ਚਿੜ੍ਹੀਆਂ
ਚਿੜ੍ਹੀਆਂ
ਸਾਡੇ ਰਹਿਣ ਲਈ ਕੱਚੇ ਸਨ ਜਦੋਂ ਕੋਠੇ, ਚਿੜੀਆਂ ਆਲ੍ਹਣੇ ਪਾ ਪਾ ਰਹਿੰਦੀਆਂ ਸੀ ।
ਚੋਗਾ ਖਿਲਰਿਆ ਵੇਖ ਜ਼ਮੀਨ ਉੱਤੇ, ਉੱਤੋਂ ਆਲ੍ਹਣੇ ‘ਚੋਂ ਹੇਠਾਂ ਲਹਿੰਦੀਆਂ ਸੀ।
ਹੱਥਾਂ ਉੱਤੇ ਵੀ ਚੋਗ ਚੁਗਾਂਵਦੇ ਸਾਂ, ਸਾਡੇ ਕੋਲ ਆ ਆ, ਇਹ ਤਾਂ ਬਹਿੰਦੀਆਂ ਸੀ।
ਭੋਲੀਆਂ ਭਾਲੀਆਂ ਇਹ ਮਾਸੂਸ ਚਿੜੀਆਂ, ਆਪਣੀ ਬੋਲੀ ਵਿਚ ਬੜਾ ਕੁਝ ਕਹਿੰਦੀਆਂ ਸੀ।
ਆਪਣੀ ਚੁੰਝ ਵਿਚ ਚੋਗਾ ਲਿਜਾ ਕੇ ਤੇ, ਆਪਣੇ ਬੱਚਿਆਂ ਤਾਈਂ ਖਵਾਉਂਦੀਆਂ ਸੀ।
ਅੰਮ੍ਰਿਤ ਵੇਲੇ ਹੀ ਚੀਂ ਚੀਂ ਕਰਕੇ, ਸਾਨੂੰ ਸੁੱਤਿਆਂ ਤਾਈਂ ਜਗਾਉਂਦੀਆਂ ਸੀ।
ਨੱਚ ਟੱਪ ਕੇ ਤੇ ਝੂਮ ਝਾਮ ਕੇ ਤੇ, ਗੀਤ ਖੁਸ਼ੀ ਦੇ ਸਾਨੂੰ ਸੁਣਾਉਂਦੀਆਂ ਸੀ।
ਕੱਚੇ ਕੋਠਿਆਂ ਦੀਆਂ ਛੱਤਾਂ ਵਿਚ ਬਹਿ ਕੇ, ਰੌਣਕ ਸਾਡਿਆਂ ਘਰਾਂ ਵਿਚ ਲਾਉਂਦੀਆਂ ਸੀ।
ਕੱਚੇ ਕੋਠੇ ਅੱਜ ਪੱਕੀਆਂ ਕੋਠੀਆਂ ਨੇ, ਵਿਚ ਚਿੜੀਆਂ ਦੇ ਰਹਿਣ ਲਈ ਥਾਂ ਹੀ ਨਹੀਂ।
ਅਸਾਂ ਰੁੱਖ ਵੀ ਜੜ੍ਹਾਂ ਤੋਂ ਪੁੱਟ ਦਿੱਤੇ, ਆਲ੍ਹਣੇ ਪਾਉਣ ਲਈ ਕੋਈ ਸਥਾਂ ਹੀ ਨਹੀਂ।
ਕੱਚੇ ਕੋਠੇ ਅੱਜ ਪੱਕੇ ਨਾ ਹੋਣ ਜਿੱਥੇ, ਐਸਾ ਸ਼ਹਿਰ, ਕਸਬਾ ਕੋਈ ਗਿਰਾਂ ਹੀ ਨਹੀਂ।
ਆਪਣੇ ਆਲ੍ਹਣੇ ਇਹ ਬਣਾਉਣ ਕਿੱਥੇ, ਐਸੀ ਬਚੀ ਹੋਈ ਅਜ-ਕਲ੍ਹ ਥਾਂ ਹੀ ਨਹੀਂ।
ਅੱਖੋਂ ਓਹਲੇ ਜੋ ਅੱਜਕੱਲ੍ਹ ਹੋ ਰਹੀਆਂ, ਭੋਲੀਆਂ ਭਾਲੀਆਂ ਚਿੜੀਆਂ ਨੂੰ ਯਾਦ ਕਰੀਏ।
ਘਰ ਦੀ ਛੱਤ ਤੇ ਪਾਣੀ ਤੇ ਹੋਏ ਚੋਗਾ, ਹਰ ਇਕ ਨੂੰ ਆਪਾਂ ਫਰਿਆਦ ਕਰੀਏ।
ਐਸੇ ਛੱਤੇ ਕੋਈ ਖਾਸ ਤਿਆਰ ਹੋਵਣ, ਜਿਥੇ ਏਹਨਾਂ ਦੀ ਵੱਡੀ ਤਾਦਾਦ ਕਰੀਏ।
‘ਹਰ ਮਨੁੱਖ ਲਾਵੇ ਇਕ ਰੁੱਖ ‘ਜਾਚਕ’, ਏਦਾਂ ਚਿੜੀਆਂ ਦਾ ਚੰਬਾ ਆਬਾਦ ਕਰੀਏ।