ਗੰਗਸਰ ਜੈਤੋਂ ਦਾ ਮੋਰਚਾ ਅਤੇ ਸਾਕਾ
ਗੰਗਸਰ ਜੈਤੋਂ ਦਾ ਮੋਰਚਾ ਅਤੇ ਸਾਕਾ
ਮਹਾਰਾਜਾ ਰਿਪੁਦਮਨ ਸਿੰਘ ਨਾਭਾ, ਸਿੱਖ ਧਰਮ ਦਾ ਵੱਡਾ ਅਨੁਯਾਈ ਹੈਸੀ।
ਉਹਨੇ ਸਾਕਾ ਨਨਕਾਣਾ ਤੇ ਰੋਸ ਕਰਕੇ, ਸਿਰ ਤੇ ਕਾਲੀ ਦਸਤਾਰ ਸਜਾਈ ਹੈਸੀ।
ਅਰਦਾਸ ਦਿਵਸ ਤੇ ਸੂਬੇ ’ਚ ਕਰ ਛੁੱਟੀ, ਪੰਥ ਨਾਲ ਅਪਣੱਤ ਵਿਖਾਈ ਹੈਸੀ।
ਹਿੰਦ ਹਾਕਮਾਂ ਏਸ ਤੋਂ ਦੁੱਖੀ ਹੋ ਕੇ, ਤਖਤੋਂ ਲਾਹੁਣ ਦੀ ਵਿਉਂਤ ਬਣਾਈ ਹੈਸੀ।
ਤਰ੍ਹਾਂ ਤਰ੍ਹਾਂ ਦੇ ਓਸ ਤੇ ਦੋਸ਼ ਲਾ ਕੇ , ਬਿਨਾਂ ਦੋਸ਼ ਤੋਂ ਦੋਸ਼ੀ ਬਣਾ ਦਿੱਤਾ।
ਦੂਰ ਕਰਨ ਲਈ ਰਾਹ ਦਾ ਇਹ ਰੋੜਾ, ਉਹਨੂੰ ਗੋਰਿਆਂ ਗੱਦੀ ਤੋਂ ਲਾਹ ਦਿੱਤਾ।
ਕਰਕੇ ਨਾਭੇ ਤੋਂ ਜਲਾਵਤਨ ਉਸਨੂੰ, ਡੇਹਰਾਦੂਨ ਦੇ ਵਿੱਚ ਪਹੁੰਚਾ ਦਿੱਤਾ।
ਜਿਹੜਾ ਸਿੱਖਾਂ ਦੇ ਦਿਲਾਂ ਦੀ ਸੀ ਧੜਕਣ, ਓਹਦੇ ਨਾਲ ਸੀ ਕਹਿਰ ਕਮਾ ਦਿੱਤਾ।
ਐਸ.ਜੀ.ਪੀ.ਸੀ. ਨੇ ਸਾਰੀਆਂ ਸੰਗਤਾਂ ਨੂੰ, ‘ਨਾਭਾ ਦਿਵਸ’ ਮਨਾਉਣ ਲਈ ਆਖਿਆ ਸੀ।
ਪੁਰ ਅਮਨ ਤਰੀਕੇ ਦੇ ਨਾਲ ਸਭ ਨੂੰ, ਆਪਣਾ ਰੋਸ ਪ੍ਰਗਟਾਉਣ ਲਈ ਆਖਿਆ ਸੀ।
ਮਹਾਰਾਜੇ ਦੀ ਚੜ੍ਹਦੀ ਕਲਾ ਦੇ ਲਈ, ਅਖੰਡ ਪਾਠ ਕਰਵਾਉਣ ਲਈ ਆਖਿਆ ਸੀ।
ਗੰਗਸਰ ਜੈਤੋਂ ’ਚ ਨਿਸਚਿਤ ਦਿਨ ਉਤੇ, ਸਾਰੇ ਸਿੰਘਾਂ ਨੂੰ ਆਉਣ ਲਈ ਆਖਿਆ ਸੀ।
ਓਧਰ ਹਾਕਮਾਂ ਨੇ ਮਾਰਸ਼ਲ ਲਾਅ ਲਾ ਕੇ, ਕਰਨੇ ਜਲਸੇ ਜਲੂਸ ਸਭ ਬੰਦ ਕੀਤੇ।
ਸ਼ਹੀਦੀ ਜਥੇ ਸਨ ਏਧਰ ਤਿਆਰ ਹੋਏ, ਓਧਰ ਫੜ੍ਹਨ ਲਈ ਦੁਸ਼ਟਾਂ ਪ੍ਰਬੰਧ ਕੀਤੇ।
ਗੁਰਦੁਆਰਿਆਂ ’ਚ ਅਖੰਡ ਪਾਠ ਰੱਖ ਕੇ, ਗਏ ਹੌਸਲੇ ਸਨ ਬੁਲੰਦ ਕੀਤੇ।
ਸੋਚ ਸਮਝ ਵਿਚਾਰ ਕੇ ਹਰ ਪੱਖੋਂ, ਸਾਰੇ ਜਥੇ ਹੈਸਨ ਜਥੇਬੰਦ ਕੀਤੇ।
ਜੈਤੋਂ ਪਹੁੰਚ ਕੇ ਸਿੰਘਾਂ ਦੇ ਜੱਥਿਆਂ ਨੇ, ਚੜ੍ਹਦੀ ਕਲਾ ਨਾਲ ਪੰਥਕ ਵੀਚਾਰ ਕੀਤਾ।
ਅਖੰਡ ਪਾਠ ਸਾਹਿਬ ਪ੍ਰਾਰੰਭ ਕਰਕੇ, ਅਕਾਲ ਪੁਰਖ ਦਾ ਸ਼ੁਕਰ ਗੁਜ਼ਾਰ ਕੀਤਾ।
ਓਧਰ ਪੁਲਸ ਨੇ ਸਿੰਘਾਂ ਦੇ ਨਾਲ ਓਥੋਂ, ਪਾਠ ਕਰ ਰਿਹਾ ਪਾਠੀ ਗ੍ਰਿਫਤਾਰ ਕੀਤਾ।
ਖੰਡਿਤ ਕਰਕੇ ਪਾਠ ਅਖੰਡ ਸਾਹਿਬ, ਸਿੱਖ ਧਰਮ ਉੱਤੇ ਸਿੱਧਾ ਵਾਰ ਕੀਤਾ।
ਬਦਲਾ ਲੈਣ ਲਈ ਏਸਬਿਅਦਬੀ ਦਾ, ਸਿੰਘਾਂ ਜਥਾ ਸ਼ਹੀਦੀ ਤੱਦ ਘੱਲਿਆ ਸੀ।
ਵਿਦਾ ਕੀਤਾ ਸੀ ਤੀਹ ਹਜ਼ਾਰ ਸਿੱਖਾਂ, ਪਾਵਨ ਤਖ਼ਤ ਅਕਾਲ ਤੋਂ ਚੱਲਿਆ ਸੀ।
ਪਿੰਡ ਪਿੰਡ ਸਵਾਗਤ ਸੀ ਗਿਆ ਕੀਤਾ, ਸਾਰਾ ਰਾਹ ਹੀ ਸੰਗਤਾਂ ਮੱਲਿਆ ਸੀ।
ਖੜੀਆਂ ਕੀਤੀਆਂ ਕਈ ਰੁਕਾਵਟਾਂ ਨੂੰ, ਖਿੜੇ ਮੱਥੇ ਹੀ ਸਿੰਘਾਂ ਨੇ ਝੱਲਿਆ ਸੀ।
ਸ਼ਹੀਦੀ ਜਥੇ ਦੇ ਸਿੰਘ ਸਭ ਸ਼ਬਦ ਪੜ੍ਹਦੇ, ਜੈਤੋਂ ਵੱਲ ਨੂੰ ਵੱਧਦੇ ਜਾ ਰਹੇ ਸੀ।
ਵਰ੍ਹਨ ਲੱਗ ਪਿਆ ਮੀਂਹ ਸੀ ਗੋਲੀਆਂ ਦਾ, ਸਿੰਘ ਭਾਣੇ ਨੂੰ ਮਿੱਠਾ ਮਨਾ ਰਹੇ ਸੀ।
ਗੋਲੀ ਜਿਵੇਂ ਹੀ ਸੀਨੇ ਨੂੰ ਚੀਰਦੀ ਸੀ, ਓਵੇਂ ਮੁੱਖੋਂ ਜੈਕਾਰੇ ਬੁਲਾ ਰਹੇ ਸੀ।
ਘਾਉ ਲੱਗੇ ਤੇ ਨਾਤੇ ਹੋਏ ਖੂਨ ਅੰਦਰ, ਹੱਸ ਹੱਸ ਸ਼ਹਾਦਤਾਂ ਪਾ ਰਹੇ ਸੀ।
ਦਿਨ ਦਿਹਾੜੇ ਹੀ ਲੋਕਾਂ ਨੇ ਤੱਕਿਆ ਸੀ, ਲਾਲ ਖੂਨ ਵਾਲਾ ਲਾਲੋ ਲਾਲ ਸਾਕਾ।
ਹਿੰਦ ਹਕੂਮਤ ਸੀ ਆਖਰ ਹਥਿਆਰ ਸੁੱਟੇ, ਅੱਗ ਅਣਖ ਦੀ ਗਿਆ ਸੀ ਬਾਲ ਸਾਕਾ।
ਕੀਤਾ ਜੈਤੋਂ ਦਾ ਮੋਰਚਾ ਫਤਹਿ ਸਿੰਘਾਂ, ਯਾਦ ਵਿੱਚ ਮਨਾਈਏ ਹਰ ਸਾਲ ਸਾਕਾ।
ਰਹਿੰਦੀ ਦੁਨੀਆਂ ਤੱਕ ‘ਜਾਚਕਾ’ ਯਾਦ ਰਹਿਣੈ, ਗੰਗਸਰ ਜੈਤੋਂ ਦਾ ਬੇਮਿਸਾਲ ਸਾਕਾ।