਿੱਟੀ ’ਚ ਰੁਲ ਏਥੇ।

ਬੜੀ ਬੇਕਦਰੀ ਦੇ ਨਾਲ ਸੀ ਮਿੱਧ ਦਿੱਤੇ, ਖਿੜੇ ਹੋਏ ਗੁਲਾਬ ਦੇ ਫੁੱਲ ਏਥੇ।

ਅਸਾਂ ਦੇਸ਼ ਅਜ਼ਾਦੀ ਲਈ ਡੋਲ੍ਹਿਆ ਜੋ, ਉਸ ਖੂਨ ਦਾ ਪਿਆ ਸੀ ਮੁੱਲ ਏਥੇ।

ਭੁੱਲ ਸਕਦਾ ਨਹੀਂ ਸਿੱਖ ਸੰਸਾਰ ਭੁੱਲ ਕੇ, ਜਿਹੜੀ ਦੁਸ਼ਟਾਂ ਨੇ ਕੀਤੀ ਸੀ ਭੁੱਲ ਏਥੇ।

 

ਛੂਹ ਰਹੀਆਂ ਅਸਮਾਨ ਨੂੰ ਸਨ ਲਾਟਾਂ, ਚਾਰੇ ਪਾਸੇ ਸੀ ਲੱਗੀ ਹੋਈ ਅੱਗ ਅੰਦਰ।

‘ਨੀਲਾ ਤਾਰਾ’ ਇਸ ਸਾਕੇ ਦੀ ਖਬਰ ਉਦੋਂ, ਫੈਲ ਗਈ ਸੀ ਸਾਰੇ ਹੀ ਜੱਗ ਅੰਦਰ।

ਅੱਲੇ ਜ਼ਖ਼ਮਾਂ ਤੇ ਮੱਲ੍ਹਮ ਦੀ ਥਾਂ ਉੱਤੇ, ਲੂਣ ਛਿੜਕਣ ਨਾਲ, ਲਗਗਈ ਅੱਗ ਅੰਦਰ।

ਸਿੱਖ ਮਨਾਂ ’ਚ ਜਜ਼ਬੇ ਸਨ ਭੜਕ ਉੱਠੇ, ਬਲ ਪਈ ਸੀ ਧੁਖਦੀ ਹੋਈ ਅੱਗ ਅੰਦਰ।

ਹੋ ਗਿਆ ਸੀ ਖੂਨ ਦਾ ਤੇਜ਼ ਦੌਰਾ, ਸਿੱਖ ਕੌਮ ਦੀ ਹਰ ਇਕ ਰਗ ਅੰਦਰ।

ਫਨੀਅਰ ਸੱਪ ਵਾਂਗੂੰ ਵਿਸ ਘੋਲਦਾ ਸੀ, ਹਰ ਇਕ ਪੇਚ ਓਦੋਂ, ਬੰਨੀ ਪੱਗ ਅੰਦਰ।

 

ਦਰਬਾਰ ਸਾਹਿਬ ਦੇ ਕਰਨ ਜੋ ਗਏ ਦਰਸ਼ਨ, ਰੋ ਰੋ ਹੋਏ ਸਨ ਹਾਲੋਂ ਬੇਹਾਲ ਉਥੇ।

ਛਾਨਣੀ ਛਾਨਣੀ ਹੋਇਆ ਸੀ ‘ਹਰਿਮੰਦਰ’, ਢਹਿ ਚੁੱਕਾ ਸੀ ‘ਤਖ਼ਤ ਅਕਾਲ’ ਉਥੇ।

ਲਾਇਬਰੇਰੀ ਵੀ ਸਾੜ ਸੁਆਹ ਕੀਤੀ, ‘ਪਾਵਨ ਵਿਰਸਾ’ ਜਿਸ ਰੱਖਿਆ ਸੰਭਾਲ ਉਥੇ।

ਤਰਦੀਆਂ ਰਹੀਆਂ ਸਰੋਵਰ ’ਚ ਸਨ ਲਾਸ਼ਾਂ, ਪਾਵਨ ਜਲ ਹੋਇਆ ਲਾਲੋ ਲਾਲ ਉਥੇ।

ਗੁਰੂ ਘਰ ਦੀ ਮਿੱਟੀ ਨੂੰ ਲਾ ਮੱਥੇ, ਹਊਕੇ ਲੈ ਰੋਏ, ਬਣ ਬਣ ਬਾਲ ਉਥੇ।

ਕਿਸੇ ਕੌਮ ਨਾਲ ਏਦਾਂ ਨਹੀਂ ਕਿਤੇ ਹੋਈ, ਜਿੱਦਾਂ ਹੋਈ ਸੀ ਸਿੰਘਾਂ ਦੇ ਨਾਲ ਉਥੇ।

 

ਹਮਲੇ ਵਿਰੁੱਧ ਹੀ ਰੋਸ ਦੇ ਤਹਿਤ ਕਈਆਂ, ਮੋੜ ਦਿੱਤੇ ਸਨ ਤਮਗੇ, ਖਿਤਾਬ ਓਦੋਂ।

ਧਰਮੀ ਫੌਜੀ ਕਈ ਬੈਰਕਾਂ ਛੱਡ ਕੇ ਤੇ, ਚੱਲ ਪਏ ਸਨ ਵੱਲ ਪੰਜਾਬ ਓਦੋਂ।

ਕਈਆਂ ਛੱਡੀਆਂ ਪਦਵੀਆਂ ਬਹੁਤ ਵੱਡੀਆਂ, ਸਦਾ ਲਈ ਦੇ ਆਏ ਜੁਆਬ ਓਦੋਂ।

ਸਿੱਖ ਕੌਮ ਨੂੰ ਕਰਨ ਬਦਨਾਮ ਖਾਤਰ, ‘ਦਿੱਲੀ’ ਹੋ ਗਈ ਬੜੀ ਬੇਤਾਬ ਓਦੋਂ ।

ਸੈਟੇਲਾਈਟ ਦੇ ਜਰੀਏ ਪਰ ਸਭ ਦੇਸ਼ਾਂ, ਜ਼ਾਲਮ ਚਿਹਰੇ ਤੋਂ ਲਾਹਿਆ ਨਕਾਬ ਓਦੋਂ।

ਹਿੰਦ ਹਕੂਮਤ ਨੂੰ ਸਾਰੇ ਸੰਸਾਰ ਵਿੱਚੋਂ, ਪਈਆਂ ਲਾਹਨਤਾਂ ਬੇ-ਹਿਸਾਬ ਓਦੋਂ।

 

ਭਾਰਤ ਮੱਥੇ ਅਮਿਟ ਕਲੰਕ ਲੱਗੇ, (ਤੀਜਾ) ਘੱਲੂਘਾਰਾ ਇਹ ਹਿੰਦ ਇਤਿਹਾਸ ਅੰਦਰ।

ਸਾਡੇ ‘ਆਪਣਿਆਂ’ ਸਾਨੂੰ ‘ਹਲਾਲ’ ਕਰਕੇ, ਛੁਰਾ ਘੌਂਪਿਆ ਸਾਡੇ ਵਿਸ਼ਵਾਸ਼ ਅੰਦਰ।

ਜੰਗੀ ਕੈਦੀਆਂ ਦਾ ਵੀ ਦੁਸ਼ਮਣ ਨਹੀਂ ਕਰਦਾ, ਕੀਤਾ ਜਿਵੇਂ ਸਾਡਾ ਸਰਬਨਾਸ਼ ਅੰਦਰ।

ਆਪਣੇ ਭਰਾ ਹੀ ਮਾਰ ਮੁਕਾਏ ਇਨ੍ਹਾਂ, ਕਰ ਕਰ ਕੇ ਜੰਗੀ ਅਭਿਆਸ ਅੰਦਰ।

ਅਮਿਟ ਛਾਪ ਇਹ ਆਪਣੀ ਛੱਡ ਚੁਕੈ, ਸਦੀਵੀ ਕਾਲ ਲਈ ਵਿਸ਼ਵ ਇਤਿਹਾਸ ਅੰਦਰ।

ਰਹਿੰਦੀ ਦੁਨੀਆਂ ਤੱਕ ‘ਜਾਚਕ’ ਇਹ ਰਹਿਣੈ, ਪੰਨਾ ਲਹੂ ਭਿੱਜਾ, ਸਿੱਖ ਇਤਿਹਾਸ ਅੰਦਰ।