Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਮਿੱਤਰਤਾ

ਮਿੱਤਰਤਾ

by Dr. Hari Singh Jachak
Miterta

ਮਿੱਤਰਤਾ

ਮਿੱਤਰਤਾ

ਜੀਵਨ ਖੇਡ ਦੇ ਸ਼ੁਰੂ ਤੋਂ ਅੰਤ ਤੀਕਰ, ਬਣਦੇ ਕਈ ਲੰਗੋਟੀਏ ਯਾਰ ਮਿੱਤਰ।

ਔਖੇ ਵੇਲੇ ਤੇ ਜਿਹੜੇ ਨੇ ਕੰਮ ਆਉਂਦੇ, ਅਸਲ ਵਿੱਚ ਹੁੰਦੇ ਦੋ-ਚਾਰ ਮਿੱਤਰ।

ਮੂੰਹ ਤੇ ਹੋਰ ਤੇ ਪਿੱਠ ਤੇ ਹੋਰ ਜਿਹੜੇ, ਬੇੜਾ ਡੋਬਦੇ ਵਿੱਚ ਮੰਝਧਾਰ ਮਿੱਤਰ।

ਕਈ ਕਹਿੰਦੇ ਕਿ ਮਰਾਂਗੇ ਨਾਲ ਤੇਰੇ, ਭੀੜ ਬਣਨ ਤੇ ਲੈਂਦੇ ਨਹੀਂ ਸਾਰ ਮਿੱਤਰ।

 

ਘਰ ਦੇ ਭੇਤੀ ਹੀ ਲੰਕਾ ਨੂੰ ਢਾਹ ਦਿੰਦੇ, ਜਾਂਦੇ ਪਿੱਠ ’ਚ ਛੁਰਾ ਕਈ ਮਾਰ ਮਿੱਤਰ।

ਦਿਲ ਦੀ ਗੱਲ ਹਾਂ ਜਿਨ੍ਹਾਂ ਨਾਲ ਕਰ ਸਕਦੇ, ਵਿਰਲੇ ਹੁੰਦੇ ਨੇ ਐਸੇ ਦਿਲਦਾਰ ਮਿੱਤਰ।

ਪਤਝੜ ਵਿਚ ਵੀ ਜਿਹੜੇ ਨੇ ਸਾਥ ਦਿੰਦੇ, ਹੁੰਦੇ ਓਹੀਓ ਬਸੰਤ ਬਹਾਰ ਮਿੱਤਰ।

ਜੇਕਰ ਰੱਖੀਏ ਆਪਾਂ ਵਿਸ਼ਾਲ ਹਿਰਦਾ, ਫਿਰ ਤਾਂ ਲੱਗਦੈ ਸਾਰਾ ਸੰਸਾਰ ਮਿੱਤਰ।

 

ਭਾਵੇਂ ਲੱਖ ਮੁਸੀਬਤਾਂ ਘੇਰ ਕੇ ਤੇ, ਲਾਵਣ ਆਪਣਾ ਸਾਰਾ ਹੀ ਟਿੱਲ ਮਿੱਤਰੋ।

ਢਹਿੰਦੀ ਕਲਾ ਨੂੰ ਨੇੜੇ ਨਹੀਂ ਆਉਣ ਦੇਣਾ, ਤਕੜਾ ਰੱਖਣਾ ਸਦਾ ਹੀ ਦਿੱਲ ਮਿੱਤਰੋ।

ਕਦਮ ਕਦਮ ਦੇ ਉੱਤੇ ਰੁਕਾਵਟਾਂ ਨੇ, ਜਾਵਣ ਕਦਮ ਨਾ ਕਦੇ ਵੀ ਹਿੱਲ ਮਿੱਤਰੋ।

ਸ਼ੁਭ ਕੰਮਾਂ ਨੂੰ ਸਿਰੇ ਲਗਾਉਣ ਲੱਗਿਆਂ, ‘ਜਾਚਕ’ ਆਵੇ ਨਾ ਰਤਾ ਵੀ ਢਿੱਲ ਮਿੱਤਰੋ।