ਸਿੱਖੀ ਅਤੇ ਸੇਵਾ
ਸਿੱਖੀ ਅਤੇ ਸੇਵਾ
ਸਿੱਖ ਧਰਮ ਦੇ ਮਹਿਲ ਦੀ ਨੀਂਹ ਹੈ ਇਹ, ਰਹੀ ਸ਼ੁਰੂ ਤੋਂ ਸਿੱਖੀ ਦੀ ਸ਼ਾਨ ਸੇਵਾ।
ਸੱਚੇ ਸੌਦੇ ਨੇ ਅਸਾਂ ਨੂੰ ਦੱਸਿਆ ਏ, ਲੰਗਰ ਭੁੱਖਿਆਂ ਤਾਂਈਂ ਛਕਾਨ ਸੇਵਾ।
ਪਾਸ ਪਰਚਿਆਂ ’ਚੋਂ ਹੋਏ ਭਾਈ ਲਹਿਣਾ, ਕਰੜਾ ਬੜਾ ਬੇਸ਼ਕ ਇਮਤਿਹਾਨ ਸੇਵਾ।
ਜਿਹੜੀ ਬਿਰਧ ਬਾਬੇ ਅਮਰਦਾਸ ਕੀਤੀ, ਤੱਕ ਕੇ ਹੁੰਦੇ ਹਾਂ ਅਸੀਂ ਹੈਰਾਨ ਸੇਵਾ।
ਝੱਖੜ, ਮੀਂਹ, ਹਨੇਰੀ ’ਚ ਜੋ ਕੀਤੀ, ਦਿੱਤਾ ਓਸ ਨਿਮਾਣੇ ਨੂੰ ਮਾਣ ਸੇਵਾ।
ਭਾਈ ਜੇਠੇ ਨੇ ਟੋਕਰੀ ਢੋਈ ਸਿਰ ’ਤੇ, ਉਨ੍ਹਾਂ ਸਮਝੀ ਨਾ ਕਦੇ ਅਪਮਾਨ ਸੇਵਾ।
ਚੇਚਕ ਫੈਲੀ ਸੀ ਸ਼ਹਿਰ ਲਾਹੌਰ ਅੰਦਰ, ਪੰਚਮ ਪਿਤਾ ਤਦ ਕੀਤੀ ਸੀ ਆਨ ਸੇਵਾ।
ਛੇਵੇਂ ਪਾਤਸ਼ਾਹ ਤਖ਼ਤ ਦੀ ਨੀਂਹ ਰੱਖ ਕੇ, ਸ਼ੁਰੂ ਕੀਤੀ ਸੀ ਪਾਵਨ ਅਸਥਾਨ ਸੇਵਾ।
ਹਸਪਤਾਲ ਖੋਲ੍ਹੇ ਸੱਤਵੇਂ ਪਾਤਸ਼ਾਹ ਨੇ, ਬਣੀ ਰੋਗੀਆਂ ਲਈ ਵਰਦਾਨ ਸੇਵਾ।
ਲੱਖਾਂ ਰੋਗੀਆਂ ਦੇ ਰੋਗ ਦੂਰ ਕਰਕੇ, ‘ਬਾਲਾ ਪ੍ਰੀਤਮ’ ਨੇ ਕੀਤੀ ਮਹਾਨ ਸੇਵਾ।
ਰੱਖਿਆ ਕੀਤੀ ਮਜ਼ਲੂਮਾਂ ਦੀ ਗੁਰੂ ਨੌਵੇਂ, ਦੇ ਕੇ ਆਪਣੇ ਸੀਸ ਦਾ ਦਾਨ ਸੇਵਾ।
ਦਸਮ ਪਿਤਾ ਨੇ ਪੰਥ ਦੀ ਸੀ ਕੀਤੀ, ਕਰ ਕੇ ਸਾਰਾ ਸਰਬੰਸ ਕੁਰਬਾਨ ਸੇਵਾ।
ਸਮੇਂ ਸਮੇਂ ਤੇ ਜਦੋਂ ਵੀ ਲੋੜ ਪੈ ਗਈ, ਹੱਥੀਂ ਕੀਤੀ ਸੀ ਗੁਰੂ ਸਾਹਿਬਾਨ ਸੇਵਾ।
ਭਾਈ ਬਹਿਲੋ, ਭਿਖਾਰੀ ਤੇ ਮੰਝ ਜੀ ਦੀ, ਹੋਈ ਗੁਰੂ ਦਰਬਾਰੇ ਪ੍ਰਵਾਨ ਸੇਵਾ।
ਬਾਬੇ ਬੁੱਢੇ ਜਹੇ ਬ੍ਰਹਮ ਗਿਆਨੀਆਂ ਦੀ, ਸਾਡੇ ਲਈ ਪ੍ਰਤੱਖ ਪ੍ਰਮਾਨ ਸੇਵਾ।
ਭਾਈ ਘਨ੍ਹਈਏ ਦੀ ਕਦੇ ਨਹੀਂ ਭੁੱਲ ਸਕਦੀ, ਕੀਤੀ ਜੋ ਉਸ ਜੰਗ ਦਰਮਿਆਨ ਸੇਵਾ।
ਬੰਦ ਬੰਦ ਕਟਵਾਏ ਨਾ ਸੀਅ ਕੀਤੀ, ਮਨੀ ਸਿੰਘ ਦੇ ਚਿਹਰੇ ਮੁਸਕਾਨ ਸੇਵਾ।
ਕੇਸਾਂ ਸੁਆਸਾਂ ਦੇ ਨਾਲ ਨਿਭਾਈ ਸਿੱਖੀ, ਤਾਰੂ ਸਿੰਘ ਕਰਕੇ ਖੋਪਰਦਾਨ ਸੇਵਾ।
ਬਾਬਾ ਦੀਪ ਸਿੰਘ ਵਰਗਿਆਂ ਯੋਧਿਆਂ ਨੇ, ਕੀਤੀ ਤਲੀ ’ਤੇ ਰੱਖ ਕੇ ਜਾਨ ਸੇਵਾ।
ਮਿਲੀ ਜਦੋਂ ਨਵਾਬੀ ਕਪੂਰ ਸਿੰਘ ਨੂੰ, ਏਸ ਸ਼ਰਤ ’ਤੇ ਕੀਤੀ ਪ੍ਰਵਾਨ ਸੇਵਾ।
ਲਿੱਦ ਘੋੜਿਆਂ ਦੀ ਸਾਫ ਕਰੂੰ ਫਿਰ ਵੀ, ਇਹ ਤਾਂ ਮੇਰੀ ਏ ਜਿੰਦ ਤੇ ਜਾਨ ਸੇਵਾ।
ਭਾਈ ਵੀਰ ਸਿੰਘ ਕਲਮ ਦੇ ਨਾਲ ਕੀਤੀ, ਸਮਝ ਆਪਣਾ ਧਰਮ ਈਮਾਨ ਸੇਵਾ।
ਭਗਤ ਪੂਰਨ ਸਿੰਘ ਕੀਤੀ ਜੋ ਆਪ ਹੱਥੀਂ, ਯਾਦ ਰਹਿਣੀ ਏ ਵਿੱਚ ਜਹਾਨ ਸੇਵਾ।
ਲੂਲ੍ਹੇ ਲੰਗੜਿਆਂ, ਪਾਗਲਾਂ ਕੁਸ਼ਟੀਆਂ ਦੀ, ਕੀਤੀ ਸਮਝ ਕੇ ਨੈਣ ਪ੍ਰਾਨ ਸੇਵਾ।
ਬੇਸਹਾਰਿਆਂ ਦਾ ਬਾਬਾ ਬੋਹੜ ਬਣ ਕੇ, ਛਾਂ ਪਿਆਰ ਦੀ ਕੀਤੀ ਪ੍ਰਦਾਨ ਸੇਵਾ।
ਬਾਬਾ ਖੜਕ ਸਿੰਘ ਤੇ ਸੇਵਾ ਸਿੰਘ ਜੀ ਨੇ, ਕੀਤੀ ਕੌਮ ਦੀ ਹੋ ਨਿਰਮਾਨ ਸੇਵਾ।
ਸੰਤ ਬਾਬਾ ਹਰਬੰਸ ਸਿੰਘ ਵਰਗਿਆਂ ਨੇ, ਥਾਂ ਥਾਂ ਕੀਤੀ ਏ ਗੁਰੂ ਅਸਥਾਨ ਸੇਵਾ।
ਸੰਤ ਅਤਰ ਸਿੰਘ, ਭਾਈ ਜਸਬੀਰ ਸਿੰਘ ਨੇ, ਕੀਤੀ ਰਹਿ ਨਿਸ਼ਕਾਮ ਮਹਾਨ ਸੇਵਾ।
ਪੰਨੇ ਸਿੱਖ ਇਤਿਹਾਸ ਦੇ ਬੋਲਦੇ ਜੋ, ਓਹੀਓ ‘ਜਾਚਕ’ ਨੇ ਕੀਤੀ ਬਿਆਨ ਸੇਵਾ।