Home » ਘੱਲੂਘਾਰੇ ਤੇ ਸਾਕੇ » ਨਿਰੰਕਾਰੀ ਸਾਕਾ

ਨਿਰੰਕਾਰੀ ਸਾਕਾ

by Dr. Hari Singh Jachak
Nirankari Saka

ਨਿਰੰਕਾਰੀ ਸਾਕਾ

ਨਿਰੰਕਾਰੀ ਸਾਕਾ

ਗੁਰੂ ਗ੍ਰੰਥ ਤੇ ਖਾਲਸਾ ਪੰਥ ਉੱਤੇ, ਹਮਲੇ ਕੀਤੇ ਸਨ ਨਕਲੀ ਨਿਰੰਕਾਰੀਆਂ ਨੇ।

ਸਾਰੇ ਧਰਮਾਂ ਦਾ ਘੋਰ ਅਪਮਾਨ ਕੀਤਾ, ‘ਅਵਤਾਰ-ਬਾਣੀ’ ਵਿੱਚ ਨਰਕਧਾਰੀਆਂ ਨੇ।

‘ਮਾਨਵ ਏਕਤਾ’ ਦਾ ਬੁਰਕਾ ਪਹਿਨ ਕੇ ਤੇ, ਅੱਤ ਚੱਕੀ ਸੀ ਇਨ੍ਹਾਂ ਹੰਕਾਰੀਆਂ ਨੇ।

ਇਸ ਪਾਖੰਡ ਵਾਲਾ ਪੜਦਾ ਫਾਸ਼ ਕੀਤਾ, ਜਾਨਾਂ ਵਾਰ ਕੇ ਤੇ ਅੰਮ੍ਰਿਤਧਾਰੀਆਂ ਨੇ।

 

ਬੂਟਾ ਸਿੰਘ ਸੰਚਾਲਕ ਜੋ ਸੀ ਇਸਦਾ, ਪੜਦਾ ਪਿਆ ਸੀ ਓਸ ਦੀ ਮੱਤ ਉੱਤੇ।

ਰੱਜ ਰੱਜ ਕੇ ਸੀ ਸ਼ਰਾਬ ਪੀਂਦਾ, ਨੀਂਹ ਰੱਖੀ ਉਸ ਕੂੜ ਕੁਸੱਤ ਉੱਤੇ।

ਉਹੋ ਜਿਹੇ ਸਨ ਜਾਂਨਸ਼ੀਨ ਉਸਦੇ, ਰੱਖਣ ਲੱਗ ਪਏ ਆਪਣੀ ਲੱਤ ਉੱਤੇ।

ਗੁਰਬਚਨ ਸਿੰਘ ਵੀ ਬੋਲ ਕੇ ਬੋਲ ਮੰਦੇ, ਹਮਲੇ ਕੀਤੇ ਹਰ ਧਰਮ ਤੇ ਮੱਤ ਉੱਤੇ।

 

ਤੇਰਾਂ ਅਪ੍ਰੈਲ ਉਨੀ ਸੌ ਅਠੱਤਰ ਈਸਵੀ ਨੂੰ, ਦਿੱਲੀਉਂ ਅੰਮ੍ਰਿਤਸਰ ਆਇਆ ਸੀ ਆਪ ਏਥੇ।

ਸਾਡੀ ਹਿੱਕ ਉੱਤੇ ਮੂੰਗ ਦਲਣ ਦੇ ਲਈ, ਜਲੂਸ, ਜਲਸਾ ਕਰਵਾਇਆ ਸੀ ਆਪ ਏਥੇ।

ਬਹਿ ਕੇ ਪਾਲਕੀ ਵਿੱਚ ਇਸ ਗੁਰੂ ਡੰਮ੍ਹੀ, ਸਿਰ ਤੇ ਚੌਰ ਝੁਲਵਾਇਆ ਸੀ ਆਪ ਏਥੇ।

ਲਹੂ ਪੀਣ ਲਈ ਸਿੰਘਾਂ ਦਾ ਦਿਨ ਦੀਵੀਂ, ਨਾਲ ਜੋਕਾਂ ਲਿਆਇਆ ਸੀ ਆਪ ਏਥੇ।

 

ਕਿਹਾ ਨਕਲੀ ਨਿਰੰਕਾਰੀ ਨੇ ਰੱਬ ਮੈਨੂੰ, ਭੇਜਿਆ ਘੜਨ ਲਈ ਤੁਹਾਡੀ ਤਕਦੀਰ ਏਥੇ।

‘ਪੰਜ ਪਿਆਰੇ’ ਬਣਾਏ ਸੀ ਗੁਰੂ ਦਸਵੇਂ, ਸੱਤ ਪਿਆਰੇ ਮੈਂ ਸਾਜੇ ਅਖੀਰ ਏਥੇ।

‘ਬਾਬਾ ਬੁੱਢਾ’ ਤੇ ਕੋਈ ਏ ‘ਭਾਈ ਲਾਲੋ’,‘ ਭਾਈ ਗੁਰਦਾਸ’ ਤੇ ‘ਭਗਤ ਕਬੀਰ’ ਏਥੇ।

ਬੈਠੀ ਹੋਈ ਏ ਕੋਲ ਇਹ ‘ਮਾਤ ਤ੍ਰਿਪਤਾ’, ‘ਬੇਬੇ ਨਾਨਕੀ’ ਦਾ ਬੈਠਾ ਵੀਰ ਏਥੇ।

 

ਰੱਖੇ ਹੋਏ ਨੇ ਦਾਹੜੀ ਤੇ ਕੇਸ ਭਾਵੇਂ, ਸਿੱਖ ਅਸੂਲਾਂ ਦੇ ਨਹੀਂ ਪਾਬੰਦ ਐਪਰ।

ਤੰਬਾਕੂ ਮਨ੍ਹਾਂ ਏ ਸਿੱਖਾਂ ਦੇ ਵਿੱਚ ਭਾਵੇਂ, ਸਾਡੇ ਲਈ ਨਹੀਂ ਬਿਲਕੁਲ ਬੰਦ ਐਪਰ।

ਇਥੇ ਨਹੀਂ ਕੋਈ ਆਪਣੀ ਪਰਾਈ ਔਰਤ, ਸਗੋਂ ਸਾਡੇ ਲਈ ਇਹ ਅਨੰਦ ਐਪਰ।

ਅਹਿੰਸਾ ਦੇ ਪੁਜਾਰੀ ਹਾਂ ਅਸੀਂ ਭਾਵੇਂ, ਸੇਵਾ ਦਲ ਸਾਡਾ ਹਥਿਆਰਬੰਦ ਐਪਰ।

 

‘ਗੁਰੂ ਗਰੰਥ’ ਨੂੰ ‘ਪੁਲੰਦਾ ਕਹਿ ਕਾਗਜਾਂ ਦਾ’, ਕੀਤੇ ਸਿੱਖ ਹਿਰਦੇ ਲੀਰੋ ਲੀਰ ਓਦੋਂ।

‘ਕਾਰ ਸੇਵਾ’ ਨੂੰ ਕਹਿ ‘ਬੇਕਾਰ ਸੇਵਾ’, ਮਾਰੇ ਕੱਸ ਕੇ ਸੀਨੇ ’ਚ ਤੀਰ ਓਦੋਂ।

ਸੱਟ ਮਾਰ ਕੇ ਸਿੱਖੀ ਜਜ਼ਬਾਤ ਉੱਤੇ, ਪੇਸ਼ ਕੀਤੀ ਸੀ ਭੈੜੀ ਤਸਵੀਰ ਓਦੋਂ।

ਲੰਘਣ ਲਗ ਪਿਆ ਪਾਣੀ ਜਦ ਸਿਰ ਉੱਤੋਂ, ਜੋਸ਼ ਵਿੱਚ ਆ ਗਏ ਸੂਰਬੀਰ ਓਦੋਂ।

 

ਭਾਈ ਰਣਧੀਰ ਸਿੰਘ ਜਥੇ ਦੇ ਸਿੰਘ ਸੂਰੇ, ਵਿਸਾਖੀ ਸਮਾਗਮ ਮਨਾਉਣ ਸਨ ਆਏ ਏਥੇ।

ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਵੀ, ਗੁਰੂ ਰਾਮਦਾਸ ਨਿਵਾਸ ’ਚ ਡੇਰੇ ਸਨ ਲਾਏ ਏਥੇ।

ਭੇਜਿਆ ਸੁਨੇਹਾ ਕਿ ਨਕਲੀ ਨਿਰੰਕਾਰੀਆਂ ਨੇ, ਸਿੱਖ ਸਿਧਾਤਾਂ ਦੇ ਮਖੌਲ  ਉਡਾਏ ਏਥੇ।

ਹਿਰਦੇ ਗਏ ਵਲੂੰਧਰੇ ਖਬਰ ਸੁਣ ਕੇ, ਸਿੰਘ ਗੁਰੂ ਦਰਬਾਰ ਵੱਲ ਧਾਏ ਏਥੇ।

 

ਗੁਰੂ ਚਰਨਾਂ ’ਚ ਕੀਤੀ ਅਰਦਾਸ ਓਨ੍ਹਾਂ, ਅਸੀਂ ਹੋਰ ਹੁਣ ਨਿੰਦਾ ਨਹੀਂ ਸਹਿ ਸਕਦੇ।

ਜੰਮਿਆ ਖੂਨ ਅਜ ਸਾਡਾ ਏ ਖੋਲ ਉੱਠਿਆ, ਟਿਕ ਕੇ ਇਥੇ ਨਹੀਂ ਦਾਤਾ ਹੁਣ ਬਹਿ ਸਕਦੇ।

ਅਣਖ ਨਾਲ ਜੀਊਣੇ, ਅਣਖ ਨਾਲ ਮਰਨੈ,ਹੋਰ ਕੁਝ ਨਹੀਂ ਅਸੀਂ ਹੁਣ ਕਹਿ ਸਕਦੇ।

ਲੇਖੇ ਲੱਗ ਜਾਣ ਸਾਡੇ ਸਰੀਰ ਦਾਤਾ, ਸਿਰ ਦਿਤਿਆਂ ਬਾਝ ਨਹੀਂ ਰਹਿ ਸਕਦੇ।

 

ਇਕ ਸੌ ਪੱਚੀ ਕਰੀਬ ਇਹ ਸਿੰਘ ਸੂਰੇ, ਪਰੋਟੈਸਟ ਕਰਨ ਲਈ ਪਾਸ ਪੰਡਾਲ ਪੁੱਜੇ।

ਸਿਮਰਨ ਪਾਠ ਗੁਰਬਾਣੀ ਦਾ ਉਹ ਕਰਦੇ, ਭਾਈ ਫੌਜਾ ਸਿੰਘ ਹੋਰਾਂ ਦੇ ਨਾਲ ਪੁੱਜੇ।

ਬੋਲ ਕਬੋਲਾਂ ਨੂੰ ਨਾ ਸਹਾਰਦੇ ਹੋਏ, ਕਲਗੀਧਰ ਦੇ ਨੌਨਿਹਾਲ ਪੁਜੇ।

ਇਨ੍ਹਾਂ ਨਿਹੱਥਿਆਂ ਸਿੰਘਾਂ ਨੂੰ ਤੱਕ ਕੇ ਤੇ, ਇਕਦਮ ਸੀ ਅੰਦਰੋਂ ਚੰਡਾਲ ਪੁੱਜੇ।

 

ਓਸੇ ਵੇਲੇ ਬਾ-ਵਰਦੀ ਬੁੱਚੜਾਂ ਨੇ, ਉਡਾਏ ਸਿੰਘ ਸੀ ਗੋਲੀਆਂ ਨਾਲ ਏਥੇ।

ਜਲ੍ਹਿਆਂ ਵਾਲੇ ਦੇ ਬਾਗ’ਚ ਡਾਇਰ ਵਾਂਗੂੰ, ਧਰਤੀ ਕਰ ਦਿੱਤੀ ਲਾਲੋ ਲਾਲ ਏਥੇ।

ਭੁੰਨੇ ਜਾਂਦੇ ਨੇ ਭੱਠੀ ’ਚ ਜਿਵੇਂ ਦਾਣੇ, ਓਦਾਂ ਭੁੰਨੇ ਸਨ ਗੁਰੂ ਦੇ ਲਾਲ ਏਥੇ।

ਜਿੱਦਾਂ ਸਿੰਘਾਂ ਦਾ ਕਤਲੇਆਮ ਹੋਇਆ, ਮਿਲ ਸਕਦੀ ਨਹੀਂ ਕੋਈ ਮਿਸਾਲ ਏਥੇ।

 

ਸ਼ਹੀਦੀ ਸਾਕੇ ਦੀ ਸਾਰੇ ਸੰਸਾਰ ਅੰਦਰ, ਖ਼ਬਰ ਪਹੁੰਚੀ ਸੀ ਖਾਸ ਤੇ ਆਮ ਤਾਈਂ।

ਆਦਮਖੋਰਾਂ ਨੇ ਧਰਮ ਦਾ ਪਾ ਬੁਰਕਾ, ਕਲੰਕਤ ਕੀਤਾ ਸੀ ਧਰਮ ਦੇ ਨਾਮ ਤਾਈਂ।

ਤਿੰਨ ਘੰਟੇ ਤੱਕ ਜਲਸਾ ਸੀ ਰਿਹਾ ਚਲਦਾ, ਸ਼ਰੇਆਮ ਕਰਕੇ ਕਤਲੇਆਮ ਤਾਈਂ।

ਸ਼ਹੀਦੀ ਬਾਟੇ ’ਚੋਂ ਸਿੱਖੀ ਦੇ ਸਾਦਕਾਂ ਨੇ, ਪੀ ਲਿਆ ਸ਼ਹਾਦਤ ਦੇ ਜਾਮ ਤਾਈਂ।

 

ਗਏ ਮੌਤ ਵੱਲ ਆਪਣਾ ਮੂੰਹ ਕਰਕੇ, ਐਸੀ ਜ਼ੁਅਰਤ ਵਿਖਾਈ ਸੀ ਖਾਲਸੇ ਨੇ।

ਡਾਂਗਾਗੋਲੀਆਂ, ਬਰਛਿਆਂ ਹੋ ਸਾਹਵੇਂ, ਹੱਥੀਂ ਮੌਤ ਸੀ ਖਿਡਾਈ ਸੀ ਖਾਲਸੇ ਨੇ।

ਟੁੱਟ ਗਏ ਬੰਨ੍ਹ ਨੂੰ ਸਿਰਾਂ ਦੇ ਬੰਨ੍ਹ ਲਾ ਕੇ, ਜਿੰਮੇਵਾਰੀ ਨਿਭਾਈ ਸੀ ਖਾਲਸੇ ਨੇ।

ਓਦੋਂ ਮੌਤ ਦੀ ਅੱਖ ’ਚ ਅੱਖ ਪਾ ਕੇ, ਜਿੰਦੜੀ ਘੋਲ ਘੁਮਾਈ ਸੀ ਖਾਲਸੇ ਨੇ।

 

ਲਾੜੇ ਨਾਲ ਸ਼ਹੀਦਾਂ ਦਾ ਜੰਝ ਓਦੋਂ, ਮੌਤ ਸੱਜ ਵਿਆਹੀ ਸੀ ਖਾਲਸੇ ਨੇ।

ਧਰਮ ਉੱਤੇ ਉਹ ਧੱਕਾ ਨਾ ਸਹਿ ਸਕੇ, ਮੌਤ ਤਲੀ ਟਿਕਾਈ ਸੀ ਖਾਲਸੇ ਨੇ।

ਆਪਣੇ ਲਹੂ ਦਾ ਪਾ ਕੇ ਤੇਲ ਇਕਦਮ, ਬੁਝਦੀ ਜੋਤ ਜਗਾਈ ਸੀ ਖਾਲਸੇ ਨੇ।

ਆਪ ਸੌ ਕੇ ਸਦਾ ਦੀ ਨੀਂਦ ‘ਜਾਚਕ’, ਸੁੱਤੀ ਕੌਮ ਜਗਾਈ ਸੀ ਖਾਲਸੇ ਨੇ।

 

ਬਿਰਥਾ ਨਹੀਂ ਸ਼ਹੀਦਾਂ ਦਾ ਖੂਨ ਜਾਂਦਾ, ਚਾਨਣ ਮੁਨਾਰਾ ਇਹ ਸਾਡੇ ਭਵਿੱਖ ਦਾ ਏ।

ਅੰਮ੍ਰਿਤ ਛੱਕ ਕੇ ਬਣੀਏ ਹੁਣ ਗੁਰੂ ਵਾਲੇ, ਕੀ ਫਾਇਦਾ ਸ਼ਰਾਬ ਜਿਹੀ ਬਿੱਖ ਦਾ ਏ।

ਰਲ ਮਿਲ ਕਰੀਏ ਹੁਣ ਸਿੱਖੀ ਦਾ ਬੋਲਬਾਲਾ, ਇਹ ਤਾਂ ਫਰਜ਼ ਬਣਦਾ ਹਰ ਗੁਰਸਿੱਖ ਦਾ ਏ।

ਆਪਣੇ ਖੂਨ ਦੀ ਸਿਆਹੀ ’ਚੋਂ ਲੈ ਡੋਬੂ, ਪੰਨੇ ਲਹੂ ਭਿੱਜੇ, ‘ਜਾਚਕ’ ਲਿੱਖਦਾ ਏ।