ਸਾਕਾ ਨਨਕਾਣਾ ਸਾਹਿਬ
ਸਾਕਾ ਨਨਕਾਣਾ ਸਾਹਿਬ
ਵੀਹਵੀਂ ਸਦੀ ਦੇ ਸ਼ੁਰੂ ’ਚ ਗੁਰਦੁਆਰੇ, ਕਬਜੇ ਵਿੱਚ ਸਨ ਦੁਰਾਚਾਰੀਆਂ ਦੇ।
ਸਮੇਂ ਸਮੇਂ ਤੇ ਸਤ ਸੀ ਭੰਗ ਕੀਤੇ, ਇਨ੍ਹਾਂ ਕਈ ਸਤਵੰਤੀਆਂ ਨਾਰੀਆਂ ਦੇ।
ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦੇ, ਕਾਲੇ ਕੰਮ ਅਖੌਤੀ ਪੁਜਾਰੀਆਂ ਦੇ।
ਗਏ ਮੌਤ ਦੇ ਮੂੰਹ ਵਿੱਚ ਸਿੰਘ ਸੂਰੇ, ਗੜ੍ਹ ਤੋੜਨ ਲਈ ਕਾਮੀਂ ਵਿਭਚਾਰੀਆਂ ਦੇ।
ਚੁੱਕੀ ਅੱਤ ਨਰੈਣੂ ਮਹੰਤ ਹੈਸੀ, ਗੁਰੂ ਨਾਨਕ ਦੇ ਜਨਮ ਅਸਥਾਨ ਅੰਦਰ।
ਤਿਉਂ ਤਿਉਂ ਓਹਦੀ ਸੀ ਮੱਤ ਮਲੀਨ ਹੋਈ, ਜਿਉਂ ਜਿਉਂ ਗਿਆ ਸੀ ਪੂਜਾ ਦਾ ਧਾਨ ਅੰਦਰ।
ਬਾਹਰੋਂ ਲੱਗਦਾ ਬੜਾ ਧਰਮਾਤਮਾ ਸੀ, ਐਪਰ ਦਿਲ ਸੀ ਕਾਲਾ ਸ਼ੈਤਾਨ ਅੰਦਰ।
ਉਹਦੇ ਭੈੜੇ ਆਚਰਨ ਵਿਭਚਾਰ ਵਾਲੀ, ਚਰਚਾ ਫੈਲੀ ਸੀ ਸਾਰੇ ਜਹਾਨ ਅੰਦਰ।
ਚਾਰੇ ਪਾਸੇ ਤੋਂ ਉਹਦੇ ਕਿਰਦਾਰ ਉੱਤੇ, ਤਰ੍ਹਾਂ ਤਰ੍ਹਾਂ ਦੇ ਲਗੇ ਕਈ ਦੋਸ਼ ਹੈਸੀ।
ਸ਼ਰਮਨਾਕ ਘਟਨਾਵਾਂ ਨੂੰ ਸੁਣ ਸੁਣ ਕੇ, ਹਰ ਇਕ ਸਿੱਖ ਨੂੰ ਹੋਇਆ ਅਫਸੋਸ ਹੈਸੀ।
ਛਿੱਕੇ ਟੰਗ ਕੇ ਗੁਰਮਤਿ ਸਿਧਾਂਤ ਸਾਰੇ, ਮਾਇਕ ਨਸ਼ੇ ਦੇ ਵਿੱਚ ਮਦਹੋਸ਼ ਹੈਸੀ।
ਇਸ ਪਾਪੀ ਨੂੰ ਸਬਕ ਸਿਖਾਉਣ ਦੇ ਲਈ, ਚੜਿਆ ਸਿੰਘਾਂ ਨੂੰ ਰੋਹ ਤੇ ਜੋਸ਼ ਹੈਸੀ।
ਕਰਨ ਲਈ ਅਜ਼ਾਦ ਗੁਰਧਾਮ ਪਾਵਨ, ਧਾਰੋਵਾਲ ’ਚ ਸਜਿਆ ਦੀਵਾਨ ਆਖਰ।
ਮੁਖੀ ਸਿੰਘਾਂ ਤਕਰੀਰਾਂ ਦੇ ਰਾਹੀਂ ਦੱਸੀ, ਸ਼ਰਾਬੀ, ਕਬਾਬੀ ਦੀ ਦਾਸਤਾਨ ਆਖਰ।
ਪਾਣੀ ਸਿਰਾਂ ਤੋਂ ਲੰਘ ਰਿਹਾ, ਸੁਣ ਕੇ ਤੇ, ਸਿੰਘ ਹੋ ਉੱਠੇ ਪ੍ਰੇਸ਼ਾਨ ਆਖਰ।
ਉੱਠੇ ਮਨਾਂ ’ਚ ਰੋਹ ਦੇ ਜੁਆਰ ਭਾਟੇ, ਪੈਦਾ ਗੁੱਸੇ ਦਾ ਹੋਇਆ ਤੂਫ਼ਾਨ ਆਖਰ।
ਭਾਈ ਲਛਮਣ ਸਿੰਘ ਗਲ ’ਚ ਪਾ ਪੱਲਾ, ਬਿਹਬਲ ਹੋ ਕੇ ਕੀਤੀ ਅਰਦਾਸ, ਦਾਤਾ।
ਆਪਣੇ ਪਾਵਨ ਇਸ ਜਨਮ ਅਸਥਾਨ ਵਿਚੋਂ, ਇਨ੍ਹਾਂ ਦੁਸ਼ਟਾਂ ਦਾ ਕਰੋ ਹੁਣ ਨਾਸ, ਦਾਤਾ।
ਤੇਰੇ ਦਰ ਦੇ ਕੂਕਰ ਸਭ ਹੋ ਕੱਠੇ, ਪਹੁੰਚ ਰਹੇ ਹਾਂ ਤੇਰੇ ਹੁਣ ਪਾਸ, ਦਾਤਾ।
ਮੁਕਤ ਕਰੋ ਇਹਨੂੰ, ਪਾਪੀ ਪੰਜਿਆਂ ਤੋਂ, ਲੇਖੇ ਲਾ ਕੇ ਸਾਡੇ ਸੁਆਸ ਦਾਤਾ।
ਉਨ੍ਹਾਂ ਜੋਸ਼ ’ਚ ਫੇਰ ਤਕਰੀਰ ਕੀਤੀ, ਕੀਤਾ ਪ੍ਰਣ ਨਿਭਾਉਣਾ, ਗੁਰ ਖਾਲਸਾ ਜੀ।
ਨਾ ਹੀ ਤੁਸਾਂ ਨੇ ਕੋਈ ਹਥਿਆਰ ਚੁਕਣੈ, ਨਾ ਹੀ ਹੱਥ ਉਠਾਉਣਾ, ਗੁਰ ਖਾਲਸਾ ਜੀ।
ਜੇਕਰ ਭਾਗਾਂ’ਚ ਹੋਈ ਤਾਂ ਰਲ ਮਿਲ ਕੇ, ਪਾਵਨ ਸ਼ਹੀਦੀ ਨੂੰ ਪਾਉਣਾ, ਗੁਰ ਖਾਲਸਾ ਜੀ।
ਖੂਨ ਨਾਲ ਕੁਕਰਮਾਂ ਦੀ ਮੈਲ ਧੋ ਕੇ, ਜਿੰਦੜੀ ਘੋਲ ਘੁਮਾਉਣਾ, ਗੁਰ ਖਾਲਸਾ ਜੀ।
ਬੰਨ੍ਹ ਕੇ ਕੱਫਨ ਸ਼ਹਾਦਤ ਦੇ ਸਿੰਘ ਚੱਲੇ, ਖੁਲ੍ਹੇ ਕਰਨ ਲਈ ਦਰਸ਼ਨ ਦੀਦਾਰ ਅੰਦਰ।
ਸਿੱਖੀ ਸਿਦਕ ਓਦੋਂ ਠਾਠਾਂ ਮਾਰਦਾ ਸੀ, ਸਾਰੇ ਜੱਥੇ ਅਤੇ ਜਥੇਦਾਰ ਅੰਦਰ।
ਪਹੁੰਚੇ ਗੁਰੂ ਦਰਬਾਰ ਉਹ ਸ਼ਬਦ ਪੜ੍ਹਦੇ, ‘ਮਰਉ ਤ ਹਰਿ ਕੈ ਦੁਆਰ’ ਅੰਦਰ।
ਅੱਗੋਂ ਇਨ੍ਹਾਂ ਨੂੰ ਸਬਕ ਸਿਖਾਉਣ ਦੇ ਲਈ, ਗੁੰਡੇ ਬੈਠੇ ਸਨ ਤਿਆਰ ਬਰ ਤਿਆਰ ਅੰਦਰ।
ਪਿੱਛੇ ਮੁੜਦੇ ਨਹੀਂ ਸਿੰਘ ਅਰਦਾਸ ਕਰਕੇ, ਪੱਕਾ ਨਿਸਚਾ ਲਿਆ ਸਭਨੇ ਧਾਰ ਅੰਦਰ।
ਮੱਥਾ ਟੇਕ ਕੇ ਗੁਰੂਗ੍ਰੰਥ ਜੀ ਨੂੰ, ਸੰਗਤਾਂ ਬੈਠੀਆਂ ਨਾਲ ਸਤਿਕਾਰ ਅੰਦਰ।
ਭਾਈ ਲਛਮਣ ਸਿੰਘ ਤਾਬਿਆ ਬਹਿ ਕੇ ਤੇ, ਗੁਰੂ ਸ਼ਬਦ ਦੀ ਕੀਤੀ ਵਿਚਾਰ ਅੰਦਰ।
ਸੁੱਕਾ ਬਚ ਕੇ ਕੋਈ ਨਾ ਜਾਏ ਏਥੋਂ, ਕਿਹਾ ‘ਨਰੈਣੂ’ ਨੇ ਉਦੋਂ ਲਲਕਾਰ ਅੰਦਰ।
ਖੇਡੀ ਸਿੰਘਾਂ ਦੇ ਖੂਨ ਦੇ ਨਾਲ ਹੋਲੀ, ਲੈ ਕੇ ਬੈਠੇ ਸਨ ਜਿਹੜੇ ਹਥਿਆਰ ਅੰਦਰ।
ਵਰ੍ਹਿਆ ਮੀਂਹ ਸੀ ਇੱਟਾਂ ਤੇ ਗੋਲੀਆਂ ਦਾ, ਚਾਰੇ ਪਾਸੇ ਤੋਂ ਗੁਰੂ ਦਰਬਾਰ ਅੰਦਰ।
ਪਾਵਨ ਬੀੜ ਨੂੰ ਗੋਲੀਆਂ ਵਿੰਨ ਕੇ ਤੇ, ਸਾਹਵੇਂ ਖੁੱਭੀਆਂ ਜਾ ਦੀਵਾਰ ਅੰਦਰ।
ਟੋਟੇ-ਟੋਟੇ ਕਰ ਟਕੂਇਆਂ ਨਾਲ ਦੁਸ਼ਟਾਂ, ਕੀਤੇ ਅਣਮਨੁੱਖੀ ਅਤਿਆਚਾਰ ਅੰਦਰ।
ਅਸਹਿ, ਅਕਹਿ, ਤਸੀਹੇ ਤੇ ਕਸ਼ਟ ਦੇ ਕੇ, ਹਰ ਇਕ ਕੀਤਾ, ਠੰਢਾਠਾਰ ਅੰਦਰ।
ਪਰ ਜਪਦੇ ਰਹੇ ਸਨ ਵਾਹਿਗੁਰੂ ਅੰਤ ਤੀਕਰ, ਸਿੱਖ ਕੌਮ ਦੇ ਇਹ ਪਹਿਰੇਦਾਰ ਅੰਦਰ।
ਸਿੱਖੀ ਸਿਦਕ ਨਿਭਾਉਂਦੇ ਹੋਏ ਸਿੰਘ ਸੂਰੇ, ਜਾਨਾਂ ਵਾਰ ਗਏ ਜਾ-ਨਿਸਾਰ ਅੰਦਰ।
ਸੂਰਬੀਰ ਹਨ ਬਚਨ ਦੇ ਬਲੀ ਹੁੰਦੇ, ਪੂਰਾ ਕਰ ਗਏ ਕੌਲ ਇਕਰਾਰ ਅੰਦਰ।
ਖਤਮ ਕਰਨ ਲਈ ਸਾਰੇ ਸਬੂਤ ਏਥੋਂ, ਨਰੈਣੂ ਹੋਰ ਫਿਰ ਕਹਿਰ ਕਮਾ ਦਿੱਤਾ।
ਫੂਕ ਦਿਉ ਇਹ ਸਾਰੇ ਹੁਣ ਕਰ ਕੱਠੇ, ਉਹਨੇ ਆਖਰੀ ਹੁਕਮ ਸੁਣਾ ਦਿੱਤਾ।
ਲਾਈ ਦੇਰ ਬਦਮਾਸ਼ਾਂ ਨਾ ਜਰਾ ਜਿੰਨੀ, ਛੇਤੀ ਨਾਲ ਹੀ ਕੰਮ ਮੁਕਾ ਦਿਤਾ।
ਗੁਰਦੁਆਰੇ ’ਚੋਂ ਧੂਹ ਕੇ ਹਰ ਇਕ ਨੂੰ, ਵੱਢੀ ਫਸਲ ਵਾਂਗੂ ਢੇਰ ਲਾ ਦਿੱਤਾ।
ਭਾਵੇਂ ਜਿਉਂਦਾ ਤੇ ਭਾਵੇਂ ਕੋਈ ਚੱਲ ਵਸਿਆ, ਇਕ ਦੂਜੇ ਦੇ ਉੱਤੇ ਲਿਟਾ ਦਿੱਤਾ।
ਭਾਈ ਲਛਮਣ ਸਿੰਘ ਅਜੇ ਵੀ ਸਨ ਜਿਉਂਦੇ, ਪਰ ਪੁੱਠਾ ਜੰਡ ਨਾਲ ਦੁਸ਼ਟਾਂ ਲਟਕਾ ਦਿੱਤਾ।
ਫੇਰ ਛਿੜਕ ਕੇ ਮਿੱਟੀ ਦਾ ਤੇਲ ਸਭ ਤੇ, ਦਿਨ ਦਿਹਾੜੇ ਹੀ ਲਾਂਬੂ ਸੀ ਲਾ ਦਿੱਤਾ।
ਜੀਹਨੂੰ ਪੀਣ ਲਈ ਆਏ ਸਨ ਸਿੰਘ ਸੂਰੇ, ਉਹ ਜਾਮਿ-ਸ਼ਹਾਦਤ ਪਿਲਾ ਦਿੱਤਾ।
ਦਲੀਪ ਸਿੰਘ ਨਰੈਣੂ ਨੂੰ ਕਿਹਾ ਆ ਕੇ, ਚੰਗਾ ਕੰਮ ਨਹੀਂ ਤੂੰ ਮਸੰਦ ਕੀਤਾ।
ਅੱਗੋਂ ਉਹਨੇ ਪਸਤੌਲ ’ਚੋਂ ਮਾਰ ਗੋਲੀ, ਭਾਈ ਸਾਹਿਬ ਦਾ ਬੋਲਣਾ ਬੰਦ ਕੀਤਾ।
ਉਸੇ ਵੇਲੇ ਹੀ ਭਾਈ ਵਰਿਆਮ ਸਿੰਘ ਜੀ, ਗੋਲੀ ਮਾਰ ਕੇ ਤੇ ਤੰਦ ਤੰਦ ਕੀਤਾ।
ਲਟ ਲਟ ਭਖ ਰਹੀ ਭੱਠੀ ’ਚ ਸੁੱਟ ਦੋਵੇਂ, ਉਹਨੇ ਪੱਕਣ ਦਾ ਪੱਕਾ ਪ੍ਰਬੰਧ ਕੀਤਾ।
ਦਰਦਨਾਕ ਇਸ ਸਾਕੇ ਦੀ ਖਬਰ ਸੁਣਕੇ, ਚਾਲੇ ਵੱਲ ਨਨਕਾਣੇ ਦੇ ਪਾਏ ਸਿੰਘਾਂ।
ਪਰਗਟ ਕਰਨ ਲਈ ਦਿਲ ਦਾ ਰੋਹ ਆਪਣਾ, ਸਿਰ ਤੇ ਕਾਲੇ ਦਸਤਾਰੇ ਸਜਾਏ ਸਿੰਘਾਂ।
ਲਾਲ ਅੱਖਾਂ ਕਰ ‘ਝੱਬਰ’ ਕਰਤਾਰ ਸਿੰਘ ਨੇ, ਰਾਹ ਦੇ ਰੋੜੇ ਸੀ ਨਾਲ ਹਟਾਏ ਸਿੰਘਾਂ।
ਝੱਬਰ ਹੋਰਾਂ ਦੀ ਉਦੋਂ ਅਗਵਾਈ ਹੇਠਾਂ, ਜੋਸ਼ ਨਾਲ ਜੈਕਾਰੇ ਗਜਾਏ ਸਿੰਘਾਂ।
ਗੁੱਛੇ ਚਾਬੀਆਂ ਦੇ, ਗੋਰੇ ਹਾਕਮਾਂ ਨੇ, ਡਰ ਕੇ ਆਪ ਹੀ ਹੱਥੀਂ ਫੜਾਏ ਸਿੰਘਾਂ।
ਅੰਦਰ ਤੱਕ ਭਿਆਨਕ ਦ੍ਰਿਸ਼ ਖੂਨੀ, ਹੰਝੂ ਨੈਣਾਂ ’ਚੋ ਛਮ ਛਮ ਵਗਾਏ ਸਿੰਘਾਂ।
ਜ਼ਖਮੀ ਬੀੜ ਪ੍ਰਕਾਸ਼ਮਈ ਤੱਕ ਕੇ ਤੇ, ਉਦੋਂ ਖੂਨ ਦੇ ਸੋਹਿਲੇ ਸੀ ਗਾਏ ਸਿੰਘਾਂ।
ਕਿਵੇਂ ਯਾਰ ਦੀ ਗਲੀ, ਸਿਰ ਤਲੀ ਧਰ ਕੇ, ਕੀਤੇ ਪ੍ਰਣ ਸਨ ਤੋੜ ਨਿਭਾਏ ਸਿੰਘਾਂ।
ਵੀਹ ਫੁੱਟ ਲੰਮਾ, ਅੱਠ ਫੁੱਟ ਚੌੜਾ, ਕੀਤਾ ਸ਼ਹੀਦਾਂ ਦਾ ਅੰਗੀਠਾ ਤਿਆਰ ਆਖਰ।
ਪਹਿਲਾਂ ਰੱਖੀਆਂ ਚਾਰ ਸਬੂਤ ਦੇਹਾਂ, ਅੱਡ ਅੱਡ ਅੰਗਾਂ ਨੂੰ ਕੀਤਾ ਵਿਚਕਾਰ ਆਖਰ।
ਖਿਲਰੇ ਮਾਸ ਦੇ ਟੁਕੜਿਆਂ ਦਾ ਸੰਗਤਾਂ, ਸੱਜਲ ਨੈਣਾਂ ਨਾਲ ਕੀਤਾ ਦੀਦਾਰ ਆਖਰ।
ਵੈਰਾਗ ਮਈ ਫਿਰ ਸ਼ਬਦਾਂ ਨੂੰ ਪੜ੍ਹ ਕੇ ਤੇ, ਅਰਦਾਸ ਕਰਕੇ ਕੀਤਾ ਸਸਕਾਰ ਆਖਰ।
ਜੀਉਂਦੇ ਜੀਅ ਸ਼ਹਾਦਤ ਦਾ ਜਾਮ ਪੀ ਕੇ, ਬੀਜ ਅਣਖ ਦਾ ਬੋਇਆ ਸੀ ਖਾਲਸੇ ਨੇ।
ਕਿਸੇ ਇਕ ਵੀ, ਹਾਏ ਨਾ ਕਹੀ ਮੁੱਖੋਂ, ਨਾ ਹੀ ਹੌਸਲਾ ਖੋਇਆ ਸੀ ਖਾਲਸੇ ਨੇ।
ਗੁਰੂ ਘਰਾਂ ਦੇ ਵਿੱਚੋਂ ਵਿਭਚਾਰ ਵਾਲਾ, ਬੂਹਾ ਸਦਾ ਲਈ ਢੋਇਆ ਸੀ ਖਾਲਸੇ ਨੇ।
ਲੱਗਾ ਦਾਗ ਨਨਕਾਣੇ ਦੀ ਧਰਤ ਉੱਤੇ, ਆਪਣੇ ਖੂਨ ਨਾਲ ਧੋਇਆ ਸੀ ਖਾਲਸੇ ਨੇ।