ਯੁਵਕ/ਨੌਜਵਾਨ
ਯੁਵਕ/ਨੌਜਵਾਨ
ਕਰਮਸ਼ੀਲ ਜੋ ਹੁੰਦੀ ਏ ਕੌਮ ਜੱਗ ਤੇ, ਹੁੰਦੇ ਓਸ ਦੀ ਜਿੰਦ ਤੇ ਜਾਨ ਗੱਭਰੂ।
ਬੜੀਆਂ ਰੀਝਾਂ ਤੇ ਬੜਾ ਉਤਸ਼ਾਹ ਹੁੰਦੈ, ਮੁੱਛ ਫੁੱਟ ਹੁੰਦੇ ਜਦ ਨੌਜੁਆਨ ਗੱਭਰੂ।
ਨੀਤੀ ਨਿਰਣੇ ਨੂੰ ਲਾਗੂ ਕਰਵਾਉਣ ਜਿਹੜੇ, ਹੁੰਦੇ ਕੌਮਾਂ ਦੀ ਸ਼ਕਤੀ ਮਹਾਨ ਗੱਭਰੂ।
ਸਮੇਂ ਸਮੇਂ ਇਤਿਹਾਸ ਨੂੰ ਸਿਰਜਦੇ ਨੇ, ਬੀਰ, ਬਾਂਕੜੇ ਬੜੇ ਬਲਵਾਨ ਗੱਭਰੂ।
ਅੱਜ ਦੇ ਸਮੇਂ ਕੰਪਿਊਟਰ ਦੇ ਯੁੱਗ ਅੰਦਰ, ਪੜ੍ਹਣਾ-ਲਿਖਣਾ ਵੀ ਵੱਡੀ ਤਪੱਸਿਆ ਏ।
ਪੜ੍ਹ ਲਿਖ ਵੀ ਜਾਂਦੇ ਤਾਂ ਫੇਰ ਅੱਗੋਂ, ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਏ।
ਨਹੀਂ ਰੋਸ਼ਨੀ ਦੀ ਕੋਈ ਕਿਰਨ ਦਿਸਦੀ, ਕਾਲੀ ਰਾਤ ਵਾਗੂੰ ਸਾਹਵੇਂ ਮੱਸਿਆ ਏ।
ਦਿਸਦਾ ਨਹੀਂ ਹੈ ਕੋਈ ਭਵਿੱਖ ਅੱਗੋਂ, ਸੋਚਾਂ ਵਾਲੇ ਸ਼ਿਕੰਜੇ ਵਿੱਚ ਕੱਸਿਆ ਏ।
ਵੱਧਣ ਫੁੱਲਣ ਇਹ ਸਾਰੇ ਸੰਸਾਰ ਅੰਦਰ, ਬਣਦਾ ਇਨ੍ਹਾਂ ਨੂੰ ਮਾਣ ਸਤਿਕਾਰ ਦੇਈਏ |
ਜੀਵਨ ਜਾਂਚ ਸਿਖਾਉਣ ਲਈ ਇਨ੍ਹਾਂ ਤਾਈਂ, ਉੱਚੇ ਸੁੱਚੇ ਤੇ ਨੇਕ ਵਿਚਾਰ ਦੇਈਏ |
ਆਪਣੇ ਪੈਰਾਂ ’ਤੇ ਯੁਵਕ ਇਹ ਖੜ੍ਹੇ ਹੋਵਣ, ਹਿੰਮਤ,ਹੌਸਲਾ ਅਤੇ ਪਿਆਰ ਦੇਈਏ |
ਪੜ੍ਹ-ਲਿਖ ਕੇ ਵਿਹਲੇ ਜੋ ਘੁੰਮ ਰਹੇ ਨੇ, ‘ ਜਾਚਕ ’ ਓਨ੍ਹਾਂ ਦੇ ਤਾਈਂ ਰੁਜ਼ਗਾਰ ਦੇਈਏ |