ਪਾਣੀ
ਪਾਣੀ
ਜਦੋਂ ਜਿਵੇਂ ਹੀ ਜੀਵ ਦੀ ਹੋਂਦ ਹੋਈ, ਨਾਲ ਮਿਲਿਆ ਸੀ ਬੇਸ਼ੁਮਾਰ ਪਾਣੀ।
ਧਰਤੀ ਅਤੇ ਪਾਤਾਲ,ਅਕਾਸ਼ ਵਿੱਚੋਂ, ਸਾਨੂੰ ਮਿਲ ਰਿਹਾ ਏ ਅੰਮ੍ਰਿਤਧਾਰ ਪਾਣੀ।
ਧਰਤੀ ਮਾਂ ਤੇ ਪਾਣੀ ਹੈ ਪਿਤਾ ਸਾਡਾ, ਸਾਨੂੰ ਦਿੱਤਾ ਏ ਆਪ ਦਾਤਾਰ ਪਾਣੀ।
ਬਿਨਾਂ ਪਾਣੀ ਦੇ ਜੀਉਂਦੇ ਨਹੀਂ ਰਹਿ ਸਕਦੇ, ਸਾਡੇ ਜੀਵਨ ਦਾ ਹੈ ਆਧਾਰ ਪਾਣੀ।
ਪਾਣੀ ਪੀਣ ਲਈ ਦੁਨੀਆਂ ਦੇ ਜੀਆਂ ਤਾਈਂ, ਦਿੱਤਾ ਕੁਦਰਤ ਨੇ ਸ਼ੁੱਧ ਤੇ ਸਾਫ ਪਾਣੀ।
ਵਧ ਰਹੀ ਏ ਧਰਤੀ ਤੇ ਤਪਸ਼ ਜਿੱਦਾਂ, ਉਡ-ਪੁੱਡ ਜਾਏਗਾ ਬਣ ਕੇ ਭਾਫ ਪਾਣੀ।
ਏਸ ਅੰਮ੍ਰਿਤ ਵਿੱਚ ਜ਼ਹਿਰ ਨੂੰ ਘੋਲ ਰਹੇ ਹਾਂ, ਹੋ ਰਿਹਾ ਜੀਵਨ ਦੇ ਹੈ ਖਿਲਾਫ ਪਾਣੀ।
ਜੇਕਰ ਏਦਾਂ ਹੀ ਏਸ ਨਾਲ ਰਹੇ ਕਰਦੇ, ਕਦੇ ਮਿਲਣਾ ਨਹੀਂ ਸ਼ੁੱਧ ਤੇ ਸਾਫ ਪਾਣੀ।
ਫਸਲਾਂ ਜਿਆਦਾ ਤੋਂ ਜਿਆਦਾ ਲੈਣ ਦੇ ਲਈ, ਕਰ ਰਹੇ ਹਾਂ ਬੜਾ ਬਰਬਾਦ ਪਾਣੀ।
ਪਾਣੀ ਧਰਤੀ ਦਾ ਥੱਲੇ ਨੂੰ ਜਾ ਰਿਹਾ ਏ, ਘਟ ਰਿਹਾ ਏ ਵਿੱਚ ਤਾਦਾਦ ਪਾਣੀ।
ਪਹਿਲਾਂ ਪਾਣੀ ਸੀ ਪੰਜਾਹ ਕੁ ਫੁੱਟ ਥੱਲੇ, ਮਿਲ ਰਿਹਾ, ਦੋ ਸੋ ਫੁੱਟ ਤੋਂ ਬਾਦ ਪਾਣੀ।
ਲੈਣਾ ਪਊ ਜਦ ਲਾਈਨਾਂ ਦੇ ਵਿੱਚ ਖੜ੍ਹ ਕੇ, ਓਦੋਂ ਨਾਨੀ ਕਰਵਾਊਗਾ ਯਾਦ ਪਾਣੀ।
ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ, ਵਰਤ ਰਿਹਾ ਏ ਏਥੇ ਤਾਂ ਕਹਿਰ ਅੱਜਕਲ੍ਹ।
ਪਾਣੀ ਸਤਿਲੁਜ, ਬਿਆਸਾ ਦੇ ਹੋਏ ਦੂਸ਼੍ਵਿਤ, ਘੁਲ ਚੁੱਕੀ ਏ ਏਸ ਵਿੱਚ ਜ਼ਹਿਰ ਅੱਜਕਲ੍ਹ।
ਪਾਣੀ ਜੇਸ ਦਾ ਦੂਸ਼ਿਤ ਨਹੀਂ ਹੋ ਚੁੱਕਾ, ਬਚਿਆ ਕੋਈ ਨਹੀਂ ਨਾਲਾ ਜਾ ਨਹਿਰ ਅੱਜਕਲ੍ਹ।
ਕੈਂਸਰ ਜਹੀਆਂ ਬਿਮਾਰੀਆਂ ਲੱਗ ਰਹੀਆਂ, ਹਰ ਇਕ ਪਿੰਡ, ਕਸਬੇ ਅਤੇ ਸ਼ਹਿਰ ਅੱਜਕਲ੍ਹ।
ਗੰਦੇ ਨਾਲੇ ਜੋ ‘ਬੁੱਢਾ ਦਰਿਆ’ ਵਰਗੇ, ਓਥੋਂ ਆ ਰਿਹਾ ਬੇਸ਼ੁਮਾਰ ਪਾਣੀ।
ਏਹਦੇ ਕੋਲੋਂ ਨਹੀਂ ਕੋਈ ਵੀ ਲੰਘ ਸਕਦਾ, ਏਨਾਂ ਏਸ ਦਾ ਹੈ ਬੁਦਬੂਦਾਰ ਪਾਣੀ।
ਲੁਧਿਆਣੇ ਦਾ ਸਾਰਾ ਹੈ ‘ਗੰਦ’ ਇਸ ਵਿੱਚ, ਜਾ ਰਿਹਾ ਇਹ ‘ਸਤਿਲੁਜ’ ਵਿਚਕਾਰ ਪਾਣੀ।
‘ਕਾਲੇ ਰੰਗ ਦੀ ਮੌਤ’ ਦੇ ਰੂਪ ਅੰਦਰ, ਜੀਊਂਦੇ ਜੀਅ ਹੀ ਰਿਹਾ ਇਹ ਮਾਰ ਪਾਣੀ।
ਪਾਣੀ ਰਹੇ ਦਰਿਆਵਾਂ ਦਾ ਸਾਫ ਸੁਥਰਾ, ਇਸ ਲਈ ਰਲ ਮਿਲ ਕਦਮ ਉਠਾਏ ਜਾਵਣ।
ਰਸਾਇਣਕ ਪਾਣੀ ਨਾ ਕੋਈ ਵਿੱਚ ਪਾ ਸਕੇ, ਬਣੇ ਨਿਯਮ ਸਭ ਲਾਗੂ ਕਰਵਾਏ ਜਾਵਣ।
ਪਾਣੀ ਤਾਈਂ ਨਾ ਦੂਸ਼ਿਤ ਕੋਈ ਕਰ ਸਕੇ, ਇਸ ਲਈ ਸਖ਼ਤ ਕਨੂੰਨ ਬਣਾਏ ਜਾਵਣ।
‘ਜਾਚਕ’ ਜੀਵਨ ਦੇ ਨਾਲ ਜੋ ਖੇਡਦੇ ਨੇ, ਓਹ ਸਭ ਜੇਲ੍ਹਾਂ ਦੇ ਵਿੱਚ ਪਹੁੰਚਾਏ ਜਾਵਣ।