Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਬਸੰਤ

ਬਸੰਤ

by Dr. Hari Singh Jachak
Vasant

ਬਸੰਤ

ਬਸੰਤ

ਨਾ ਹੀ ਗਰਮੀ ਤੇ ਨਾ ਏ ਬਹੁਤ ਸਰਦੀ, ਸੋਹਣਾ ਸੁੰਦਰ ਇਹ ਖੁਸ਼ਗਵਾਰ ਮੌਸਮ।

ਪਤਝੜ ਕਾਰਨ ਜੋ ਸੜ ਤੇ ਸੁੱਕ ਰਹੇ ਸੀ, ਲਿਆਇਐ ਉਨ੍ਹਾਂ ਤੇ ਅਜਬ ਨਿਖਾਰ ਮੌਸਮ।

ਪੱਤੇ ਪੱਤੀਆਂ ਤੇ ਫੁੱਲ ਖਿੜ੍ਹ ਰਹੇ ਨੇ, ਸਚਮੁੱਚ ਹੋ ਗਿਐ ਫੁੱਲਦਾਰ ਮੌਸਮ।

ਖੇੜੇ ਵਿੱਚ ਹੈ ਖਿੜ੍ਹੀ ਗੁਲਜ਼ਾਰ ਦਿੱਸਦੀ, ਹੁਣ ਆਇਆ ਬਸੰਤ ਬਹਾਰ ਮੌਸਮ।

 

ਬਸੰਤ ਰੁੱਤ ਦੀ ਖਿੜ੍ਹੀ ਗੁਲਜ਼ਾਰ ਬਾਰੇ, ਲਿਖਿਆ ਵਿੱਚ ਗੁਰਬਾਣੀ, ਬਸੰਤ ਆਈ।

ਕਣ-ਕਣ ਅੰਦਰ ਕਾਦਰ ਨਜ਼ਰ ਆਉਂਦੈ, ਹਰ ਇੱਕ ਮਨ ਭਾਣੀ, ਬਸੰਤ ਆਈ।

ਜੀਹਦੇ ਆਉਣ ਨਾਲ ਤਨ ਤੇ ਮਨ ਖਿੜ੍ਹਿਆ, ਸਾਡੀ ਰੂਹ ਦੀ ਹਾਣੀ, ਬਸੰਤ ਆਈ।

ਪੌਣਾਂ ਵਿਚ ਸੁਗੰਧੀਆਂ ਘੁਲ ਗਈਆਂ, ਸਭੇ ਰੁੱਤਾਂ ਦੀ ਰਾਣੀ, ਬਸੰਤ ਆਈ ।

 

ਅਜ਼ਾਦੀ ਵਰਨ ਲਈ ਗਏ ਸਿਰਲੱਥ ਗੱਭਰੂ, ਬਸੰਤੀ ਰੰਗ ਵਾਲੇ ਬਾਣੇ ਪਾ ਕੇ ਤੇ।

ਸੜ ਗਏ ਪਰਵਾਨੇ ਸੀ ਸ਼ਮਾਂ ਉੱਤੇ, ਆਪਾ ਦੇਸ਼ ਦੀ ਭੇਟ ਚੜ੍ਹਾ ਕੇ ਤੇ।

ਮੌਤ ਨਾਲ ਮਖੌਲਾਂ ਉਹ ਕਰਨ ਵਾਲੇ, ਤੁਰ ਗਏ ਚਿਣਗ ਅਜ਼ਾਦੀ ਦੀ ਲਾ ਕੇ ਤੇ।

ਚੁੰਮੇ ਰੱਸੇ ਸੀ ਹੱਸ ਕੇ ਫਾਂਸੀਆਂ ਦੇ, ‘ਬਸੰਤੀ ਚੋਲਿਆਂ’ ਦੇ ਗੀਤ ਗਾ ਕੇ ਤੇ।

 

ਬਸੰਤੀ ਚੋਲ, ਪਲਾਅ, ਤੇ ਬਣੇ ਹਲਵਾ, ਹਰ ਪਾਸੇ ਬਸੰਤੀ ਹੀ ਰੰਗ ਦਿੱਸਦੇ।

ਬਸੰਤੀ ਫੁੱਲਾਂ ਨਾਲ ਸਰੋਂ ਜਦ ਫੁੱਲ ਪੈਂਦੀ, ਮਸਤੀ ਵਿੱਚ ਭੌਰੇ ਫੁੱਲਾਂ ਸੰਗ ਦਿੱਸਦੇ।

ਨਿਗ੍ਹਾਂ ਪਏ ਜਦ ਖੁੱਲੇ ਅਸਮਾਨ ਉੱਤੇ, ਚੜ੍ਹੇ ਹੋਏ ਬਸੰਤੀ ਪਤੰਗ ਦਿੱਸਦੇ।

ਪੇਚੇ ਉੱਤੇ ਜਦ ਪੈਂਦਾ ਏ ਠਾਹ ਪੇਚਾ, ਆਪੋ ਵਿੱਚ ਦੀ ਕਰਦੇ ਇਹ ਜੰਗ ਦਿੱਸਦੇ।

 

ਪਾਲਾ ਉੱਡਿਆ ਅੱਜ ਕੱਲ ਪਰ ਲਾ ਕੇ, ਖਿੜ੍ਹੀਆਂ ਧੁੱਪਾਂ ਤੇ ਦਿਨ ਨੇ ਆਏ ਸੋਹਣੇ।

ਖਿੜ੍ਹ ਖਿੜ੍ਹ ਹੱਸਦੀ ਤੱਕ ਬਸੰਤ ਰਾਣੀ, ਗੀਤ ਪੰਛੀਆਂ ਖੁਸ਼ੀ ਵਿੱਚ ਗਾਏ ਸੋਹਣੇ।

ਸੁੰਦਰ ਫੁੱਲਾਂ ਦੇ ਗਹਿਣੇ ਪੁਆ ਕੁਦਰਤ, ਬੂਟੇ, ਦਰੱਖਤ ਵੀ ਖੂਬ ਸਜਾਏ ਸੋਹਣੇ।

ਲੋਕਾਂ  ਖੁਸ਼ੀ ’ਚ ‘ਜਾਚਕਾ’ ਥਾਂ ਥਾਂ ’ਤੇ, ਬਸੰਤ ਪੰਚਮੀ ਦੇ ਮੇਲੇ ਲਾਏ ਸੋਹਣੇ।