ਭਗਤ ਪੂਰਨ ਸਿੰਘ
ਭਗਤ ਪੂਰਨ ਸਿੰਘ
ਭਗਤ ਪੂਰਨ ਸਿੰਘ ਜਹੇ ਨਿਸ਼ਕਾਮ ਸੇਵਕ, ਕਦੇ ਕਦੇ ਨੇ ਆਉਂਦੇ ਸੰਸਾਰ ਅੰਦਰ।
ਭਲਾ ਸਦਾ ਸਰਬੱਤ ਦਾ ਮੰਗਦੇ ਨੇ, ਬਿਰਤੀ ਰਹਿੰਦੀ ਏ ਪਰਉਪਕਾਰ ਅੰਦਰ।
ਲੂਲੇ, ਲੰਗੜੇ, ਪਾਗਲ ਤੇ ਕੁਸ਼ਟੀ, ਮਾਣਕ ਮੋਤੀ ਸਨ ਓਹਦੇ ਪਰਿਵਾਰ ਅੰਦਰ।
ਸੇਵਾ ਕਰਨ ਦੀ ਰੀਝ ਸੀ ਰਹੀ ਹਰਦਮ, ਸੱਚੇ ਸੁੱਚੇ ਇਸ ਸੇਵਾਦਾਰ ਅੰਦਰ।
ਡੇਹਰਾ ਸਾਹਿਬ ਲਾਹੌਰ ਦੇ ਗੁਰੂ ਘਰ ਵਿੱਚ, ਸੇਵਾ ਕੀਤੀ ਸੀ ਬੇਮਿਸਾਲ ਓਨ੍ਹਾਂ।
ਛੱਡ ਗਿਆ ਸੀ ਕੋਈ ਅਪੰਗ ਬੱਚਾ, ਕੀਤੀ ਓਸ ਦੀ ਸਾਂਭ ਸੰਭਾਲ ਓਨ੍ਹਾਂ।
ਪਿਆਰਾ ਸਿੰਘ ਸੀ ਪੈ ਗਿਆ ਸੀ ਨਾਂ ਉਸਦਾ, ਕੀਤੀ ਸੇਵਾ ਸੀ ਪਿਆਰ ਦੇ ਨਾਲ ਓਨ੍ਹਾਂ।
ਸਾਰੀ ਉਮਰ ਹੀ ਓਸ ਨੂੰ ਕੋਲ ਰੱਖ ਕੇ, ਕਾਇਮ ਜੱਗ ਵਿੱਚ ਕੀਤੀ ਮਿਸਾਲ ਓਨ੍ਹਾਂ।
ਜਦੋਂ ਦੇਸ਼ ਦੀ ਹੋ ਗਈ ਵੰਡ ਹੈ ਸੀ, ਓਹਨੂੰ ਪਿੱਠ ਤੇ ਚੁੱਕ ਕੇ ਲਿਆਏ ਹੈਸਨ।
ਸੇਵਾ ਕਰਦੇ ਰਹੇ ਏਧਰ ਰੀਫਿਊਜੀਆਂ ਦੀ, ਜਿਹੜੇ ਬੜੇ ਹੀ ਓਦੋਂ ਘਬਰਾਏ ਹੈਸਨ।
ਖਾਣ ਪੀਣ ਦੇ ਲਈ ਸਾਮਾਨ ਸਾਰਾ, ਘਰ ਘਰ ਜਾ ਕੇ ਆਪ ਲਿਆਏ ਹੈਸਨ।
ਭਾਈ ਘਨੱਈਆ ਜੀ ਵਾਂਗ ਹੀ ਭਗਤ ਜੀ ਵੀ, ਸੇਵਾ ਕਰਨ ਲਈ ਜੱਗ ਵਿੱਚ ਆਏ ਹੈਸਨ।
ਸਾਰੀ ਉਮਰ ਹੀ ਕੀਤੀ ਸੀ ਓਨ੍ਹਾਂ ਸੇਵਾ, ਦੁਖੀਆਂ, ਰੋਗੀਆਂ, ਬੇਸਹਾਰਿਆਂ ਦੀ।
ਨਾ ਹੀ ਅੱਕਦੇ ਤੇ ਨਾ ਹੀ ਥੱਕਦੇ ਸੀ, ਜਿੰਦ ਜਾਨ ਸਨ ਓਨ੍ਹਾਂ ਵਿਚਾਰਿਆਂ ਦੀ।
ਸੋਚ ਸਮਝ ਕੇ ਸਦਾ ਹੀ ਹੱਲ ਕੱਢਦੇ, ਸੁਣ ਕੇ ਹਰ ਸਮੱਸਿਆ ਸਾਰਿਆਂ ਦੀ।
ਦੁਨੀਆਂ ਵਿੱਚ ਨਾ ਜੀਹਨਾਂ ਨੂੰ ਕੋਈ ਪੁੱਛਦਾ, ਸੇਵਾ ਕਰਦੇ ਓਹ, ਕਿਸਮਤ ਦੇ ਮਾਰਿਆਂ ਦੀ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਏਸ ਸੰਸਥਾਂ ਦੇ ਵੀ ਰਹੇ ਨਾਲ ਹੈਸਨ।
ਯਾਦ ਕਰਦੇ ਸਾਂ ਓਨ੍ਹਾਂ ਨੂੰ ਜਦੋਂ ਜਿੱਥੇ, ਓਥੇ ਪਹੁੰਚਦੇ ਓਹ ਹਰ ਹਾਲ ਹੈਸਨ।
ਦਰਸ਼ਨ ‘ਜਾਚਕ’ ਵੀ ਕੀਤੇ ਸਨ ਬਹੁਤ ਵਾਰੀ, ਕਰਦੇ ਬਚਨਾਂ ਦੇ ਨਾਲ ਨਿਹਾਲ ਹੈਸਨ।
ਸੇਵਾ, ਸਿਮਰਨ, ਸਿਦਕ ਤੇ ਸਾਦਗੀ ਦੀ, ਜਿਉਂਦੀ ਜਾਗਦੀ ਓਹ ਮਿਸਾਲ ਹੈਸਨ।
ਸਾਰੀ ਸੰਗਤ ਦਾ ਉਨ੍ਹਾਂ ਸਹਿਯੋਗ ਲੈ ਕੇ , ‘ਪਿੰਗਲਵਾੜਾ’ ਸੰਸਥਾ ਬਣਾਈ ਸੋਹਣੀ।
ਲੂਲੇ, ਲੰਗੜਿਆਂ, ਪਾਗਲਾਂ, ਕੁਸ਼ਟੀਆਂ ਦੀ, ਦਿਨ ਰਾਤ ਹੀ ਸੇਵਾ ਕਮਾਈ ਸੋਹਣੀ।
ਭਗਤ ਜੀ ਦੇ ਜਾਣ ਤੋਂ ਬਾਅਦ ਸੇਵਾ, (ਡਾ.) ਇੰਦਰਜੀਤ ਕੌਰ ਦੇ ਹਿੱਸੇ ਆਈ ਸੋਹਣੀ।
ਜੀਵਨ ਏਨ੍ਹਾਂ ਵੀ ਲੇਖੇ ਹੈ ਲਾ ਦਿੱਤਾ, ਹੁਣ ਤੱਕ ਹੈ ਸੇਵਾ ਨਿਭਾਈ ਸੋਹਣੀ।
ਭਗਤ ਜੀ ਦੇ ਜੀਵਨ ਤੋਂ ਸੇਧ ਲੈ ਕੇ, ਸਮਾਜ ਸੇਵਾ ਕੇ ਕਾਰਜ ਚਲਾਓ ਸਾਰੇ।
ਵਾਤਾਵਰਨ ਦਾ ਬੜਾ ਸੀ ਫਿਕਰ ਕਰਦੇ, ਪ੍ਰਦੂਸ਼ਣ ਰਹਿਤ ਇਹ ਫੇਰ ਬਣਾਓ ਸਾਰੇ।
ਸਾਰੀ ਉਮਰ ਜੋ ਰੀਝ ਰਹੀ ਭਗਤ ਜੀ ਦੀ, ਥਾਂ-ਥਾਂ ਰੁੱਖ ਤੇ ਬੂਟੇ ਲਗਾਓ ਸਾਰੇ।
ਭਗਤ ਜੀ ਦੀ ਯਾਦ ਨੂੰ ਰਲ-ਮਿਲ ਕੇ, ਚੜ੍ਹਦੀ ਕਲਾ ਨਾਲ ‘ਜਾਚਕ’ ਮਨਾਓ ਸਾਰੇ।