Home » ਸਮਾਜਿਕ ਵਿਸ਼ਿਆਂ ਤੇ ਕਵਿਤਾਵਾਂ » ਵਿਧਵਾ ਔਰਤਾਂ

ਵਿਧਵਾ ਔਰਤਾਂ

by Dr. Hari Singh Jachak
Vidhwa Auratan

ਵਿਧਵਾ ਔਰਤਾਂ

ਵਿਧਵਾ ਔਰਤਾਂ

ਸਿਰ ਦੇ ਸਾਂਈਂ ਦਾ ਸਾਇਆ ਜਦ ਸਿਰੋਂ ਉਠੇ, ਹੋ ਜਾਂਦੀ ਏ ਹਾਲੋਂ-ਬੇਹਾਲ ਔਰਤ।

ਉੱਡਦੀ ਫਿਰਦੀ ਏ ਵਿੱਚ ਆਕਾਸ਼ ਜਿਹੜੀ, ਪਹੁੰਚ ਜਾਂਦੀ ਏ ਵਿੱਚ ਪਤਾਲ ਔਰਤ।

ਰੋਜ਼ੀ, ਰੋਟੀ ਦਾ ਫ਼ਿਕਰ ਵੀ ਪੈ ਜਾਂਦੈ, ਕਿਧਰ ਜਾਏ ਓਹ ਬੱਚਿਆਂ ਨਾਲ ਔਰਤ।

ਕਿਵੇਂ ਕੱਟਾਂਗੀ ਮੈਂ ਹੁਣ ਉਮਰ ਸਾਰੀ, ਸੋਚ ਸੋਚ ਕੇ ਹੁੰਦੀ ਨਿਢਾਲ ਔਰਤ।

 

ਸਹੁਰੇ ਘਰ ’ਚ ਰਹਿੰਦੀ ਨਹੀਂ ਕਦਰ ਕੋਈ, ਗੱਲ-ਗੱਲ ਤੇ ਸਾਰੇ ਦੁਰਕਾਰਦੇ ਨੇ।

ਕੋਈ ਨਾ ਕੋਈ ਬਹਾਨਾ ਬਣਾ ਕੇ ਤੇ, ਦਿਨ-ਰਾਤ ਹੀ ਕਹਿਰ ਗੁਜ਼ਾਰਦੇ ਨੇ।

ਆ ਜਾਂਦੀ ਏ ਪਤਝੜ ਦੀ ਰੁੱਤ ਕੋਈ, ਜਾਂਦੇ ਦਿਨ ਬਸੰਤ ਬਹਾਰ ਦੇ ਨੇ।

ਕਈ ਦੁਸ਼ਟ ਤਾਂ ਘਰਾਂ ’ਚੋਂ ਕੱਢ ਕੇ ਤੇ, ਇਹਨੂੰ ਜਿਊਦਿਆਂ ਜੀਅ ਹੀ ਮਾਰਦੇ ਨੇ।

 

ਹੋ ਜਾਂਦੀ  ਜਦ ਵਿਧਵਾ ਹੈ ਕੋਈ ਔਰਤ, ਕਈ ਦੇਸ਼ਾਂ ਵਿੱਚ ਏਸ ਨੂੰ ਡਾਇਣ ਕਹਿੰਦੇ।

ਪਿਛਲੇ ਸਮੇਂ ’ਚ ਸਾਡੇ ਹੀ ਦੇਸ਼ ਅੰਦਰ, ਇਹਨੂੰ ਦੁੱਖਾਂ, ਕਲੇਸਾਂ ਦੀ ਭੈਣ ਕਹਿੰਦੇ।

ਪਤੀ ਨਾਲ ਹੀ ਚਿਖਾ ਵਿੱਚ ਸਾੜ ਦਿੰਦੇ, ਸਾੜਸਤੀ ਤੇ ਭਾਰੀ ਗ੍ਰਹਿਣ ਕਹਿੰਦੇ।

ਇਸ ਦੁਖਿਆਰੀ ਦੇ ਦੁੱਖਾਂ ਦੀ ਸਭ ਵਿਥਿਆ, ਏਹਦੇ ਹੰਝੂਆਂ ਭਰੇ ਸੀ ਨੈਣ ਕਹਿੰਦੇ।

 

ਦੁਨੀਆਂ ਵਿੱਚ ਵਿਧਵਾਵਾਂ ਤੇ ਜੇਸ ਵੇਲੇ, ਕਾਲੀ ਬੋਲੀ ਅੰਧੇਰੀ ਕੋਈ ਰਾਤ ਹੈਸੀ।

ਆਪਣੀ ਮਾਂ ਦੀ ਯਾਦ ਵਿੱਚ ਓਸ ਵੇਲੇ, ਰਾਜ ਲੂੰਬਾ ਲਿਆਇਆ ਪਰਭਾਤ ਹੈਸੀ।

ਓਹਨੇ ਲੂੰਬਾ ਫਾਊਂਡੇਸ਼ਨ ਬਣਾ ਕੇ ਤੇ, ਵਿਧਵਾਵਾਂ ਦੇ ਬਦਲੇ ਹਾਲਾਤ ਹੈਸੀ।

ਯੂ.ਐਨ.ਓ ਨੇ ਓਸ ਦੀ ਗੱਲ ਮੰਨ ਕੇ, ‘ਵਿਧਵਾ ਦਿਵਸ’ ਦੀ ਕੀਤੀ ਸ਼ੁਰੂਆਤ ਹੈਸੀ।

 

ਜਾਗਰੂਕਤਾ ਲਹਿਰ ਚਲਾ ਕੇ ਤੇ, ਬਣਦਾ ਏਹਨਾਂ ਨੂੰ ਮਾਣ ਸਤਿਕਾਰ ਦੇਈਏ।

ਆਪਣੇ ਪੈਰਾਂ ’ਤੇ ਖੜ੍ਹੀਆਂ ਇਹ ਹੋ ਸਕਣ, ਕੋਸ਼ਿਸ਼ ਕਰ ਕੇ ਕੋਈ ਰੁਜ਼ਗਾਰ ਦੇਈਏ।

ਦੂਜੇ ਵਿਆਹ ਦੀ ਵੀ ਹੋਵੇ ਖੁੱਲ ਪੂਰੀ, ਲੱਭ ਕੇ ਪਤੀ ਤੇ ਚੰਗਾ ਪਰਿਵਾਰ ਦੇਈਏ।

ਖਿੜੇ ਮੱਥੇ ਹੀ ਵਿਧਵਾ ਔਰਤਾਂ ਨੂੰ, ਜੀਵਣ ਜੀਉਣ ਦਾ ‘ਜਾਚਕ’ ਅਧਿਕਾਰ ਦੇਈਏ।