Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਹਰ ਪਲ, ਹਰ ਘੜੀ, ਹਰ ਦਿਨ ਚੰਗਾ

ਹਰ ਪਲ, ਹਰ ਘੜੀ, ਹਰ ਦਿਨ ਚੰਗਾ

by Dr. Hari Singh Jachak
Har Pal Har Gadi Har Din Changa

ਹਰ ਪਲ, ਹਰ ਘੜੀ, ਹਰ ਦਿਨ ਚੰਗਾ

ਹਰ ਪਲ, ਹਰ ਘੜੀ, ਹਰ ਦਿਨ ਚੰਗਾ

ਹਰ ਪਲ, ਹਰ ਘੜੀ, ਹਰ ਦਿਨ ਚੰਗਾ, ਹਰ ਇਕ ਚੰਗਾ ਮਹੀਨਾ ਤੇ ਸਾਲ ਮਿੱਤਰੋ।

ਮਿਲੀ ਜਿੰਨੀ ਸੁਆਸਾਂ ਦੀ ਹੈ ਪੂੰਜੀ, ਸਫ਼ਲ ਕਰੀਏ ਇਹ ਸਿਮਰਨ ਦੇ ਨਾਲ ਮਿੱਤਰੋ।

ਦੁਨੀਆਂਦਾਰੀ ਦੇ ਤਾਈਂ ਨਿਭਾਈ ਚੱਲੀਏ, ਹਿਰਦਾ ਰੱਖ ਕੇ ਬੜਾ ਵਿਸ਼ਾਲ ਮਿੱਤਰੋ।

ਜਿਨ੍ਹਾਂ ਚਿਰ ਸੁਆਸਾਂ ਦੀ ਰਹੂ ਪੂੰਜੀ, ਦੁੱਖ-ਸੁੱਖ ਰਹਿਣਗੇ ਅਸਾਂ ਦੇ ਨਾਲ ਮਿੱਤਰੋ।

 

ਆਉਣ ਵਾਲੜੇ ਸਮੇਂ ਤੇ ਵਿੱਚ ਆਪਾਂ, ਏਸ ਗੱਲ ਨੂੰ ਲਈਏ ਫਿਰ ਧਾਰ ਅੰਦਰ।

ਇਕੋ ਰੱਬ ਦੇ ਅਸੀਂ ਹਾਂ ਜੀਵ ਸਾਰੇ, ਇਕੋ ਜੋਤ ਏ ਹਰ ਨਰ-ਨਾਰ ਅੰਦਰ।

ਪਤਝੜ ਵਿੱਚ ਵੀ ਖੇੜੇ ਦੇ ਵਿੱਚ ਰਹਿਣੈ, ਸਦਾ ਰਹੂ ਬਸੰਤ ਬਹਾਰ ਅੰਦਰ।

ਬਣ ਕੇ ਸੱਜਰੇ ਫੁੱਲ ਗੁਲਾਬ ਆਪਾਂ, ਮਹਿਕਾਂ ਵੰਡੀਏ ਸਾਰੇ ਸੰਸਾਰ ਅੰਦਰ।

 

ਕਿਸੇ ਘਰ ਨਾ ਨਸ਼ਾ ਕੋਈ ਪੈਰ ਪਾਵੇ, ਹੱਸਦਾ, ਵਸਦਾ, ਰਸਦਾ ਪਰਵਾਰ ਹੋਵੇ।

ਕੱਠੇ ਮਾਲਾ ਦੇ ਮੋਤੀਆਂ ਵਾਂਗ ਰਹੀਏ, ਇਕ ਦੂਜੇ ਲਈ ਦਿਲੀ ਸਤਿਕਾਰ ਹੋਵੇ।

ਕਿਸੇ ਲਈ ਨਾ ਦਿਲ ਵਿੱਚ ਹੋਏ ਨਫਰਤ, ਨਾ ਕੋਈ ਕਿਸੇ ਲਈ ਚੁਭਵਾਂ ਖਾਰ ਹੋਵੇ।

ਇਕ ਨੂੰ ਚੁੱਭੇ ਕੰਡਾ, ਪੀੜ ਹੋਏ ਦੂਜੇ, ਐਸੀ ਪ੍ਰੇਮ ਵਾਲੀ ‘ਜਾਚਕ’ ਤਾਰ ਹੋਵੇ।