ਮਾਂ ਦੀ ਮਮਤਾ ਸੰਬੰਧੀ ਕਵਿਤਾਵਾਂ
ਮਾਂ ਦੀ ਮਮਤਾ
ਲਾ ਕੇ ਸੁਰਤੀਆਂ ਬਿਰਤੀਆਂ ਸੁਣੋ ਸਾਰੇ, ਜਿਹੜੇ ਵਿਸ਼ੇ ਤੇ ਚਾਨਣਾ ਪਾਉਣ ਲੱਗਾਂ।
ਮਾਂ ਕਿਸ ਤਰ੍ਹਾਂ ਸਾਡੀ ਹੈ ਮਾਂ ਹੁੰਦੀ, ਏਹਦੇ ਵੱਲ ਧਿਆਨ ਦਿਵਾਉਣ ਲੱਗਾਂ।
ਮਾਂ ਦੀ ਮਮਤਾ ਦੇ ਲੱਖਾਂ ਝਲਕਾਰਿਆਂ ’ਚੋਂ, ਬੱਸ ਇਕੋ ਹੀ ਝਲਕ ਦਿਖਾਉਣ ਲੱਗਾਂ।
ਜੀਹਨੂੰ ਸੁਣ ਕੇ ਨੈਣਾਂ ’ਚੋਂ ਨੀਰ ਆ ਜਾਏ, ਬਿਰਹੋਂ ਭਿੱਜੀ ਇਹ ਕਵਿਤਾ ਸੁਣਾਉਣ ਲੱਗਾਂ।
ਚੰਨ ਜਿਹਾ ਇਕ ਮਾਂ ਦਾ ਚੰਨ ਹੈਸੀ, ਰੱਖਦੀ ਓਸ ਦਾ ਬੜਾ ਖਿਆਲ ਸੀ ਓਹ।
ਜਦੋਂ ਪੜ੍ਹਨ ਸਕੂਲੇ ਸੀ ਓਹ ਜਾਂਦਾ, ਕਈ ਵਾਰ ਜਾਂਦੀ ਓਹਦੇ ਨਾਲ ਸੀ ਓਹ।
ਬੜੇ ਲਾਡਾਂ ਤੇ ਚਾਵਾਂ ਦੇ ਨਾਲ ਹਰਦਮ, ਪਈ ਪਾਲਦੀ ਲਾਡਲਾ ਲਾਲ ਸੀ ਓਹ।
ਸਿਰ ਦੇ ਸਾਈਂ ਦਾ ਸਾਇਆ ਸੀ ਉਠ ਚੁੱਕਾ, ਪਰ ਰੱਖਦੀ ਪੁੱਤ ਨੂੰ ਖੁਸ਼ ਹਰ ਹਾਲ ਸੀ ਓਹ।
ਕਰਕੇ ਪੂਰੀ ਪੜ੍ਹਾਈ ਸਕੂਲ ਵਾਲੀ, ਕਾਲਜ ਵੱਲ ਜਦ ਲੱਗਾ ਸੀ ਜਾਣ ਬੇਟਾ।
ਕਹਿਣ ਲੱਗੀ ਓਹ ਆਪਣੇ ਲਾਲ ਤਾਈਂ, ਤੂੰ ਤਾਂ ਮੇਰੀ ਹੈਂ ਜਿੰਦ ਤੇ ਜਾਨ ਬੇਟਾ।
ਤੇਰੇ ਬਿਨ੍ਹਾਂ ਨਹੀਂ ਦੁਨੀਆਂ ਵਿੱਚ ਕੋਈ ਮੇਰਾ, ਤੇਰੇ ਬਿਨ੍ਹਾਂ ਇਹ ਸੁੰਨਾ ਜਹਾਨ ਬੇਟਾ।
ਤੇਰੇ ਨਾਲ ਹੀ ਚੱਲਾਂਗੀ ਸ਼ਹਿਰ ਮੈਂ ਵੀ, ਕੱਠੇ ਰਹਾਂਗੇ ਲੈ ਕੇ ਮਕਾਨ ਬੇਟਾ।
ਮੇਰੇ ਦਿਲ ਨੂੰ ਪੈ ਰਹੀਆਂ ਨੇ ਘਾਟਾਂ, ਮਹਿੰਗੀ ਬੜੀ ਤੂੰ ਮੇਰੀ ਉਲਾਦ ਚੰਨਾਂ।
ਕਿਵੇਂ ਚਾਵਾਂ ਨਾਲ ਪਾਲਿਆ ਮੈਂ ਤੈਨੂੰ, ਪਲ ਪਲ ਉਹ ਮੈਨੂੰ ਹੈ ਯਾਦ ਚੰਨਾ।
ਹੋ ਗਿਆ ਜੇ ਕਦੇ ਵੀ ਕੁਝ ਤੈਨੂੰ, ਮੇਰੀ ਹੋ ਜਾਊ ਦੁਨੀਆਂ ਬਰਬਾਦ ਚੰਨਾ।
ਆਖੇ ਲੱਗ ਤੇ ਮੰਨ ਲੈ ਗੱਲ ਮੇਰੀ, ਕਰੀਂ ਕੋਈ ਨਾ ਵਾਦ ਵਿਵਾਦ ਚੰਨਾ।
ਅੱਗੋਂ ਮਾਂ ਨੂੰ ਓਸ ਜੁਆਬ ਦਿੱਤਾ, ਭੁਲਦੀ ਨਹੀਂ ਓਹ ਗਮਾਂ ਦੀ ਰੁੱਤ ਮੈਨੂੰ।
ਮੇਰੇ ਨਾਲ ਸੀ ਜਦੋਂ ਸਕੂਲ ਜਾਂਦੀ, ਕਹਿੰਦੀ ਸਭ ਸਾਹਵੇਂ ਪੁੱਤ ਪੁੱਤ ਮੈਨੂੰ।
ਇਕ ਅੱਖ ਤੋਂ ਤੈਨੂੰ ਨਹੀਂ ਨਜ਼ਰ ਆਉਂਦਾ, ਲੱਗਦਾ ਆਪਾ ਸੀ ਮਿੱਟੀ ਦਾ ਬੁੱਤ ਮੈਨੂੰ।
ਪਤਾ ਨਹੀਂ ਮੈਂ ਕਿਦਾਂ ਸਹਾਰਦਾ ਸਾਂ, ਸਾਰੇ ਕਹਿੰਦੇ ਸਨ ‘ਕਾਣੀ ਦਾ ਪੁੱਤ’ ਮੈਨੂੰ।
ਕਾਲਜ ਵਿੱਚ ਹੁਣ ਪੜ੍ਹਨ ਲਈ ਜਾ ਰਿਹਾ ਹਾਂ, ਵਗਦੇ ਵਹਿਣਾ ’ਚ ਮੈਥੋਂ ਨਹੀਂ ਵਹਿ ਹੋਣਾ।
ਪਤਾ ਲੱਗਗਿਆ ਮੇਰੇ ਜੇ ਦੋਸਤਾਂ ਨੂੰ, ਓਨ੍ਹਾਂ ਕੋਲ ਨਹੀਂ ਕਦੇ ਫਿਰ ਬਹਿ ਹੋਣਾ।
ਗੱਲਾਂ ਓਥੇ ਵੀ ਏਹੋ ਹੀ ਹੋਣਗੀਆਂ, ਏਨ੍ਹਾਂ ਗੱਲਾਂ ਨੂੰ ਮੈਥੋਂ ਨਹੀਂ ਸਹਿ ਹੋਣਾ।
ਏਸੇ ਲਈ ਹੀ ਤੈਨੂੰ ਮੈਂ ਕਹਿ ਰਿਹਾ ਹਾਂ, ਕਿ ਸਾਥੋਂ ਸ਼ਹਿਰ ’ਚ ਕੱਠੇ ਨਹੀਂ ਰਹਿ ਹੋਣਾ।
ਅੱਗੋਂ ਮਾਂ ਦੀ ਮਮਤਾ ਸੀ ਬੋਲ ਉਠੀ, ਚੱਲ ਮੈਂ ਨਹੀਂ ਜਾਂਦੀ ਤੇਰੇ ਨਾਲ ਪੁੱਤਰ।
ਤੈਨੂੰ ਕਦੇ ਵੀ ਤੱਤੀ ਨਾ ਵਾਅ ਲੱਗੇ, ਤੇਰਾ ਹੋਵੇ ਨਾ ਵਿੰਗਾ ਵਾਲ ਪੁੱਤਰ।
ਪਰ ਮੇਰੀ ਅੱਖ ਦਾ ਚਾਨਣਾ ਹੈਂ ਚੰਨਾ, ਇਕੋ ਇਕ ਤੂੰ ਨੌੱਨਿਹਾਲ ਪੁੱਤਰ।
ਸਮੇਂ ਸਮੇਂ ਤੇ ਘਰ ਵੀ ਰਹੀਂ ਆਉਂਦਾ, ਬੁੱਢੀ ਮਾਂ ਦਾ ਰੱਖੀਂ ਖਿਆਲ ਪੁੱਤਰ।
ਦਾਖਲ ਹੋ ਗਿਆ ਕਾਲਜ ਦੇ ਵਿੱਚ ਜਾ ਕੇ, ਕਰਨ ਲੱਗ ਪਿਆ ਓਹ ਪੜ੍ਹਾਈ ਹੈਸੀ।
ਮਾਂਜ ਮਾਂਜ ਭਾਂਡੇ ਰਹੀ ਫੀਸ ਭਰਦੀ, ਮਾਂ ਦੀ ਮਿਹਨਤ ਫਿਰ ਰੰਗ ਲਿਆਈ ਹੈਸੀ।
ਪੜ੍ਹ-ਲਿਖ ਕੇ ਬਣ ਗਿਆ ਓਹ ਅਫਸਰ, ਕਰਨ ਲੱਗ ਪਿਆ ਅਫਸਰਸ਼ਾਹੀ ਹੈਸੀ।
ਆਪਣਾ ਵਿਆਹ ਵੀ ਓ੍ਹਨੇ ਕਰਵਾ ਲਿਆ ਸੀ, ਚਾਰੇ ਪਾਸੇ ਤੋਂ ਮਿਲੀ ਵਧਾਈ ਹੈਸੀ।
ਜਿਹੜੇ ਸ਼ਹਿਰ ’ਚ ਨੌਕਰੀ ਕਰ ਰਿਹਾ ਸੀ, ਆਲੀਸ਼ਾਨ ਇਕ ਕੋਠੀ ਬਣਵਾਈ ਉਸਨੇ।
ਪਰ ਏਸ ਸਾਰੇ ਹੀ ਸਮੇਂ ’ਚ ਕਿਸੇ ਨੂੰ ਵੀ, ਆਪਣੀ ਮਾਂ ਨਾ ਕਦੇ ਮਿਲਵਾਈ ਉਸਨੇ।
ਮਾਂ-ਪਿਓ ਦੇ ਬਾਰੇ ਜਦ ਕੋਈ ਪੁਛਦਾ, ਦੱਸਿਆ ਕਰ ਗਏ ਦੋਵੇਂ ਚੜ੍ਹਾਈ ਉਸਨੇ।
ਮਿਹਨਤ ਨਾਲ ਜਿਸ ਪਾਲਿਆ ਪੋਸਿਆ ਸੀ, ਉਸਦੀ ਜ਼ਰਾ ਵੀ ਕਦਰ ਨਾ ਪਾਈ ਉਸਨੇ।
ਪਤਾ ਲੱਗਾ ਜਦ ਮਾਂ ਨੂੰ ਪੁੱਤ ਮੇਰੇ, ਆਪਣੇ ਆਪ ਹੀ ਵਿਆਹ ਕਰਵਾ ਲਿਆ ਏ।
ਜਿਹੜੇ ਸ਼ਹਿਰ ’ਚ ਨੌਕਰੀ ਹੈ ਕਰਦਾ, ਆਪਣਾ ਘਰ ਵੀ ਓਥੇ ਵਸਾ ਲਿਆ ਏ।
ਮੇਰੇ ਵਲੋਂ ਉਸ ਮੋੜ ਕੇ ਮੁੱਖ ਆਪਣਾ, ਮੁੱਖ ਦੂਜਿਆਂ ਵੱਲ ਭੁਆ ਲਿਆ ਏ।
ਪਤਾ ਪੁਛਦੀ ਪੁਛਦੀ ਓਸ ਆਖਰ, ਪੁੱਤ ਦੇ ਘਰ ਦਾ ਪਤਾ ਲੁਆ ਲਿਆ ਏ।
ਚਾਈਂ ਚਾਈਂ ਜਾ ਕੇ ਉਸ ਦੇ ਦਰਾਂ ਮੂਹਰੇ, ਘਰ ਦਾ ਕੁੰਡਾ ਖੜਕਾਇਆ ਸੀ ਓਸ ਵੇਲੇ।
ਨੂੰਹ ਰਾਣੀ ਨੇ ਅੰਦਰੋਂ ਈਂ ਤੱਕ ਕੇ ਤੇ, ਆਟਾ ਕੌਲ ’ਚ ਪਾਇਆ ਸੀ ਓਸ ਵੇਲੇ।
ਓਹਨੇ ਸਮਝਿਆ ਮੰਗਤੀ ਕੋਈ ਹੋਣੀ, ਹੱਥ ਅੱਗੇ ਵਧਾਇਆ ਸੀ ਓਸ ਵੇਲੇ।
ਮੰਗਤੀ ਨਹੀਂ, ਮੈਂ ਤੇਰੀ ਹਾਂ ਸੱਸ ਕੁੜੀਏ, ਕਹਿ ਕੇ ਸੋਚਾਂ ਵਿੱਚ ਪਾਇਆ ਸੀ ਓਸ ਵੇਲੇ।
ਫੋਨ ਕਰਕੇ ਪਤੀ ਨੂੰ ਕਹਿਣ ਲੱਗੀ, ਘਰ ਦੇ ਬਾਹਰ ਇਕ ਔਰਤ ਅੱਜ ਆਈ ਹੈ ਜੀ।
ਸ਼ਕਲੋਂ-ਸੂਰਤੋਂ ਮੰਗਤੀ ਲੱਗਦੀ ਹੈ, ਕਪੜੇ ਇਸ ਤਰ੍ਹਾਂ ਦੇ ਫਿਰਦੀ ਪਾਈ ਹੈ ਜੀ।
ਮੈਨੂੰ ਕਹਿੰਦੀ ਏ, ਤੁਸੀਂ ਹੋ ਪੁੱਤ ਇਸਦੇ, ਪੁੱਤ-ਪੁੱਤ ਦੀ ਰਟ ਲਗਾਈ ਹੈ ਜੀ।
ਐਪਰ ਮੈਨੂੰ ਤਾਂ ਤੁਸਾਂ ਇਹ ਦੱਸਿਆ ਸੀ, ਮੇਰੀ ਮਾਂ ਕਰ ਚੁੱਕੀ ਚੜ੍ਹਾਈ ਹੈ ਜੀ।
ਹੱਕਾ ਬੱਕਾ ਹੋ ਪਤਨੀ ਨੂੰ ਕਹਿਣ ਲੱਗਾ, ਤੂੰ ਏਂ ਜਿੰਦ ਤੇ ਤੂੰ ਏਂ ਜਾਂ ਮੇਰੀ ।
ਤੇਰੇ ਨਾਲ ਮੈਂ ਝੂਠ ਨਹੀਂ ਬੋਲ ਸਕਦਾ, ਗੁਜਰ ਚੁੱਕੀ ਏ ਕਦੋਂ ਦੀ ਮਾਂ ਮੇਰੀ ।
ਅੱਖੋਂ ਕਾਣੀ ਏਂ, ਇਹ ਵੀ ਦੱਸ ਰਹੀ ਏ, ਕਿਵੇਂ ਕਹਾਂ ਕਿ ਮਾਂ ਹੈ ਹਾਂ ਮੇਰੀ।
ਛੇਤੀ ਛੇਤੀ ਤੂੰ ਏਸ ਨੂੰ ਭੇਜ ਏਥੋਂ, ਨਾ ਮੈਂ ਪੁੱਤ ਇਹਦਾ, ਨਾ ਇਹ ਮਾਂ ਮੇਰੀ।
ਰੋਂਦੀ ਧੋਂਦੀ ਹੋਈ ਆਪਣੇ ਪਿੰਡ ਪਹੁੰਚੀ, ਗਹਿਰਾ ਸਦਮਾ ਨਾ ਸਕੀ ਸਹਾਰ ਸੀ ਓਹ।
ਗੋਤੇ ਗਮਾਂ ਦੇ ਸਾਗਰ ’ਚ ਖਾ-ਖਾ ਕੇ, ਚਿੰਤਾ, ਫਿਕਰਾਂ ਨਾਲ ਹੋਈ ਬਿਮਾਰ ਸੀ ਓਹ।
ਬੁੱਢੇ ਵਾਰੇ ਡੰਗੋਰੀ ਸੀ ਟੁੱਟ ਚੁੱਕੀ, ਆਖਰ ਹੋ ਗਈ ਬੜੀ ਲਾਚਾਰ ਸੀ ਓਹ।
ਆਪਣੇ ਪੁੱਤ ਦੇ ਨਾਂ ਇਕ ਲਿਖ ਚਿੱਠੀ, ਤੁਰ ਗਈ ਛੱਡ ਕੇ ਫਾਨੀ ਸੰਸਾਰ ਸੀ ਓਹ।
ਚਿੱਠੀ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਸੀ, ਸਾਗਰ ਗਮਾਂ ਦੇ ਤਰ ਕੇ, ਜਾ ਰਹੀ ਆਂ।
ਆਪਣੇ ਦਿਲ ਦੀਆਂ ਦਿਲ ਦੇ ਵਿੱਚ ਲੈ ਕੇ,ਪੱਥਰ ਦਿਲ ਤੇ ਧਰ ਕੇ, ਜਾ ਰਹੀ ਆਂ।
ਮਾੜੀ ਮੋਟੀ ਸੀ ਜਿਹੜੀ ਜ਼ਮੀਨ ਪੁੱਤਰਾ, ਤੇਰੇ ਨਾਂ ਓਹ ਕਰ ਕੇ, ਜਾ ਰਹੀ ਆਂ।
ਤੇਰਾ ਮੁੱਖ ਨਾ ਪੁੱਤਰਾ ਤੱਕ ਸਕੀ, ਹੰਝੂ ਅੱਖਾਂ ਵਿੱਚ ਭਰ ਕੇ, ਜਾ ਰਹੀ ਆਂ।
ਇਕ ਹੋਰ ਵੀ ਗੱਲ ਓਹ ਲਿਖ ਰਹੀ ਆਂ, ਸਾਰੀ ਦੁਨੀਆਂ ਤੋਂ ਜਿਹੜੀ ਛੁਪਾਈ ਪੁੱਤਰਾ।
ਹੋਇਆ ਆਪਾਂ ਦਾ ਐਕਸੀਡੈਂਟ ਭਾਰੀ, ਸਾਡੇ ਲਈ ਕਿਆਮਤ ਸੀ ਆਈ ਪੁੱਤਰਾ।
ਸਮਾਂ ਬੜਾ ਖ਼ਰਾਬ ਸੀ ਓਸ ਵੇਲੇ, ਤੇਰਾ ਬਾਪ ਕਰ ਗਿਆ ਚੜ੍ਹਾਈ ਪੁੱਤਰਾ।
ਤੇਰੀ ਅੱਖ ਵੀ ਇਕ ਖਰਾਬ ਹੋ ਗਈ, ਮਾਂ ਦੀ ਮਮਤਾ ਤਦ ਰੰਗ ਲਿਆਈ ਪੁੱਤਰਾ।
ਆਪਣੀ ਅੱਖ ਦਾ ਆਨਾ ਕੱਢਵਾ ਕੇ ਤੇ, ਤੇਰੀ ਅੱਖ ਵਿੱਚ ਅੱਖ ਲੁਆਈ ਪੁੱਤਰਾ।
ਵੇਖਣ ਲਈ ਸੁਜਾਖਿਆਂ ਸਦਾ ਤੈਨੂੰ, ਆਪਣੀ ਅੱਖ ਮੈਂ ਇਕ ਗੁਆਈ ਪੁੱਤਰਾ।
ਤੇਰੇ ਲਈ ਅਸੀਸਾਂ ਨੇ ਧੁਰ ਅੰਦਰੋਂ, ਭਾਵੇਂ ਕਦਰ ਤੂੰ ਮੇਰੀ ਨਾ ਪਾਈ ਪੁੱਤਰਾ।
ਤਾਹਨੇ ਮਿਹਨਿਆਂ ਤੋਂ ਸਦਾ ਰਿਹੋਂ ਡਰਦਾ, ਮਾਂ ਦੀ ਮਮਤਾ ਤੂੰ ਦਿਲੋਂ ਭੁਲਾਈ ਪੁੱਤਰਾ।
ਏਸ ਗਾਥਾ ਤੋਂ ਅਸਾਂ ਜੇ ਸਿਖਿਆ ਨਾ, ਫੇਰ ਦੁਨੀਆਂ ’ਚ ਆਉਣ ਦਾ ਕੀ ਫਾਇਦਾ।
ਜੀਉਂਦੇ ਜੀਅ ਜੇ ਪਾਣੀ ਵੀ ਪੁਛਿਆ ਨਾ, ਪਿਛੋਂ ਸਰਾਧ ਕਰਾਉਣ ਦਾ ਕੀ ਫਾਇਦਾ।
ਤੱਕਣ ਲਈ ਸਾਨੂੰ ਤਰਸਣ ਜੋ ਅੱਖਾਂ, ਅੱਗੋਂ ਅੱਖਾਂ ਵਿਖਾਉਣ ਦਾ ਕੀ ਫਾਇਦਾ।
ਕੌੜੇ ਬੋਲ ਕੋਈ ਬੋਲ ਕੇ ਮਾਪਿਆਂ ਨੂੰ, ਐਂਵੇਂ ਦਿਲ ਦੁਖਾਉਣ ਦਾ ਕੀ ਫਾਇਦਾ।
ਮਾਪੇ ਜਾ ਕੇ ਵਾਪਸ ਨਹੀਂ ਕਦੇ ਆਉਂਦੇ, ਏਨ੍ਹਾਂ ਤਾਈਂ ਤੜਫਾਉਣ ਦਾ ਕੀ ਫਾਇਦਾ।
ਚਲੇ ਜਾਣ ਪਿਛੋਂ ਮਗਰਮੱਛ ਵਾਲੇ, ਫੋਕੇ ਹੰਝੂ ਵਗਾਉਣ ਦਾ ਕੀ ਫਾਇਦਾ।
ਮਾਪੇ ਕਦੇ ਕੁਮਾਪੇ ਨਹੀਂ ਹੋ ਸਕਦੇ, ਏਸ ਗੱਲ ਦਾ ਸਦਾ ਖਿਆਲ ਰੱਖੀਏ।
ਹੀਰੇ ਮੋਤੀ ਜਵਾਹਰ ਅਨਮੋਲ ਸਾਡੇ, ਸੋਨੇ ਵਾਂਗ ਇਹ ਸਾਂਭ ਸੰਭਾਲ ਰੱਖੀਏ।
ਤਾਹਨੇ ਮਿਹਨੇ ਵੀ ਸੁਣਨੇ ਜੇ ਪੈਣ ਕਿਧਰੇ, ਫਿਰ ਵੀ ਏਨ੍ਹਾਂ ਨੂੰ ਆਪਣੇ ਨਾਲ ਰੱਖੀਏ।
ਹਰ ਇਕ ਮੰਗ ਪੂਰੀ ਕਰੀਏ ਮਾਪਿਆਂ ਦੀ, ਹਿਰਦਾ ਆਪਣਾ ਏਨਾਂ ਵਿਸ਼ਾਲ ਰੱਖੀਏ।
ਬੱਚਿਆਂ ਵਾਂਗ ਹੀ ਕਦੇ ਇਹ ਤੰਗ ਕਰਦੇ, ਆਪਣੇ ਆਪ ਨੂੰ ਓਦਾਂ ਹੀ ਢਾਲ ਰੱਖੀਏ।
ਮਾਂ ਪਿਓ ਦੀ ਸੇਵਾ ਹੈ ਅਸਲ ਸੇਵਾ, ‘ਜਾਚਕ’ ਏਹਨਾਂ ਨੂੰ ਖੁਸ਼ ਹਰ ਹਾਲ ਰੱਖੀਏ।