ਗੁਰੂ ਕੇ ਬਾਗ ਦਾ ਮੋਰਚਾ ਤੇ ਸਾਕਾ ਪੰਜਾ ਸਾਹਿਬ
ਗੁਰੂ ਕੇ ਬਾਗ ਦਾ ਮੋਰਚਾ ਤੇ ਸਾਕਾ ਪੰਜਾ ਸਾਹਿਬ
ਸਾਲ ਉਨੀ ਸੋ ਬਾਈ ਦੇ ਸਮੇਂ ਅੰਦਰ, ‘ਗੁਰੂ ਕੇ ਬਾਗ’ ਦਾ ਮੋਰਚਾ ਛਾ ਰਿਹਾ ਸੀ।
ਕੈਦ ਕਰ ਕਰ ਕੇ ਸਿੰਘਾਂ ਸੂਰਿਆਂ ਨੂੰ, ਵਿੱਚ ਜੇਲਾਂ ਦੇ ਸੁਟਿਆ ਜਾ ਰਿਹਾ ਸੀ ।
ਰੇਲ ਗੱਡੀ ਦੇ ਰਾਹੀਂ ਅਕਾਲੀਆਂ ਨੂੰ, ਅਟਕ ਜੇਲ ਵੱਲ ਭੇਜਿਆ ਜਾ ਰਿਹਾ ਸੀ।
ਬੜੀ ਤੇਜੀ ਨਾਲ ਸਿੰਘਾਂ ਨੂੰ ਲੈ ਕੇ ਤੇ, ਇੰਜਨ ਓਧਰ ਨੂੰ ਵਧਦਾ ਜਾ ਰਿਹਾ ਸੀ।
ਭੁੱਖਣ ਭਾਣੇ ਹੀ ਸਿੰਘ ਇਹ ਰੇਲ ਰਾਹੀਂ, ਗੱਲਾਂ ਗੁਰੂ ਦੀਆਂ ਕਰਦੇ ਜਾ ਰਹੇ ਸੀ।
ਪੰਜਾ ਸਾਹਿਬ ਦੇ ਸਿੰਘਾਂ ਨੂੰ ਪਤਾ ਲੱਗਾ, ਸੇਵਾ ਜੱਥੇ ਦੀ ਕਰਨੀ ਓਹ ਚਾਹ ਰਹੇ ਸੀ।
ਗੱਡੀ ਰੋਕਣ ਲਈ ਹਸਨ ਅਬਦਾਲ ਵਿਖੇ, ਸਿੰਘ ਸੋਚਾਂ ਦੇ ਘੋੜੇ ਦੁੜਾ ਰਹੇ ਸੀ।
’ਟੇਸ਼ਨ ਮਾਸਟਰ ਨੂੰ ਜਾ ਕੇ ਅਰਜ਼ ਕੀਤੀ, ਪੂਰੀ ਆਪਣੀ ਵਾਹ ਓਹ ਲਾ ਰਹੇ ਸੀ।
ਗੱਡੀ ਰੋਕਣ ਦਾ ਨਹੀਂ ਸੀ ਹੁਕਮ ਓਥੇ, ਸਿੰਘ ਸੋਚਾਂ ਦੇ ਵਿੱਚ ਤਦ ਪੈ ਗਏ ਸਨ।
ਕਰਮ ਸਿੰਘ ਤੇ ਭਾਈ ਪਰਤਾਪ ਸਿੰਘ ਜੀ, ਰੇਲ ਲਾਈਨ ਦੇ ਉਪਰ ਬਹਿ ਗਏ ਸਨ।
‘ਜਾਚਕ’ ਹੋਰ ਵੀ ਸਿਦਕੀ ਸਿੰਘ ਸੂਰੇ, ਇਸ ਨੂੰ ਰੋਕਣ ਲਈ ਲੰਮੇ ਪੈ ਗਏ ਸਨ ।
ਗੱਡੀ ਆਈ ਤੇ ਇੰਜਨ ਨੇ ਚੀਕ ਮਾਰੀ, ਪਛੜੇ ਸਿੰਘਾਂ ਦੇ ਓਥੇ ਲਹਿ ਗਏ ਸਨ।
ਕਰਮ ਸਿੰਘ ਤੇ ਭਾਈ ਪਰਤਾਪ ਸਿੰਘ ਨੇ, ਸ਼ਹੀਦੀ ਪਾ ਕੇ ਇੰਜਨ ਅਟਕਾ ਦਿੱਤਾ।
ਗੁਰੂ ਨਾਨਕ ਨੇ ਸਿੰਘਾਂ ਦੇ ਰੂਪ ਅੰਦਰ, ਚਲਦੀ ਗੱਡੀ ਨੂੰ ਪੰਜਾ ਸੀ ਲਾ ਦਿੱਤਾ।
ਰਲ ਮਿਲ ਕੇ ਸਭ ਨੇ ਓਦੋਂ ‘ਜਾਚਕ’, ਭੁੱਖੇ ਸਿੰਘਾਂ ਨੂੰ ਲੰਗਰ ਛਕਾ ਦਿੱਤਾ।
ਜਗਦੀ ਜੋਤ ਸ਼ਹੀਦੀ ਦੀ ਰੱਖਣੇ ਲਈ, ਤੇਲ ਆਪਣੇ ਲਹੂ ਦਾ ਪਾ ਦਿੱਤਾ।