ਧਰਤੀ ਮਾਂ ਵੱਲ ਆਪਣਾ ਮੁੱਖ ਕਰੀਏ
ਧਰਤੀ ਮਾਂ ਵੱਲ ਆਪਣਾ ਮੁੱਖ ਕਰੀਏ
ਜਨਮ ਦੇਣ ਵਾਲੀ ਜਿੱਦਾਂ ਮਾਂ ਹੁੰਦੀ, ਓਦਾਂ ਧਰਤੀ ਵੀ ਸ਼ੁਰੂ ਤੋਂ ਮਾਂ ਸਾਡੀ।
ਗ੍ਰਹਿਆਂ ਵਿੱਚੋਂ ਇਹ ਇਕੋ ਗ੍ਰਹਿ ਐਸਾ, ਜਿਥੇ ਰਹਿਣ ਲਈ ਬਣੀ ਏ ਥਾਂ ਸਾਡੀ।
ਲੱਖਾਂ ਸਾਲਾਂ ਤੋਂ ਲਾਡ ਲਡਾ ਰਹੀ ਏ, ਏਸੇ ਲਈ ਇਹ ਜਿੰਦ ਤੇ ਜਾਂ ਸਾਡੀ।
ਏਹਦੀ ਗੋਦ ਵਿੱਚ ਰਹਿੰਦੇ ਹਾਂ ਉਮਰ ਸਾਰੀ,ਧਰਤੀ ਮਾਂ ਹੈ ਏਸੇ ਲਈ ਤਾਂ ਸਾਡੀ।
ਸਕੀ ਮਾਂ ਦੇ ਨਾਲ ਮਤਰੇਈ ਵਾਂਗੂੰ, ਕਰ ਰਹੇ ਹਾਂ ਅਜਕਲ ਸਲੂਕ ਆਪਾਂ।
ਦਰੱਖਤ ਵੱਢ ਕੇ, ਕਰ ਕੇ ਸਾਫ ਜੰਗਲ, ਬੜੀ ਵੱਡੀ ਹਾਂ ਕਰ ਰਹੇ ਚੂਕ ਆਪਾਂ।
ਵਾਤਾਵਰਨ ਤਾਂਈ ਦੂਸ਼ਿਤ ਕਰ ਕਰ ਕੇ, ਲੰਮੀਆਂ ਤਾਣ ਕੇ ਸੋਂ ਰਹੇ ਘੂਕ ਆਪਾਂ।
ਕੂਕ ਕੂਕ ਕੇ ਧਰਤ ਪੁਕਾਰ ਰਹੀ ਏ,ਇਹਦੀ ਸੁਣ ਨਹੀਂ ਰਹੇ ਕੋਈ ਕੂਕ ਆਪਾਂ।
ਧਰਤੀ ਮਾਂ ਤੇ ਪਾਣੀ ਹੈ ਪਿਤਾ ਸਾਡਾ, ਸਾਡੇ ਜੀਵਨ ਦਾ ਹੈ ਆਧਾਰ ਪਾਣੀ।
ਪਰ ਫਸਲਾਂ ਜਿਆਦਾ ਤੋਂ ਜਿਆਦਾ ਲੈਣ ਦੇ ਲਈ, ਅਸੀਂ ਵਰਤ ਰਹੇ ਬੇਸ਼ੁਮਾਰ ਪਾਣੀ।
ਪਾਣੀ ਧਰਤੀ ਦਾ ਥੱਲੇ ਨੂੰ ਜਾ ਰਿਹਾ ਏ, ਬੜੀ ਮੁਸ਼ਕਲ ਲਿਆਉਂਦੇ ਹਾਂ ਬਾਹਰ ਪਾਣੀ।
ਓਸੇ ਵੇਲੇ ਮਨੁੱਖਤਾ ਖਤਮ ਹੋ ਜਾਊ, ਖਤਮ ਹੋ ਗਿਆ ਜਦੋਂ ਇੱਕ ਵਾਰ ਪਾਣੀ।
ਗਲੋਬਲ ਵਾਰਮਿੰਗ ਕਾਰਣ ਸੰਸਾਰ ਅੰਦਰ, ਵਧ ਰਿਹਾ ਦਿਨੋ-ਦਿਨ ਹੈ ਤਾਪਮਾਨ ਏਥੇ।
ਸੂਰਜ ਅੱਗ ਦੇ ਗੋਲੇ ਵਰ੍ਹਾ ਰਿਹਾ ਏ, ਤਪ ਰਹੀ ਧਰਤੀ ਤੇ ਤਪਿਆ ਅਸਮਾਨ ਏਥੇ।
ਏਸੇ ਤਰ੍ਹਾਂ ਜੇ ਵਾਰਮਿੰਗ ਰਹੀ ਵਧਦੀ, ਦਿਸਣਾ ਕੋਈ ਵੀ ਨਹੀਂ ਇਨਸਾਨ ਏਥੇ।
ਕਿਵੇਂ, ਕਿਸ ਤਰ੍ਹਾਂ ਏਸ ਨੂੰ ਠੱਲ ਪਾਈਏ, ਸਿਰ ਜੋੜ ਸੋਚਣ, ਸੋਚਵਾਨ ਏਥੇ।
ਆਪਣਾ ਭਲਾ ਜੇ ਚਾਹੁੰਦੇ ਹਾਂ ਅਸੀਂ ਸਾਰੇ, ਧਰਤੀ ਮਾਂ ਵੱਲ ਆਪਣਾ ਮੁੱਖ ਕਰੀਏ।
ਮਾਰੂਥਲ ਜਾਂ ਬੰਜਰ ਨਾ ਬਣ ਜਾਵੇ, ਖਤਮ ਇਹਦੀ ਪਿਆਸ ਤੇ ਭੁੱਖ ਕਰੀਏ।
ਰੁੱਖ, ਬੂਟੇ ਨੇ ਏਸ ਦੇ ਪੁੱਤ, ਧੀਆਂ, ਦੋ-ਦੋ ਰੁੱਖ ਲਗਾਉਣ ਵੱਲ ਰੁੱਖ ਕਰੀਏ।
ਧਰਤੀ ਮਾਂ ਇਹ ਸਾਡੇ ਤੋਂ ਦੁਖੀ ਹੋ ਰਹੀ, ਦੂਰ ਏਸ ਦੇ ‘ਜਾਚਕਾ’ ਦੁੱਖ ਕਰੀਏ।